32.1 C
Delhi
Friday, April 26, 2024
spot_img
spot_img

ਖ਼ਾਲਿਸਤਾਨ ’ਤੇ ਨਵੀਂ ਕਿਤਾਬ ਨੇ ਐਸ.ਵਾਈ.ਐਲ. ਬਣਾਉਣ ਵਿੱਚ ਅਕਾਲੀ ਦਲ ਦੀ ਭੂਮਿਕਾ ਨੰਗੀ ਕੀਤੀ: ਤ੍ਰਿਪਤ ਬਾਜਵਾ

ਚੰਡੀਗੜ, 26 ਅਗਸਤ, 2020 –

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਸਤਲੁਜ-ਯਮਨਾ ਲਿੰਕ ਨਹਿਰ ਬਣਾਉਣ ਨਾਲ ਸਬੰਧਤ ਸਾਹਮਣੇ ਆਏ ਨਵੇਂ ਦਸਤਾਵੇਜ਼ੀ ਸਬੂਤਾਂ ਨੇ ਸ਼੍ਰੋਮਣੀ ਅਕਾਲੀ ਦਲ ਖਾਸ ਕਰ ਕੇ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਨੰਗੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਹਨਾਂ ਦਸਤਾਵੇਜਾਂ ਨੇ ਸਪਸ਼ਟ ਕਰ ਦਿੱਤਾ ਹੈ ਇਹ ਵਿਵਾਦਤ ਨਹਿਰ ਅਕਾਲੀ ਸਰਕਾਰਾਂ ਸਮੇਂ ਹੀ ਬਣਦੀ ਰਹੀ ਹੈ।

ਸ਼੍ਰੀ ਬਾਜਵਾ ਨੇ ਇਹ ਇਹ ਟਿੱਪਣੀ ਅੱਜ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੀ ਨਵੀਂ ਛਪੀ ਕਿਤਾਬ ‘‘ਰਿਵਰ ਵਾਟਰਜ਼ ਆਨ ਫਾਇਰ-ਖਾਲਿਸਤਾਨ ਸਟਰੱਗਲ’’ ਰਿਲੀਜ਼ ਕਰਨ ਸਮੇਂ ਕੀਤੀ।

ਪੰਚਾਇਤ ਮੰਤਰੀ ਨੇ ਕਿਹਾ ਕਿ ਸਾਹਮਣੇ ਆਏ ਨਵੇਂ ਦਸਤਾਵੇਜ ਪੰਜਾਬ ਤੇ ਹਰਿਆਣਾ ਸਰਕਾਰਾਂ ਦੇ ਨਾਲ ਨਾਲ ਹਰਿਆਣਾ ਵਿਧਾਨ ਸਭਾ ਦੇ ਰਿਕਾਰਡ ਉੱਤੇ ਅਧਾਰਤ ਹਨ। ਉਹਨਾਂ ਕਿਹਾ ਕਿ ਰਿਕਾਰਡ ਅਨੁਸਾਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ਵਿਚ ਇਹ ਜਾਣਕਾਰੀ ਦਿੱਤੀ ਸੀ ਕਿ ਇਸ ਨਹਿਰ ਲਈ ਜ਼ਮੀਨ ਗ੍ਰਹਿਣ ਕਰਨ ਲਈ ਨੋਟੀਫੀਕੇਸ਼ਨ ੧੯੭੮ ਵਿਚ ਬਾਦਲ ਸਰਕਾਰ ਵਲੋਂ ਜਾਰੀ ਕੀਤੇ ਗਏ ਸਨ।

ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਨੋਟੀਫੀਕੇਸ਼ਨ ਜਾਰੀ ਕਰਨ ਵੇਲੇ ਅਕਾਲੀ ਸਰਕਾਰ ਨੇ ਸਬੰਧਤ ਕਾਨੂੰਨ ਵਿਚੋਂ ਐਮਰਜੈਂਸੀ ਮੱਦ ਵੀ ਜੋੜ ਦਿੱਤੀ ਜਿਸ ਵਿਚ ਦਰਜ ਹੈ, ‘‘ਇਸ ਕਾਨੂੰਨ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਪੰਜਾਬ ਦੇ ਰਾਜਪਾਲ ਇਹ ਨਿਰਦੇਸ਼ ਦੇਣ ਵਿਚ ਖ਼ੁਸ਼ੀ ਮਹਿਸੂਸ ਕਰਦੇ ਹਨ ਕਿ ਇਸ ਕੇਸ ਵਿਚ ਉਪਰੋਕਤ ਕਾਨੂੰਨ ਦੀ ਧਾਰਾ ੧੭ ਤਹਿਤ ਕਾਰਵਾਈ ਕੀਤੀ ਜਾਵੇਗੀ ਅਤੇ ਅਤਿਅੰਤ ਜਰੂਰੀ ਹੋਣ ਅਤੇ ਧਾਰਾ ੫ (ਏ) ਦੀਆਂ ਵਿਵਸਥਾਵਾਂ ਇਹ ਜ਼ਮੀਨ ਗ੍ਰਹਿਣ ਕਰਨ ਲਈ ਲਾਗੂ ਨਹੀਂ ਹੋਣਗੀਆਂ।’’ ਬਾਦਲ ਸਰਕਾਰ ਵਲੋਂ ਇਹ ਦੋ ਨੋਟੀਫੀਕੇਸ਼ਨ ਨੂੰ ੧੧੩/੫/ ੧੨੧/੫/ ੨੦ ਫਰਵਰੀ ੧੯੭੮ ਨੂੰ ਜਾਰੀ ਕੀਤੇ ਗਏ ਸਨ।

ਸ਼੍ਰੀ ਬਾਜਵਾ ਨੇ ਕਿਹਾ ਕਿ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦਾ ਲਗਾਤਾਰ ਇਹ ਕਹਿਣਾ ਵੀ ਸਰਾਸਰ ਗਲਤ ਹੈ ਕਿ ਉਹਨਾਂ ਦੀ ਸਰਕਾਰ ਨੇ ਕੇਂਦਰ ਸਰਕਾਰ ਵਲੋਂ ੧੯੭੬ ਵਿਚ ਦਰਿਆਈ ਪਾਣੀਆਂ ਦੀ ਵੰਡ ਸਬੰਧੀ ਸੁਣਾਏੇ ਗਏ ਅਵਾਰਡ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਉਹਨਾਂ ਕਿਹਾ ਕਿ ਸਹੀ ਤੱਥ ਇਹ ਹੈ ਕਿ ਪਹਿਲਾਂ ਹਰਿਆਣਾ ਸਰਕਾਰ ਇਸ ਅਵਾਰਡ ਨੂੰ ਲਾਗੂ ਕਰਾਉਣ ਲਈ ੩੦ ਅਪ੍ਰੈਲ ੧੯੭੯ ਨੂੰ ਸੁਪਰੀਮ ਕੋਰਟ ਵਿਚ ਗਈ ਸੀ ਅਤੇ ਉਸ ਤੋਂ ਬਾਅਦ ੩੧ ਜੁਲਾਈ ੧੯੭੯ ਨੂੰ ਪੰਜਾਬ ਸਰਕਾਰ ਇਸ ਕੇਸ ਵਿਚ ਪਾਰਟੀ ਬਣੀ ਸੀ।

ਪੰਚਾਇਤ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ੨੦੦੪ ਵਿਚ ਦਰਿਆਈ ਪਾਣੀਆਂ ਸਬੰਧੀ ਪੰਜਾਬ ਸਿਰ ਥੋਪੇ ਗਏ ਸਾਰੇ ਸਮਝੌਤਿਆਂ ਅਤੇ ਅਵਾਰਡਾਂ ਨੂੰ ਉਸ ਸਮੇਂ ਰੱਦ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ ਕਾਨੂੰਨ ਪਾਸ ਕਰਵਾਇਆ ਜਦੋਂ ਇਸ ਨਹਿਰ ਨੂੰ ਬਣਾਉਣ ਲਈ ਪੰਜਾਬ ਸਰਕਾਰ ਸਿਰ ਤਲਵਾਰ ਲਟਕ ਰਹੀ ਸੀ।

ਸ਼੍ਰੀ ਬਾਜਵਾ ਨੇ ਕਿਹਾ ਕਿ ਇਸ ਕਿਤਾਬ ਵਿਚ ਪੰਜਾਬ ਦੇ ਕਾਲੇ ਦੌਰ ਦੇ ਵਰਤਾਰਿਆਂ ਵਿਚੋਂ ਛੋਹਿਆ ਗਿਆ ਮਹਿਜ਼ ਇੱਕ ਮਾਮਲਾ ਹੈ। ਉਹਨਾਂ ਕਿਹਾ ਇਸ ਕਿਤਾਬ ਵਿਚ ਤੱਥਾਂ ਦੇ ਅਧਾਰ ਉੱਤੇ ਇਹ ਵੀ ਸਿੱਧ ਕੀਤਾ ਗਿਆ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਉਭਾਰਨ ਵਿਚ ਕਾਂਗਰਸ ਦਾ ਨਹੀਂ ਸਗੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਰੋਲ ਸੀ।

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION