32.1 C
Delhi
Friday, April 26, 2024
spot_img
spot_img

ਸੰਗਤ ਦੇ ਦਿਲਾਂ ਨੂੰ ਸ਼ਰਧਾ ਨਾਲ ਲਿਬਰੇਜ਼ ਕਰ ਗਿਆ ਡਿਜ਼ੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ

ਚੰਡੀਗੜ੍ਹ/ਸੁਲਤਾਨਪੁਰ ਲੋਧੀ, 3 ਨਵੰਬਰ, 2019:

ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਪਿਛਲੇ ਦੋ ਦਿਨਾਂ ਤੋਂ ਕਰਵਾਏ ਜਾ ਰਹੇ ਡਿਜ਼ੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਨੇ ਸ਼ਰਧਾਮਈ ਮਾਹੌਲ ਸਿਰਜ ਦਿੱਤਾ।

ਸ਼ੋਅ ਸੰਗਤਾਂ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸੰਦੇਸ਼ ਦਿੰਦੇ ਹੋਏ ਸ਼ੋਅ ਅਗਲੇ ਪੜਾਅ ਲਈ ਰਵਾਨਾ ਹੋ ਗਏ ਹਨ। ਜਿਸ ਆਧੁਨਿਕ ਢੰਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਅਤੇ ਭਾਈਚਾਰਕ ਸਾਂਝੀਵਾਲਤਾ ਦੇ ਸੰਦੇਸ਼ ਨੂੰ ਪੇਸ਼ ਕੀਤਾ ਗਿਆ, ਇਹ ਹਮੇਸ਼ਾ ਸਮੁੱਚੀ ਲੋਕਾਈ ਦੇ ਚਿੱਤ ਚੇਤਿਆਂ ਵਿੱਚ ਵੱਸਿਆ ਰਹੇਗਾ।

ਜਿੱਥੇ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਅਲੌਕਿਕ ਰੌਸ਼ਨੀ ਨੇ ਚੁਫੇਰਾ ਜਗਮਗਾ ਦਿੱਤਾ, ਉਥੇ ਪਵਿੱਤਰ ਸ਼ਹਿਰ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਪਹੁੰਚੀਆਂ ਸੰਗਤਾਂ ਨੂੰ ਸ਼ੋਅ ਵਿੱਚ ਆਉਣ ਲਈ ਮਜ਼ਬੂਰ ਕਰ ਦਿੱਤਾ। ਗੁਰੂ ਸਾਹਿਬ ਦੀ ਜੀਵਨੀ ਅਤੇ ਵਿਚਾਰਧਾਰਾ ਨੂੰ ਆਧੁਨਿਕ ਤਕਨੀਕ ਰਾਹੀਂ ਦੇਖਣ ਵਾਲੀਆਂ ਸੰਗਤਾਂ ਨੇ ਸੂਬਾ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਲਈ ਇਹ ਸ਼ੋਅ ਕਿਸੇ ਅਜੂਬੇ ਤੋਂ ਘੱਟ ਨਹੀਂ ਸੀ।

ਸ਼ਹੀਦ ਊਧਮ ਸਿੰਘ ਚੌਕ ਨੇੜੇ ਪਾਰਕਿੰਗ ਸਥਾਨ ਉਪਰ 1 ਨਵੰਬਰ ਤੋਂ ਚੱਲ ਰਹੇ ਡਿਜ਼ੀਟਲ ਮਿਊਜ਼ੀਅਮ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ ਅਤੇ ਇਸੇ ਹੀ ਸਥਾਨ ਉਪਰ 2 ਨਵੰਬਰ ਤੋਂ ਸ਼ੁਰੂ ਲਾਈਟ ਐਂਡ ਸਾਊਂਡ ਵੀ ਜਨਤਾ ਲਈ ਆਕਰਸ਼ਨ ਦਾ ਕੇਂਦਰ ਰਿਹਾ। ਰਜਿਸਟ੍ਰੇਸ਼ਨ ਮੁਤਾਬਿਕ ਅੱਜ ਲਗਭਗ 2900 ਲੋਕਾਂ ਨੇ ਡਿਜ਼ੀਟਲ ਮਿਊਜੀਅਮ ਦਾ ਆਨੰਦ ਮਾਣਿਆ।

ਮਹਿਤਪੁਰ ਤੋਂ ਆਏ ਬਜ਼ੁਰਗ ਜੋੜੇ ਨੇ ਭਾਵੁਕ ਲਹਿਜ਼ੇ ਵਿੱਚ ਕਿਹਾ ਕਿ ਡਿਜ਼ੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਸ਼ਾਇਦ ਉਨਾਂ ਨੂੰ ਦੁਬਾਰਾ ਦੇਖਣ ਨੂੰ ਨਾ ਮਿਲੇ। ਉਨਾਂ ਕਿਹਾ ਕਿ ਅਜਿਹਾ ਸ਼ੋਅ ਉਨਾਂ ਪਹਿਲਾਂ ਕਦੇ ਨਹੀਂ ਦੇਖਿਆ ਅਤੇ ਗੁਰੂ ਸਾਹਿਬ ਬਾਰੇ ਆਧੁਨਿਕ ਤਕਨੀਕ ਨਾਲ ਅਜਿਹੀ ਜਾਣਕਾਰੀ ਹਾਸਲ ਕਰਨ ਲਈ ਹੀ ਉਹ ਜਿਉਂਦੇ ਸਨ।

ਆਦਮਪੁਰ ਤੋਂ ਆਏ ਪਰਿਵਾਰ ਦਾ ਕਹਿਣਾ ਸੀ ਕਿ ਮੌਜੂਦਾ ਤੌਰ ਤੇ ਨੌਜਵਾਨਾਂ ਅਤੇ ਬੱਚਿਆਂ ਲਈ ਮੋਬਾਇਲ ਦਾ ਕਾਫੀ ਮਹੱਤਵ ਹੈ ਅਤੇ ਸੂਬਾ ਸਰਕਾਰ ਵਲੋਂ ਡਿਜ਼ੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਵੀ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜੋ ਨੌਜਵਾਨਾਂ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION