32.1 C
Delhi
Friday, April 26, 2024
spot_img
spot_img

ਸਿੱਖਿਆ ਵਿਭਾਗ ਦੇ ਗਲਤ ਫੈਸਲਿਆਂ ਕਾਰਨ ਬੀ.ਐਡ. ਸਿਖਿਆਰਥੀ ਹੋ ਰਹੇ ਹਨ ਖੱਜਲ ਖੁਆਰ: ਜਗਜੀਤ ਸਿੰਘ ਧੂਰੀ

ਮੋਹਾਲੀ, 30 ਅਗਸਤ, 2019 –

ਪੰਜਾਬ ਦੇ ਬੀ.ਐਡ. ਕਾਲਜਾਂ ਦੀ ਫੈਡਰੇਸ਼ਨ ਦੇ ਚੇਅਰਮੈਨ ਸ. ਜਗਜੀਤ ਸਿੰਘ ਧੂਰੀ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਲਗਭਗ 211 ਐਨ.ਸੀ.ਟੀ.ਈ. ਤੋਂ ਅਪਰੂਵਡ ਅਤੇ ਪੰਜਾਬ, ਪੰਜਾਬੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਕਾਲਜ ਚੱਲ ਰਹੇ ਹਨ ਜਿਨ੍ਹਾਂ ਵਿਚ ਲਗਭਗ 24000 ਸਿਖਿਆਰਥੀ ਬੀ.ਐਡ. ਦਾ ਕੋਰਸ ਕਰ ਰਹੇ ਹਨ।

ਪਹਿਲਾਂ ਇਹ ਕੋਰਸ ਇਕ ਸਾਲ ਦਾ ਹੁੰਦਾ ਸੀ ਅਤੇ ਉਸ ਕੋਰਸ ਦੌਰਾਨ 40 ਦਿਨਾਂ ਦੀ ਟੀਚਿੰਗ ਪ੍ਰੈਕਟਿਸ ਇਹਨਾਂ ਸਿਖਿਆਰਥੀਆਂ ਵੱਲੋਂ ਨੇੜੇ ਦੇ ਸਕੂਲਾਂ ਵਿਚ ਲਗਾਈ ਜਾਂਦੀ ਸੀ ਪਰੰਤੂ 2015 ਸ਼ੈਸ਼ਨ ਤੋਂ ਇਹ ਕੋਰਸ ਦੋ ਸਾਲਾਂ ਦਾ ਹੋ ਚੁੱਕਿਆ ਹੈ ਜਿਸ ਦੌਰਾਨ ਐਨ.ਸੀ.ਟੀ.ਈ. ਦੇ ਨਾਰਮਜ਼ ਅਨੁਸਾਰ ਤੀਸਰਾ ਸਮੈਸਟਰ ਟੀਚਿੰਗ ਪ੍ਰੈਕਟਿਸ ਦਾ ਹੁੰਦਾ ਹੈ।

ਇਹ ਟੀਚਿੰਗ ਪ੍ਰੈਕਟਿਸ ਕਰਵਾਉਣ ਲਈ ਸਬੰਧਤ ਕਾਲਜਾਂ ਵੱਲੋਂ ਸਿਖਿਆਰਥੀਆਂ ਦੀ ਸਹੂਲਤ ਮੁਤਾਬਕ ਨੇੜੇ ਦੇ ਸਰਕਾਰੀ ਅਤੇ ਪ੍ਰਾਈਵੇਟ ਐਫੀਲੀਏਟਡ ਸਕੂਲਾਂ ਦੀ ਚੋਣ ਕੀਤੀ ਜਾਂਦੀ ਸੀ ਜਿੱਥੇ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਪਹੁੰਚ ਕੇ ਉਹਨਾਂ ਸਿਖਿਆਰਥੀਆਂ ਨੂੰ ਟੀਚਿੰਗ ਪ੍ਰੈਕਟਿਸ ਦੌਰਾਨ ਵਿਆਖਿਆ ਕਰਦੇ ਸਨ।

ਪਰੰਤੂ ਐਸ.ਸੀ.ਈ.ਆਰ.ਟੀ. ਨੇ ਆਪਣੇ ਇਕ ਨਾਦਰਸ਼ਾਹੀ ਫਰਮਾਨ ਰਾਹੀਂ ਸਾਰੇ ਬੀ.ਐਡ. ਕਾਲਜਾਂ ਨੂੰ ਆਪਣੇ ਸਿਖਿਆਰਥੀਆਂ ਦੀ ਸੂਚੀ ਭੇਜਣ ਲਈ 15 ਜੁਲਾਈ ਤੱਕ ਦਾ ਟਾਇਮ ਦਿੱਤਾ ਸੀ ਜਿਸ ਦੌਰਾਨ ਬਹੁਤ ਸਾਰੇ ਕਾਲਜਾਂ ਨੇ ਸਮੇਂ ਸਿਰ ਆਨਲਾਇਨ ਜਾਣਕਾਰੀ ਭੇਜ ਦਿੱਤੀ ਸੀ ਜਿਸ ਵਿਚ ਉਹਨਾਂ ਨੇ ਸਿਖਿਆਰਥੀ ਕਿਹੜੇ ਨੇੜੇ ਦੇ ਸਕੂਲਾਂ ਵਿਚ ਟੀਚਿੰਗ ਪ੍ਰੈਕਟਿਸ ਲਗਾਉਣ ਲਈ ਇਛੁੱਕ ਹਨ, ਦੀ ਜਾਣਕਾਰੀ ਵੀ ਭੇਜ ਦਿੱਤੀ ਸੀ ਪਰੰਤੂ 27 ਅਗਸਤ ਨੂੰ ਇੱਕ ਲਿਸਟ ਆਨਲਾਇਨ ਜਾਰੀ ਹੋਈ ਜਿਸ ਨੂੰ ਪੜ੍ਹਕੇ ਸਿਖਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਵਿਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ।

ਕਿਉਂਕਿ ਬਹੁਤ ਸਾਰੇ ਸਿਖਿਆਰਥੀਆਂ ਨੂੰ ਉਹਨਾਂ ਦੇ ਘਰ ਤੋਂ 50 ਤੋਂ 70 ਕਿਲੋਮੀਟਰ ਦੀ ਦੂਰੀ ਤੇ ਟੀਚਿੰਗ ਪ੍ਰੈਕਟਿਸ ਲਗਾਉਣ ਲਈ ਸਕੂਲ ਅਲਾਟ ਕੀਤਾ ਹੈ ਜੋ ਕਿ ਕਿਸੇ ਵੀ ਸਿਖਿਆਰਥੀ ਲਈ ਸੰਭਵ ਨਹੀਂ ਹੋ ਸਕਦਾ।

ਸ. ਜਗਜੀਤ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਆਪਣੇ ਗਲਤ ਫੈਸਲਿਆਂ ਰਾਹੀਂ ਪੰਜਾਬ ਦੇ ਬੀ.ਐਡ. ਅਤੇ ਈ.ਟੀ.ਟੀ. ਕੋਰਸ ਮਿਆਰੀ ਨਹੀਂ ਰਹਿਣ ਦਿੱਤੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਸਰਕਾਰੀ ਸਕੂਲਾਂ ਵਿਚ ਪਈਆਂ ਖਾਲੀ ਅਸਾਮੀਆਂ ਨੂੰ ਭਰਿਆ ਦਿਖਾਉਣ ਲਈ ਇਹੋ ਜਿਹੇ ਫਰਮਾਨ ਜਾਰੀ ਕਰ ਰਹੀ ਹੈ।

ਉਹਨਾਂ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਸਿਖਿਆਰਥੀ ਦਰਸਾਏ ਸਕੂਲਾਂ ਵਿਚ ਟੀਚਿੰਗ ਪ੍ਰੈਕਟਿਸ ਲਗਾਉਂਦੇ ਹਨ ਤਾਂ ਉਹਨਾਂ ਨੂੰ ਕਿਰਾਏ ਤੇ ਕਮਰੇ ਲੈ ਕੇ ਰਹਿਣਾ ਪਵੇਗਾ ਅਤੇ ਹਜ਼ਾਰਾਂ ਰੁਪਏ ਖਰਚ ਆਉਣਗੇ। ਉਹਨਾਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਹੀ ਸਾਰੇ ਕਾਲਜ ਆਰਥਿਕ ਤੰਗੀ ਤੋਂ ਗੁਜ਼ਰ ਰਹੇ ਹਨ ਅਤੇ ਅਨੇਕਾਂ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਕਾਲਜ ਬੰਦ ਹੋ ਚੁੱਕੇ ਹਨ ਅਤੇ ਸਿੱਖਿਆ ਵਿਭਾਗ ਦਾ ਇਹ ਰਵੱਈਆ ਬੀ.ਐਡ. ਅਤੇ ਈ.ਟੀ.ਟੀ. ਕਾਲਜਾਂ ਨੂੰ ਵੀ ਉਸੇ ਹਾਲਤ ਵਿਚ ਪਹੁੰਚਾ ਦੇਵੇਗਾ।

ਉਹਨਾਂ ਕਿਹਾ ਕਿ ਪੰਜਾਬ ਦੇ ਬੀ.ਐਡ. ਅਤੇ ਈ.ਟੀ.ਟੀ. ਕਾਲਜਾਂ ਨੇ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਤਹਿਤ ਐਸ.ਸੀ. ਵਿਦਿਆਰਥੀਆਂ ਨੂੰ ਈ.ਟੀ.ਟੀ. ਅਤੇ ਬੀ.ਐਡ. ਕੋਰਸ ਬਿਨਾਂ ਫੀਸ ਲਏ ਕਰਵਾਇਆ ਜਿਸ ਦੀ ਵਾਪਸੀ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਪਰੰਤੂ ਸਿੱਖਿਆ ਵਿਭਾਗ ਨੇ ਉਹ ਵੀ ਆਪਣੇ ਇੱਕ ਗਲਤ ਪੱਤਰ ਰਾਹੀਂ ਘਟਾ ਦਿੱਤੀ ਹੈ ਜਿਸ ਲਈ ਕਾਲਜ ਪਿਛਲੇ ਇੱਕ ਸਾਲ ਤੋਂ ਸੰਘਰਸ਼ ਕਰ ਰਹੇ ਹਨ। ਸ਼ੁਰੂ ਤੋਂ ਪੰਜਾਬ ਵਿਚ ਸਿੱਖਿਆ ਵਿਭਾਗ ਦੀਆਂ ਗਲਤ ਨੀਤੀਆਂ ਕਾਰਨ ਵਿਦਿਆਰਥੀ ਬੀ.ਐਡ. ਕਰਨ ਜੰਮੂ ਅਤੇ ਇੰਜੀਨੀਅਰਿੰਗ ਕਰਨ ਮਹਾਂਰਾਸ਼ਟਰ ਜਾਂਦੇ ਰਹੇ ਹਨ ਅਤੇ ਜਦੋਂ ਹੁਣ ਪੰਜਾਬ ਵਿਚ ਮਿਆਰੀ ਕਾਲਜ ਖੁੱਲ ਚੁੱਕੇ ਹਨ ਤਾਂ ਸਿੱਖਿਆ ਵਿਭਾਗ ਦਾ ਜ਼ੋਰ ਇਹਨਾਂ ਨੂੰ ਬੰਦ ਕਰਵਾਉਣ ਤੇ ਲੱਗਿਆ ਹੋਇਆ ਹੈ।

ਬੀ.ਐਡ. ਕਾਲਜਾਂ ਦੀਆਂ ਐਸੋਸੀਏਸ਼ਨਾਂ ਜੋ ਕਿ ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਹਨ, ਨੇ ਮੰਗ ਕੀਤੀ ਹੈ ਕਿ ਇਹੋ ਜਿਹੇ ਫੈਸਲੇ ਵਾਪਸ ਲਏ ਜਾਣ ਤਾਂ ਜੋ ਕਾਲਜਾਂ ਅਤੇ ਸਿਖਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION