27.1 C
Delhi
Saturday, April 27, 2024
spot_img
spot_img

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ: ਬੀਬੀ ਜਗੀਰ ਕੌਰ – 20 ਜਨਵਰੀ ਨੂੰ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਯੁੱਗ ਪਲਟਾਊ ਇਤਿਹਾਸ ਦੀ ਗਾਥਾ ਬਿਆਨ ਕਰਦਾ ਹੈ। ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਦਾ ਹਰ ਪੱਖ ਵੱਡੇ ਅਰਥ ਅਤੇ ਪ੍ਰੇਰਣਾ ਦਿੰਦਾ ਹੈ। ਆਪ ਜੀ ਦਾ ਜੀਵਨ ਇਤਿਹਾਸ ਕ੍ਰਾਂਤੀਕਾਰੀ ਸੁਨੇਹਾ ਦੇਣ ਵਾਲਾ ਹੈ। ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਬੰਧਤ ਸਾਕਾ ਸ੍ਰੀ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ ਨੂੰ ਭਾਵਪੂਰਤ ਤੇ ਭਾਵੁਕ ਸ਼ਬਦਾਂ ਰਾਹੀਂ ਬਿਆਨ ਕਰਨ ਵਾਲੇ ਅੱਲ੍ਹਾ ਯਾਰ ਖਾਂ ਜੋਗੀ ਨੇ ਗੁਰੂ ਸਾਹਿਬ ਦੀ ਸ਼ਖ਼ਸੀਅਤ ਨੂੰ ਰੂਪਮਾਨ ਕੀਤਾ ਹੈ।

ਉਹ ਲਿਖਦੇ ਹਨ ਕਿ ਬੇਸ਼ੱਕ ਮੇਰੇ ਹੱਥ ਵਿਚ ਕਲਮ ਹੈ ਪਰੰਤੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਕੰਮਲ ਵਡਿਆਈ ਨਹੀਂ ਲਿਖੀ ਜਾ ਸਕਦੀ:

ਕਰਤਾਰ ਕੀ ਸੁਗੰਦ ਹੈ, ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵਹੁ ਕਮ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਪੱਖੀ ਸ਼ਖ਼ਸੀਅਤ ਦਾ ਅਧਿਐਨ ਸਾਨੂੰ ਹਰ ਮਨੋਭਾਵ ਦੇ ਰੂਬਰੂ ਕਰਵਾਉਂਦਾ ਹੈ। ਉਨ੍ਹਾਂ ਦਾ ਜੀਵਨ ਦਇਆ, ਧਰਮ, ਸੰਤੋਖ, ਬਹਾਦਰੀ, ਕੁਰਬਾਨੀ ਅਤੇ ਅਕਾਲ ਪੁਰਖ ਉਪਰ ਅਟੁੱਟ ਵਿਸ਼ਵਾਸ ਰੱਖਣ ਲਈ ਪ੍ਰੇਰਦਾ ਹੈ। ਇਸ ਨੂਰਾਨੀ ਸ਼ਖ਼ਸੀਅਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਜਗ ਰਹੀ ਸੀ, ਜਿਨ੍ਹਾਂ ਨੇੇ ਪੰਦਰ੍ਹਵੀਂ ਸਦੀ ਵਿਚ ਦੁਨੀਆਂ ਨੂੰ ਸੱਚੇ ਧਰਮ ’ਤੇ ਤੋਰਨ ਲਈ ਮਨੁੱਖੀ ਏਕਤਾ, ਧਾਰਮਿਕ ਸਮਾਨਤਾ ਅਤੇ ਆਜ਼ਾਦੀ ਦੀ ਮਾਨਵਵਾਦੀ ਵਿਚਾਰਧਾਰਾ ਦੀ ਰੌਸ਼ਨੀ ਫੈਲਾਈ।

ਇਸੇ ਹੀ ਵਿਚਾਰਧਾਰਾ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ-

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥
ਕੋਈ ਸੇਵੈ ਗੁਸਈਆ ਕੋਈ ਅਲਾਹਿ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 885)

ਅਜਿਹੀ ਸੋਚ ਅਤੇ ਅਜਿਹਾ ਬਹੁਮੁੱਲਾ ਵਿਰਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਰਸੇ ਵਿਚ ਮਿਲਿਆ, ਜਿਸ ਨਾਲ ਉਨ੍ਹਾਂ ਦੀ ਸ਼ਖਸੀਅਤ ਇਕ ਸੁੱਚੇ ਮੋਤੀ ਵਰਗੀ ਸਾਫ ਸੁਥਰੀ ਹੋ ਗਈ, ‘ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕ ਅਸਤ।

ਹਮੂ ਰਤਨ ਜੌਹਰ, ਹਮੂ ਮਾਣਕ ਅਸਤ।’

ਭਾਈ ਨੰਦ ਲਾਲ ਜੀ ਦੇ ਇਹ ਸੰਬੋਧਨ ਲਫਜ਼ ਗੁਰੂ ਸਾਹਿਬ ’ਤੇ ਇੰਨ-ਬਿੰਨ ਢੁੱਕਦੇ ਹਨ।

ਇਸ ਯੁੱਗ ਪਲਟਾਊ ਜੋਤ ਦਾ ਆਗਮਨ ਪੋਹ ਸੁਦੀ ਸੱਤਵੀਂ (23 ਪੋਹ) ਸੰਮਤ 1723, ਸੰਨ 1666 ਵਿਚ ਪਟਨੇ ਸ਼ਹਿਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਉਸ ਵੇਲੇ ਆਪ ਜੀ ਦੇ ਪਿਤਾ-ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਢਾਕਾ ਵਿਚ ਧਰਮ ਪ੍ਰਚਾਰ ਹਿਤ ਗਏ ਹੋਏ ਸਨ।

ਇਸ ਸਮੇਂ ਹਿੰਦੁਸਤਾਨ ਵਿਚ ਔਰੰਗਜ਼ੇਬੀ ਕਹਿਰ ਵਰਤ ਰਿਹਾ ਸੀ। ਧਰਮ ਦੇ ਨਾਂ ਹੇਠ ਅਧਰਮ ਵਰਤ ਰਿਹਾ ਸੀ। ਭਾਰਤ ਦੀ ਸੰਸਕਿ੍ਰਤੀ ਅਤੇ ਹਿੰਦੂ ਧਰਮ ਔਰੰਗਜ਼ੇਬ ਦੇ ਇਕ ਨੁਕਾਤੀ ਜ਼ਬਰੀ ਧਰਮ ਬਦਲੀ ਦੇ ਨਾਅਰੇ ਹੇਠ ਬੇਦਰਦੀ ਨਾਲ ਦਰੜੇ ਜਾ ਰਹੇ ਸਨ। ਕਸ਼ਮੀਰ ਸੂਬੇ

ਵਿਚ ਤਾਂ ਦਿਲ-ਕੰਬਾਊ ਜ਼ੁਲਮ ਵਰਤ ਰਹੇ ਸਨ। ਕੱਟੜ ਇਸਲਾਮਿਕ ਹਕੂਮਤ ਵੱਲੋਂ ਹਰ ਛੋਟਾ-ਵੱਡਾ ਕੰਮ ਮੁਸਲਿਮ ਧਰਮ ਨੂੰ ਸਮਰਪਿਤ ਹੁੰਦਾ ਸੀ। ਅਜਿਹੇ ਮਾਹੌਲ ਵਿਚ ਭਲਾ ਗੁਰੂ-ਘਰ ਕਿਵੇਂ ਅਣਭਿੱਜ ਰਹਿ ਸਕਦਾ ਸੀ। ਹਮੇਸ਼ਾ ਦੀ ਤਰ੍ਹਾਂ ਅਨਿਆਂ ਦੇ
ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਗੁਰੂ ਪਰੰਪਰਾ ਭਲਾ ਕਿਵੇਂ ਚੁੱਪ ਰਹਿ ਸਕਦੀ ਸੀ, ਜਿਸਨੇ ਜ਼ਾਲਮ ਬਾਬਰ ਦੇ ਹਿੰਦੁਸਤਾਨ ਉੱਤੇ ਕਹਿਰ ਭਰੇ ਹਮਲੇ ਦੀ ਬੇਖੌਫ ਨਿੰਦਾ ਕੀਤੀ ਅਤੇ ਨਿਰਦੋਸ਼ ਜਨਤਾ ਨਾਲ ਹਮਦਰਦੀ:

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 360)

ਔਰੰਗਜ਼ੇਬ ਦੁਆਰਾ ਫੈਲਾਏ ਡਰ ਅਤੇ ਖੌਫ ਦੇ ਮਾਹੌਲ ਵਿਚ ਹਿੰਦੁਸਤਾਨੀ ਲੋਕਾਂ ਵਾਸਤੇ ਸਿਰਫ ਇੱਕੋ ਇੱਕ ਹੀ ਆਸ ਦੀ ਕਿਰਨ ਸੀ, ਉਹ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਗੁਰੂ ਸਾਹਿਬ ਲੋਕਾਈ ਨੂੰ ਹਰ ਤਰ੍ਹਾਂ ਦਾ ਡਰ ਭੈਅ ਤਿਆਗਣ ਦਾ ਉਪਦੇਸ਼ ਅਤੇ ਸੱਚ ਦੇ ਰਾਹ ’ਤੇ ਚੱਲਣ ਦਾ ਉਪਦੇਸ਼ ਦੇ ਰਹੇ ਸਨ। ਆਪ ਹਿੰਦੁਸਤਾਨ ਦੇ ਪੀੜਤ ਲੋਕਾਂ ਦਾ ਕੇਂਦਰ ਬਿੰਦੂ ਬਣੇ ਅਤੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਧਰਮ ਅਤੇ ਨਿਆਂ ਖਾਤਰ ਦਿੱਲੀ ਚਾਂਦਨੀ ਚੌਂਕ ਵਿਖੇ ਆਪਣਾ ਆਪ ਕੁਰਬਾਨ ਕਰ ਦਿੱਤਾ।

ਗੁਰੂ ਸਾਹਿਬ ਜੀ ਦੀ ਇਹ ਅਦੁੱਤੀ ਕੁਰਬਾਨੀ ਅਜਾਈਂ ਨਹੀਂ ਗਈ, ਕਈ ਨਵੀਂਆਂ ਸੇਧਾਂ ਦੇ ਗਈ ਅਤੇ ਸਿੱਖ ਧਰਮ ਨੂੰ ਨਵੀਂਆਂ ਲੀਹਾਂ ’ਤੇ ਤੋਰਨ ਦੇ ਪੂਰਨੇ ਪਾ ਗਈ। ਇਹ ਲਹਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿਚ ਪ੍ਰਗਟ ਹੋਈ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੋਏ, ਉਦੋਂ ਆਪ ਜੀ ਦੀ ਉਮਰ ਕੇਵਲ ਨੌਂ ਸਾਲ ਸੀ। ਇਤਨੀ ਛੋਟੀ ਬਾਲ ਉਮਰ ਅਤੇ ਇਤਨਾ ਵੱਡਾ ਜਿਗਰਾ ਕਿ ਪਿਤਾ ਦਾ ਕੱਟਿਆ ਸੀਸ ਸਾਹਮਣੇ ਰੱਖ ਕੇ ਇੱਕ ਵੀ ਅੱਥਰੂ ਨਹੀਂ ਕੇਰਿਆ।

ਹਕੂਮਤ ਦੇ ਖੌਫਨਾਕ ਅਤੇ ਦਹਿਸ਼ਤਗਰਦੀ ਵਾਲੇ ਮਾਹੌਲ ਨੂੰ ਖਿੜ੍ਹੇ ਮੱਥੇ ਪ੍ਰਵਾਨ ਕੀਤਾ। ਕਿਸੇ ਕਿਸਮ ਦੇ ਡਰ ਕਰਕੇ ਲੁਕ-ਛਿਪ ਕੇ ਨਹੀਂ ਬੈਠੇ, ਸਗੋਂ ਆਪਣੀਆਂ ਭਵਿੱਖਤ ਨੀਤੀਆਂ ਨੂੰ ਅਮਲੀ ਜਾਮਾ ਪਹਿਨਾਉਣ ਦੀਆਂ ਵਿਚਾਰਾਂ ਅਤੇ ਕੋਸ਼ਿਸ਼ਾਂ ਵਿਚ ਜੁਟ ਗਏ। ਇਸੇ ਸਿਲਸਿਲੇ ਵਿਚ ਖਾਲਸਾ ਪੰਥ ਦੀ ਸਾਜਣਾ ਕਰਕੇ, ਸਿੱਖ ਸੰਘਰਸ਼ ਨੂੰ ਨਵਾਂ ਬਲ ਅਤੇ ਨਵੀਂ ਸੇਧ ਦਿੱਤੀ, ਜੋ ਯੁੱਗ ਪਲਟਾਊ ਸਾਬਤ ਹੋਈ।

ਇਸ ਕਠਿਨ ਰਸਤੇ ਵਿਚ ਜਿਥੇ ਆਪ ਜੀ ਦੇ ਪਿਤਾ ਜੀ ਸ਼ਹੀਦ ਹੋਏ, ਉਥੇ ਆਪ ਜੀ ਦੇ ਚਾਰੇ ਸਾਹਿਬਜ਼ਾਦੇ ਵੀ ਆਪਣੀਆਂ ਕੀਮਤੀ ਜਾਨਾਂ ਵਾਰ ਗਏ। ਪੰਥ ਦੀ ਚੜ੍ਹਦੀ ਕਲਾ ਅਤੇ ਜੁਝਾਰੂਪਨ ਦੇਖ ਕੇ ਸਾਰੀ ਦੁਨੀਆਂ ਹੈਰਾਨ ਰਹਿ ਗਈ। ਗੁਰੂ ਸਾਹਿਬ ਜੀ ਨੇ ਫੁਰਮਾਣ ਕੀਤਾ ਹੈ-

-ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ॥…
ਆਗੈ ਫਲੈ ਇਨਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ॥
-ਇਨਹੀ ਕੀ ਕਿ੍ਰਪਾ ਕੇ ਸਜੇ ਹਮ ਹੈਂ ਨਹੀ ਮੋ ਸੇ ਗਰੀਬ ਕਰੋਰ ਪਰੇ॥

ਗੁਰੂ-ਘਰ ਵੱਲੋਂ ਨਿਮਾਣਿਆਂ ਨੂੰ ਮਾਣ ਅਤੇ ਨਿਓਟਿਆਂ ਨੂੰ ਓਟ ਮਿਲੀ, ਨਿਆਸਰਿਆਂ ਨੂੰ ਆਸਰਾ ਮਿਲਿਆ। ਜਿੰਨ੍ਹਾਂ ਪੰਜਾਂ-ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਉਨ੍ਹਾਂ ਪਾਸੋਂ ਖੁਦ ਵੀ ਅੰਮ੍ਰਿਤ ਛਕਿਆ। ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ’।

ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਅਜਿਹੀ ਇਨਕਲਾਬੀ ਘਟਨਾ ਕਦੇ ਵੀ ਨਹੀਂ ਹੋਈ ਅਤੇ ਇਸੇ ਘਟਨਾ ਨੇ ਭਾਰਤ ਦੇ ਧਾਰਮਿਕ ਹੀ ਨਹੀਂ ਸਗੋਂ ਸਿਆਸੀ ਵਰਤਾਰੇ ਨੂੰ ਵੀ ਬਦਲ ਕੇ ਰੱਖ ਦਿੱਤਾ। ਗੁਰੂ ਸਾਹਿਬ ਵੱਲੋਂ ਸਾਜੇ ਖਾਲਸੇ ਨੇ ਸਦੀਆਂ ਦੀ ਜ਼ਿੱਲਤ ਅਤੇ ਗੁਲਾਮੀ ਦੀਆਂ ਜੰਜ਼ੀਰਾਂ ਕੱਟ ਦਿੱਤੀਆਂ ਅਤੇ ਇਹੀ ਖਾਲਸਾ ਪੰਥ ਯੁੱਗ ਪਲਟਾਊ ਸਾਬਤ ਹੋਇਆ।

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਮੈਂ ਸਮੁੱਚੇ ਖਾਲਸਾ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਹਾਰਦਿਕ ਵਧਾਈ ਦਿੰਦਿਆਂ ਅਪੀਲ ਕਰਦੀ ਹਾਂ ਕਿ ਮਹਾਨ ਗੁਰੂ ਸਾਹਿਬ ਜੀ ਦੇ ਜੀਵਨ ਤੇ ਉਨ੍ਹਾਂ ਦੇ ਉਪਦੇਸ਼ਾਂ ਤੋਂ ਸੇਧ ਪ੍ਰਾਪਤ ਕਰਕੇ ਮਨੁੱਖੀ ਸਰੋਕਾਰਾਂ ਨੂੰ ਸਮਝਣ ਦਾ ਯਤਨ ਕਰੀਏ ਅਤੇ ਗੁਰੂ ਬਖਸ਼ੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਖਾਲਸਈ ਰਹਿਣੀ ਦੇ ਧਾਰਨੀ ਬਣੀਏ।

ਬੀਬੀ ਜਗੀਰ ਕੌਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION