ਯੈੱਸ ਪੰਜਾਬ
ਅੰਮ੍ਰਿਤਸਰ, 24 ਅਗਸਤ, 2020:
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਰਵਾਈ ਗਈ ਪੜਤਾਲ ਅਨੁਸਾਰ (ਨਤੀਜਾ ਰਿਪੋਰਟ 10 ਪੇਜ ਅਤੇ ਮੁਕੰਮਲ ਰਿਪੋਰਟ 1000 ਪੇਜ) ਪਾਇਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਟੋਰ ਲੈਜਰ ਵਿਚ ਠੀਕ ਢੰਗ ਨਾਲ ਮੇਨਟੇਨ ਨਹੀ ਕੀਤੇ ਗਏ।ਓਪਨ ਅਤੇ ਕਲੋਜ਼ਿੰਗ ਲੈਜਰ ਵਿਚ ਵਾਰ-ਵਾਰ ਕਟਿੰਗ ਅਤੇ ਛੇੜ-ਛਾੜ ਕੀਤੀ ਸਾਬਤ ਹੋਈ ਹੈ।
ਸਾਲ 2013-14 ਅਤੇ 2014-15 ਦੀਆਂ ਲੈਜਰਾਂ ਨੂੰ ਚੈਕ ਕਰਨ ਤੇ ਪਾਇਆ ਗਿਆ ਕਿ ਪ੍ਰੈਸ ਦੇ ਪਬਲੀਕੇਸ਼ਨ ਵਿਭਾਗ ਦੀਆਂ ਲੈਜਰਾਂ ਵਿਚ 18-08-2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਨਹੀਂ ਸਗੋਂ 328 ਪਾਵਨ ਸਰੂਪ ਘੱਟ ਸਨ।ਇਸ ਤੋਂ ਇਲਾਵਾ ਕੁਝ ਅਧਿਕਾਰੀਆਂ / ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਪਬਲੀਕੇਸ਼ਨ ਵਿਭਾਗ ਵੱਲੋਂ ਜਾਰੀ ਕੀਤੇ ਗਏ ਵੇਸਟਿੰਗ ਅੰਗਾਂ ਲਈ ਦਿੱਤੇ ਵਾਧੂ ਅੰਗਾਂ ਤੋਂ ਅਣ-ਅਧਿਕਾਰਤ ਤਰੀਕੇ ਨਾਲ ਪਾਵਨ ਸਰੂਪ ਤਿਆਰ ਕਰਵਾ ਕੇ ਬਿਨ੍ਹਾਂ ਬਿੱਲ ਕੱਟਿਆਂ ਸੰਗਤਾਂ ਨੂੰ ਦਿੱਤੇ ਗਏ।ਇੱਕ ਵਾਰ 61 ਅਤੇ ਇੱਕ ਵਾਰ 125 ਪਾਵਨ ਸਰੂਪ ਅਣ-ਅਧਿਕਾਰਤ ਤੌਰ ਤੇ ਵਧੇਰੇ ਅੰਗਾਂ ਤੋਂ ਪਾਵਨ ਸਰੂਪ ਤਿਆਰ ਕਰਵਾਏ ਗਏ।
ਮਿਤੀ 18-08-2015 ਤੋਂ 31-05-2020 ਤੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਚੈਕਿੰਗ ਅਨੁਸਾਰ ਮੌਜੂਦਾ ਸਮੇਂ ਵਿਚ ਸਟੋਕ ਲੈਜਰ ਵਿਚੋਂ 267 ਸਰੂਪ ਘੱਟ ਹਨ।ਇਸ ਸਮੇਂ ਦੌਰਾਨ ਬਿੱਲਾਂ ਤੇ ਡੱੂਚਾਂ ਵਿਚ ਵੀ ਕਾਫੀ ਅੰਤਰ ਹੈ।ਲੈਜਰਾਂ ਨਾਲ ਛੇੜ-ਛਾੜ ਅਤੇ 2016 ਤੋਂ ਹੁਣ ਤੀਕ ਆਡਿਟ ਵੀ ਨਹੀਂ ਕਰਵਾਇਆ ਗਿਆ।
ਇਹ ਬਹੁਤ ਵੱਡੀ ਬੇਈਮਾਨੀ ਤੇ ਅਣਗਹਿਲੀ ਹੈ।ਪੰਜ ਸਿੰਘ ਸਾਹਿਾਬਨ ਵੱਲੋਂ ਇਸ ਰਿਪੋਰਟ ਨੂੰ ਵਿਚਾਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇੱਕ ਹਫਤੇ ਦੇ ਅੰਦਰ-ਅੰਦਰ ਸ਼ਾਰਟ ਨੋਟਿਸ ਤੇ ਅੰਤਿੰ੍ਰਗ ਕਮੇਟੀ ਦੀ ਮੀਟਿੰਗ ਬੁਲਾ ਕੇ ਰਿਪੋਰਟ ਵਿਚ ਦੋਸ਼ੀ ਪਾਏ ਗਏ ਕਰਮਚਾਰੀਆਂ / ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਮਿਤੀ 19-05-2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ’ਤੇ 2016 ਦੀ ਸਮੁੱਚੀ ਅੰਤ੍ਰਿੰਗ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਉਸ ਵੇਲੇ ਦੇ ਚੀਫ ਸਕੱਤਰ ਨੇ ਕੋਈ ਪਛਚਾਤਾਪ ਨਹੀਂ ਕੀਤਾ।
ਇਸ ਲਈ ਸਮੁੱਚੀ ਅੰਤ੍ਰਿੰਗ ਕਮੇਟੀ ਅਤੇ ਚੀਫ ਸਕੱਤਰ ਨੂੰ ਸਵੇਰੇ 10 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪ ਹਾਜਰ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ।
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ