37.1 C
Delhi
Saturday, April 27, 2024
spot_img
spot_img

ਸਿੱਧੂ ਕੋ ਗੁੱਸਾ ਕਯੂੰ ਆਤਾ ਹੈ?

ਯੈੱਸ ਪੰਜਾਬ
ਚੰਡੀਗੜ੍ਹ, 29 ਸਤੰਬਰ, 2021:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ’ਤੇ ਬੜੇ ਸ਼ਾਨ ਭਰਪੂਰ ਤਰੀਕੇ ਨਾਲ ਬਿਰਾਜਮਾਨ ਹੋਣ ਤੋਂ 72 ਦਿਨ ਬਾਅਦ ਹੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਪੰਜਾਬ ਕਾਂਗਰਸ ਦੀ ਸਿਆਸਤ ਵਿੱਚ ਇਕ ਵਾਰ ਫ਼ਿਰ ਉਬਾਲ ਲਿਆਉਣ ਵਾਲੇ ਸ: ਨਵਜੋਤ ਸਿੰਘ ਸਿੱਧੂ ਨੇ ਹੁਣ ਉਹ ਕਾਰਨ ਬਿਆਨ ਕੀਤੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਹੈ।

ਭਾਵੇਂ ਅਜੇ ਕਾਂਗਰਸ ਪਾਰਟੀ ਨੇ ਸ: ਸਿੱਧੂ ਦੇ ਅਸਤੀਫ਼ੇ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ ਪਰ ਸ: ਸਿੱਧੂ ਨੇ ਇਕ ਵੀਡੀਓ ਰਾਹੀਂ ਸਾਹਮਣੇ ਆਉਂਦਿਆਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿੱਚ ਸ਼ਾਮਿਲ ਕੀਤੇ ਗਏ ‘ਦਾਗੀ ਮੰਤਰੀਆਂ’, ਪੰਜਾਬ ਦੇ ਡੀ.ਜੀ.ਪੀ. ਲਗਾਏ ਗਏ ਸ: ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਐਡਵੋਕੇਟ ਜਨਰਲ ਸ: ਅਮਰ ਪ੍ਰੀਤ ਸਿੰਘ ਦਿਓਲ ਦੀਆਂ ਨਿਯੁਕਤੀਆਂ ਸਹੀ ਨਹੀਂ ਹਨ।

ਕਾਂਗਰਸ ਆਗੂ ਨੇ ਆਖ਼ਿਆ ਕਿ ‘ਮੈਂ ਤਾਂ ਅੜੂੰ ਜਾਂ ਲੜੂੰ, ਜਾਂਦੈ ਸਭ ਕੁਝ ਤਾਂ ਜਾਏ’।

ਸ: ਸਿੱਧੂ ਨੇ ਸਪਸ਼ਟ ਕੀਤਾ ਕਿ ਅੱਜ ਉਹ ਹੁਣ ਤਕ ਮੁੱਦਿਆਂ ਦੀ ਰਾਜਨੀਤੀ ਕਰਨ ਅਤੇ ਆਪਣੇ ਸਟੈਂਡ ’ਤੇ ਖੜ੍ਹਣ ਦੀ ਰਾਜਨੀਤੀ ਕਰਦੇ ਆਏ ਹਨ ਅਤੇ ਉਨ੍ਹਾਂ ਨੇ ਕਦੇ ਕਿਸੇ ਨਾਲ ਕਿੜ ਨਹੀਂ ਰੱਖੀ ਅਤੇ ਨਾ ਹੀ ਕਦੇ ਨਿੱਜੀ ਲੜਾਈ ਸਾਹਮਣੇ ਰੱਖੀ ਹੈ। ਉਹਨਾਂ ਆਖ਼ਿਆ ਕਿ ਮੈਂ ਪੰਜਾਬ ਦੀ ਅਤੇ ਹੱਕ ਸੱਚ ਦੀ ਲੜਾਈ ਲੜਦਾ ਆਇਆ ਹਾਂ ਜਿਸ ਵਿੱਚ ਅਹੁਦੇ ਕੋਈ ਮਾਇਨੇ ਨਹੀਂ ਰੱਖਦੇ ਸਨ ਪਰ ‘ਅੱਜ ਮੈਂ ਦੇਖ਼ਦਾ ਹਾਂ ਕਿ ਮੁੱਦਿਆਂ ਨਾਲ ਸਮਝੌਤਾ ਹੋ ਰਿਹਾ ਹੈ।’

ਸ: ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਦੇ ਇਨਸਾਫ਼ ਲਈ ਲੜਨ ਵਾਸਤੇ, ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਲਈ, ਸਾਧਨਾਂ ਲਈ ਲੜਨ ਲਈ ਮੈਂ ਕਿਸੇ ਵੀ ਚੀਜ਼ ਦੀ ਕੁਰਬਾਨੀ ਦੇ ਸਕਦਾ ਹਾਂ ਲੇਕਿਨ ਸਿਧਾਂਤਾਂ ’ਤੇ ਖੜ੍ਹਾਂਗਾ।

ਆਪਣੇ ਵੀਡੀਓ ਸੁਨੇਹੇ ਵਿੱਚ ਸ: ਸਿੱਧੂ ਨੇ ਡੀ.ਜੀ.ਪੀ. ਸ: ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਨਿਯੁਕਤੀ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ‘ਜਿਨ੍ਹਾਂ ਨੇ 6 ਸਾਲ ਪਹਿਲਾਂ ਬਾਦਲਾਂ ਨੂੰ ਕਲੀਨ ਚਿੱਟਾਂ ਦਿੱਤੀਚਆਂ, ਛੋਟੇ ਛੋਟੇ ਮੁੰਡਿਆਂ ’ਤੇ ਤਸ਼ੱਦਦ ਕੀਤੀ, ਉਹਨਾਂ ਨੂੰ ਸੂਬੇ ਵਿੱਚ ਇਨਸਾਫ਼ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।’

ਉਹਨਾਂ ਆਖ਼ਿਆ ਕਿ ਮਾਂਵਾਂ ਦੀਆਂ ਕੁੱਖਾਂ ਰੋਲਣ ਵਾਲਿਆਂ ਦਾ ਮੁੱਦਾ ਸੱਭ ਤੋਂ ਵੱਡਾ ਸੀ। ਜਿਨ੍ਹਾਂ ਲੋਕਾਂ ਨੇ ਵੱਡੇ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਉਨ੍ਹਾਂ ਲੋਕਾਂ ਨੂੰ ਪ੍ਰੋਟੈਕਸ਼ਨ ਦਿੱਤੀ, ਸੁਰੱਖ਼ਿਆ ਕਵਚ ਪਾਏ, ਜਿਨ੍ਹਾਂ ਨੇ ਮਾਂਵਾਂ ਦੀਆਂ ਕੁੱਖਾਂ ਰੋਲ ਦਿੱਤੀਆਂ, ਉਨ੍ਹਾਂ ਨੂੰ ਪਹਿਰੇਦਾਰ ਨਹੀਂ ਬਣਾਇਆ ਜਾ ਸਕਦਾ।

ਇਸ ਤੋਂ ਇਲਾਵਾ ਐਡਵੋਕੇਟ ਜਨਰਲ ਸ: ਏ.ਪੀ.ਐਸ. ਦਿਓਲ ਦੀ ਨਿਯੁਕਤੀ ’ਤੇ ਸਵਾਲ ਖੜ੍ਹੇ ਕਰਦਿਆਂ ਸ: ਸਿੱਧੂ ਨੇ ਸਾਬਕਾ ਡੀ.ਜੀ.ਪੀ.ਸੁਮੇਧ ਸੈਣੀ ਦਾ ਨਾਂਅ ਲਏ ਬਿਨਾਂ ਕਿਹਾ ਕਿ ‘ਜਿਨ੍ਹਾਂ ਨੇ ਬਲੈਂਕੇਟ ਬੇਲਾਂ ਲੈ ਕੇ ਦਿੱਤੀਆਂ ਉਹ ਐਡਵੋਕੇਟ ਜਨਰਲ ਬਣਾਏ ਗਏ ਹਨ।’

ਉਹਨਾਂ ਸਵਾਲ ਕੀਤਾ ਕਿ ‘ਇਹ ਕੀ ਏਜੰਡਾ ਹੈ? ਜਿਹੜੇ ਲੋਕ ਮਸਲਿਆਂ ਦੀਆਂ ਗੱਲਾਂ ਕਰਦੇ ਸੀ ਉਹ ਕਿੱਥੇ ਨੇ? ਉਹ ਸਾਧਨ ਕਿੱਥੇ ਨੇ? ਕੀ ਇਹਨਾਂ ਸਾਧਨਾਂ ਦੇ ਨਾਲ ਅਸੀਂ ਆਪਣੇ ਮੁਕਾਮ ਤਕ ਪਹੁੰਚ ਸਕਾਂਗੇ?’

ਸ: ਸਿੱਧੂ ਨੇ ਕਿਹਾ ਕਿ ਇਕ ਸਹੀ ਸਿਸਟਮ ਦੀ ਲੋੜ ਸੀ ਪਰ ‘ਦਾਗੀ ਲੀਡਰਾਂ ਤੇ ਦਾਗੀ ਅਫ਼ਸਰਾਂ ਦਾ ਸਿਸਟਮ ਤਾਂ ਭੰਨਿਆ ਨਹੀਂ ਗਿਆ, ਸਗੋਂ ਦੁਬਾਰਾ ਉਨ੍ਹਾਂ ਨੂੰ ਲਿਆ ਕੇ ਉਹੀ ਸਿਸਟਮ ਖੜ੍ਹਾ ਨਹੀਂ ਕੀਤਾ ਜਾ ਸਕਦਾ, ਮੈਂ ਇਸਦਾ ਵਿਰੋਧ ਕਰਦਾ ਹਾਂ।

ਉਹਨਾਂ ਨੇ ਸਪਸ਼ਟ ਕਰਦਿਆਂ ਕਿਹਾ ਕਿ ਉਹ ਨਾ ਤਾਂ ਹਾਈਕਮਾਨ ਨੂੰ ਗੁਮਰਾਹ ਕਰ ਸਕਦੇ ਹਨ ਅਤੇ ਨਾ ਹੀ ਗੁਮਰਾਹ ਹੋਣ ਦੇ ਸਕਦੇ ਹਨ।

ਆਪਣੀ ਗੱਲ ਸ਼ਾਇਰਾਨਾ ਅੰਦਾਜ਼ ਵਿੱਚ ਖ਼ਤਮ ਕਰਦਿਆਂ ਸ:ਸਿੱਧੂ ਨੇ ਆਖ਼ਿਆ ਕਿ, ‘ਅਸੂਲੋਂ ਪੇ ਆਂਚ ਆਏ ਤੋ ਟਕਰਾਨਾ ਜ਼ਰੂਰੀ ਹੈ, ਜ਼ਿੰਦੋ ਹੋ ਤੋ ਜ਼ਿੰਦਾ ਨਜ਼ਰ ਆਣਾ ਜ਼ਰੂਰੀ ਹੈ।’

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION