37.1 C
Delhi
Saturday, April 27, 2024
spot_img
spot_img

ਵਿਦੇਸ਼ਾਂ ਵਿੱਚ ਪੜ੍ਹਾਈ ਲਈ ਗਏ ਦਿੱਲੀ ਦੇ ਸਿੱਖ ਬੱਚਿਆਂ ਬਾਰੇ ਜਾਗੋ ਪਾਰਟੀ ਨੇ PM ਨੂੰ ਲਿਖਿਆ ਪੱਤਰ, ਜੀਕੇ ਦੀ ਅਗਵਾਈ ‘ਚ ਵਫ਼ਦ DCP ਨੂੰ ਮਿਲਿਆ

ਯੈੱਸ ਪੰਜਾਬ
ਨਵੀਂ ਦਿੱਲੀ, 3 ਮਾਰਚ, 2023:
ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ ਲਈ ਗਏ ਦਿੱਲੀ ਦੇ ਸਿੱਖ ਵਿਦਿਆਰਥੀਆਂ ਦੇ ਮਾਪਿਆਂ ਨੂੰ ਦਿੱਲੀ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀਆਂ ਰਿਪੋਰਟਾਂ ਦਰਮਿਆਨ ਜਾਗੋ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ।

ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਦੇ ਬੱਚਿਆਂ ਨੂੰ ਸਿੱਖਿਆ ਅਤੇ ਰੁਜ਼ਗਾਰ ਪੱਖੋਂ ਖੁਸ਼ਹਾਲ ਬਣਾਉਣ ਲਈ ਭਾਰਤ ਸਰਕਾਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸਿੱਖਿਆ ਅਤੇ ਨਿਆਂ ਪ੍ਰਣਾਲੀ ਦਾ ਅਧਿਐਨ ਕਰਨ ਅਤੇ ਉਸ ਨੂੰ ਲਾਗੂ ਕਰਨ ਦੇ ਯਤਨ ਕਰਨ ਦੀ ਅਪੀਲ ਕੀਤੀ ਹੈ। ਤਾਂ ਜੋ ਭਾਰਤੀ ਬੌਧਿਕ ਸੰਪੱਤੀ ਦੇ ਵਿਦੇਸ਼ਾਂ ਵਿਚ ਪ੍ਰਵਾਸ ਨੂੰ ਰੋਕ ਕੇ ਮੋਦੀ ਦਾ ਭਾਰਤ ਨੂੰ ਵਿਸ਼ਵ ਗੁਰੂ ਬਨਾਉਣ ਦਾ ਸੰਕਲਪ ਪੂਰਾ ਹੋ ਸਕੇ।

ਜੀਕੇ ਨੇ ਮੋਦੀ ਨੂੰ ਸਿੱਖ ਬੱਚਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਦੇ ਸ਼ੁਰੂ ਕੀਤੇ ਗਏ ਰੁਝਾਨ ਨੂੰ ਤੁਰੰਤ ਰੋਕਣ ਲਈ ਦਿੱਲੀ ਪੁਲਿਸ ਨੂੰ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਜੀਕੇ ਨੇ ਦਿੱਲੀ ਪੁਲਿਸ ਦੇ ਪੱਛਮੀ ਜ਼ਿਲ੍ਹੇ ਦੇ ਡੀਸੀਪੀ ਘਨਸ਼ਿਆਮ ਬਾਂਸਲ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਵੀ ਸੌਂਪਿਆ ਹੈ।

ਜੀਕੇ ਦੇ ਨਾਲ ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ, ਜਾਗੋ ਪਾਰਟੀ ਦੇ ਸਕੱਤਰ ਜਨਰਲ ਪਰਮਿੰਦਰ ਪਾਲ ਸਿੰਘ ਅਤੇ ਜਾਗੋ ਪਾਰਟੀ ਦੇ ਆਗੂ ਜਤਿੰਦਰ ਸਿੰਘ ਬੋਬੀ ਨੇ ਡੀਸੀਪੀ ਨੂੰ ਅਪੀਲ ਕੀਤੀ ਕਿ ਉਹ ਸਿੱਖ ਮਾਪਿਆਂ ਦੇ ਮਨਾਂ ਵਿੱਚ ਸ਼ੰਕੇ ਪੈਦਾ ਨਾ ਕਰਨ। ਡੀਸੀਪੀ ਨੇ ਦੱਸਿਆ ਕਿ “ਜੇਕਰ ਅਜਿਹੀ ਕੋਈ ਗੱਲ ਹੈ ਤਾਂ ਉਹ ਪਤਾ ਕਰਨਗੇ, ਲੇਕਿਨ ਫਿਰ ਵੀ ਤੁਹਾਨੂੰ ਕੋਈ ਸ਼ਿਕਾਇਤ ਹੈ ਤਾਂ ਤੁਸੀਂ ਏਸੀਪੀ ਤਿਲਕ ਨਗਰ ਨੂੰ ਮਿਲ ਸਕਦੇ ਹੋ, ਮੈਂ ਉਨ੍ਹਾਂ ਨੂੰ ਇਸ ਸਬੰਧੀ ਜ਼ਿੰਮੇਵਾਰੀ ਦੇ ਦਿੱਤੀ ਹੈ।”

ਆਪਣੇ ਪੱਤਰ ਵਿੱਚ ਜੀਕੇ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਜਾਗੋ ਪਾਰਟੀ ਦੀਆਂ ਸਿੱਖ ਹਿੱਤਾਂ ਲਈ ਸਰਗਰਮ ਅਤੇ ਤੱਤਪਰ ਰਹਿਣ ਦੀਆਂ ਨੀਤੀਆਂ ਕਾਰਨ ਕੁਝ ਸ਼ਿਕਾਇਤਾਂ ਸਾਡੇ ਤੱਕ ਪਹੁੰਚੀਆਂ ਹਨ। ਦਿੱਲੀ ਪੁਲੀਸ ਦੇ ਅਧਿਕਾਰੀ ਪੱਛਮੀ ਦਿੱਲੀ ਵਿੱਚ ਉਨ੍ਹਾਂ ਸਿੱਖ ਪਰਿਵਾਰਾਂ ਦੇ ਘਰ ਬੂਹੇ ਖੜਕਾ ਰਹੇ ਹਨ ਜਿਨ੍ਹਾਂ ਦੇ ਬੱਚੇ ਉੱਚ ਸਿੱਖਿਆ ਲਈ ਵਿਦੇਸ਼ ਗਏ ਹੋਏ ਹਨ।

ਦਿੱਲੀ ਪੁਲਿਸ ਵੱਲੋਂ ਉਨ੍ਹਾਂ ਬੱਚਿਆਂ ਦੇ ਮਾਪਿਆਂ ਤੋਂ ਉਨ੍ਹਾਂ ਦੇ ਮੋਬਾਈਲ ਨੰਬਰ ਅਤੇ ਉਨ੍ਹਾਂ ਦੇ ਪਤੇ ਮੰਗੇ ਜਾ ਰਹੇ ਹਨ। ਜਦਕਿ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਗਏ ਬੱਚਿਆਂ ਦੀ ਸਾਰੀ ਜਾਣਕਾਰੀ ਭਾਰਤ ਸਰਕਾਰ ਕੋਲ ਇੱਕ ਕੰਪਿਊਟਰ ਕਲਿੱਕ ‘ਤੇ ਉਪਲਬਧ ਹੈ। ਦਿੱਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਇਸ ਅਨੈਤਿਕ ਅਤੇ ਬੇਲੋੜੀ ਪ੍ਰੇਸ਼ਾਨੀ ਕਾਰਨ ਮਾਪਿਆਂ ਵਿੱਚ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਭਾਰੀ ਚਿੰਤਾ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਰਕਾਰੀ ਨੌਕਰੀਆਂ ਵਿੱਚ ਸਿੱਖਾਂ ਦੀ ਮਾਮੂਲੀ ਗਿਣਤੀ, ਭਾਰਤ ਵਿੱਚ ਉੱਚ ਸਿੱਖਿਆ ਦੇ ਮਹਿੰਗੇ ਹੋਣ ਦੇ ਬਾਵਜੂਦ ਰੁਜ਼ਗਾਰ ਦੀ ਗਾਰੰਟੀ ਦੀ ਘਾਟ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਚਿੰਤਾ ਸਿੱਖ ਬੱਚਿਆਂ ਲਈ ਵਿਦੇਸ਼ ਵਿੱਚ ਪੜ੍ਹਾਈ ਦੇ ਮੁੱਖ ਕਾਰਨ ਹਨ। ਪਿਛਲੇ ਲਗਭਗ 2 ਦਹਾਕਿਆਂ ਤੋਂ ਦਿੱਲੀ ਦੇ ਸਿੱਖਾਂ ਨੂੰ ਨਾਮਾਤਰ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ।

ਸਾਡੀ ਖੋਜ ਤੋਂ ਪਤਾ ਲੱਗਾ ਹੈ ਕਿ ਹਰਿਆਣਾ ਦੇ ਲੋਕ ਦਿੱਲੀ ਪੁਲਿਸ, ਦਿੱਲੀ ਫਾਇਰ ਬ੍ਰਿਗੇਡ, ਦਿੱਲੀ ਨਗਰ ਨਿਗਮ ਅਤੇ ਦਿੱਲੀ ਦੀਆਂ ਜ਼ਿਲ੍ਹਾ ਅਦਾਲਤਾਂ, ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਸਮੇਤ ਜ਼ਿਆਦਾਤਰ ਸਰਕਾਰੀ ਦਫਤਰਾਂ ਵਿਚ ਨੌਕਰੀਆਂ ‘ਤੇ ਦਬਦਬਾ ਰੱਖਦੇ ਹਨ। ਜਦੋਂ ਕਿ ਦਿੱਲੀ ਯੂਨੀਵਰਸਿਟੀ ਅਤੇ ਹੋਰ ਸਰਕਾਰੀ ਯੂਨੀਵਰਸਿਟੀਆਂ ਦੀਆਂ ਨੌਕਰੀਆਂ ਉੱਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ।

ਇਸ ਦਾ ਸਭ ਤੋਂ ਵੱਡਾ ਕਾਰਨ ਇਨ੍ਹਾਂ ਰਾਜਾਂ ਦੇ ਉੱਚ ਅਧਿਕਾਰੀਆਂ ਵੱਲੋਂ ਆਪਣੇ ਰਾਜ ਦੇ ਲੋਕਾਂ ਨੂੰ ਨੌਕਰੀਆਂ ਵਿੱਚ ਗੈਰ-ਪਾਰਦਰਸ਼ੀ ਢੰਗ ਨਾਲ ਅਹਿਮੀਅਤ ਦੇਣਾ ਦੱਸਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਦਿੱਲੀ ਦੇ ਹੋਨਹਾਰ ਸਿੱਖ ਬੱਚੇ ਬੌਧਿਕ ਤੌਰ ‘ਤੇ ਖੁਸ਼ਹਾਲ ਹੋਣ ਦੇ ਬਾਵਜੂਦ ਵਿਦੇਸ਼ਾਂ ਵਿਚ ਜਾਣ ਲਈ ਮਜਬੂਰ ਹਨ। ਜਿਸ ਕਾਰਨ ਦਿੱਲੀ ਦੇ ਮੱਧਵਰਗੀ ਸਿੱਖ ਪਰਿਵਾਰ ਆਪਣੀ ਸਾਰੀ ਉਮਰ ਦੀ ਬੱਚਤ ਖਰਚ ਕੇ ਜਾਂ ਬੈਂਕਾਂ ਤੋਂ ਕਰਜ਼ਾ ਲੈ ਕੇ ਆਪਣੇ ਜਿਗਰ ਦੇ ਟੁਕੜੇ ਵਿਦੇਸ਼ ਭੇਜਣ ਲਈ ਮਜਬੂਰ ਹੋ ਰਹੇ ਹਨ।

ਇਨ੍ਹਾਂ ਮਾੜੇ ਹਾਲਾਤਾਂ ‘ਚ ਜੇਕਰ ਦਿੱਲੀ ਪੁਲਸ ਉਨ੍ਹਾਂ ਨੂੰ ਮਾਨਸਿਕ ਤਣਾਅ ਦਿੰਦੀ ਹੈ ਤਾਂ ਇਹ ਮਾਨਸਿਕ ਪ੍ਰੇਸ਼ਾਨੀ ਤੋਂ ਘੱਟ ਨਹੀਂ ਹੈ। ਜਿਹੜੇ ਬੱਚੇ ਵਿਦੇਸ਼ ਗਏ ਹਨ, ਉਨ੍ਹਾਂ ਵਿੱਚੋਂ ਬਹੁਤੇ ਆਪਣੇ ਸੁੱਖ-ਸਹੂਲਤਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੇ ਰੋਜ਼ਾਨਾ ਦੇ ਖਰਚਿਆਂ ਲਈ ਉੱਥੇ ਛੋਟੀ ਮਿਆਦ ਦੀਆਂ ਨੌਕਰੀਆਂ ਵੀ ਕਰ ਰਹੇ ਹਨ। ਅਜਿਹੇ ‘ਚ ਉਨ੍ਹਾਂ ਦੇ ਮਾਪਿਆਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਉਨ੍ਹਾਂ ਨੂੰ ਪਰੇਸ਼ਾਨ ਕਰਨਾ ਠੀਕ ਨਹੀਂ ਹੈ।

ਇੱਕ ਸਮਾਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ 100 ਫੀਸਦੀ ਸਾਖਰਤਾ ਸੀ। ਵਿਦੇਸ਼ੀ ਲੋਕ ਨੌਕਰੀ ਕਰਨ ਲਈ ਪੰਜਾਬ ਆਉਂਦੇ ਸਨ। ਪਰ ਹੁਣ ਇਸ ਦੇ ਉਲਟ ਹੋ ਰਿਹਾ ਹੈ। 1838 ਵਿਚ ਜਦੋਂ ਅੰਗਰੇਜ਼ ਲੇਖਕ ਓਸਬੋਰਨ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਆਇਆ ਤਾਂ ਉਸ ਨੇ ਦੇਖਿਆ ਕਿ ਮਹਾਰਾਜਾ ਦੇ ਦਰਬਾਰ ਵਿਚ ਇਟਾਲੀਅਨ, ਯੂਨਾਨੀ, ਫਰਾਂਸੀਸੀ, ਅੰਗਰੇਜ਼, ਜਰਮਨ, ਰੂਸੀ, ਸਕਾਟ ਅਤੇ ਐਂਗਲੋ-ਇੰਡੀਅਨ ਨੌਕਰੀ ਕਰਦੇ ਸਨ।

ਇਸ ਤੋਂ ਇਲਾਵਾ ਇਤਿਹਾਸਕ ਹਵਾਲੇ ਮਿਲਦੇ ਹਨ ਕਿ ਉਸ ਸਮੇਂ ਪੰਜਾਬੀ, ਅਰਬੀ ਅਤੇ ਫ਼ਾਰਸੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ ਅਤੇ ਲਾਹੌਰ ਸ਼ਹਿਰ ਦੇ ਬਾਜ਼ਾਰ ਹਕੀਮ ਵਿੱਚ ਵਿੱਦਿਆ ਲਈ ਵਜ਼ੀਫ਼ਾ ਦੇਣ ਲਈ ਇੱਕ ਵਿਦਿਅਕ ਅਦਾਰਾ ਸੀ। ਜਿਸ ਵਿੱਚ ਉੱਚ ਸਿੱਖਿਆ ਹਾਸਲ ਕਰ ਰਹੇ ਗਰੀਬ ਵਿਦਿਆਰਥੀਆਂ ਨੂੰ ਵਜ਼ੀਫਾ ਅਤੇ ਸਹਾਇਤਾ ਦਿੱਤੀ ਜਾਂਦੀ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 1799 ਵਿਚ ਗੁਜਰਾਂਵਾਲਾ ਨੂੰ ਛੱਡ ਲਾਹੌਰ ਨੂੰ ਰਾਜਧਾਨੀ ਬਣਾਇਆ ਤਾਂ ਸਭ ਲਈ ਮੁਢਲੀ ਸਿੱਖਿਆ ਲਾਜ਼ਮੀ ਕਰ ਦਿੱਤੀ ਗਈ ਸੀ।

ਅੰਗਰੇਜ਼ੀ ਲੇਖਕ ਪ੍ਰੋ. ਲੀਟਨਰ ਨੇ ਆਪਣੀ ਕਿਤਾਬ “ਦਾ ਹਿਸਟਰੀ ਆਫ਼ ਇੰਨਡੀਜੈਨੂਅਸ ਐਜੂਕੇਸ਼ਨ ਇਨ ਪੰਜਾਬ” ਵਿੱਚ ਖੁਲਾਸਾ ਕੀਤਾ ਹੈ ਕਿ “ਜਦੋਂ ਪੰਜਾਬ 1849 ਵਿੱਚ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆਇਆ, ਤਾਂ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਬਹੁਤ ਵਧੀਆ ਸੀ। ਪੰਜਾਬ ਨੇ ਆਪਣੀ ਵੱਖਰੀ ਸਿੱਖਿਆ ਪ੍ਰਣਾਲੀ ਸਥਾਪਤ ਕੀਤੀ ਹੋਈ ਸੀ। ਪੰਜਾਬ ‘ਚ ਕੋਈ ਵੀ ਅਜਿਹਾ ਗੁਰਦੁਆਰਾ, ਮੰਦਰ ਜਾਂ ਮਸੀਤ ਨਹੀਂ ਸੀ, ਜਿਸ ਵਿੱਚ ਸਕੂਲ ਨਾ ਹੋਵੇ। ਉਦੋਂ ਪੰਜਾਬ ਦੇ ਇਨ੍ਹਾਂ ਸਕੂਲਾਂ ਵਿੱਚ 3,30,000 ਵਿਦਿਆਰਥੀ ਸਾਇੰਸ, ਫਿਲਾਸਫੀ, ਕਾਨੂੰਨ, ਤਰਕ, ਵਣਜ, ਫਿਲਾਸਫੀ ਅਤੇ ਵੈਦ ਪੜ੍ਹ ਰਹੇ ਸਨ।”

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION