ਯੈੱਸ ਪੰਜਾਬ
ਨਵੀਂ ਦਿੱਲੀ, 20 ਦਸੰਬਰ, 2020:
ਹੱਡ ਚੀਰਵੀਂ ਠੰਢ ਦੇ ਮੌਸਤ ’ਚ ਖੁਲ੍ਹੇ ਅਸਮਾਨ ਹੇਠ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਲਾਈ ਬੈਠੇ ਕਿਸਾਨਾਂ ਨੇ ਐਤਵਾਰ ਨੂੰ ਵਿਸ਼ੇਸ਼ ਤੌਰ ’ਤੇ ਰੱਖੇ ਸ਼ਹੀਦੀ ਸਮਾਗਮ ਦੌਰਾਨ ਕਿਸਾਨ ਅੰਦੋਲਨ ਦੇ 23 ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਦੌਰਾਨ ਸੰਤ ਬਾਬਾ ਰਾਮ ਸਿੰਘ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ ਗਿਆ।
ਇਸ ਸਮਾਗਮ ਤੋਂ ਬਾਅਦ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ¬ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਡਾ: ਦਰਸ਼ਨ ਪਾਲ, ਬੀ.ਕੇ.ਯੂ. ਦੇ ਸ੍ਰੀ ਰਾਕੇਸ਼ ਟਿਕੈਤ, ਸ੍ਰੀ ਯੋਗੇਂਦਰ ਯਾਦਵ, ਜਸਬੀਰ ਸਿੰਘ ਭੱਟੀ, ਜਗਜੀਤ ਸਿੰਘ ਡੱਲੇਵਾਲ ਨੇ ਸੰਯੁਕਤ ਕਿਸਾਨ ਮੋਰਚਾ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ।
ਕਿਸਾਨ ਆਗੂਆਂ ਵੱਲੋਂ ਕੀਤੇ ਗਏ ਅਹਿਮ ਐਲਾਨ ਹੇਠ ਲਿਖ਼ੇ ਅਨੁਸਾਰ ਹਨ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 27 ਦਸੰਬਰ ਨੂੰ ਕੀਤੇ ਜਾਣ ਵਾਲੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਪ੍ਰਸਾਰਣ ਸਮੇਂ ਦੌਰਾਨ ਥਾਲੀਆਂ, ਭਾਂਡੇ ਖੜਕਾਉਣ ਦਾ ਐਲਾਨ ਕਰਨ ਦੇ ਨਾਲ ਨਾਲ ਸਮਰਥਕਾਂ ਨੂੂੰ ਵੀ ਸੱਦਾ ਦਿੱਤਾ ਗਿਆ ਹੈ ਕਿ ਉਹ ਵੀ ਇੰਜ ਹੀ ਕਰਨ।
25 ਤੋਂ 27 ਸਤੰਬਰ ਤਕ ਹਰਿਆਣਾ ਅੰਦਰਲੇ ਸਾਰੇ ਟੌਲ ਪਲਾਜ਼ਾ ਵੀ ਫ਼ੀਸ ਮੁਕਤ ਕੀਤੇ ਜਾਣਗੇ।
ਐਨ.ਡੀ.ਏ. ਵਿੱਚ ਸ਼ਾਮਲ ਭਾਜਪਾ ਦੀਆਂ ਸਾਥੀ ਪਾਰਟੀਆਂ ਤਕ ਪਹੁੰਚ ਕਰਕੇ ਉਨ੍ਹਾਂ ’ਤੇ ਜ਼ੋਰ ਪਾਇਆ ਜਾਵੇਗਾ ਕਿ ਉਹ ਕਿਸਾਨੀ ਮੁੱਦੇ ’ਤੇ ਕਿਸਾਨਾਂ ਦਾ ਸਾਥ ਦਿੰਦੇ ਹੋਏ ਸਰਕਾਰ ਨੂੰ ਬਿੱਲ ਰੱਦ ਕਰਨ ਲਈ ਮਜਬੂਰ ਕਰਨ। ਜੇ ਇਹ ਪਾਰਟੀਆਂ ਕਿਸਾਨਾਂ ਦੇ ਹੱਕ ਵਿੱਚ ਨਹੀਂ ਆਉਂਦੀਆਂ ਤਾਂ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ।
ਸੋਮਵਾਰ ਤੋਂ ਰੋਜ਼ 11-11 ਕਿਸਾਨ ਆਗੂ 24 ਘੰਟੇ ਦੀ ਭੁੱਖ ਹੜਤਾਲ ਕਰਨਗੇ।
23 ਦਸੰਬਰ ਨੂੰ ਚੌਧਰੀ ਚਰਨਸਿੰਘ ਦੇ ਜਨਮ ਦਿਨ ਮੌਕੇ ਕਿਸਾਨ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਲਈ ਦੇਸ਼ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਕ ਸਮੇਂ ਦਾ ਖ਼ਾਣਾ ਭਾਵ ਦੋਪਹਿਰ ਦਾ ਖ਼ਾਣਾ ਨਾ ਖਾ ਕੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਕਟ ਕਰਨ।
ਦੁਨੀਆਂ ਭਰ ਵਿੱਚ ਬੈਠੇ ਕਿਸਾਨ ਹਮਾਇਤੀਆਂ ਅਤੇ ਹਿਤੈਸ਼ੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸਾਨਾਂ ਦੇ ਸਮਰਥਨ ਵਿੱਚ ਅਤੇ ਭਾਰਤ ਸਰਕਾਰ ਦੋ ਵਿਰੋਧ ਵਿੱਚ ਆਪੋ ਆਪਣੇ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨ।
ਇਹ ਵੀ ਦੱਸਿਆ ਗਿਆ ਕਿ ਅੰਬਾਨੀ ਅਤੇ ਅਡਾਨੀ ਦੇ ਉਤਪਾਦਾਂ ਅਤੇ ਸੇਵਾਵਾਂ ਦਾ ਬਾਈਕਾਟ ਜਾਰੀ ਰੱਖ਼ਿਆ ਜਾਵੇ ਅਤੇ ਅਡਾਨੀ ਦੇ ਫ਼ਾਰਚੂਨ ਬਰਾਂਡ ਪ੍ਰਾਡਕਟਸ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ।