26.7 C
Delhi
Saturday, April 27, 2024
spot_img
spot_img

ਸੁਖਜਿੰਦਰ ਰੰਧਾਵਾ ਅਤੇ 9 ਵਿਧਾਇਕਾਂ ਵੱਲੋਂ ਅਕਾਲੀ ਸਰਕਾਰ ਵੇਲੇ ਹੋਏ ਬਿਜਲੀ ਸਮਝੌਤਿਆਂ ਦਾ ‘ਬਲੈਕ ਪੇਪਰ’ ਜਾਰੀ

ਚੰਡੀਗੜ੍ਹ, 21 ਜਨਵਰੀ, 2020 –

ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਤੇ 9 ਵਿਧਾਇਕਾਂ ਨੇ ਅਕਾਲੀ ਦਲ ਦੀ ਪਿਛਲੀ ਸਰਕਾਰ ਵੇਲੇ ਹੋਏ ਬਿਜਲੀ ਸਮਝੌਤਿਆਂ ਕਾਰਨ ਸੂਬੇ ਦੇ ਲੋਕਾਂ ਨਾਲ ਹੋਏ ਧੱਕੇ ਉਜਾਗਰ ਕੀਤੇ। ਅਕਾਲੀ ਦਲ ਵੱਲੋਂ ਸੂਬੇ ਦੇ ਰਾਜਪਾਲ ਨੂੰ ਦਿੱਤੇ ਮੈਮੋਰੰਡਮ ਨੂੰ ਝੂਠ ਦਾ ਪਲੰਦਾ ਦੱਸਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ 2006 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਬਣਾਈ ਗਈ ਬਿਜਲੀ ਨੀਤੀ ਵਿੱਚ ਪਿਛਲੀ ਅਕਾਲੀ ਸਰਕਾਰ ਨੇ ਨਿੱਜੀ ਮੁਫਾਦਾਂ ਖਾਤਰ ਫੇਰਬਦਲ ਕਰਦਿਆਂ 25 ਸਾਲ ਲਈ ਅਜਿਹੀ ਨਵੀਂ ਨੀਤੀ ਬਣਾ ਦਿੱਤੀ ਕਿ ਅੱਜ ਸੂਬੇ ਦੇ ਲੋਕ ਮਹਿੰਗੀ ਬਿਜਲੀ ਦਾ ਸੰਤਾਪ ਭੋਗ ਰਹੇ ਹਨ।

ਉਨ੍ਹਾਂ ਬਿਜਲੀ ਦੇ ਮੁੱਦੇ ਉਤੇ ਪਿਛਲੀ ਸਰਕਾਰ ਵਿੱਚ 10 ਸਾਲਾਂ ਦੌਰਾਨ ਬਿਜਲੀ ਵਿਭਾਗ ਸਾਂਭਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਪਲੇਟਫਾਰਮ ਉਤੇ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਬੀਜੇ ਕੰਡੇ ਹੁਣ ਉਨ੍ਹਾਂ ਦੀ ਸਰਕਾਰ ਨੂੰ ਚੁਗਣੇ ਪੈ ਰਹੇ ਹਨ ਅਤੇ ਆਪਣੀਆਂ ਕੀਤੀਆਂ ਗਲਤੀਆਂ ਢਕਣ ਲਈ ਅੱਜ ਅਕਾਲੀ ਆਗੂ ਕੋਰਾ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੇਲੇ ਪ੍ਰਾਈਵੇਟ ਥਰਮਲ ਪਲਾਂਟ ਪਹਿਲਾਂ ਸਥਾਪਤ ਹੋਣੇ ਸ਼ੁਰੂ ਹੋ ਗਏ ਅਤੇ ਸਮਝੌਤਿਆਂ ਦੀ ਨੀਤੀ ਬਾਅਦ ਵਿੱਚ ਬਣਾਈ ਗਈ।

ਇਸ ਸਬੰਧੀ ਅੱਜ ਸ. ਰੰਧਾਵਾ ਅਤੇ ਵਿਧਾਇਕਾਂ ਦਰਸ਼ਨ ਸਿੰਘ ਬਰਾੜ, ਪਰਮਿੰਦਰ ਸਿੰਘ ਪਿੰਕੀ, ਗੁਰਕੀਰਤ ਸਿੰਘ ਕੋਟਲੀ, ਦਰਸ਼ਨ ਲਾਲ ਮੰਗੂਪੁਰ, ਕੁਲਬੀਰ ਸਿੰਘ ਜ਼ੀਰਾ, ਕੁਲਦੀਪ ਸਿੰਘ ਵੈਦ, ਪਰਗਟ ਸਿੰਘ, ਸੁਖਪਾਲ ਸਿੰਘ ਭੁੱਲਰ ਤੇ ਦਵਿੰਦਰ ਸਿੰਘ ਘੁਬਾਇਆ ਨੇ ‘ਬਲੈਕ ਪੇਪਰ’ ਵੀ ਜਾਰੀ ਕੀਤਾ।

ਸ. ਰੰਧਾਵਾ ਨੇ ਸਬੂਤਾਂ ਸਮੇਤ ਖੁਲਾਸੇ ਕਰਦਿਆਂ ਕਿਹਾ ਕਿ ਸਾਲ 2006 ਵਿੱਚ ਕਾਂਗਰਸ ਸਰਕਾਰ ਵੱਲੋਂ ਬਣਾਈ ਬਿਜਲੀ ਨੀਤੀ ਅਨੁਸਾਰ ਸੂਬੇ ਵਿੱਚ ਵੱਧ ਤੋਂ ਵੱਧ 2000 ਮੈਗਾਵਾਟ ਸਮਰੱਥਾ ਦਾ ਬਿਜਲੀ ਉਤਪਾਦਨ ਦੇ ਪ੍ਰਾਜੈਕਟ ਲਗਾਏ ਜਾ ਸਕਦੇ ਹਨ ਅਤੇ ਇਕ ਪ੍ਰਾਜੈਕਟ 1000 ਮੈਗਾਵਾਟ ਤੋਂ ਵੱਧ ਦੀ ਸਮਰੱਥਾ ਵਾਲਾ ਨਹੀਂ ਲੱਗ ਸਕਦਾ।

ਉਸ ਵੇਲੇ 540 ਮੈਗਾਵਾਟ ਸਮਰੱਥਾ ਵਾਲਾ ਗੋਇੰਦਵਾਲ ਪਾਵਰ ਪਲਾਂਟ ਦਾ ਐਮ.ਓ.ਯੂ. ਸਹੀਬੱਧ ਕੀਤਾ ਅਤੇ ਦੂਜੇ ਫੈਸਲੇ ਅਨੁਸਾਰ ਕੋਲਾ ਵੀ ਝਾਰਖੰਡ ਸਥਿਤ ਪਛਵਾੜਾ ਵਿਖੇ ਆਪਣੀ ਕੋਲ ਖਾਣ ਤੋਂ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ 2007 ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਨੇ 4000 ਮੈਗਾਵਾਟ ਦੇ ਸਮਝੌਤੇ ਸਹੀਬੱਧ ਕਰ ਲਏ। ਸੂਬੇ ਨੂੰ ਦੂਜੀ ਵੱਡੀ ਮਾਰ ਕੋਲਾ ਆਪਣੀ ਖਾਣ ਦੀ ਬਜਾਏ ਕੋਲ ਇੰਡੀਆ ਤੋਂ ਖਰੀਦਣ ਦਾ ਫੈਸਲਾ ਕੀਤਾ ਗਿਆ ਜੋ ਕਿ ਬਹੁਤ ਮਹਿੰਗਾ ਪੈਣਾ ਸੀ।

ਸ. ਰੰਧਾਵਾ ਨੇ ਕਿਹਾ ਕਿ ਅਕਾਲੀ ਆਗੂ ਬਿਜਲੀ ਸਮਝੌਤਿਆਂ ਪਿੱਛੇ ਯੂ.ਪੀ.ਏ. ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਸਿਰ ਦੋਸ਼ ਲਗਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਯੂ.ਪੀ.ਏ. ਸਰਕਾਰ ਵੱਲੋਂ ਜਾਰੀ ਦਿਸ਼ਾਂ ਨਿਰਦੇਸ਼ਾਂ ਤਹਿਤ ਗੁਜਰਾਤ ਵੱਲੋਂ ਬਿਜਲੀ ਨੀਤੀ ਬਣਾਈ ਗਈ ਅਤੇ ਅਕਾਲੀ ਸਰਕਾਰ ਨੇ ਗੁਜਰਾਤ ਦੀ ਨੀਤੀ ਨੂੰ ਹੀ ਅਪਣਾਇਆ।

ਉਨ੍ਹਾਂ ਕਿਹਾ ਕਿ ਗੁਜਰਾਤ ਦੀ ਨੀਤੀ ਵਿੱਚ ਧਾਰਾ 9 ਤੇ 11 ਤਹਿਤ ਸੂਬੇ ਨੂੰ ਫਾਇਦਾ ਦੇਣ ਵਾਲੀਆਂ ਮਦਾਂ ਨੂੰ ਪੰਜਾਬ ਨੇ ਨਿੱਜੀ ਮੁਫਾਦਾਂ ਵਾਸਤੇ ਬਾਹਰ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਧਾਰਾ 9 ਅਨੁਸਾਰ ਬਿਜਲੀ ਖਰੀਦਣ ਤੋਂ ਮਨ੍ਹਾਂ ਕੀਤਾ ਜਾ ਸਕਦਾ ਸੀ ਪਰ ਪੰਜਾਬ ਨੇ ਇਹ ਮਦ ਸ਼ਾਮਲ ਨਹੀਂ ਕੀਤੀ। ਇਸੇ ਤਰ੍ਹਾਂ ਧਾਰਾ 11 ਹੀ ਖਤਮ ਕਰ ਦਿੱਤੀ ਜਿਸ ਤਹਿਤ 100 ਫੀਸਦੀ ਬਿਜਲੀ ਖਰੀਦਣ ਦੀ ਜ਼ਿੰਮੇਵਾਰੀ ਪੰਜਾਬ ਨੇ ਆਪਣੇ ਉਪਰ ਲੈ ਲਈ ਅਤੇ ਨਾ ਖਰੀਦਣ ਦੀ ਸੂਰਤ ਵਿੱਚ ਫਿਕਸਡ ਚਾਰਜ ਦੇਣੇ ਪੈਣਗੇ।

ਉਨ੍ਹਾਂ ਕਿਹਾ ਕਿ ਮਾਰਚ 2017 ਤੱਕ ਅਕਾਲੀ ਸਰਕਾਰ ਨੇ ਫਿਕਸਡ ਚਾਰਜ ਦੇ ਰੂਪ ਵਿੱਚ 6553 ਕਰੋੜ ਰੁਪਏ ਪਾਵਰ ਪਲਾਂਟਾਂ ਨੂੰ ਦਿੱਤੇ ਜਿਸ ਬਦਲੇ ਉਹ ਪਿਛਲੀ ਸਰਕਾਰ ਤੋਂ ਸਪੱਸ਼ਟੀਕਰਨ ਮੰਗਦੇ ਹਨ। ਉਨ੍ਹਾਂ ਕਿਹਾ ਕਿ 25 ਸਾਲਾਂ ਲਈ ਹੋਏ ਸਮਝੌਤਿਆਂ ਬਦਲੇ 65 ਹਜ਼ਾਰ ਕਰੋੜ ਫਿਕਸਡ ਚਾਰਜ ਦੇਣੇ ਪੈਣਗੇ ਜਦੋਂ ਕਿ ਪਾਵਰ ਪਲਾਂਟਾਂ ਉਤੇ ਕੁੱਲ 25 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ।

ਕੈਬਨਿਟ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਸਾਬਕਾ ਉਪ ਮੁੱਖੀ ਮੰਤਰੀ ਨਿੱਜੀ ਪਾਵਰ ਪਲਾਂਟ ਤੋਂ 2.80 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦਣ ਦੀ ਗੱਲ ਕਰ ਰਹੇ ਹਨ ਜਦੋਂ ਕਿ ਅਕਾਲੀ ਦਲ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵਿੱਚ ਪੰਜਾਬ ਦੇ ਲੋਕਾਂ ਨੂੰ 6.39 ਰੁਪਏ ਪ੍ਰਤੀ ਯੂਨਿਟ ਦੇਣ ਦੀ ਗੱਲ ਕਰਦੀ ਹੈ।

ਇਸ ਤਰ੍ਹਾਂ 3.60 ਰੁਪਏ ਪ੍ਰਤੀ ਯੂਨਿਟ ਫਰਕ ਬਾਰੇ ਵੀ ਅਕਾਲੀ ਆਗੂ ਜਵਾਬ ਦੇਣ। ਉਨ੍ਹਾਂ ਅੱਗੇ ਕਿਹਾ ਕਿ 2014 ਤੋਂ ਸਤੰਬਰ 2016 ਤੱਕ ਅਕਾਲੀ ਸਰਕਾਰ ਵੇਲੇ ਬਿਜਲੀ ਦੀ ਪੂਰੀ ਮੰਗ ਦੌਰਾਨ ਪੰਜਾਬ ਨੇ ਬਾਹਰੋਂ 13,822 ਕਰੋੜ ਰੁਪਏ ਦੀ ਬਿਜਲੀ ਖਰੀਦੀ ਜੋ ਕਿ 3.34 ਰੁਪਏ ਤੋਂ 3.41 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਂਦੀ ਸੀ। ਉਨ੍ਹਾਂ ਕਿਹਾ ਕਿ ਆਪਣੇ ਸੂਬੇ ਦੇ ਪ੍ਰਾਈਵੇਟ ਪਾਵਰ ਪਲਾਂਟਾਂ ਤੋਂ 5.18 ਰੁਪਏ ਤੋਂ 6 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਗਈ।

ਇਸ ਤਰ੍ਹਾਂ ਸੁਖਬੀਰ ਬਾਦਲ ਸਪੱਸ਼ਟ ਕਰੇ ਕਿ ਉਨ੍ਹਾਂ ਨੂੰ ਪ੍ਰਾਈਵੇਟ ਪਾਵਰ ਪਲਾਂਟ ਬਣਾਉਣ ਦਾ ਕੀ ਫਾਇਦਾ ਹੋਇਆ ਜਦੋਂ ਕਿ ਬਾਹਰਲੇ ਸੂਬਿਆਂ ਤੋਂ ਸਸਤੀ ਬਿਜਲੀ ਖਰੀਦੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਰਾਗ ਅਲਾਪਣ ਵਾਲੇ ਅਕਾਲੀ ਆਗੂ ਦੱਸਣ ਕਿ ਉਨ੍ਹਾਂ ਨੇ ‘ਸਰਪਲੱਸ ਨੀਤੀ’ ਕਿਉਂ ਨਹੀਂ ਬਣਾਈ। ਸ.ਰੰਧਾਵਾ ਨੇ ਅੱਗੇ ਕਿਹਾ ਕਿ ਪਿਛਲੀ ਸਰਕਾਰ ਨੇ ਪ੍ਰਾਈਵੇਟ ਪਲਾਂਟਾਂ ਤੋਂ ਲਿਊਕੀਡੇਟਿਡ ਡੈਮੇਜ਼ ਚਾਰਜਜ਼ (ਐਲ.ਡੀ.ਸੀ.) ਦੇ 1231 ਕਰੋੜ ਰੁਪਏ ਵੀ ਨਹੀਂ ਵਸੂਲੇ ਜਦੋਂ ਕਿ ਬਿਜਲੀ ਸਮਝੌਤਿਆਂ ਤਹਿਤ ਇਹ ਵਸੂਲੇ ਜਾਣੇ ਬਣਦੇ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION