34 C
Delhi
Sunday, April 28, 2024
spot_img
spot_img

“ਹਰ ਸ਼ੁਕਰਵਾਰ, ਡੇਂਗੂ ‘ਤੇ ਵਾਰ”: ਡਾ. ਬਲਬੀਰ ਸਿੰਘ ਨੇ ਸਾਥੀ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਕੀਤਾ ਨਿਰੀਖਣ, ਡੇਂਗੂ ਦਾ ਲਾਰਵਾ ਮਿਲਿਆ

ਯੈੱਸ ਪੰਜਾਬ
ਚੰਡੀਗੜ੍ਹ, 25 ਅਗਸਤ, 2023:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਡੇਂਗੂ ਵਿਰੋਧੀ ਮੁਹਿੰਮ ‘ਹਰ ਸ਼ੁਕਰਵਾਰ, ਡੇਂਗੂ ‘ਤੇ ਵਾਰ’ ਦੇ ਹਿੱਸੇ ਵਜੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਲਗਾਤਾਰ ਤੀਸਰੇ ਸ਼ੁਕਰਵਾਰ ਸੈਕਟਰ 39 ਸਥਿਤ ਆਪਣੇ ਕੈਬਨਿਟ ਸਾਥੀਆਂ ਦੀਆਂ ਰਿਹਾਇਸ਼ਾਂ, ਸਰਕਟ ਹਾਊਸ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪਾਰਟੀ ਦਫ਼ਤਰ ਦਾ ਜ਼ਮੀਨੀ ਪੱਧਰ ‘ਤੇ ਨਿਰੀਖਣ ਕੀਤਾ।

ਜ਼ਿਕਰਯੋਗ ਹੈ ਕਿ ਡਾ. ਬਲਬੀਰ ਸਿੰਘ ਨੇ 4 ਅਗਸਤ ਨੂੰ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪਿੰਡ ਬਹਿਲੋਲਪੁਰ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਦੇ ਲਾਰਵੇ ਦੇ ਹੌਟਸਪੌਟ ਦਿਖਾ ਕੇ ਜਾਗਰੂਕ ਕੀਤਾ ਸੀ।

ਸ਼ੁੱਕਰਵਾਰ ਨੂੰ ਆਪਣੇ ਇਸ ਦੌਰੇ ਦੌਰਾਨ, ਸਿਹਤ ਮੰਤਰੀ ਨੇ ਆਪਣੀ ਰਿਹਾਇਸ਼ ਦੇ ਨਾਲ ਨਾਲ 6 ਹੋਰ ਕੈਬਨਿਟ ਮੰਤਰੀਆਂ ਦੀਆਂ ਸਰਕਾਰੀ ਰਿਹਾਇਸ਼ਾਂ ਸਮੇਤ ਘੱਟੋ-ਘੱਟ 12 ਸਥਾਨਾਂ ਦੀ ਜਾਂਚ ਕੀਤੀ ਅਤੇ ਕੈਬਨਿਟ ਮੰਤਰੀਆਂ ਦੀਆਂ 7 ਰਿਹਾਇਸ਼ਾਂ ਵਿੱਚੋਂ ਪੰਜ ਵਿੱਚ ਲਾਰਵਾ ਪਾਇਆ ਗਿਆ। ਇਸ ਦੌਰਾਨ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਦੀ ਸਰਕਾਰੀ ਰਿਹਾਇਸ਼, ਸਰਕਟ ਹਾਊਸ ਅਤੇ ‘ਆਪ’ ਪੰਜਾਬ ਦੇ ਪਾਰਟੀ ਦਫ਼ਤਰ ਦੀ ਵੀ ਜਾਂਚ ਕੀਤੀ।

ਸਿਹਤ ਮੰਤਰੀ ਨੇ ਮੱਛਰਾਂ ਦੇ ਲਾਰਵੇ ਦੇ ਹੌਟਸਪੌਟਸ ਦਾ ਨਿਰੀਖਣ ਕੀਤਾ ਜਿਨ੍ਹਾਂ ਵਿੱਚ ਕੂਲਰ, ਫੁੱਲਾਂ ਦੇ ਗਮਲਿਆਂ ਹੇਠ ਰੱਖੀਆਂ ਟਰੇਆਂ, ਪੰਛੀਆਂ ਲਈ ਪਾਣੀ ਨਾਲ ਭਰੇ ਭਾਂਡੇ ਅਤੇ ਖੁੱਲ੍ਹੇ ਵਿੱਚ ਪਏ ਬਰਤਨ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਾਨੂੰ ਡੇਂਗੂ ਦਾ ਲਾਰਵਾ ਲਗਭਗ ਹਰ ਥਾਂ ‘ਤੇ ਮਿਲਿਆ ਹੈ, ਜੋ ਕਿ ਬਹੁਤ ਹੀ ਚਿੰਤਾਜਨਕ ਹੈ ਕਿਉਂਕਿ ਡੇਂਗੂ ਇੱਕ ਘਾਤਕ ਬਿਮਾਰੀ ਹੈ ਅਤੇ ਇਸ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਈਏ। ਉਨ੍ਹਾਂ ਨੇ ਲੋਕਾਂ ਨੂੰ ਡੇਂਗੂ ਦੇ ਲਾਰਵੇ ਜਿਸ ਨੂੰ ਮੱਛਰ ਬਣਨ ਵਿੱਚ ਇੱਕ ਹਫ਼ਤਾ ਲੱਗ ਜਾਂਦਾ ਹੈ, ਦੇ ਪ੍ਰਜਨਨ ਨੂੰ ਰੋਕਣ ਲਈ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਖੜ੍ਹੇ ਪਾਣੀ ਦੀ ਨਿਕਾਸੀ/ਫਲੱਸ਼ਿੰਗ ਕਰਨ ਲਈ ਪ੍ਰੇਰਿਤ ਕੀਤਾ।

ਸਿਹਤ ਮੰਤਰੀ ਨੇ ਘਰਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਵੀ ਡੇਂਗੂ ਦੇ ਲਾਰਵੇ ਦੇ ਖਾਤਮੇ ਵਿੱਚ ਸਹਾਈ ਹੋਣ ਵਾਲੇ ਰੋਕਥਾਮ ਉਪਾਵਾਂ ਬਾਰੇ ਜਾਗਰੂਕ ਕੀਤਾ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਨੂੰ ਸ਼ੁਰੂ ਕਰਨ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਕੇ ਅਤੇ ਇਸ ਨੂੰ ਜਨ ਪੱਧਰੀ ਮੁਹਿੰਮ ਬਣਾ ਕੇ ਡੇਂਗੂ ਦੀ ਬਿਮਾਰੀ ਦੇ ਫੈਲਾਅ ਨੂੰ ਰੋਕਣਾ ਹੈ ਜੋ ਭਾਈਚਾਰਕ ਸ਼ਮੂਲੀਅਤ ਨਾਲ ਹੀ ਸੰਭਵ ਹੋ ਸਕਦਾ ਹੈ।

ਡੇਂਗੂ ਦੀ ਗੰਭੀਰਤਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਡੇਂਗੂ ਦਾ ਸਟ੍ਰੇਨ ਹੈਮਰੈਜਿਕ ਵਿੱਚ ਬਦਲ ਜਾਂਦਾ ਹੈ ਤਾਂ ਇਸ ਨਾਲ ਪਲੇਟਲੈਟਸ ਦੀ ਗਿਣਤੀ ਵਿੱਚ ਕਮੀ ਆ ਸਕਦੀ ਹੈ ਅਤੇ ਇਹ ਮਰੀਜ਼ ਨੂੰ ਗੰਭੀਰ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ ਅਤੇ ਘਾਤਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਵਿੱਚੋਂ ਹਰ ਕੋਈ ਇਸ ਮੁਹਿੰਮ ਵਿੱਚ ਯੋਗਦਾਨ ਪਾਵੇ ਤਾਂ ਅਸੀਂ ਖੁਦ ਨੂੰ ਅਜਿਹੇ ਨਤੀਜਿਆਂ ਤੋਂ ਬਚਾ ਸਕਦੇ ਹਾਂ।

ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਤੋਂ ਲੈ ਕੇ ਆਸ਼ਾ ਵਰਕਰਾਂ ਤੱਕ ਦੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਨੂੰ ਹਦਾਇਤ ਕੀਤੀ ਹੈ ਕਿ ਉਹ ਜਾਗਰੂਕਤਾ ਗਤੀਵਿਧੀਆਂ ਕਰਨ ਅਤੇ ਆਮ ਲੋਕਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕਰਨ ਤਾਂ ਜੋ ਲੋਕਾਂ ਦੇ ਰਵੱਈਏ ਅਤੇ ਵਿਹਾਰ ਨੂੰ ਬਦਲਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਹਰੇਕ ਪਿੰਡ ਅਤੇ ਮੁਹੱਲੇ ਵਿੱਚ ਸਿਹਤ ਕਮੇਟੀਆਂ ਵੱਲੋਂ ਹਰ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸਵੇਰੇ 10 ਵਜੇ ਤੱਕ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਜਾਣ।

ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ, ਸਿਵਲ ਸਰਜਨ ਮੁਹਾਲੀ ਡਾ. ਮਹੇਸ਼ ਆਹੂਜਾ, ਸਟੇਟ ਪ੍ਰੋਗਰਾਮ ਅਫ਼ਸਰ (ਐਨ.ਵੀ.ਬੀ.ਡੀ.ਸੀ.ਪੀ.) ਡਾ. ਅਰਸ਼ਦੀਪ ਕੌਰ ਅਤੇ ਹੋਰ ਸਿਹਤ ਅਧਿਕਾਰੀ ਵੀ ਹਾਜ਼ਰ ਸਨ |

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION