32.1 C
Delhi
Friday, April 26, 2024
spot_img
spot_img

ਖ਼ਬਰ ਵਾਇਆ ਡਿਬੇਟ – ਐੱਸ.ਪੀ.ਸਿੰਘ


ਡਿਬੇਟੀ ਸੰਸਾਰ ਰੰਗੀਨ ਹੈ, ਜ਼ਿਹਨ ’ਤੇ ਬਹੁਤਾ ਜ਼ੋਰ ਨਹੀਂ ਪੈਂਦਾ। ਖ਼ਬਰਾਂ ਨੇ ਡਿਬੇਟ ਨੂੰ ਰੌਸ਼ਨ ਕਰਨਾ ਸੀ, ਡਿਬੇਟ ਖ਼ਬਰਾਂ ਨੂੰ ਕੂਹਣੀ ਮਾਰ ਆਪ ਖ਼ਬਰ ਹੋਏ ਬੈਠੇ ਹਨ। ਖ਼ਬਰਾਂ ਆਪਣੀ ਹਸਤੀ ਕਾਇਮ ਰੱਖਣ ਲਈ ਤੇਜ਼ ਤੇਜ਼ ਦੌੜ ਰਹੀਆਂ ਹਨ।


Likhtum BaDaleel
Senior journalist SP Singh’s weekly column, Likhtum BaDaleel, appears every Monday in the Punjabi Tribune. You can also listen to this stylistic piece of writing, narrated in the author’s own voice, by clicking this link. This piece was originally published on October 8, 2018. – Ed.

ਖ਼ਬਰ ਵਾਇਆ ਡਿਬੇਟ ਆਡੀਓ

 

ਖ਼ਬਰ ਵਾਇਆ ਡਿਬੇਟ

ਐੱਸ.ਪੀ.ਸਿੰਘ

ਵਾਇਰਲ ਹੁੰਦੇ ਵੀਡੀਓ, ਵਾਟਸਐਪ ‘ਤੇ ਤੱਤੇ-ਤਾਅ ਲਿਖੇ ਤਰਕ-ਵਿਤਰਕ ਅਤੇ ਕਿਸੇ ਦੇ ਵੀ ਅਗਲੇ ਹੌਟ ਇੰਟਰਵਿਊ ਦੇ ਯੂ-ਟਿਊਬ ਲਿੰਕ ਨੂੰ ਆਪਣੇ ਤਰਲੋ-ਮੱਛੀ ਹੋਏ ਅੰਗੂਠੇ ਨਾਲ ਨੱਪਣ ਦੀ ਝਾਕ ਵਿੱਚ ਜ਼ਿੰਦਗੀ ਗੁਜ਼ਾਰਦੇ/ਵਿਸਾਰਦੇ ਸਮਾਜ ਵਿੱਚ ਇਹ ਲਗਭੱਗ ਤਹਿ ਹੀ ਸੀ ਕਿ ਇਹ ਕਿਤਾਬਾਂ/ਅਖ਼ਬਾਰਾਂ ਨੂੰ ਕੂਹਣੀ ਮਾਰ ਕੇ ਪਾਸੇ ਧੱਕੇ ਤੇ ਆਲੇਦੁਆਲੇ ਨਾਲ ਆਪਣਾ ਰਾਬਤਾ ਸਿੱਧਾ ਟੀਵੀ ਰਾਹੀਂ ਬਣਾਵੇ।

ਲਿਖਣ-ਪੜ੍ਹਣ, ਨੀਝ ਲਾਉਣ ਦੀ ਪ੍ਰਕਿਰਿਆ ਨਾਲ ਗ੍ਰਸੇ ਮਗਜ਼-ਖਪਾਊ ਮਾਧਿਅਮਾਂ ਨਾਲੋਂ ਸਿੱਧਾ ਹਾਲ ਵਿਖਾਉਂਦੇ ਤੇ ਦਰਸ਼ਕਾਂ ਨੂੰ ‘ਹੁਣ ਤੁਸੀਂ ਆਪ ਹੀ ਫੈਸਲਾ ਕਰੋ’ ਦੀ ਦੁਹਾਈ ਦੇਂਦੇ ਟੀਵੀ ਚੈਨਲਾਂ ਨੇ ਨਵੀਂ ਸੱਥ ਉਸਾਰ ਲਈ ਹੈ, ਜਨਤਕ ਪਿੜ੍ਹ ਵਿੱਚ ਲੋਕ ਬਹਿਸ ਨੇ ਪੁੱਠੀ ਚਾਲ ਫੜ ਲਈ ਹੈ।

ਖੇਤ, ਖਲਿਹਾਣ, ਵੀਹੀਆਂ, ਗਲੀਆਂ ‘ਚੋਂ ਜਿਨ੍ਹਾਂ ਮੁੱਦਿਆਂ ਨੇ ਬੋਹੜ੍ਹ ਹੇਠਲੀ ਸੱਥ ਵਿੱਚ ਨਿਖਰਨਾ ਸੰਵਰਨਾ ਸੀ, ਫ਼ੇਰ ਫ਼ਿਰਨੀ ਟੱਪ ਸ਼ਹਿਰ ਦੇ ਸਿਆਪੇ ਸ਼ੋਰ ਵਿੱਚ ਇਹਨੂੰ ਕਿਸੇ ਮਸਨੂਈ ਬਹਿਸ ਤਕ ਮਨਫੀ ਕਰਨ ਵਾਲੀਆਂ ਸਾਜ਼ਿਸ਼ੀ ਸਿਆਣਪਾਂ ਨਾਲ ਲੋਹਾ ਲੈਂਦਿਆਂ ਕਿਸੇ ਸੰਪਾਦਕੀ ਦਫ਼ਤਰ ਦਾ ਪਰਦਾ ਖਿੱਚ ਕੇ ਲਾਂਘਾ ਮੰਗਣਾ ਸੀ, ਆਖਣਾ ਸੀ ਕਿ ਇਸ ਸੰਗਤ-ਵਰੋਸਾਏ ਮੁੱਦੇ ਨੂੰ ਸੰਪਾਦਕੀ ਪੰਨਿਆਂ ਵਿੱਚ ਜਗ੍ਹਾਂ ਦਿਉ, ਤਾਂ ਬਹਿਸ ਨੇ ਸੰਗਤੀ ਹੋ ਜਾਣਾ ਸੀ। ਸਿਆਣਪਾਂ ਨੇ ਉਸ ਨੂੰ ਰੁਸ਼ਨਾਉਣਾ ਸੀ, ਬੱਝਵੇਂ ਤਰਕਾਂ ਨੇ ਇਸ ਨਿਖਰੀ ਲਿਸ਼ਕ ਨਾਲ ਮੁਲਖਈਏ ਨੂੰ ਸੰਗ ਰਲਾਉਣਾ ਸੀ।

ਪਰ ਕਿਉਂਜੋ ਜੀਵਨ ਬ੍ਰਿਤਾਂਤ ਅੱਜਕੱਲ੍ਹ ਨੀਲੀ ਭਾਹ ਮਾਰਦੀ ਇੰਚਾਂ ਵਿਚ ਨਾਪੀ ਜਾਂਦੀ ਸਕਰੀਨ ਦੀ ਜ਼ਮੀਨ ’ਤੇ ਲਿਖਿਆ/ਵੇਖਿਆ ਜਾ ਰਿਹਾ ਹੈ, ਇਸ ਲਈ ਬਹਿਸ ਨੇ ਪੈਰ ਪੁੱਠੇ ਜੜ ਲਏ ਨੇ, ਵਕ਼ਤ ਤੇ ਤਰਕ ਨੇ ਗੇੜੇ ਉਲਟੇ ਫੜ ਲਏ ਨੇ।

Likhtum BaDaleel Logoਖ਼ਬਰੀ ਟੈਲੀਵਿਜ਼ਨ ਨੇ ਅੱਖ ਸਰਕਾਰੇ, ਦਰਬਾਰੇ, ਇਸ਼ਤਿਹਾਰੇ ਰੱਖ ਮੁੱਦਿਆਂ ਦੀ ਚੋਣ ਸ਼ੁਰੂ ਕੀਤੀ ਹੋਈ ਹੈ। ਇਹਦੀ ਫ਼ੌਜ ਵਿਚ ਭਰਤੀ ਹੋਏ ਛੋਟੀ ਸਕਰੀਨ ਵਾਲੇ ਯੰਤਰਾਂ ਨਾਲ ਲੈਸ, ਇਹਦੇ ਅੰਗੂਠੇ ਥੱਲੇ ਆਏ ਕਿਸੇ ਸੀਧੀ ਬਾਤ, ਟੇਢੀ ਬਾਤ, ਹੌਟ ਇੰਟਰਵਿਊ ਵਾਲੇ ਲਿੰਕ ਨੂੰ ਨੱਪ, ਮੁੱਦੇ ਨੂੰ ਸਿੱਧੇ ਸੱਥ ਤਕ ਪਹੁੰਚਾ ਰਹੇ ਨੇ, ਜਿੱਥੋਂ ਸੇਧ ਲੈ ਮੁਲਖਈਆ ਕਿਸੇ ਲੰਬੀ/ਪਟਿਆਲੇ ਵਾਲੇ ਤਰਕ ਨੂੰ ਢੋਂਹਦੀਆਂ ਬੱਸਾਂ ਵਿੱਚ ਜਾਂ ਗੁਰ-ਅਦਬ ਬਾਰੇ ਗਿਆਨ ਵੰਡਦਾ ਬਰਗਾੜੀ ਚੌਂਕ ਵਿੱਚ ਜਾ ਪਲਾਥੀ ਮਾਰਦੈ।

ਗੈਰਪ੍ਰਸੰਗਿਕ ਹੋ ਜਾਣ ਦੇ ਡਰ ਤੋਂ ਸਹਾਫ਼ਤੀ ਸੰਸਾਰ ਵੀ ਸਕਰੀਨ ਉੱਤੇ ਲਿਸ਼ਕਦੇ ਮੁੱਦਿਆਂ ਦੀ ਆਕਾਸੀ (reflect) ਕਰਨ ਲੱਗਦੈ। ਸਦੀਆਂ ਤੱਕ ਕਿਸੇ ਤਰਕ-ਬੰਧਨ ਤੋਂ ਆਜ਼ਾਦ ਰਿਹਾ ਅਮਲੀ ਅੱਜ ਸੱਥ ਵਿੱਚ ਆ ਕੇ ਕੀ ਕਹਿ ਦੇਵੇਗਾ, ਇਹ ਵੀ ਟੈਲੀਵਿਜ਼ਨ ਦਾ ਆਪਣੀ ਕੁਰਸੀ ਤੋਂ ਉਛਲ-ਉਛਲ ਸਵਾਲ ਪੁੱਛਦਾ ਐਂਕਰ ਤੈਅ ਕਰ ਦੇਂਦਾ ਹੈ। ਸਕਰੀਨ ਸੱਥ ਵਿੱਚ ਆ ਗਈ ਹੈ, ਸਕਰੀਨ ਹੀ ਸੱਥ ਹੋ ਗਈ ਹੈ, ਅਖ਼ਬਾਰ ਵਿਚਲੀਆਂ ਸੁਰਖੀਆਂ ਵੀ ਏਹੋ ਤਸਦੀਕ ਕਰਦੀਆਂ ਹਨ।

ਕਨਸੋਆਂ, ਅਫ਼ਵਾਹਾਂ, ਖ਼ਬਰਾਂ, ਸੰਪਾਦਕੀਆਂ ਤੇ ਤਬਸਰੇ ਵਿਚਲੀਆਂ ਲਕੀਰਾਂ ਮਿਟ ਗਈਆਂ ਹਨ। ਸਾਰੇ ਸੱਚ ਰਾਤੀਂ ਨੌਂ ਵਜੇ ਪ੍ਰਗਟ ਹੁੰਦੇ ਹਨ, ਸਵੇਰੇ ਉਨ੍ਹਾਂ ਦੇ ਪ੍ਰਗਟ ਹੋਣ ਦੀ ਖ਼ਬਰ ਅਖ਼ਬਾਰ ਵਿੱਚ ਸ਼ਾਇਆ ਹੁੰਦੀ ਹੈ, ਉਨ੍ਹਾਂ ਵਿਚਲੇ ਨੁਕਤਿਆਂ ਉੱਤੇ ਗਹਿਣ-ਗੰਭੀਰ ਲੇਖ ਛਪਦੇ ਹਨ, ਤੇ ਸੂਰਜ ਦੀ ਟਿੱਕੀ ਸਿਰ ਆਉਣ ਤੱਕ ਅੰਗੂਠਾ-ਯੁਕਤ ਸੂਰਮੇ ਸ਼ਾਨਾ-ਬ-ਸ਼ਾਨਾ ਖੂਨੀ ਘੋਲ ਵਿੱਚ ਕੁੱਦ ਚੁੱਕੇ ਹੁੰਦੇ ਹਨ।

ਫੇਸਬੁੱਕੀ ਨਾਗਰਿਕਤਾ ਦੀਆਂ ਵਫ਼ਾਦਾਰੀਆਂ ਅੰਗੂਠਿਆਂ ਦੀ ਜੁੰਬਿਸ਼ ਨਾਲ ਪ੍ਰੀਭਾਸ਼ਿਤ ਹੁੰਦੀਆਂ ਹਨ। ਏਸ ਟਵੀਟੀ ਯੁੱਗ ਵਿੱਚ ਕੁਝ ਵੀ ਮਸਨੂਈ ਨਹੀਂ ਰਹਿੰਦਾ, ਤੇ ਸਭ ਮਸਨੂਈ ਹੀ ਹੁੰਦਾ ਹੈ। ਫੇਸਬੁੱਕੀ ਫ਼ਲਸਫ਼ੇ ਦੇ ਕਿਸੇ ਮੁਕਾਬਲੇ ਵਿੱਚ ਤੁਸੀਂ ਏਸ ਸਤਰ ਨੂੰ ਆਪਣੀ ਸਮਝ ਬਿਨਾਂ ਦੇਰੀ ਦਾਗ਼ ਸਕਦੇ ਹੋ।

ਨਿੱਤ ਬਿਆਨ ਤੇ ਪ੍ਰੈੱਸ ਰਿਲੀਜ਼-ਨੁਮਾ ਖ਼ਬਰਾਂ ਦਾ ਸੇਵਨ ਕਰਦੀ ਇਹ ਨਵ-ਨਿਰਮਾਣਿਤ ਸੈਨਾ ਟੀਵੀ ਪ੍ਰੋਗਰਾਮਾਂ ਦੀ ਇਕ ਖ਼ਾਸ ਵੰਨਗੀ – ਡੀਬੇਟ, ਬਹਿਸ – ਨੂੰ ਹੀ ਪੌਸ਼ਟਿਕ ਆਹਾਰ ਸਮਝਦੀ ਹੈ। ਡੀਬੇਟ ਵਿੱਚ ਭਾਗ ਲੈਂਦੇ ਮਾਹਿਰਾਂ ਅਤੇ ਬੁਲਾਰਿਆਂ ਦੇ ਬਹਿਸ ਦੀ ਤੀਖਣ ਗਰਮੀ ਵਿੱਚ ਕਹੇ ਸ਼ਬਦ ਖ਼ਬਰ ਹੋ ਜਾਂਦੇ ਹਨ, ਕੈਮਰਾ-ਯੁਕਤ ਚੈਨਲੀ ਘੁਲਾਟੀਏ ਉਨ੍ਹਾਂ ਸ਼ਬਦਾਂ ਬਾਰੇ ਵਿਰੋਧੀਆਂ ਦਾ ਨਜ਼ਰੀਆ ਪਤਾ ਕਰਨ ਨਿਕਲ ਪੈਂਦੇ ਹਨ, ਦੋਹਾਂ ਧਿਰਾਂ ਦੇ ਪਰਸਪਰ ਸਕਰੀਨੀ ਸੰਘਰਸ਼ ਖ਼ਬਰ ਦੀ ਸੁਰਖੀ ਹੋ ਜਾਂਦੇ ਹਨ, ਸੰਪਾਦਕ ਸਾਹਿਬ ਫਿਰ ਇਸ ਵਰਤਾਰੇ ’ਤੇ ਹਜ਼ਬੇ-ਮਾਮੂਲ ਇਕ ਤਰਜੀਆ ਲਿਖ ਮਾਰਦੇ ਹਨ। ਸੱਥ ਵਿੱਚ ਅਮਲੀ ਇਸ ਸਮਾਜਿਕ ਯਕਜਹਿਤੀ ਨੂੰ ਵੇਖ ਆਪਣੀ ਖ਼ਸ-ਖ਼ਸ ਵਾਲੀ ਗੋਲੀ ਦੀ ਅਸਰਅੰਦਾਜ਼ੀ ’ਤੇ ਸ਼ੱਕ ਕਰਨ ਲੱਗਦਾ ਹੈ।

ਡਿਬੇਟ ਖ਼ਬਰ ਹੋ ਜਾਂਦਾ ਏ। ਇਕ ਡਿਬੇਟ ਬਹੁਤ ਸਾਰੀਆਂ ਖ਼ਬਰਾਂ ਹੋ ਜਾਂਦਾ ਹੈ, ਬਹੁਤ ਸਾਰੇ ਡਿਬੇਟ ਖ਼ਬਰ-ਸੰਸਾਰ ਹੋ ਜਾਂਦੇ ਹਨ। ਫਿਰ ਇਸ ਖ਼ਬਰ-ਸੰਸਾਰ ਬਾਰੇ ਬਹੁਤ ਸਾਰੇ ਡਿਬੇਟ ਹੁੰਦੇ ਹਨ – ਸੀਧੀ ਬਾਤ, ਟੇਢੀ ਬਾਤ, ਹੌਟ ਇੰਟਰਵਿਊ।

ਬੇਸ਼ੱਕ ਇਹ ਬਹਿਸ ਹੋ ਰਹੀ ਏ ਕਿ ਬਹੁਤ ਸਾਰੀਆਂ ਟੀਵੀ ਬਹਿਸਾਂ ਬੇਥੱਵੀਆਂ, ਇਕਪਾਸੜ ਜਾਂ ਨੀਮ-ਪੱਤਰਕਾਰੀ ਦੀ ਨੁਮਾਇਸ਼ ਹੁੰਦੀਆਂ ਹਨ ਪਰ ਇੱਥੇ ਗਿਲਾ ਵਡੇਰਾ ਹੈ। ਟੀਵੀ ਪੱਤਰਕਾਰੀ ਦੀ ਇਹ ਵੰਨਗੀ ਹੀ ਦੁਸ਼ਮਣ ਬਣੀ ਬੈਠੀ ਹੈ।

ਕੁਰਸੀ ਤੋਂ ਉਛਲ-ਉਛਲ ਕੇ ਸਵਾਲ ਕਰਦੇ ਐਂਕਰ ਵਾਲੇ ਡਿਬੇਟ ਹੀ ਨਹੀਂ, ਕੁਰਸੀ ’ਤੇ ਨਿੱਠ ਕੇ ਬੈਠ, ਏਥੋਂ ਤੱਕ ਕਿ ਮਸੀਹੀਆਈ ਅੰਦਾਜ਼ ਵਿੱਚ ਤਰਜੀਹਾ ਕਰਦੇ ਐਂਕਰਾਂ ਵਾਲੇ ਡਿਬੇਟ ਵੀ ਇਕ ਅਤਿ ਜ਼ਰੂਰੀ ਵੰਨਗੀ ਨੂੰ ਪੱਤਰਕਾਰੀ ਦੇ ਹਾਸ਼ੀਏ ’ਤੇ ਧੱਕ ਰਹੇ ਹਨ।

ਟੀਵੀ ਬਹਿਸਾਂ ਵਿੱਚ ਤੁਹਾਡੇ ਸਰੋਕਾਰਾਂ ਦੇ ਅਲੋਪ ਹੋ ਜਾਣ ਪ੍ਰਤੀ ਤੁਹਾਡੇ ਗਿਲੇ ਤੇ ਕੁੰਠਾ ਬਾਰੇ ਵੀ ਕਦੀ ਕਦੀ ਬਹਿਸ ਹੁੰਦੀ ਹੈ, ਪਰ ਇੱਥੇ ਰੋਣਾ ਹੋਰ ਹੈ।

ਚਾਰ ਚੰਗੇ ਮਾਹਿਰਾਂ ਨੂੰ ਸੱਦ ਚੰਗੀ ਬਹਿਸ ਹੋ ਸਕਦੀ ਹੈ, ਦੋਹਾਂ ਧਿਰਾਂ ਨੂੰ ਬਰਾਬਰ ਦਾ ਮੌਕਾ ਦੇ ਕੇ ਸੰਤੁਲਿਤ ਬਹਿਸ ਹੋ ਸਕਦੀ ਹੈ, ਭਾਵਨਾਵਾਂ ਨਾਲ ਖਿਲਵਾੜ ਕਰਦੇ ਮੁੱਦੇ ਨੂੰ ਛੱਡ ਨੌਜਵਾਨਾਂ, ਕਿਸਾਨਾਂ, ਮਿਹਨਤਕਸ਼ਾਂ ਬਾਰੇ ਵਧੀਆ ਡਿਬੇਟ ਹੋ ਸਕਦਾ ਹੈ – ਹੁੰਦਾ ਵੀ ਹੈ। ਕਿਤੇ ਅਕਸਰ, ਕਿਤੇ ਕਦੀ-ਕਦੀ।

ਪਰ ਇਸ ਦੀ ਕੀਮਤ ਖ਼ਬਰਾਂ ਦੇ ਰੂਪ ਵਿੱਚ ਚੁਕਾਈ ਜਾ ਰਹੀ ਹੈ। ਖ਼ਬਰਾਂ ਇਕੱਤਰ ਕਰਨਾ, ਤੱਥਾਂ ਦੀ ਘੋਖ਼ ਕਰਨੀ, ਇੱਕ ਮਹਿੰਗਾ ਅਭਿਆਸ ਹੈ। ਖ਼ਬਰਾਂ ਚੱਲ ਕੇ ਸਟੂਡਿਓ ਨਹੀਂ ਆਉਂਦੀਆਂ। ਇਨ੍ਹਾਂ ਨੂੰ ਫ਼ੋਨ ਕਰਕੇ ਜਾਂ ਗੱਡੀ ਭੇਜ ਕੇ ਮੰਗਾਇਆ ਨਹੀਂ ਜਾ ਸਕਦਾ। ਪੱਤਰਕਾਰ ਭਰਤੀ ਕਰਨੇ ਪੈਂਦੇ ਹਨ; ਉਨ੍ਹਾਂ ਲਈ ਸਾਧਨਾਂ ਦਾ ਇੰਤਜ਼ਾਮ ਕਰਨਾ ਪੈਂਦਾ ਹੈ। Khabar via Debate SP Singh Article

ਕਦੀ ਕਿਸੇ ਪੱਤਰਕਾਰ ਜਾਂ ਪੱਤਰਕਾਰਾਂ ਦੀ ਟੀਮ ਨੂੰ ਦੂਜੇ ਸੂਬੇ ਜਾਂ ਸ਼ਹਿਰ ਵਿੱਚ ਕੁਝ ਦਿਨ ਟਿਕਣਾ ਪੈ ਸਕਦਾ ਹੈ, ਉਨ੍ਹਾਂ ਦੇ ਰਹਿਣ-ਸਹਿਣ, ਯਾਤਰਾ ’ਤੇ ਖਰਚਾ ਹੁੰਦਾ ਹੈ। ਸੰਪਾਦਕੀ ਅਮਲੇ ਦਾ ਰੋਲ ਹੁੰਦਾ ਹੈ। ਖ਼ਬਰੀ ਸੰਤੁਲਨ ਨਾਪੇ-ਪਰਖੇ ਜਾਂਦੇ ਹਨ।

ਅਜਿਹੀਆਂ ਖ਼ਬਰਾਂ ਦੀ ਸਾਰਥਕਤਾ ਤੇ ਪ੍ਰਸੰਗਕਤਾ ਬਾਰੇ ਸੰਪਾਦਕ ਦੇ ਕਮਰੇ ਵਿੱਚ ਗਰਮਾ-ਗਰਮ ਬਹਿਸ ਉਨ੍ਹਾਂ ਪੇਸ਼ਬੰਦੀਆਂ ਦੀ ਨਿਸ਼ਾਨੀ ਹੁੰਦੀ ਹੈ ਜਿਸ ਨਾਲ ਇਹ ਨਿਸ਼ਚਿਤ ਹੋਵੇ ਕਿ ਪਾਠਕ ਤਕ ਪਹੁੰਚਦੀ ਸਮੱਗਰੀ ਉਹਦੀ ਸਮਝ ਵਿੱਚ ਵਾਧਾ ਕਰੇ ਤੇ ਕਿਸੇ ਵਿਵਾਦ ਦੀਆਂ ਸਭ ਤਹਿਆਂ ਦੱਸੇ। ਖ਼ਬਰ ਬਿਆਨਬਾਜ਼ੀ ਤੋਂ ਵੱਖਰੀ ਸ਼ੈਅ ਹੁੰਦੀ ਹੈ। ਖ਼ਬਰੀ ਸਫ਼ੇ ’ਤੇ ਛਪ ਕੇ ਬਿਆਨ, ਦਮਗਜ਼ੇ ਜਾਂ ਤੋਹਮਤਾਂ ਖ਼ਬਰ ਨਹੀਂ ਹੋ ਜਾਂਦੀਆਂ।

ਇੱਕ ਘੰਟੇ ਦੇ ਖ਼ਬਰਾਂ ਦੇ ਬੁਲੇਟਿਨ ਵਿੱਚ 15 ਤੋਂ 20 ਖ਼ਬਰਾਂ ਸਮਾ ਸਕਦੀਆਂ ਹਨ, ਇਕ ਬੁਲੇਟਿਨ ਲਈ ਖ਼ਬਰਾਂ ਇਕੱਤਰ ਕਰਨ ਦੀ ਪ੍ਰਕਿਰਿਆ ਦਾ ਖ਼ਰਚ ਲੱਖਾਂ ਵਿੱਚ ਵੀ ਜਾ ਸਕਦਾ ਹੈ। ਇਕ ਘੰਟੇ ਦਾ ਡਿਬੇਟ ਵਪਾਰਕ ਪੱਖ ਤੋਂ ਸਭ ਤੋਂ ਸਸਤੀ ਵੰਨਗੀ ਹੈ। ਮਜ਼ਾ ਇਹਦੇ ਵਿੱਚ ਪੂਰਾ ਹੈ। ਡਿਬੇਟੀ ਸੰਸਾਰ ਰੰਗੀਨ ਹੈ, ਜ਼ਿਹਨ ’ਤੇ ਬਹੁਤਾ ਜ਼ੋਰ ਨਹੀਂ ਪੈਂਦਾ, ਅੰਗੂਠੇ ਨੇ ਬਸ ਆਏ ਮੈਸੇਜ ਨੂੰ ਅੱਗੇ ਧੱਕਣਾ ਹੁੰਦਾ ਹੈ, ਕੁਝ ਹੋਰ ਤਰੱਦਦ ਨਹੀਂ ਕਰਨਾ ਪੈਂਦਾ।

ਖ਼ਬਰਾਂ ਨੇ ਡਿਬੇਟ ਨੂੰ ਰੌਸ਼ਨ ਕਰਨਾ ਸੀ, ਡਿਬੇਟ ਖ਼ਬਰਾਂ ਨੂੰ ਕੂਹਣੀ ਮਾਰ ਆਪ ਖ਼ਬਰ ਹੋਏ ਬੈਠੇ ਹਨ। ਖ਼ਬਰਾਂ ਆਪਣੀ ਹਸਤੀ ਕਾਇਮ ਰੱਖਣ ਲਈ ਤੇਜ਼ ਤੇਜ਼ ਦੌੜ ਰਹੀਆਂ ਹਨ। ਵੀਹ ਮਿੰਟ ਵਿੱਚ ਚਾਲ੍ਹੀ ਖ਼ਬਰਾਂ, ਇਕ ਘੰਟੇ ਵਿਚ ਇਕ ਸੌ ਵੀਹ ਖ਼ਬਰਾਂ। ਹਰ ਖ਼ਬਰ ਤੋਂ ਬਾਅਦ ਢੋਲ ’ਤੇ ਡੱਗਾ ਵਜਦਾ ਹੈ, ਜਾਂ ਘੁੱਗੂ ਸੁਣਦਾ ਹੈ, ਤਾਂ ਜੋ ਸਨਦ ਰਹੇ ਕਿ ਅਗਲੀ ਖ਼ਬਰ ਆ ਰਹੀ ਹੈ, ਤੇ ਯਕੀਨਦਹਾਨੀ ਵੀ ਹੋ ਜਾਵੇ ਕਿ ਛੇਤੀ ਹੀ ਇਹ ਸਭ ਮੁੱਕ ਜਾਵੇਗਾ ਤੇ ਫਿਰ ਡਿਬੇਟ ਆਵੇਗਾ – ਸਸਤਾ, ਟਿਕਾਊ, ਅੰਗੂਠਾ ਲੜਾਊ।

ਖ਼ਬਰਾਂ ਦੀ ਜਗ੍ਹਾ ਸੁੰਗੜ ਰਹੀ ਹੈ, ਤੇ ਸਿਰਫ਼ ਟੀਵੀ ’ਤੇ ਹੀ ਨਹੀਂ। ਦਿਨਾਂ ਤੱਕ ਦੁਨੀਆ ਅਮਰੀਕਾ ਦੀ ਸੈਨੇਟ ਜੁਡੀਸ਼ਰੀ ਕਮੇਟੀ ਦੀਆਂ ਬੈਠਕਾਂ ਨਾਲ ਜੁੜੀ ਰਹੀ, ਬਹੁਤ ਮੁਲਕਾਂ ਵਿੱਚ ਰਾਤਾਂ ਤੱਕ। ਬਰੈੱਟ ਕੈਵੇਨਾਅ (Brett Kavanaugh) ਨੇ ਅਮਰੀਕਾ ਦੀ ਸੁਪਰੀਮ ਕੋਰਟ ’ਚ ਜੱਜ ਲੱਗਣਾ ਹੈ, ਉਸ ਸੰਸਥਾਨ ਨੇ 5-4 ਦੀ ਬਹੁਗਿਣਤੀ ਨਾਲ ਸੱਜੇ ਨੂੰ ਮੋੜਾ ਕੱਟਣਾ ਹੈ।

ਕੈਵੇਨਾਅ 2050 ਜਾਂ ਉਸ ਤੋਂ ਬਾਅਦ ਤੱਕ ਵੀ ਜੱਜ ਰਹਿ ਸਕਦਾ ਹੈ। ਸਾਡੇ ਕੱਲ੍ਹ ਜੰਮਣ ਵਾਲੇ ਬੱਚਿਆਂ ਦੇ ਬੱਚਿਆਂ ਦੇ ਵਿਆਹ ਤੱਕ ਵੀ। ਟਰੰਪੀ ਸਮਿਆਂ ਵਿੱਚ ਇਸ ਵਰਤਾਰੇ ਉੱਤੇ ਸੰਸਾਰ ਭਰ ਦੇ ਲੋਕਾਂ ਦੀ ਨਜ਼ਰ ਟਿਕੀ ਰਹੀ। ਘੰਟਿਆਂ ਲੰਬੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਹੋਇਆ। ਮੇਰੇ ਘਰ ਦਸਤਕ ਦੇਂਦੀਆਂ ਪੰਜਾਬੀ ਅਖ਼ਬਾਰਾਂ ਵਿੱਚੋਂ ਖ਼ਬਰ ਨਦਾਰਦ ਰਹੀ।

ਲੰਘੇ ਹਫ਼ਤੇ ਨਿਊਯੌਰਕ ਟਾਈਮਜ਼ ਨੇ ਰਾਸ਼ਟਰਪਤੀ ਟਰੰਪ ਦੇ ਟੈਕਸ ਚੋਰੀ ਮਾਮਲੇ ਦਾ ਪਰਦਾਫਾਸ਼ ਕੀਤਾ। ਗਿਲਾ ਇਹ ਨਹੀਂ ਕਿ ਸਾਡੇ ਅਖ਼ਬਾਰਾਂ ਨੇ ਅਜਿਹੀ ਮਹੱਤਵਪੂਰਨ ਖ਼ਬਰ ਬਾਰੇ ਸਾਨੂੰ ਕਿੰਨਾ ਕੁ ਆਗਾਹ ਕੀਤਾ – ਗਿਲਾ ਇਹ ਹੈ ਕਿ ਜਿਵੇਂ ਨਿਊਯੌਰਕ ਟਾਈਮਜ਼ ਵਰਗੇ ਅਖ਼ਬਾਰ ਨੇ ਇਸ ਇੱਕ ਖ਼ਬਰ ਲਈ ਇੱਕ ਦਿਨ ਦੇ ਐਡੀਸ਼ਨ ਵਿਚ 18 ਸਫ਼ੇ ਲਗਾਏ, ਕੀ ਸਾਡਾ ਅਖ਼ਬਾਰੀ ਜਾਂ ਟੈਲੀਵਿਜ਼ਨ ਤੰਤਰ ਕਿਸੇ ਵੀ ਮੁੱਦੇ ਲਈ ਏਨੇ ਸਫ਼ੇ/ਘੰਟੇ ਕੱਢਦਾ ਹੈ?

ਤਫ਼ਸੀਲੀ ਜਾਂ ਵਸੀਹ ਬਿਆਨੀਏ ਵਾਲੀ ਪੱਤਰਕਾਰੀ ((long form narrative journalism) ਵਸੀਲੇ ਮੰਗਦੀ ਹੈ, ਡਿਬੇਟ ਸਫ਼ੇ ਤੇ ਘੰਟੇ ਸਸਤੇ ਵਿੱਚ ਭਰਦੇ ਹਨ, ਅੰਗੂਠੇ ਖ਼ੁਸ਼ੀ ਨਾਲ ਜਰਦੇ ਨੇ। ਆਈ.ਐੱਲ.ਐੱਫ਼.ਐੱਸ. (IL&FS) ਬਾਰੇ ਖ਼ਬਰਾਂ ਨੂੰ ਮਿਲੀ ਜਗ੍ਹਾ ਦੇਖੋ, ਤੇ ਮੁੱਦੇ ਦੀ ਗੰਭੀਰਤਾ ਨਾਲ ਤੁਲਨਾ ਕਰੋ – 12.6 ਬਿਲੀਅਨ ਡਾਲਰ ਦਾ ਕਰਜ਼, 90,000 ਕਰੋੜ ਦੇ ਡੁੱਬੇ ਕਰਜ਼ੇ, ਭਾਰਤੀ ਬੀਮਾ ਨਿਗਮ ਦੇ ਸਿਰ ’ਤੇ ਲਟਕਦੀ ਤਲਵਾਰ ਪਰ ਖ਼ਬਰਾਂ ਨਦਾਰਦ।

ਫ਼ਿਰ ਵੀ ਤੁਸੀਂ ਟੀਵੀ ਲਾਓ, ਡਿਬੇਟ ਔਨ ਮਿਲੇਗਾ। ਮੁਸ਼ਕਿਲ ਇਹ ਨਹੀਂ ਕਿ ਡਿਬੇਟ ਕਿਉਂ ਹੋ ਰਿਹਾ ਹੈ, ਗਿਲਾ ਇਹ ਹੈ ਕਿ ਖ਼ਬਰਾਂ ਕਿਉਂ ਨਦਾਰਦ ਹਨ। ‘ਡਿਬੇਟ ਹਟਾਓ, ਖ਼ਬਰਾਂ ਲਿਆਓ’ ਦੀ ਵਕਾਲਤ ਇਹ ਹਰਗਿਜ਼ ਨਹੀਂ ਹੈ, ਪਰ ਇਕ ਦੀ ਕੀਮਤ ਦੂਜੀ ਵੰਨਗੀ ਚੁਕਾਵੇਗੀ ਤਾਂ ਅੰਨ੍ਹੀ ਬੋਲੀ ਪੱਤਰਕਾਰੀ ਦਾ ਗੁਰਬਤੀ ਸੰਸਾਰ ਉਸਰੇਗਾ।

ਨਿੱਤ ਪੱਛਮ ਨੂੰ ਭੰਡਦੇ ਤੇ ਆਪਣੀ ਨੂੰਹ ਦੀ ਜੀਨ ਤੋਂ ਲੈ ਕੇ ਪਟਿਆਲੇ ਵਿੱਚ ਕੁੜੀਆਂ ਦੇ ਹੋਸਟਲ ਦਾ ਗੇਟ ਖੁੱਲ੍ਹਾ ਰੱਖਣ ਦੀ ਮੰਗ ਤੱਕ ਸਭ ਕੁਝ ਲਈ ਪੱਛਮ ਨੂੰ ਪਤਿੱਤ ਗਰਦਾਨਦੇ ਅਸੀਂ ਨਹੀਂ ਵੇਖ ਰਹੇ ਕਿ ਓਥੇ ਟਰੰਪੀ ਸਮਿਆਂ ਵਿੱਚ ਵੀ ਖ਼ਬਰਾਂ ਤੇ ਡਿਬੇਟ ਨੇ ਆਪਸ ਵਿਚ ਇੱਕ ਸੰਵਾਦ ਰਚਾਅ ਰੱਖਿਆ ਹੈ। ਏਥੇ ਅਸੀਂ ਉਹ ਸੰਤੁਲਨ ਗਵਾ ਰੱਖਿਆ ਹੈ।

SP Singhਸੱਥ ਤੋਂ ਖ਼ਬਰ ਕੋਈ ਲੈਣ ਨਹੀਂ ਜਾਂਦਾ, ਤੇ ਟੀਵੀ ਰੋਜ਼ ਸੱਥ ਵਿੱਚ ਖ਼ਬਰ ਭੇਜ ਰਿਹਾ ਹੈ। ਡਿਬੇਟ ਮੱਘ ਰਿਹਾ ਹੈ, ਅੰਗੂਠੇ ਚਲ ਰਹੇ ਹਨ। ਅਸੀਂ ਮੁੱਦੇ ਧੱਕ ਰਹੇ ਹਾਂ – ਲੰਬੀ ਨੂੰ, ਪਟਿਆਲੇ ਨੂੰ, ਬਰਗਾੜੀ ਨੂੰ। ਟੇਢੀ ਬਾਤ, ਸੀਧੀ ਬਾਤ, ਹੌਟ ਇੰਟਰਵਿਊ। ਅੰਗੂਠਾ ਕਿੱਥੇ ਜੇ?

(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਅੱਜ ਕਲ ਖ਼ਬਰਾਂ ਦੀ ਦੁਨੀਆ ਤੋਂ ਹਿਜਰਤ ਕਰ ਕੇ ਆਇਆ ਡਿਬੇਟੀ ਸੰਸਾਰ ਦਾ ਬਾਸ਼ਿੰਦਾ ਹੈ।)

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION