27.1 C
Delhi
Friday, April 26, 2024
spot_img
spot_img

ਵਿਸ਼ਵ ਸ਼ਾਂਤੀ ਦਾ ਸੁਨੇਹਾ ਦੇ ਗਿਆ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਅੰਤਰ ਧਰਮ ਸੰਵਾਦ ਸੰਮੇਲਨ

ਅੰਮ੍ਰਿਤਸਰ, 8 ਨਵੰਬਰ, 2019 –
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗਏ ਅੰਤਰ ਧਰਮ ਸੰਵਾਦ ਸੰਮੇਲਨ ਦੌਰਾਨ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧਾਂ ਨੇ ਆਪਣੇ ਸੰਬੋਧਨ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਪੂਰੇ ਵਿਸ਼ਵ ਨੂੰ ਜੋੜਨ ਵਾਲੀ ਕਰਾਰ ਦਿੱਤਾ।

ਇਸ ਸੰਮੇਲਨ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਇਸਾਈ, ਬੁੱਧ, ਜੈਨ, ਯਹੂਦੀ, ਇਸਲਾਮ, ਸਨਾਤਨ, ਬ੍ਰਹਮ ਕੁਮਾਰੀ, ਅਸ਼ੋਕਾ ਧਰਮ, ਮੁਸਲਿਮ ਦੀ ਅਹਿਮਦੀਆ ਜਮਾਤ ਆਦਿ ਧਰਮਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।

ਸਮਾਗਮ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜੀ-ਆਇਆਂ ਕਿਹਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਵ ਦੇ ਸਰਬਸਾਂਝੇ ਰਹਿਬਰ ਆਖਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ ’ਤੇ ਜ਼ੋਰ ਦਿੱਤਾ।

ਜੈਨ ਧਰਮ ਦੇ ਪ੍ਰਤੀਨਿਧ ਅਚਾਰੀਆ ਡਾ. ਲੋਕੇਸ਼ ਮੁਨੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕਿਸੇ ਇਕ ਵਰਗ ਦੇ ਗੁਰੂ ਨਹੀਂ ਸਗੋਂ ਉਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਹੀ ਸੱਚ ਧਰਮ ਦਾ ਉਪਦੇਸ਼ ਦਿੱਤਾ। ਉਨ੍ਹਾਂ ਦੇ ਉਪਦੇਸ਼ਾਂ ਦਾ ਮੁੱਖ ਸੂਤਰ ਸੇਵਾ ਤੇ ਸਿਮਰਨ ਹੈ। ਉਨ੍ਹਾਂ 550ਵੇਂ ਪ੍ਰਕਾਸ਼ ਪੁਰਬ ਦੀ ਗੁਰੂ ਨਾਨਕ ਨਾਮ ਲੇਵਾ ਨੂੰ ਵਧਾਈ ਦਿੰਦਿਆਂ ਸਿੱਖਾਂ ਦੀਆਂ ਕੁਰਬਾਨੀਆਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਕਾਇਮ ਰੱਖਣ ਲਈ ਮੋਹਰੀ ਰੋਲ ਅਦਾ ਕੀਤਾ। ਇਸਲਾਮ ਵੱਲੋਂ ਪੁੱਜੇ ਗੁਲਾਮ ਹੈਦਰ ਅਲੀ ਕਾਦਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਹਿਲੇ ਪਾਤਸ਼ਾਹ ਵੱਲੋਂ ਗੁਰਬਾਣੀ ਅੰਦਰ ਦਿੱਤੀਆਂ ਸੇਧਾਂ ਮਨੁੱਖ ਮਾਤਰ ਲਈ ਜੀਵਨ ਦਾ ਅਸਲ ਸੂਤਰ ਹਨ। ਗੁਰਬਾਣੀ ਗਿਆਨ ਦੇ ਚਾਨਣ ਦੁਆਰਾ ਮਨ ਰੁਸ਼ਨਾਉਣ ਲਈ ਮਨੁੱਖ ਦਾ ਗੁਰਬਾਣੀ ਨਾਲ ਜੁੜਨਾ ਅੱਜ ਦੀ ਵੱਡੀ ਲੋੜ ਹੈ।

ਕਸ਼ੱਤਰੀ ਸਨਾਤਨ ਧਰਮ ਦੇ ਸ੍ਰੀ ਗਜਿੰਦਰ ਸੋਲੰਕੀ ਪੋਇਟ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਿਖਾਇਆ ਗਿਆ ਸੇਵਾ ਦਾ ਮਾਰਗ ਸਮਾਜ ’ਚ ਵਿਸ਼ੇਸ਼ ਸਥਾਨ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਅੰਦਰ ਪ੍ਰੇਮ, ਦਇਆ, ਨਿਸ਼ਚਾ, ਮਿਲਵਰਤਨ ਆਦਿ ਗੁਣ ਵਿਸ਼ੇਸ਼ ਤੌਰ ’ਤੇ ਉਭਰਦੇ ਹਨ।

ਬੁੱਧ ਧਰਮ ਦੀ ਪ੍ਰਤੀਨਿਧ ਸ਼ਵੇਤਾ ਰਾਇ ਤਲਵਾਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ ਸ਼ਾਂਤੀ ਦੇ ਪ੍ਰਤੀਕ ਸਨ। ਇਸਾਈ ਧਰਮ ਵੱਲੋਂ ਵਿਸ਼ੇਸ਼ ਤੌਰ ’ਤੇ ਪੁੱਜੇ ਬਿਸ਼ਪ ਐਗਨਲੋ ਵੱਲੋਂ ਜੌਨ ਤੇਜਾ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਲਾਸਾਨੀ ਹੈ, ਜੋ ਏਕਤਾ ਦੇ ਮਾਰਗ ਦਰਸ਼ਕ ਵਜੋਂ ਸਾਹਮਣੇ ਹਨ। ਬ੍ਰਹਮ ਕੁਮਾਰੀ ਧਰਮ ਦੀ ਪ੍ਰਚਾਰਕ ਡਾ. ਬਿਨੀ ਸਰੀਨ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 550ਵਾਂ ਪ੍ਰਕਾਸ਼ ਪੁਰਬ ਜੀਵਨ ਅੰਦਰ ਨਵੀਂ ਰੌਸ਼ਨੀ ਪੈਦਾ ਕਰਨ ਦਾ ਇਕ ਬਿਹਤਰ ਮੌਕਾ ਹੈ।

ਅਹਿਮਦੀਆ ਜਮਾਤ ਕਾਦੀਆ ਤੋਂ ਪੁੱਜੇ ਡਾ. ਗਿਆਨੀ ਤਨਵੀਰ ਅਹਿਮਦ ਨੇ ਗੁਰੂ ਸਾਹਿਬ ਨੂੰ ਹੱਕ ਸੱਚ ਦੇ ਲਖਾਇਕ ਦੱਸਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਹਰ ਜ਼ੁਲਮ ਦਾ ਡਟ ਕੇ ਵਿਰੋਧ ਕੀਤਾ ਅਤੇ ਮਨੁੱਖੀ ਹੱਕਾਂ ਦੀ ਗੱਲ ਕੀਤੀ। ਇਥੋਂ ਤੱਕ ਕਿ ਗੁਰੂ ਸਾਹਿਬ ਨੇ ਬਾਬਰ ਦੇ ਜ਼ੁਲਮਾਂ ਨੂੰ ਵੀ ਸਖ਼ਤ ਚੁਣੌਤੀ ਦਿੱਤੀ ਅਤੇ ਨਿਮਾਣਿਆਂ ਤੇ ਲਿਤਾੜਿਆਂ ਦੀ ਬਾਂਹ ਫੜ੍ਹੀ।

ਇਸ ਤੋਂ ਇਲਾਵਾ ਸ੍ਰੀਮਾਨ ਬਾਬਾ ਸੁਵਾਮੀ ਕਾਲੀ ਦਾਸ, ਯਹੂਦੀ ਧਰਮ ਦੇ ਛਬੀ ਇਓਕੇਲ, ਬਾਬਾ ਮਹਿੰਦਰ ਸਿੰਘ ਨਿਸ਼ਕਾਮ ਸੇਵਾ ਜਥਾ ਯੂ.ਕੇ., ਪ੍ਰੋ. ਡਾ. ਮੁਹੰਮਦ ਸਲੀਮ, ਗਿਆਨੀ ਕਰਨੈਲ ਸਿੰਘ ਗਰੀਬ, ਬਾਬਾ ਭੁਪਿੰਦਰ ਸਿੰਘ ਆਦਿ ਬੁਲਾਰਿਆਂ ਨੇ ਵੀ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਬਾਰੇ ਰੌਸ਼ਨੀ ਪਾਈ।

ਸੰਮੇਲਨ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੰਵਾਦ ਦੀ ਪ੍ਰੰਪਰਾ ਨਾਲ ਜੋੜਿਆ ਸੀ ਅਤੇ ਇਸ ਪ੍ਰਸੰਗ ਵਿਚ ਅੱਜ ਦਾ ਅੰਤਰ ਧਰਮ ਸੰਵਾਦ ਸੰਮੇਲਨ ਵਿਸ਼ੇਸ਼ ਮਹੱਤਵ ਰੱਖਦਾ ਹੈ।

ਉਨ੍ਹਾਂ ਕਿਹਾ ਕਿ ਵਰਤਮਾਨ ਚੁਣੌਤੀਆਂ ’ਚੋਂ ਨਿਕਲਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅਪਨਾਉਣ ਸਮੇਂ ਦੀ ਮੁੱਖ ਲੋੜ ਹੈ। ਸਮਾਜਿਕ ਬੁਰਾਈਆਂ ਤੋਂ ਛੁਟਕਾਰਾ ਪਾਵਨ ਗੁਰਬਾਣੀ ਦੇ ਉਪਦੇਸ਼ਾਂ ’ਤੇ ਚੱਲ ਹੀ ਸੰਭਵ ਹੋ ਸਕਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਅੰਤਰ ਧਰਮ ਸੰਵਾਦ ਸੰਮੇਲਨ ਨੂੰ ਸ਼੍ਰੋਮਣੀ ਕਮੇਟੀ ਦਾ ਇਕ ਸ਼ਲਾਘਾਯੋਗ ਉਪਰਾਲਾ ਦੱਸਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਦਾ ਸੰਮੇਲਨ ਵਿਚ ਪਹੁੰਚਣ ਲਈ ਧੰਨਵਾਦ ਕੀਤਾ ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਇਜਰਾਈਲੀ ਧਰਮ ਦੇ ਈਜੈਕਲ ਇਸਾਕ ਮਾਲੇਕਰ, ਇਸਲਾਮ ਧਰਮ ਤੋਂ ਪ੍ਰੋ. ਮੁਹੰਮਦ ਸਲੀਮ ਇੰਜੀਨੀਅਰ, ਅੰਤ੍ਰਿੰਗ ਕਮੇਟੀ ਮੈਂਬਰ ਸ. ਮਨਜੀਤ ਸਿੰਘ, ਭਾਈ ਰਾਮ ਸਿੰਘ, ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਸ. ਬਲਦੇਵ ਸਿੰਘ ਚੂੰਘਾ, ਸ. ਸੁਰਜੀਤ ਸਿੰਘ ਭਿੱਟੇਵਡ, ਬੀਬੀ ਕਿਰਨਜੋਤ ਕੌਰ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਹਰਜਿੰਦਰ ਸਿੰਘ ਕੈਰੋਵਾਲ, ਸ. ਨਿਸ਼ਾਨ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਜਸਵਿੰਦਰ ਸਿੰਘ ਜੱਸੀ, ਬਾਬਾ ਦਰਸ਼ਨ ਸਿੰਘ ਗੁਮਟਾਲਾ ਆਦਿ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION