32.1 C
Delhi
Wednesday, May 22, 2024
spot_img
spot_img

ਵੱਡੇ ਵੀਰ ਸੇਵਾ ਸਿੰਘ ਸੇਖਵਾਂ ਦਾ ਵਿਛੋੜਾ ਦਰਦੀਲੇ ਅਹਿਸਾਸ ਜਿਹਾ – ਗੁਰਭਜਨ ਗਿੱਲ

ਜੇ ਉਹ ਸਿਰਫ਼ ਸਿਆਸਤਦਾਨ ਹੁੰਦਾ ਤਾ ਮੈਂ ਏਨਾ ਉਦਾਸ ਨਹੀਂ ਸੀ ਹੋਣਾ ਜਿੰਨਾ ਇਹ ਖ਼ਬਰ ਸੁਣ ਕੇ ਹੋਇਆਂ ਕਿ ਵੱਡਾ ਵੀਰ ਸੇਵਾ ਸਿੰਘ ਸੇਖਵਾਂ ਨਹੀਂ ਰਿਹਾ।

ਉਹ ਅਦਬ ਨਵਾਜ਼ ਦੋਸਤ ਸੀ। ਸਿਆਸਤ ਦੇ ਨਾਲ ਨਾਲ ਮੂਲ ਸਮੱਸਿਆਵਾਂ ਤੇ ਉਂਗਲ ਧਰਨ ਵਾਲਾ।

ਮੈਨੂੰ ਚੇਤੇ ਹੈ ਉਹ ਵਕਤ ਜਦ ਦਿੱਲੀ ਕਤਲੇਆਮ ਦੇ ਮਾਰੇ ਲੋਕਾਂ ਚੋਂ ਕੁਝ ਪਰਿਵਾਰ ਬਚ ਕੇ ਪੰਜਾਬ ਆਏ ਸਨ। ਪਿੰਡ ਪਿੰਡ ਸ਼ਹਿਰ ਸ਼ਹਿਰ ਇਨ੍ਹਾਂ ਲੋਕਾਂ ਲਈ ਹਮਦਰਦੀ ਤਾਂ ਸੀ ਪਰ ਬੱਝਵੀਂ ਕੋਸ਼ਿਸ਼ ਨਹੀਂ ਸੀ।

ਸੇਵਾ ਸਿੰਘ ਦੇ ਸਤਿਕਾਰਯੋਗ ਬਾਪੂ ਜੀ ਜਥੇਦਾਰ ਉਜਾਗਰ ਸਿੰਘ ਸੇਖਵਾਂ ਸ਼ਾਇਦ ਉਦੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸਨ। ਉਹ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਰਿਲੀਫ਼ ਕੈਂਪ ਲਗਵਾ ਰਹੇ ਸਨ।

ਲੁਧਿਆਣਾ ਦੇ ਜੀ ਜੀ ਐੱਨ ਖ਼ਾਲਸਾ ਕਾਲਿਜ ਚ ਕਾਲਿਜ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਜੀਤ ਸਿੰਘ ਜੀ ਦੀ ਅਗਵਾਈ ਹੇਠ ਸਫ਼ਲ ਕੈਂਪ ਚੱਲ ਰਿਹਾ ਸੀ। ਮੈਂ ਵੀ ਇਸ ਕੈਂਪ ਚ ਕੁਝ ਘੰਟੇ ਹਰ ਰੋਜ਼ ਗੁਜ਼ਾਰਦਾ। ਦਰਦਾਂ ਦੇ ਵਹਿਣ ਸਨ। ਹਰ ਬੰਦੇ ਦੀ ਅਜੀਬ ਦਰਦੀਲੀ ਦਾਸਤਾਨ।

ਇਸ ਕੈਂਪ ਨੂੰ ਵੇਖਣ ਲਈ ਜਥੇਦਾਰ ਉਜਾਗਰ ਸਿੰਘ ਸੇਖਵਾਂ ਜੀ ਆਏ। ਸਬੱਬ ਨਾਲ ਮੈਂ ਉਥੇ ਸਾਂ। ਉਨ੍ਹਾਂ ਦੀਆਂ ਦੋ ਗੱਲਾਂ ਹੁਣ ਵੀ ਚੇਤੇ ਹਨ। ਪਹਿਲੀ ਇਹ ਕਿ ਇਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਲਈ ਯੋਗ ਪ੍ਰਬੰਧ ਕੀਤਾ ਜਾਵੇ। ਦੂਸਰਾ ਇਹ ਕਿ ਵਪਾਰਕ ਬਿਰਤੀ ਵਾਲੇ ਸ਼ਹਿਰੀਆਂ ਨੂੰ ਹੱਥ ਜੋੜੇ ਜਾਣ ਕਿ ਉੱਜੜ ਕੇ ਆਇਆਂ ਨੂੰ ਨਾ ਲੁੱਟੋ। ਪਲਾਟਾਂ ਦੇ ਰੇਟ ਦੁਗਣੇ ਤਿਗਣੇ ਨਾ ਕਰੋ।

ਜਦ ਤੀਕ ਉਹ ਸਿਆਸਤ ਚ ਸਰਗਰਮ ਰਹੇ, ਸ: ਸੇਵਾ ਸਿੰਘ ਦਾ ਨਾਮ ਕਦੇ ਸਿਆਸੀ ਗਲਿਆਰਿਆਂ ਚ ਨਹੀਂ ਸੀ ਸੁਣਿਆ। ਉਹ ਦਲਿਤ ਤੇ ਘੱਟ ਗਿਣਤੀ ਫਰੰਟ ਬਣਾ ਕੇ ਕਮਜ਼ੋਰ ਲੋਕਾਂ ਦੀ ਧਿਰ ਬਣੇ। ਜਦ ਉਹ ਅੱਖਾਂ ਮੀਟ ਗਏ ਤਾਂ ਸੇਵਾ ਸਿੰਘ ਉਨ੍ਹਾਂ ਦੀ ਸਿਆਸੀ ਵਿਰਾਸਤ ਦਾ ਪਹਿਰੇਦਾਰ ਬਣਿਆ।

ਦੋ ਵਾਰ ਵਿਧਾਇਕ ਤੇ ਵਜ਼ੀਰ ਬਣਿਆ।

ਪਹਿਲੀ ਵਾਰ ਵਜ਼ੀਰ ਵੀ ਮਾਲ ਮਹਿਕਮੇ ਦਾ। ਉਸ ਨੂੰ ਲੁਧਿਆਣਾ ਆਉਣ ਤੇ ਕਈ ਵਾਰ ਯੂਨੀਵਰਸਿਟੀ ਚ ਮਿਲਣ ਦਾ ਇਤਫ਼ਾਕ ਹੋਇਆ। ਇੱਕ ਵਾਰ ਉਰਦੂ ਸ਼ਾਇਰ ਜਨਾਬ ਕ੍ਰਿਸ਼ਨ ਅਦੀਬ ਦੀਆਂ ਸੜਕ ਹਾਦਸੇ ਚ ਲੱਤਾਂ ਟੁੱਟ ਗਈਆਂ। ਅਸਾਂ ਕੁਝ ਦੋਸਤਾਂ ਸੇਵਾ ਸਿੰਘ ਨੂੰ ਬੇਨਤੀ ਕੀਤੀ ਕਿ ਉਸ ਦੇ ਘਰ ਜਾ ਕੇ ਖ਼ਬਰ ਲਈ ਜਾਵੇ। ਉਹ ਉਸੇ ਪਲ ਤਿਆਰ ਹੋ ਗਏ। ਅਦੀਬ ਸਾਹਿਬ ਨੂੰ ਹੌਸਲਾ ਤਾਂ ਦਿੱਤਾ ਹੀ, ਕੁਝ ਆਰਥਿਕ ਮਦਦ ਵੀ।

ਦੂਜੀ ਵਾਰ ਜਦ ਉਹ ਸਿੱਖਿਆ ਤੇ ਭਾਸ਼ਾ ਮੰਤਰੀ ਬਣੇ ਤਾਂ ਡਾ: ਐੱਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਯੂਨੀ: ਨੂੰ ਪੁੱਛਣ ਲੱਗੇ, ਮੈਂ ਨਵਾਂ ਕੀ ਕਰ ਸਕਦਾਂ?

ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਤੇ ਭਾਸ਼ਾ ਨੀਤੀ ਬਣਾਉ। ਪੰਜਾਬ ਨੂੰ ਪੰਜਾਬ ਮਿਲਾਉ। ਮੈਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਬਣਿਆ ਤਾਂ ਪੰਜਾਬ ਲਾਇਬਰੇਰੀ ਐਕਟ ਬਣਾਉਣ ਦੀ ਗੱਲ ਛੋਹੀ। ਅਖ਼ਬਾਰ ਚ ਸਾਡੀ ਖ਼ਬਰ ਪੜ੍ਹ ਕੇ ਮੈਨੂੰ ਟੈਲੀਫੋਨ ਆਇਆ। ਇਸ ਦੀ ਕਮੇਟੀ ਬਣਾਉਣ ਦਾ ਸੁਝਾਅ ਦਿਉ।

ਸਿੱਖਿਆ ਤੇ ਭਾਸ਼ਾ ਨੀਤੀ ਦੇ ਚੇਅਰਮੈਨ ਡਾ: ਐੱਸ ਪੀ ਸਿੰਘ ਬਣਾਏ ਤੇ ਲਾਇਬਰੇਰੀ ਐਕਟ ਕਮੇਟੀ ਦੇ ਕਨਵੀਨਰ ਡਾ: ਦਲਬੀਰ ਸਿੰਘ ਢਿੱਲੋਂ ਬਣਾਏ। ਉਹ ਉਦੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਸਨ। ਡਾ: ਜਗਤਾਰ ਸਿੰਘ, ਸਤਨਾਮ ਸਿੰਘ ਮਾਣਕ ਤੇ ਮੇਰੇ ਸਮੇਤ ਕੁਝ ਮੈਂਬਰ ਹੋਰ ਸਨ। ਉਹ ਕਈ ਵਾਰ ਆਪ ਵੀ ਮੀਟਿੰਗ ਚ ਆ ਜਾਂਦੇ।
ਦੋਹਾਂ ਕਮੇਟੀਆਂ ਨੇ ਰੀਪੋਰਟਾਂ ਤਿਆਰ ਕਰ ਦਿੱਤੀਆਂ ਤਾਂ ਉਨ੍ਹਾਂ ਦਾ ਚਾਅ ਨਾ ਚੁੱਕਿਆ ਜਾਵੇ।

ਸਾਰੇ ਮੈਂਬਰ ਬੁਲਾ ਕੇ ਦੋਵੇਂ ਰੀਪੋਰਟਾਂ ਮੁਕੰਮਲ ਹੋਣ ਬਾਰੇ ਸਰਕਟ ਹਾਊਸ ਜਲੰਧਰ ਚ ਮੀਡੀਆ ਨੂੰ ਦੱਸੀਆਂ। ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਜੀ ਤੋਂ ਕੈਬਨਿਟ ਚ ਪੇਸ਼ ਕਰਨ ਦੀ ਸਿਧਾਂਤਕ ਪ੍ਰਵਾਨਗੀ ਵੀ ਲੈ ਲਈ। ਪਰ 2012 ਦੀਆਂ ਚੋਣਾਂ ਦਾ ਐਲਾਨ ਹੋਣ ਕਾਰਨ ਰੀਪੋਰਟਾਂ ਨੂੰ ਅਚਿੰਤੇ ਬਾਜ਼ ਝਪਟ ਗਏ।

ਉਹ ਚੋਣ ਹਾਰ ਗਏ। ਮਗਰੋਂ ਨਵੀਆਂ ਗੁੱਡੀਆਂ ਨਵੇਂ ਪਟੋਲੇ। ਅਗਲੇ ਮੰਤਰੀ ਨੂੰ ਰੀਪੋਰਟਸ ਦਾ ਚੇਤਾ ਕਰਵਾਇਆ ਤਾਂ ਉਸ ਉੱਤਰ ਮੋੜਿਆ, ਹੋਰ ਸੇਵਾ ਦੱਸੋ, ਮੈਂ ਉਹਦੇ ਕਾਗ਼ਜ਼ਾਂ ਨੂੰ ਚਿਮਟੇ ਨਾਲ ਵੀ ਨਹੀਂ ਚੁੱਕਣਾ।

ਹੁਣ ਤੀਕ ਉਨ੍ਹਾਂ ਰੀਪੋਰਟਸ ਤੇ ਕਿੱਲੋ ਕਿੱਲੋ ਮਿੱਟੀ ਤਾਂ ਚੜ੍ਹ ਹੀ ਗਈ ਹੋਵੇਗੀ।

ਕੱਲ੍ਹ ਸ਼ਾਮੀਂ ਹੀ ਮੈਂ ਤੇ ਡਾ: ਐੱਸ ਪੀ ਸਿੰਘ ਦੋਵੇਂ ਉਨ੍ਹਾਂ ਰੀਪੋਰਟਸ ਬਹਾਨੇ ਸੇਵਾ ਸਿੰਘ ਨੂੰ ਚੇਤੇ ਕਰ ਰਹੇ ਸਾਂ ਕਿ ਹੁਣ ਇਹ ਖ਼ਬਰ ਆ ਗਈ।

ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸ: ਸ਼ਿੰਗਾਰਾ ਸਿੰਘ ਭੁੱਲਰ ਨਾਲ ਉਨ੍ਹਾਂ ਦਾ ਗੂੜ੍ਹਾ ਮੁਹੱਬਤੀ ਰਿਸ਼ਤਾ ਸੀ। ਭੁੱਲਰ ਸਾਹਿਬ ਦੇ ਵਿਛੋੜੇ ਤੇ ਮੈਂ ਉਨ੍ਹਾਂ ਨੂੰ ਬੱਚਿਆਂ ਵਾਂਗ ਡੁਸਕਦੇ ਵੇਖਿਆ ਹੈ।

ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦਾ ਉਦਘਾਟਨ ਵੀ ਸ: ਸੇਵਾ ਸਿੰਘ ਸੇਖਵਾਂ ਨੇ ਹੀ ਕੀਤਾ ਸੀ 2011 ਵਿੱਚ।

ਗੁਰਦਾਸਪੁਰੋਂ ਪਰਤਦਿਆ ਇੱਕ ਵਾਰ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਤੇ ਮੈਂ ਪਿੰਡ ਸੇਖਵਾਂ ਵਿੱਚੋਂ ਦੀ ਹੋ ਕੇ ਲੁਧਿਆਣੇ ਆਏ ਸਾਂ। ਸ: ਸੇਵਾ ਸਿੰਘ ਸੇਖਵਾਂ ਨਾਲ ਉਨ੍ਹਾਂ ਦੇ ਘਰ ਵਿੱਚ ਗੁਜ਼ਾਰੇ ਕੁਝ ਪਲ ਸਾਡੀ ਸਦੀਵੀ ਅਮਾਨਤ ਹਨ।

ਸ: ਸੇਵਾ ਸਿੰਘ ਸੇਖਵਾਂ ਨੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਸੰਪੂਰਨ ਕਰਨ ਵਿੱਚ ਪੰਜਾਬ ਸਰਕਾਰ ਤੋਂ 1.80 ਲੱਖ ਦੀ ਗਰਾਂਟ ਲਿਆਂਦੀ ਤਾਂ ਕਿਸੇ ਨੂੰ ਵੀ ਯਕੀਨ ਨਹੀਂ ਸੀ ਪੈਸਾ ਰਿਲੀਜ਼ ਹੋਵੇਗਾ। ਪੈਸਾ ਵੀ ਰਿਲੀਜ਼ ਹੋਇਆ ,ਲੱਗਿਆ ਵੀ ,ਪਰ ਉਹ ਇਸ ਨੂੰ ਮਾਣ ਨਾ ਸਕੇ।

ਕੁਰਸੀ ਨੂੰ ਸਲਾਮਾਂ ਨੇ। ਡੁੱਬਦੇ ਸੂਰਜ ਨੂੰ ਕੌਣ ਅਰਘ ਚੜ੍ਹਾਉਂਦਾ ਹੈ।

ਸਿਆਸੀ ਤੌਰ ਤੇ ਉਹ ਕੀ ਸੀ, ਕਿਉਂ ਸੀ, ਕਿਹੋ ਜਿਹਾ ਸੀ, ਮੈਂ ਇਸ ਗੱਲ ਚ ਨਹੀਂ ਪੈਣਾ, ਵੱਡਾ ਵੀਰ ਸੇਵਾ ਸਿੰਘ ਸਿਰ ਤੋਂ ਪੈਰਾਂ ਤੀਕ ਮੁਹੱਬਤੀ ਰੂਹ ਸੀ। ਇਸ ਨਸਲ ਦੇ ਬੰਦੇ ਮੁੱਕਦੇ ਜਾਂਦੇ ਨੇ।

ਅਲਵਿਦਾ ਵੀਰੇ, ਅਲਵਿਦਾ।

ਗੁਰਭਜਨ ਗਿੱਲ
ਛੇ ਅਕਤੂਬਰ, 2021

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION