32.1 C
Delhi
Friday, April 26, 2024
spot_img
spot_img

ਸਿਹਤ ਵਿਭਾਗ ਨੇ ਦੁਕਾਨਾਂ ਦੀ ਸਫਾਈ ਅਤੇ ਸਵੱਛਤਾ ਬਰਕਰਾਰ ਰੱਖਣ ਸਬੰਧੀ ਜਾਰੀ ਕੀਤੀ ਨਵੀਂ ਅਡਵਾਈਜ਼ਰੀ

ਚੰਡੀਗੜ੍ਹ, 29 ਅਪ੍ਰੈਲ, 2020 –
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਦੁਕਾਨਾਂ, ਦੁਕਾਨਦਾਰਾਂ ਅਤੇ ਇਹਨਾਂ ਦੁਕਾਨਾਂ ਵਿਚ ਸੇਵਾ ਨਿਭਾ ਰਹੇ ਕਰਮਚਾਰੀਆਂ ਦੀ ਸਫਾਈ ਅਤੇ ਸਵੱਛਤਾ ਬਣਾਈ ਰੱਖਣ ਲਈ ਨਵੀਂ ਅਡਵਾਈਜ਼ਰੀ ਜਾਰੀ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਸਾਰੇ 22 ਜਿ਼ਲ੍ਹਿਆਂ ਵਿੱਚ ਕੋਰੋਨਵਾਇਰਸ ਦੇ ਫੈਲਣ ਤੋਂ ਰੋਕਣ ਲਈ ਜਨ ਹਿੱਤ ਵਿੱਚ ਲਗਾਏ ਗਏ ਕਰਫਿਊ ਦੌਰਾਨ ਲੋਕਾਂ ਦੀ ਖੁਲ੍ਹੀ ਆਵਾਜਾਈ ’ਤੇ ਪਹਿਲਾਂ ਹੀ ਪਾਬੰਦੀਆਂ ਲਗਾਈਆਂ ਗਈਆਂ ਹਨ। ਹਾਲਾਂਕਿ, ਸਰਕਾਰ ਨੇ ਮੁਸ਼ਕਲਾਂ ਨੂੰ ਘੱਟ ਕਰਨ ਲਈ ਜ਼ਰੂਰੀ ਗਤੀਵਿਧੀਆਂ / ਕੰਮਾਂ ਨੂੰ ਜਾਰੀ ਰੱਖਣ ਦੀ ਆਗਿਆ ਦਿੱਤੀ ਹੈ। ਸਰਕਾਰ ਨੇ ਅਜਿਹੀਆਂ ਦੁਕਾਨਾਂ ਦੇ ਵੱਖ ਵੱਖ ਉਤਪਾਦਾਂ ਨੂੰ ਵੇਚਣ ਵਾਲੀਆਂ ਦੁਕਾਨਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਅਤੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਸਬੰਧੀ ਉਪਾਵਾਂ ਦੀ ਪਾਲਣਾ ਕਰਦਿਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਹੈ।

ਬੁਲਾਰੇ ਨੇ ਕਿਹਾ ਕਿ ਨਵੀਂ ਅਡਵਾਈਜ਼ਰੀ ਵਿੱਚ ਸ਼ਾਮਲ ਦਿਸ਼ਾ ਨਿਰਦੇਸ਼ਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਕੇਵਲ ਪੰਜਾਬ ਸਰਕਾਰ ਦੁਆਰਾ ਮਨਜੂਰ ਦੁਕਾਨਾਂ ਹੀ ਖੁੱਲ੍ਹਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਨੇ ਆਪਣੇ ਪੱਤਰ ਨੰਬਰ ਐਸ.ਐੱਸ./ ਏ.ਸੀ.ਐੱਸ.ਐੱਚ. / 2020/310 ਮਿਤੀ 20.4.2020 ਰਾਹੀਂ ਅਜਿਹੀਆਂ ਦੁਕਾਨਾਂ ਖੋਲ੍ਹਣ ਸਬੰਧੀ ਵਿਸਥਾਰਤ ਅਤੇ ਸਪੱਸ਼ਟ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ।

ਮੌਜੂਦਾ ਦਿਸ਼ਾ-ਨਿਰਦੇਸ਼ ਇਹ ਦੱਸਦੇ ਹਨ ਕਿ ਜ਼ਰੂਰੀ ਸਮਾਨ ਦੀ ਸਪਲਾਈ ਸਬੰਧੀ ਸਾਰੀਆਂ ਸਹੂਲਤਾਂ, ਚਾਹੇ ਅਜਿਹੀਆਂ ਜ਼ਰੂਰੀ ਚੀਜ਼ਾਂ ਦੇ ਉਤਪਾਦਨ, ਸਥਾਨਕ ਸਟੋਰਾਂ ਤੋਂ ਥੋਕ ਜਾਂ ਪ੍ਰਚੂਨ, ਲਾਰਜ ਬ੍ਰਿਕ ਅਤੇ ਮੋਰਟਾਰ ਸਟੋਰਾਂ ਜਾਂ ਈ-ਕਾਮਰਸ ਕੰਪਨੀਆਂ ਦੁਆਰਾ ਸਪਲਾਈ ਆਦਿ ਨਾਲ ਸਬੰਧਤ ਦੁਕਾਨਾਂ ਸ਼ਾਮਲ ਹਨ। ਸਰਕਾਰ ਨੇ ਦੁਕਾਨਾਂ (ਕਰਿਆਨਾ ਅਤੇ ਉਹ ਦੁਕਾਨਾਂ ਜੋ ਜ਼ਰੂਰੀ ਚੀਜ਼ਾਂ ਵੇਚਦੀਆਂ ਹੋਣ) ਅਤੇ ਗੱਡੀਆਂ, ਸਮੇਤ ਰਾਸ਼ਨ ਦੀਆਂ ਦੁਕਾਨਾਂ (ਪੀਡੀਐਸ ਅਧੀਨ), ਭੋਜਨ ਅਤੇ ਕਰਿਆਨਾ (ਰੋਜ਼ਾਨਾ ਵਰਤੋਂ ਲਈ), ਸਫਾਈ ਦੀਆਂ ਚੀਜ਼ਾਂ, ਫਲ ਅਤੇ ਸਬਜ਼ੀਆਂ, ਡੇਅਰੀ ਅਤੇ ਦੁੱਧ ਦੇ ਬੂਥ ਪੋਲਟਰੀ, ਮੀਟ ਅਤੇ ਮੱਛੀ, ਪਸ਼ੂ ਖਾਣ ਪੀਣ ਅਤੇ ਚਾਰਾ ਆਦਿ ਦੁਕਾਨਾਂ ਨੂੰ ਇਸ ਤਹਿਤ ਖੁੱਲਣ ਦੀ ਆਗਿਆ ਹੋਵੇਗੀ। ਦੁਕਾਨਾਂ ਸਬੰਧੀ ਇਹ ਖੁੁੱਲ੍ਹ ਕੋਵਿਡ -19 ਨਾਲ ਨਜਿੱਠਣ ਲਈ ਲਗਾਏ ਗਏ ਵਿਸ਼ੇਸ਼ ਨਿਯਮਾਂ ਅਨੁਸਾਰ ਹੋਵੇਗੀ।

ਇਸ ਤਰ੍ਹਾਂ ਦੁਕਾਨਦਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪੋ ਆਪਣੀਆਂ ਦੁਕਾਨਾਂ ਦੀ ਕਿਸਮ ਮੁਤਾਬਕ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਧਿਆਨ ਨਾਲ ਪਾਲਣ ਕਰਨ ਅਤੇ ਦੁਕਾਨ ਚਲਾਉਣ ਸਮੇਂ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਵਿੱਚ ਨਿਰਧਾਰਤ ਸਟੈਂਡਰਡ ਓਪਰੇਟਿੰਗ ਵਿਧੀ ਦੀ ਪਾਲਣਾ ਕਰਨੀ ਵੀ ਲਾਜ਼ਮੀ ਹੈ।

ਇਸ ਅਡਵਾਈਜ਼ਰੀ ਅਨੁਸਾਰ ਦੁਕਾਨਦਾਰਾਂ ਦੀਆਂ ਐਸੋਸੀਏਸ਼ਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦੁਕਾਨਦਾਰਾਂ / ਉਨ੍ਹਾਂ ਦੇ ਕਰਿੰਦਆਂ ਅਤੇ ਆਉਣ ਵਾਲੇ ਗਾਹਕਾਂ ਦੇ ਫਾਇਦੇ ਲਈ ਪੈਰਾਂ ਨਾਲ ਚੱਲਣ ਵਾਲੀਆਂ ਹੱਥ ਧੋਣ ਵਾਲੀਆਂ ਮਸ਼ੀਨਾਂ ਸਥਾਪਤ ਕਰਨ। ਵਾਰੀ ਵਾਰੀ ਹੱਥ ਧੋਣ ਲਈ ਇਨ੍ਹਾਂ ਹੱਥ ਧੋਣ ਵਾਲੀਆਂ ਮਸੀ਼ਨਾਂ ਦੇ ਅੱਗੇ ਗੋਲ ਚੱਕਰ ਲਗਾਏ ਜਾਣ ਤਾਂ ਜੋ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਘੱਟੋ ਘੱਟ 1 ਮੀਟਰ ਦੀ ਦੂਰੀ ਬਰਕਰਾਰ ਰੱਖੀ ਜਾਵੇ।

ਇਹ ਹਦਾਇਤ ਕੀਤੀ ਗਈ ਹੈ ਕਿ ਹੱਥਾਂ ਨੂੰ ਹਥੇਲੀ ਅਤੇ ਹੱਥ ਦੇ ਪਿਛਲੇ ਪਾਸੇ ਤੇ ਹਥੇਲੀ ਨਾਲ ਹੌਲੀ ਹੌਲੀ ਮਲੋ ਅਤੇ ਉਂਗਲਾਂ ਤੇ ਅੰਗੂਠੇ ਦੇ ਵਿਚਕਾਰ ਵਾਲੀ ਥਾਂ ਅਤੇ ਗੁੱਟਾਂ ਨੂੰ ਘੱਟੋ ਘੱਟ 40 ਸੈਕਿੰਡ ਲਈ ਸਾਬਣ ਨਾਲ ਧੋਇਆ ਜਾਵੇ। ਇਸਦੇ ਨਾਲ ਹੀ ਹਰ 2 ਘੰਟੇ ਬਾਅਦ ਹੱਥਾਂ ਨੂੰ ਧੋਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਇਸੇ ਤਰ੍ਹਾਂ ਅਡਵਾਈਜ਼ਰੀ ਦੱਸਦੀ ਹੈ ਕਿ ਦੁਕਾਨਦਾਰਾਂ/ਵਰਕਰਾਂ ਅਤੇ ਗ੍ਰਾਹਕਾਂ ਲਈ ਦੁਕਾਨ ਵਿੱਚ ਪ੍ਰਵੇਸ਼ ਸਥਾਨ ਤੇ ਹੱਥ ਸਾਫ਼ ਕਰਨ ਲਈ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ (ਘੱਟੋ-ਘੱਟ 70 ਪ੍ਰਤੀਸ਼ਤ ਇਥਾਈਲ ਅਲਕੋਹਲ ਵਾਲਾ) ਦਾ ਪ੍ਰਬੰਧ ਕੀਤਾ ਜਾਵੇ। ਸਮੇਂ-ਸਮੇਂ ਤੇ ਸੈਨੀਟਾਈਜ਼ਰਾਂ ਨੂੰ ਰੀ-ਫਿਲ ਕੀਤਾ ਜਾਵੇ ਜਾਂ ਬਦਲਿਆ ਜਾਵੇ। ਘੱਟੋ-ਘੱਟ 3 ਐਮਐਲ ਸੈਨੀਟਾਈਜ਼ਰ (ਲਗਭਗ 2 ਵਾਰ ਦਬਾ ਕੇ ਕੱਢੋ) ਸੁੱਕੇ ਹੱਥਾਂ ਤੇ ਲਗਾਓ ਅਤੇ ਘੱਟੋ-ਘੱਟ 30 ਸੈਕਿੰਡ ਤੱਕ ਮਲ ਕੇ ਹੱਥ ਧੋਤੇ ਜਾਣ।

ਅਡਵਾਈਜ਼ਰੀ ਵਿੱਚ ਦਿੱਤੇ ਹੋਰ ਮਹੱਤਵਪੂਰਣ ਨੁਕਤਿਆਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਰੇਕ ਨੂੰ ਹੱਥ ਸਾਫ ਕਰਨੇ ਚਾਹੀਦੇ ਹਨ ਜਾਂ ਹੱਥ ਧੋਣੇ ਚਾਹੀਦੇ ਹਨ ਭਾਵੇਂ ਹੱਥ ਸਾਫ ਦਿਖਾਈ ਦੇ ਰਹੇ ਹੋਣ। ਹੱਥਾਂ ਨੂੰ ਜਾਂ ਤਾਂ ਸਵੱਛ ਬਣਾਇਆ ਜਾਣਾ ਚਾਹੀਦਾ ਹੈ ਜਾਂ ਸਾਬਣ ਨਾਲ ਧੋਣਾ ਚਾਹੀਦਾ ਹੈ। ਦੁਕਾਨਦਾਰ ਅਤੇ ਉਹਨਾਂ ਦੇ ਕਰਮਚਾਰੀਆਂ ਨੂੰ ਹਰ ਵੇਲੇ ਕੱਪੜੇ ਦਾ ਮਾਸਕ ਪਹਿਨਣਾ ਚਾਹੀਦਾ ਹੈ, ਮਤਲਬ (ਘਰੋਂ ਨਿਕਲਣ ਸਮੇਂ ਤੋਂ ਲੈ ਕੇ ਦੁਬਾਰ ਘਰ ਵਿਚ ਦਾਖਲ ਹੋਣ ਤਕ)।

ਮਾਸਕ ਨੂੰ ਇਸ ਢੰਗ ਨਾਲ ਪਹਿਨਿਆ ਜਾਣਾ ਚਾਹੀਦਾ ਹੈ ਕਿ ਇਹ ਨੱਕ ਦੇ ਨਾਲ ਨਾਲ ਮੂੰਹ ਨੂੰ ਪੂੀ ਤਰ੍ਹਾਂ ਢਕਿਆ ਹੋਵੇ ।ਵਰਤੋਂ ਤੋਂ ਬਾਅਦ ਕੱਪੜੇ ਦੇ ਮਾਸਕ ਨੂੰ ਰੋਜ਼ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ। ਦੁਕਾਨਦਾਰਾਂ ਅਤੇ ਉਨ੍ਹਾਂ ਦੇ ਵਰਕਰਾਂ ਨੂੰ ਇੱਕ ਦੂਜੇ ਨੂੰ ਵਧਾਈ ਦੇਣ ਲਈ ਹੱਥ ਮਿਲਾਉਣ ਜਾਂ ਜੱਫੀ ਨਹੀਂ ਪਾਉਣੀ ਚਾਹੀਦੀ।

ਬੁਲਾਰੇ ਨੇ ਕਿਹਾ ਕਿ ਐਡਵਾਇਜ਼ਰੀ ਵਿੱਚ ਸਾਰਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਹਰ ਸਮੇਂ ਇੱਕ ਦੂਜੇ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ।ਦੁਕਾਨਦਾਰ ਅਤੇ ਉਸਦੇ ਵਰਕਰਾਂ ਨੂੰ ਸਲਾਹ ਦਿੱਤੀ ਜਾਵੇ ਕਿ ਉਹ ਬਿਨਾਂ ਵਜਾ ਤੋਂ ਮਾਰਕਿਟ ਵਿੱਚ ਇਧਰ-ਉਧਰ ਨਾ ਘੁੰਮਣ ।ਦੁਕਾਨਦਾਰ ਅਤੇ ਉਸਦੇ ਵਰਕਰ ਚਾਹ ਤੇ ਲੰਚ ਦੌਰਾਨ ਕਿਸੇ ਵੀ ਖਾਣ-ਪੀਣ ਦੀ ਵਸਤੂ ਨੂੰ ਛੂਹਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਧੋਵੋ/ਸੈਨੀਟਾਈਜ਼ ਕਰੋ।

ਇੱਕ-ਦੂਜੇ ਨਾਲ ਖਾਣਾ ਅਤੇ ਭਾਂਡਿਆਂ ਨੂੰ ਸਾਂਝਾ ਨਾ ਕੀਤਾ ਜਾਵੇ। ਦੁਕਾਨਦਾਰ ਅਤੇ ਉਸਦੇ ਵਰਕਰਾਂ ਵੱਲੋਂ ਦੁਕਾਨ/ਮਾਰਕਿਟ ਵਿੱਚ ਵਿੱਚ ਧੂਮਰਪਾਨ ਜਾਂ ਤੰਬਾਕੂ ਆਧਾਰਿਤ ਚੀਜ਼ਾਂ ਜਿਵੇਂ ਕਿ ਗੁਟਕਾ, ਪਾਨ ਮਸਾਲਾ ਆਦਿ ਦਾ ਸੇਵਨ ਨਾ ਕੀਤਾ ਜਾਵੇ। ਜੇਕਰ ਕਿਸੇ ਵੀ ਦੁਕਾਨਦਾਰ / ਵਰਕਰ ਨੂੰ ਖੰਘ/ਛਿੱਕਾਂ ਆ ਰਹੀਆਂ ਹਨ ਤਾਂ ਰੁਮਾਲ ਨਾਲ ਮੂੰਹ ਤੇ ਨੱਕ ਨੂੰ ਢੱਕਿਆ ਜਾਵੇ, ਜਿਸ ਨੂੰ ਆਪਣੀ ਜੇਬ/ਪਰਸ ਵਿੱਚ ਰੱਖਿਆ ਜਾਵੇ ਅਤੇ ਇਸ ਰੁਮਾਲ ਨੂੰ ਕਿਸੇ ਹੋਰ ਵਸਤੂ ਦੇ ਸੰਪਰਕ ਵਿੱਚ ਨਾ ਆਉਣ ਦਿੱਤਾ ਜਾਵੇ।ਜੇਕਰ ਦੁਕਾਨਦਾਰ / ਵਰਕਰ ਕੋਲ ਰੁਮਾਲ ਨਹੀਂ ਹੈ ਤਾਂ ਆਪਣੇ ਮੂੰਹ ਤੇ ਨੱਕ ਨੂੰ ਆਪਣੀ ਕੂਹਣੀ ਨਾਲ ਢੱਕੋ।ਉਪਰੋਕਤ ਦੋਵਾਂ ਮਾਮਲਿਆਂ ਵਿੱਚ ਆਪਣੇ ਹੱਥ ਜਾਂ ਖੰਘ/ਛਿੱਕਾਂ ਦੇ ਸੰਪਰਕ ਵਿੱਚ ਆਏ ਹੋਰ ਹਿੱਸਿਆਂ ਨੂੰ ਨਿਯਮਿਤ ਢੰਗ ਨਾਲ ਧੋਤਾ ਜਾਂ ਸੈਨੀਟਾਈਜ਼ ਕੀਤਾ ਜਾਵੇ।ਦੁਕਾਨਦਾਰ / ਵਰਕਰ ਆਪਣੇ ਚਿਹਰੇ, ਮੂੰਹ, ਨੱਕ, ਅੱਖਾਂ ਨੂੰ ਹੱਥਾਂ ਨਾਲ ਨਾ ਛੂਹੋ।

ਖੁੱਲੇ ਵਿੱਚ ਨਾ ਥੁੱਕੋ ਅਤੇ ਜ਼ਰੂਰਤ ਪੈਣ ਤੇ ਦੁਕਾਨ / ਜਨਤਕ ਟਾਇਲਟ ਦੇ ਵਾਸ਼ਬੇਸਨ ਦੀ ਵਰਤੋਂ ਕਰੋ, ਜਿਸ ਨੂੰ ਬਾਅਦ ਵਿੱਚ ਨਿਯਮਿਤ ਢੰਗ ਨਾਲ ਸਾਫ ਕੀਤਾ ਜਾਵੇ।ਦੁਕਾਨਦਾਰ / ਵਰਕਰਾਂ ਵੱਲੋਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜਨਤਕ, ਧਾਰਮਿਕ, ਰਾਜਨੀਤਿਕ ਆਦਿ ਇਕੱਠ ਨਾ ਕੀਤਾ ਜਾਵੇ। ਦੁਕਾਨਦਾਰ / ਵਰਕਰਾਂ ਵੱਲੋਂ ਬਿਨਾਂ ਕਿਸੇ ਪੁਖ਼ਤਾ ਜਾਣਕਾਰੀ ਤੋਂ ਕੋਵਿਡ-19 ਬਾਰੇ ਗੱਲਾਂ/ਅਫ਼ਵਾਹਾਂ ਨਾ ਫੈਲਾਈਆਂ ਜਾਣ। ਮੈਨੇਜਮੈਂਟ ਵੱਲੋਂ ਮੁਲਾਜਮਾਂ ਨੂੰ ਸਹੀ ਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਜਾਵੇ।

ਦੁਕਾਨਾਂ ਦੀ ਸਾਫ਼-ਸਫ਼ਾਈ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਅੰਦਰੂਨੀ ਸਥਾਨ ਨੂੰ ਰੋਜ਼ਾਨਾ ਸ਼ਾਮ ਵੇਲੇ ਦੁਕਾਨ ਨੂੰ ਵਧਾਉਣ/ਬੰਦ ਕਰਨ ਸਮੇਂ ਜਾਂ ਸਵੇਰੇ ਦੁਕਾਨ ਖੋਲਣ ਤੋਂ ਪਹਿਲਾਂ ਸਾਫ਼ ਕੀਤਾ ਜਾਵੇ। ਜੇਕਰ ਕੋਈ ਵੀ ਸਤਿਹ ਤੇ ਗੰਦਗੀ ਦਿਖਾਈ ਦਿੰਦੀ ਹੈ ਤਾਂ ਇਸ ਨੂੰ ਸਾਬਣ ਤੇ ਪਾਣੀ ਨਾਲ ਧੋਣ ਤੋਂ ਬਾਅਦ ਡਿਸਇਨਫੈਕਟ ਕੀਤਾ ਜਾਵੇ।

ਵਰਕਰ/ਦੁਕਾਨਦਾਰ ਵੱਲੋਂ ਸਫ਼ਾਈ ਕਰਨ ਤੋਂ ਪਹਿਲਾਂ ਡਿਸਪੋਜ਼ੇਬਲ ਰਬੜ ਬੂਟ, ਦਸਤਾਨੇ (ਹੈਵੀ ਡਿਊਟੀ), ਮਾਸਕ ਪਹਿਨਿਆ ਜਾਵੇ।ਸਾਫ਼ ਸਥਾਨਾਂ ਤੋਂ ਸਫ਼ਾਈ ਸ਼ੁਰੂ ਕਰਕੇ ਜ਼ਿਆਦਾ ਗੰਦਗੀ ਵਾਲੇ ਖੇਤਰਾਂ ਵੱਲ ਨੂੰ ਸਫ਼ਾਈ ਕੀਤੀ ਜਾਵੇ।ਸਾਰੇ ਅੰਦਰੂਨੀ ਖੇਤਰ ਜਿਵੇਂ ਕਿ ਸ਼ੈਲਵਸ, ਰਾਹ, ਸਟੋਰੇਜ ਖੇਤਰ, ਗੋਦਾਮ, ਬੇਸਮੈਂਟ ਆਦਿ ਨੂੰ 1 ਪ੍ਰਤੀਸ਼ਤ ਸੋਡੀਅਮ ਹਾਈਪੋਕੋਲੋਰਾਈਟ ਨਾਲ ਜਾਂ ਮਾਰਕਿਟ ਵਿੱਚ ਉਪਲਬੱਧ ਇਸ ਬਰਾਬਰ ਦੇ ਹੋਰ ਸਫ਼ਾਈ ਪ੍ਰੋਡਕਟ ਨਾਲ ਡਿਸਇਨਫੈਕਟ ਕੀਤਾ ਜਾਵੇ।

ਜ਼ਿਆਦਾ ਛੂਹਣ ਵਾਲੀਆਂ ਵਸਤੂਆਂ ਜਿਵੇਂ ਕਿ ਪਬਲਿਕ ਕਾਉਂਟਰ, ਇੰਟਰਕਾਮ ਸਿਸਟਮ, ਟੈਲੀਫੋਨ, ਪ੍ਰਿੰਟਰ/ਸਕੈਨਰ ਅਤੇ ਹੋਰ ਮਸ਼ੀਨਾਂ, ਹੈਂਡਰੇਲ/ ਹੈਂਡਲ ਨੂੰ ਰੋਜ਼ਾਨਾ 2 ਵਾਰ ਸੋਡੀਅਮ ਹਾਈਪੋਕੋਲੋਰਾਈਟ ਸੋਲਿਉਸ਼ਨ (1 ਪ੍ਰਤੀਸ਼ਤ ) ਦੇ ਗਿੱਲੇ ਕੱਪੜੇ ਨਾਲ ਸਾਫ਼ ਕੀਤਾ ਜਾਵੇ। ਆਮ ਤੌਰ ਤੇ ਛੂਹੀਆਂ ਜਾਣ ਵਾਲੀਆਂ ਜਿਵੇਂ ਕਿ ਮੇਜ਼ ਦੀ ਉਪਰਲੀ ਸਤਿਹ, ਕੁਰਸੀਆਂ ਦੇ ਹੈਂਡਲ, ਪੈਨ, ਡਾਇਰੀ, ਫਾਈਲਾਂ, ਕੀ-ਬੋਰਡ, ਮਾਊਸ, ਮਾਊਸ ਪੈਡ, ਚਾਹ ਕਾਫੀ ਵਾਲੀ ਮਸ਼ੀਨ ਆਦਿ ਦੀ ਖ਼ਾਸ ਤੌਰ ਤੇ ਸਫ਼ਾਈ ਕੀਤੀ ਜਾਵੇ।ਧਾਤੂ ਦੀਆਂ ਵਸਤੂਆਂ ਜਿਵੇਂ ਕਿ ਦਰਵਾਜਿਆਂ ਦੇ ਹੈਂਡਲ, ਸਿਕਉਰਿਟੀ ਲੋਕ (ਜ਼ਿੰਦਰੇ), ਚਾਬੀਆਂ ਆਦਿ ਨੂੰ ਸਾਫ਼ ਕੀਤਾ ਜਾਵੇ।

ਜੋ ਚੀਜ਼ਾਂ/ਸਤਿਹਾਂ ਨੂੰ ਬਲੀਚ ਪਾਊਡਰ ਨਾਲ ਸਾਫ਼ ਨਹੀਂ ਕੀਤਾ ਜਾ ਸਕਦਾ, ਉਨਾਂ ਨੂੰ 70 ਪ੍ਰਤੀਸ਼ਤ ਅਲਕੋਹਲ ਵਾਲੇ ਸੈਨੀਟਾਈਜ਼ਰ/ਪ੍ਰੋਡਕਟ ਨਾਲ ਸਾਫ਼ ਕੀਤਾ ਜਾਵੇ।ਸਾਫ਼-ਸਫ਼ਾਈ ਲਈ ਵਰਤੇ ਗਏ ਸਮਾਨ ਨੂੰ ਵੀ ਇਸਤੇਮਾਲ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਸਾਫ਼ ਕਰੋ।ਸਫਾਈ ਦੌਰਾਨ ਸੁਰੱਖਿਆ ਲਈ ਪਹਿਨੇ ਗਏ ਪ੍ਰੋਟੈਕਟਿਵ ਗਿਅਰ ਨੂੰ ਨਿਯਮਿਤ ਢੰਗ ਨਾਲ ਨਸ਼ਟ ਕੀਤਾ ਜਾਵੇ।

ਇਸਦੇ ਨਾਲ ਹੀ ਸਾਰੇ ਵਰਕਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੰਮ ਕਰਨ ਦੇ ਸਥਾਨ ਨੂੰ ਡਿਸਇਨਫੈਕਟਿੰਗ ਵਾਈਪ ਜਾਂ ਕੱਪੜੇ ਨਾਲ ਸਾਫ਼ ਕਰਨ ਅਤੇ ਇੱਕ ਦੂਜੇ ਤੋਂ ਇੱਕ ਸੀਟ ਛੱਡ ਕੇ ਬੈਠਣ, ਜੇਕਰ ਸੰਭਵ ਹੋਵੇ ਤਾਂ 2 ਸੀਟਾਂ ਛੱਡ ਕੇ ਬੈਠਣ।ਇਸੇ ਤਰ੍ਹਾਂ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਅੰਦਰੂਨੀ ਖੇਤਰ ਦੇ ਮੁਕਾਬਲੇ ਬਾਹਰੀ ਖੇਤਰਾਂ ਵਿੱਚ ਹਵਾ ਦੇ ਵਹਾਅ ਅਤੇ ਧੁੱਪ ਦੇ ਕਾਰਣ ਖ਼ਤਰਾ ਘੱਟ ਹੈ। ਇਨਾਂ ਖੇਤਰਾਂ ਦੀ ਸਾਫ਼ ਸਫ਼ਾਈ ਅਤੇ ਡਿਸਇਨਫੈਕਸ਼ਨ ਪ੍ਰਕ੍ਰਿਆ ਦੌਰਾਨ ਜ਼ਿਆਦਾ ਛੂਹੀਆਂ ਜਾਣ ਵਾਲੀਆਂ/ਸੰਕ੍ਰਮਿਤ ਵਸਤੂਆਂ ਦੀ ਸਫ਼ਾਈ ਉਪਰੋਕਤ ਦਰਸਾਏ ਅਨੁਸਾਰ ਧਿਆਨ ਨਾਲ ਕੀਤੀ ਜਾਵੇ।

ਜਨਤਕ ਪਖ਼ਾਨਿਆਂ ਦੀ ਸਾਫ਼-ਸਫ਼ਾਈ ਸਬੰਧੀ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਸਫ਼ਾਈ ਕਰਮਚਾਰੀਆਂ ਵੱਲੋਂ ਹਰ ਪਖਾਨੇ ਦੀ ਸਫ਼ਾਈ ਲਈ ਵੱਖਰੇ ਸਮਾਨ ਦੀ ਵਰਤੋਂ ਕੀਤੀ ਜਾਵੇ (ਜਿਵੇਂ ਕਿ ਪੋਚੇ, ਝਾੜੂ, ਨਾਈਲੋਨ ਸਕਰਬਰ ਆਦਿ) ਅਤੇ ਸਿੰਕ ਅਤੇ ਕੰਬੋਡ ਆਦਿ ਦੀ ਸਫ਼ਾਈ ਲਈ ਸਮਾਨ ਦੇ ਵੱਖਰੇ ਸੈੱਟ ਦੀ ਵਰਤੋਂ ਕੀਤੀ ਜਾਵੇ। ਪਖਾਨੇ ਦੀ ਸਫ਼ਾਈ ਕਰਨ ਦੌਰਾਨ ਸਫ਼ਾਈ ਕਰਮਚਾਰੀਆਂ ਵੱਲੋਂ ਹੱਥਾਂ ਤੇ ਡਿਸਪੋਜ਼ੇਬਲ ਦਸਤਾਨੇ ਪਹਿਨੇ ਜਾਣ। ਪਖਾਨਿਆਂ ਦੇ ਸਿੰਕ, ਕੰਮੋਡ, ਟੂਟੀਆਂ ਆਦਿ ਨੂੰ ਸਾਬਣ ਤੇ ਪਾਣੀ ਨਾਲ ਚੰਗੀ ਤਰਾਂ ਧੋਵੋ ਅਤੇ ਉਸਤੋਂ ਬਾਅਦ ਸੋਡੀਅਮ ਹਾਈਪੋਕਲੋਰਾਈਟ (1 ਪ੍ਰਤੀਸ਼ਤ) ਜਾਂ ਮਾਰਕਿਟ ਵਿੱਚ ਉਪਲਬੱਧ ਇਸ ਬਰਾਬਰ ਦੇ ਹੋਰ ਸਫ਼ਾਈ ਪ੍ਰੋਡਕਟ ਨਾਲ ਡਿਸਇਨਫੈਕਟ ਕੀਤਾ ਜਾਵੇ।

ਐਡਵਾਇਜ਼ਰੀ ਵਿੱਚ ਦਿੱਤੇ ਗਏ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਦੁਕਾਨਦਾਰ ਵੱਲੋਂ ਗ੍ਰਾਹਕਾਂ ਨੂੰ ਖ਼ਾਸ ਤੌਰ ਤੇ ਪੁਰਾਣੇ ਗ੍ਰਾਹਕਾਂ ਨੂੰ ਹੋਮ ਡਿਲੀਵਰੀ ਕਰਨ ਨੂੰ ਪ੍ਰਮੁੱਖਤਾ ਦਿੱਤੀ ਜਾਵੇ। ਦੁਕਾਨਦਾਰ ਵੱਲੋਂ ਗ੍ਰਾਹਕਾਂ ਵਿਚਕਾਰ ਘੱਟੋ-ਘੱਟ 1 ਮੀਟਰ ਦੀ ਦੂਰੀ ਯਕੀਨੀ ਬਣਾਈ ਜਾਵੇ ਅਤੇ ਦੁਕਾਨ ਦੇ ਬਾਹਰ ਗ੍ਰਾਹਕਾਂ ਵਿਚਕਾਰ ਘੱਟੋ-ਘੱਟ 1 ਮੀਟਰ ਦੂਰੀ ਬਣਾਏ ਰੱਖਣ ਲਈ ਜਗਾ ਦੀ ਨਿਸ਼ਾਨਦੇਹੀ ਕੀਤੀ ਜਾਵੇ।ਦੁਕਾਨਦਾਰ ਯਕੀਨੀ ਬਣਾਉਣ ਕਿ ਸਾਰੇ ਗ੍ਰਾਹਕਾਂ ਨੇ ਸਹੀ ਢੰਗ ਨਾਲ ਮਾਸਕ ਪਹਿਨਿਆ ਹੋਵੇ।

ਦੁਕਾਨ ਵਿੱਚ ਆਉਣ ਵਾਲੇ ਸਾਰੇ ਗ੍ਰਾਹਕਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਮ ਸਲਾਹਾਂ ਵਿੱਚ ਲੜੀ ਨੰਬਰ 5 ਤੇ ਦੱਸੇ ਅਨੁਸਾਰ ਹੱਥਾਂ ਨੂੰ ਨਿਯਮਿਤ ਤਰੀਕੇ ਨਾਲ ਸੈਨੀਟਾਈਜ਼ ਕਰਨ। ਇਸੇ ਤਰਾਂ ਦੁਕਾਨ ਛੱਡਣ ਸਮੇਂ ਗ੍ਰਾਹਕਾਂ ਨੂੰ ਹੱਥਾਂ ਨੂੰ ਸੈਨੀਟਾਈਜ਼ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਗ੍ਰਾਹਕ ਨੂੰ ਸਲਾਹ ਦਿੱਤੀ ਜਾਵੇ ਕਿ ਉਨਾਂ ਨੇ ਡਿਸਪਲੇ ਕੀਤੀ ਜਾਂ ਉਥੇ ਰੱਖੀ ਜਿਸ ਚੀਜ਼ ਨੂੰ ਨਹੀਂ ਖਰੀਦਣਾ ਉਸਨੂੰ ਹੱਥ ਲਗਾਉਣ ਤੋਂ ਪਰਹੇਜ਼ ਕੀਤਾ ਜਾਵੇ।

ਦੁਕਾਨਦਾਰ ਵੱਲੋਂ ਗ੍ਰਾਹਕਾਂ ਨੂੰ ਸਮਾਨ ਦੀ ਪਰਚੀ ਲਿਖ ਕੇ ਦੇਣ ਲਈ ਪ੍ਰੇਰਿਤ ਕੀਤਾ ਜਾਵੇ, ਜਿਸਨੂੰ ਕਾਉਟਰ ਤੇ ਰੱਖ ਕੇ ਦੁਕਾਨਦਾਰ ਜਾਂ ਉਸਦੇ ਵਰਕਰਾਂ ਵੱਲੋਂ ਉਥੇ ਹੀ ਸਮਾਨ ਦੀ ਸਪਲਾਈ ਦਿੱਤੀ ਜਾਵੇ। ਦੁਕਾਨਦਾਰਾਂ ਵੱਲੋਂ ਆਪਣੇ ਗ੍ਰਾਹਕਾਂ ਨੂੰ ਡਿਜੀਟਲ ਟ੍ਰਾਂਸੈਕਸ਼ਨ ਲਈ ਪ੍ਰੇਰਿਤ ਕੀਤਾ ਜਾਵੇ। ਦੁਕਾਨਦਾਰ ਅਤੇ ਉਸਦੇ ਵਰਕਰਾਂ ਅਤੇ ਗ੍ਰਾਹਕਾਂ ਵੱਲੋਂ ਕਰੰਸੀ ਨੋਟਾਂ ਦੇ ਲੈਣ-ਦੇਣ ਤਂਾ ਤੁਰੰਤ ਬਾਅਦ ਹੱਥਾਂ ਨੂੰ ਸੈਨੀਟਾਈਜ਼ ਕੀਤਾ ਜਾਵੇ। ਦੁਕਾਨਦਾਰ ਵੱਲੋਂ ਗ੍ਰਾਹਕਾਂ ਨੂੰ ਸਮਾਨ ਲਿਜਾਉਣ ਲਈ ਆਪਣੇ ਘਰ ਤੋਂ ਹੀ ਕੱਪੜੇ ਦਾ ਥੈਲਾ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਕੱਪੜੇ ਦੇ ਥੈਲੇ ਨੂੰ ਬਾਅਦ ਵਿੱਚ ਕੋਸੇ ਪਾਣੀ ਅਤੇ ਸਾਬਣ/ਡਿਟਰਜੈਂਟ ਨਾਲ ਧੋਤਾ ਜਾਵੇ।

ਦੁਕਾਨਾਂ ਵਿੱਚ ਏਅਰ ਕੰਡੀਸ਼ਨਿੰਗ/ ਕੂਲਰ ਦੀ ਵਰਤੋਂ ਸਬੰਧੀ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈੇ ਕਿ ਕੰਮ ਵਾਲੀਆਂ ਥਾਵਾਂ ਤੇ ਕੁਦਰਤੀ ਹਵਾ ਨੂੰ ਪ੍ਰਮੁੱਖਤਾ ਦਿੱਤੀ ਜਾਵੇ।ਹਵਾ ਦੇ ਵਹਾਅ (ਵੈਂਟੀਲੇਸ਼ਨ) ਨੂੰ ਵਧਾਉਣ ਦੇ ਲਈ ਦੁਕਾਨਾਂ ਦੇ ਅੰਦਰ ਨਿਕਾਸੀ ਪੱਖੇ (ਐਗਜਾਸਟਫੈਨ) ਲਗਾਏ ਜਾ ਸਕਦੇ ਹਨ।

ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਦੁਕਾਨਦਾਰ / ਵਰਕਰ ਕੋਵਿਡ-19 ਦਾ ਇਲਾਜ ਕਰਵਾ ਰਿਹਾ ਹੈ ਜਾਂ ਪੁਸ਼ਟੀ ਹੋਇਆ ਹੈ ਅਤੇ ਤੁਸੀਂ ਉਸਦੇ ਸੰਪਰਕ ਵਿੱਚ ਆਏ ਹੋ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੇ ਸੰਬੰਧ ਵਿੱਚ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0172-2920074 / 08872090029 `ਤੇ ਕਾਲ ਕਰਕੇ ਸੰਪਰਕ ਵਿੱਚ ਆਉਣ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਅਗਲੇਰੀ ਸਹਾਇਤਾ ਪ੍ਰਾਪਤ ਕੀਤੀ ਜਾਵੇ।

ਜੇਕਰ ਕਿਸੇ ਵਰਕਰ ਵਿ ੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਦੁਕਾਨਦਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0172-2920074 / 08872090029 ਤੇ ਕਾਲ ਕਰਕੇ ਕਿਸੇ ਵੀ ਪੀੜਤ ਵਿਅਕਤੀ/ਦੁਕਾਨ ਦਾ ਵਰਕਰ / ਗ੍ਰਾਹਕ ਦੇ ਦੁਕਾਨ ਵਿੱਚ ਆਉਣ ਦੇ ਦਿਨਾਂ ਬਾਰੇ ਅਤੇ ਉਸਦੇ ਸੰਪਰਕ ਵਿੱਚ ਆਏ ਲੋਕਾਂ ਬਾਰੇ ਤੁਰੰਤ ਜਾਣਕਾਰੀ ਦੇਣ। ਇਸ ਲਈ ਦੁਕਾਨਦਾਰ ਵੱਲੋਂ ਸਾਰੇ ਵਰਕਰਾਂ ਦੀ ਹਾਜ਼ਰੀ ਦਾ ਰੋਜ਼ਾਨਾ ਪੂਰਾ ਬਿਓਰਾ ਤਿਆਰ ਰੱਖਿਆ ਜਾਵੇ।

ਸਭ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਉਹ ਪੋਸ਼ਟਿਕ ਖਾਣਾ ਖਾਣ, ਸਹੀ ਜਾਣਕਾਰੀ ਦੇ ਨਾਲ ਖ਼ੁਦ ਨੂੰ ਹਰ ਸਮੇਂ ਸੁਚੇਤ ਤੇ ਅਪਡੇਟ ਰੱਖਣ ਅਤੇ ਖਾਲੀ ਸਮੇਂ ਦੌਰਾਨ ਆਪਣੀ ਦਿਲਚਸਪੀ ਅਨੁਸਾਰ ਸਾਕਾਰਤਮਕ ਕੰਮ ਕਰਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION