29.1 C
Delhi
Sunday, April 28, 2024
spot_img
spot_img

ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੂੰ ਟੋਕਨ ਫ਼ਲੈਗ ਲਾ ਕੇ ਕੀਤੀ ਗਈ

ਯੈੱਸ ਪੰਜਾਬ
ਫਿਰੋਜ਼ਪੁਰ, 7 ਦਸੰਬਰ, 2022:
ਜ਼ਿਲ੍ਹੇ ’ਚ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਮੌਕੇ ਫ਼ੰਡ ਇਕੱਠਾ ਕਰਨ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਸਿੰਘ ਨੂੰ ਟੋਕਨ ਫ਼ਲੈਗ ਲਾ ਕੇ ਕੀਤੀ ਗਈ। ਡਿਪਟੀ ਕਮਿਸ਼ਨਰ ਸ੍ਰੀਮਤੀ ਅਮ੍ਰਿਤ ਸਿੰਘ ਨੇ ਇਸ ਮੌਕੇ ਕਿਹਾ ਕਿ ਹਰ ਸਾਲ ਮਨਾਏ ਜਾਂਦੇ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਸਾਨੂੰ ਆਪਣੀਆਂ ਸਰਹੱਦਾਂ ਦੀ ਰਾਖੀ ਲਈ ਸ਼ਹੀਦ/ਦਿਵਿਆਂਗ ਹੋਏ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਪ੍ਰਤੀ ਮਾਣ-ਸਨਮਾਨ ਭੇਟ ਕਰਨ ਦੀ ਯਾਦ ਦਿਵਾਉਂਦਾ ਹੈ।

ਉਨ੍ਹਾਂ ਕਿਹਾ ਕਿ ਇਸ ਦਿਵਸ ਮੌਕੇ ਸਾਡੇ ਵੱਲੋਂ ਦਿੱਤਾ ਜਾਂਦਾ ਫ਼ੰਡ ਦੇਸ਼ ਦੇ ਰਾਖਿਆਂ ਪ੍ਰਤੀ ਸਾਡੀ ਸੁਹਿਰਦਤਾ ਤੇ ਪ੍ਰਤੀਬੱਧਤਾ ਦਾ ਪ੍ਰਤੀਕ ਹੁੰਦਾ ਹੈ। ਉਨ੍ਹਾਂ ਫ਼ਲੈਗ ਡੇਅ ਫ਼ੰਡ ਵਿੱਚ ਆਪਣਾ ਯੋਗਦਾਨ ਪਾ ਕੇ ਇਸ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਨੂੰ ਵੀ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਫ਼ੰਡ ’ਚ ਦਿਲ ਖੋਲ੍ਹ ਕੇ ਯੋਗਦਾਨ ਪਾਉਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਇਸ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਕਿ ਸੈਨਾ ਝੰਡਾ ਦਿਵਸ ਦੇਸ਼ ਦੇ ਅਮਰ ਸ਼ਹੀਦਾਂ ਦੀ ਯਾਦ ਸਾਡੇ ਸਭਨਾਂ ਦੇ ਮਨਾਂ ਵਿੱਚ ਤਾਜ਼ਾ ਕਰਦਾ ਹੈ, ਜਿਨ੍ਹਾਂ ਨੇ ਆਪਣਾ ਅੱਜ ਸਾਡੇ ਕੱਲ੍ਹ ਵਾਸਤੇ ਕੁਰਬਾਨ ਕੀਤਾ ਹੈ। ਇਸ ਦਿਨ ਸੁਰੱਖਿਆ ਸੈਨਾਵਾਂ ਵੱਲੋਂ ਦੇਸ਼ ਲਈ ਦਿੱਤੀਆਂ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ ਜਿਸ ਨਾਲ ਸੈਨਿਕਾਂ ਦੇ ਪਰਿਵਾਰਾਂ ਨੂੰ ਹੌਸਲਾ ਮਿਲਦਾ ਹੈ ਅਤੇ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਦੇਸ਼ ਦੀ ਜਨਤਾ ਹਰ ਮਾੜੇ ਅਤੇ ਚੰਗੇ ਸਮੇਂ ਵਿੱਚ ਉਨ੍ਹਾਂ ਦੇ ਨਾਲ ਹੈ।

ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਦੁਸ਼ਮਣ ਵੱਲੋਂ ਥੋਪੀਆਂ ਲੜਾਈਆਂ ਅਤੇ ਅੱਤਵਾਦ ਖਿਲਾਫ ਸੈਨਿਕਾਂ ਨੇ ਕਾਫ਼ੀ ਸ਼ਹਾਦਤਾਂ ਪਾਈਆਂ ਹਨ ਜ਼ੋ ਕਿ ਸ਼ਲਾਘਾਯੋਗ ਹਨ। ਕਈ ਸੈਨਿਕ ਸ਼ਹੀਦ ਹੋ ਗਏ ਅਤੇ ਕਈ ਸਦਾ ਲਈ ਨਕਾਰਾ ਹੋ ਗਏ। ਅਜਿਹੇ ਸੈਨਿਕਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਸਰਕਾਰ ਅਤੇ ਸਮਾਜ ਦੀ ਮੁੱਢਲੀ ਜਿੰਮੇਵਾਰੀ ਬਣ ਜਾਂਦੀ ਹੈ।

ਬੇਸ਼ੱਕ ਸਰਕਾਰ ਅਜਿਹੇ ਪਰਿਵਾਰਾਂ ਦੀ ਬੜੀ ਹਮਦਰਦੀ ਨਾਲ ਸਮੇਂ-ਸਮੇਂ ਤੇ ਕਈ ਪ੍ਰਕਾਰ ਦੀ ਮੱਦਦ ਕਰਦੀ ਹੈ, ਪ੍ਰੰਤੂ ਹਥਿਆਰਬੰਦ ਸੈਨਾ ਝੰਡਾ ਦਿਵਸ ਭਾਰਤ ਦੇਸ਼ ਅਤੇ ਇਸ ਸੂਬੇ ਦੇ ਹਰ ਨਾਗਰਿਕ ਨੂੰ ਆਪਣੇ ਬਹਾਦਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਨੂੰ ਪ੍ਰਗਟ ਕਰਨ ਲਈ ਇੱਕ ਸੁਨਿਹਰੀ ਮੌਕਾ ਪ੍ਰਦਾਨ ਕਰਦਾ ਹੈ। ਇਸ ਲਈ ਭਾਰਤ ਦੇਸ਼ ਦਾ ਹਰ ਨਾਗਰਿਕ ਝੰਡਾ ਦਿਵਸ ਮਨਾ ਕੇ ਦਿਲ ਖੋਲ ਕੇ ਦਾਨ ਕਰਦਾ ਹੈ।

ਦਾਨ ਵੱਜੋਂ ਇੱਕਠਾ ਕੀਤਾ ਗਿਆ ਪੈਸਾ ਰਾਜ ਸਰਕਾਰ ਦੇ ਆਰਮਡ ਫੋਰਸ਼ਜ਼ ਫਲੈਗ ਡੇ ਫੰਡ ਵਿੱਚ ਜਮ੍ਹਾਂ ਕੀਤਾ ਜਾਂਦਾ ਹੈ ਜ਼ੋ ਕਿ ਦੇਸ਼ ਲਈ ਸ਼ਹੀਦ ਹੌਏ ਸੈਨਿਕਾਂ ਦੇ ਪਰਿਵਾਰਾਂ ਅਤੇ ਨਕਾਰਾ ਹੋਏ ਸੈਨਿਕਾਂ ਅਤੇ ਹੋਰ ਲੋੜਵੰਦ ਸਾਬਕਾ ਸੈਨਿਕਾਂ ਦੀ ਭਲਾਈ ਲਈ ਚੱਲ ਰਹੀਆਂ ਸਕੀਮਾਂ ਲਈ ਵਰਤਿਆਂ ਜਾਂਦਾ ਹੈ ।

ਡਿਪਟੀ ਕਮਿਸ਼ਨਰ ਨੇ ਇਸ ਝੰਡਾ ਦਿਵਸ ਤੇ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਾਗਰਿਕਾਂ, ਪ੍ਰਾਈਵੇਟ ਸਕੂਲਾਂ, ਕਾਲਜ਼ਾਂ, ਹਸਪਤਾਲਾਂ, ਮਹਿਕਮਿਆਂ ਅਤੇ ਸੰਸਥਾਵਾਂ ਨੂੰ ਖੁੱਲੇ ਦਿਲ ਨਾਲ ਦਾਨ ਦੇਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਆਉ ਆਪਾਂ ਵੀ ਉਨ੍ਹਾਂ ਸੂਰਬੀਰ ਸ਼ਹੀਦ ਸੈਨਿਕਾਂ ਨੂੰ ਪ੍ਰਣਾਮ ਕਰੀਏ ਜਿਨ੍ਹਾਂ ਨੇ ਮੁਸ਼ਕਲਾਂ ਭਰੇ ਹਲਾਤਾਂ ਵਿੱਚ ਆਪਣੇ ਅਨਮੋਲ ਜੀਵਨ ਦੀ ਪਰਵਾਹ ਨਾਂ ਕਰਦੇ ਹੋਏ ਦੇਸ਼ ਦੀ ਸੁਰੱਖਿਆ ਲਈ ਲਾਸਾਨੀ ਕੁਰਬਾਨੀ ਦਾ ਜਾਮ ਪੀਤਾ ਅਤੇ ਸਾਡੇ ਕੱਲ ਲਈ ਆਪਣਾ ਅੱਜ ਕੁਰਬਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸੁ਼ਭ ਕਾਰਜ ਲਈ ਦਾਨ ਕੀਤੀ ਜਾਣ ਵਾਲੀ ਰਾਸ਼ੀ ਭਾਰਤ ਸਰਕਾਰ ਵੱਲੋਂ ਕਰ ਮੁੱਕਤ ਹੋਵੇਗੀ।

ਇਸ ਮੌਕੇ ਕਾਰਜਵਾਹਕ ਸੁਪਰਡੰਟ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਸ. ਅਮਰੀਕ ਸਿੰਘ ਬੋਹਾ, ਆਨਰੇਰੀ ਲੈਫਟੀਨੈਂਟ ਬਲਦੇਵ ਸਿੰਘ, ਸ੍ਰੀ ਨਿਪੁੰਨ ਖੁੰਗਰ, ਸ੍ਰੀਮਤੀ ਸਿਮਰਜੀਤ ਕੋਰ, ਸ੍ਰੀਮਤੀ ਦੀਪਕਾ ਮਹਿਤਾ, ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਹੈਰੀਸਨ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION