30.1 C
Delhi
Saturday, April 27, 2024
spot_img
spot_img

ਯਕੀਨੀ ਬਣਾਓ ਕਿ ਕੋਈ ਪ੍ਰਵਾਸੀ ਕਿਰਤੀ ਦੂਜੇ ਸੂਬੇ ਨੂੰ ਪੈਦਲ ਜਾਣ ਜਾਂ ਭੁੱਖੇ ਰਹਿਣ ਲਈ ਮਜਬੂਰ ਨਾ ਹੋਵੇ: ਕੈਪਟਨ ਦੇ ਡੀ.ਸੀਜ਼ ਅਤੇ ਪੁਲਿਸ ਨੂੰ ਹੁਕਮ

ਚੰਡੀਗੜ, 24 ਮਈ, 2020:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲੀਸ ਮੁਖੀਆਂ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਕਿ ਕੋਈ ਵੀ ਪਰਵਾਸੀ ਕਿਰਤੀ ਘਰ ਵਾਪਸੀ ਮੁਲਕ ਦੇ ਕਿਸੇ ਹੋਰ ਸੂਬੇ ਨੂੰ ਪੈਦਲ ਚੱਲ ਕੇ ਜਾਣ ਜਾਂ ਪੰਜਾਬ ਵਿੱਚ ਹੁੰਦਿਆਂ ਭੁੱਖੇ ਪੇਟ ਰਹਿਣ ਲਈ ਮਜਬੂਰ ਨਾ ਹੋਵੇ।

ਉਨਾਂ ਕਿਹਾ ਕਿ ਸਾਰੇ ਪਰਵਾਸੀ ਮਜ਼ਦੂਰਾਂ ਦੀ ਪਿੱਤਰੀ ਸੂਬਿਆਂ ਵਿੱਚ ਸੁਰੱਖਿਅਤ ਪਹੁੰਚ ਯਕੀਨੀ ਬਣਾਉਣਾ ਉਨਾਂ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਅਤੇ ਪੁਲੀਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜੇਕਰ ਕਿਸੇ ਵੀ ਪਰਵਾਸੀ ਦੇ ਸੜਕ ’ਤੇ ਤੁਰੇ ਜਾਂਦੇ ਦਾ ਪਤਾ ਲੱਗੇ ਤਾਂ ਉਸ ਨੂੰ ਨੇੜੇ ਦੀ ਥਾਂ ’ਤੇ ਛੱਡਣਾ ਚਾਹੀਦਾ ਹੈ ਜਿੱਥੇ ਉਹ ਆਪਣੇ ਪਿੱਤਰੀ ਸੂਬੇ ਲਈ ਰੇਲ ਗੱਡੀ ਜਾਂ ਬੱਸ ਲੈ ਸਕੇ, ਭਾਵੇਂ ਕਿ 300ਵੀਂ ਵਿਸ਼ੇਸ਼ ਸ਼੍ਰਮਿਕ ਰੇਲ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਉੱਤਰ ਪ੍ਰਦੇਸ਼ ਵੱਲ ਰਵਾਨਾ ਹੋ ਗਈ ਹੈ। ਉਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਨਾਂ ਨੂੰ ਪੰਜਾਬ ਛੱਡਣ ਤੱਕ ਭੋਜਨ ਅਤੇ ਪਾਣੀ ਮੁਹੱਈਆ ਕਰਵਾਉਣਾ ਚਾਹੀਦਾ ਹੈ।

ਪਰਵਾਸੀਆਂ ਨੂੰ ਨਾ ਘਬਰਾਉਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਜੱਦੀ ਸੂਬੇ ਵਿੱਚ ਵਾਪਸੀ ਦੇ ਚਾਹਵਾਨ ਹਰੇਕ ਪਰਵਾਸੀ ਦੀ ਸਹਾਇਤਾ ਕਰੇਗੀ ਅਤੇ ਉਨਾਂ ਦੇ ਮੁਫ਼ਤ ਸਫਰ ਅਤੇ ਭੋਜਨ ਦਾ ਵੀ ਬੰਦੋਬਸਤ ਕਰੇਗੀ।

‘ਸੰਕਟ ਵਿੱਚ ਹਰੇਕ ਵਿਅਕਤੀ ਦਾ ਧਿਆਨ ਰੱਖਣ’ ਪ੍ਰਤੀ ਸੂਬੇ ਦੀ ਵਚਨਬੱਧਤਾ ਨੂੰ ਦਰਸਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪਰਵਾਸੀਆਂ ਨੂੰ ਸਾਡੇ ਸਹਿਯੋਗੀ ਭਾਰਤੀ ਦੱਸਿਆ ਜੋ ਸੂਬੇ ਅਤੇ ਇੱਥੋਂ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਂਦੇ ਹਨ।

ਪਰਵਾਸੀਆਂ ਨੂੰ ਮੁਖਾਤਬ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ,‘‘ਪੰਜਾਬ ਤੁਹਾਡੀ ਕਰਮ ਭੂਮੀ ਹੈ, ਭਾਵੇਂ ਇਹ ਤੁਹਾਡੀ ਜਨਮ ਭੂਮੀ ਨਾ ਵੀ ਹੋਵੇ।’’ ਕੈਪਟਨ ਅਮਰਿੰਦਰ ਸਿੰਘ ਨੇ ਪਰਵਾਸੀਆਂ ਨੂੰ ਆਪਣੇ ਜੱਦੀ ਸੂਬੇ ਵਿੱਚ ਵਾਪਸੀ ਕਰਨ ਦਾ ਔਖਾ ਪੈਂਡਾ ਪੈਦਲ ਚੱਲ ਕੇ ਤੈਅ ਕਰਨ ਦੀ ਕੋਸ਼ਿਸ਼ ਨਾ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਸੂੁਬਾ ਸਰਕਾਰ ਉਨਾਂ ਦੇ ਸਫ਼ਰ ਲਈ ਰੇਲਾਂ ਅਤੇ ਬੱਸਾਂ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕਰ ਰਹੀ ਹੈ।

ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਪੰਜਾਬ ਤੋਂ ਬਾਹਰ ਜਾਣ ਲਈ ਸੂਬੇ ਦੇ ਪੋਰਟਲ ’ਤੇ ਹੁਣ ਤੱਕ 10 ਲੱਖ ਤੋਂ ਵੱਧ ਵਿਅਕਤੀ ਨਾਂ ਦਰਜ ਕਰਵਾ ਚੁੱਕੇ ਹਨ।

ਉਨਾਂ ਦੱਸਿਆ ਕਿ ਸੂਬਾ ਸਰਕਾਰ ਰਜਿਸਟ੍ਰਡ ਹੋ ਚੁੱਕੇ ਸਾਰੇ ਵਿਅਕਤੀਆਂ ਦੀ ਪ੍ਰਮਾਣਿਕਤਾ ਦੀ ਵਿਆਪਕ ਕਵਾਇਦ ਆਰੰਭੀ ਹੋਈ ਹੈ ਅਤੇ ਹਰੇਕ ਵਿਅਕਤੀ ਨੂੰ ਫੋਲ ਕਾਲ ਕਰਕੇ ਦੁਬਾਰਾ ਪਤਾ ਲਾਇਆ ਜਾ ਰਿਹਾ ਹੈ ਕਿ ਕੀ ਉਹ ਆਪਣੇ ਪਿੱਤਰੀ ਸੂਬੇ ਵਿੱਚ ਵਾਪਸੀ ਕਰਨ ਦੇ ਚਾਹਵਾਨ ਹਨ ਜਾਂ ਨਹੀਂ।

ਮੁੱਖ ਮੰਤਰੀ ਨੇ ਕਿਹਾ, ‘‘ਇਹ ਇਸ ਤੱਥ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ ਕਿ ਪਿਛਲੇ 3-4 ਦਿਨਾਂ ਤੋਂ ਸੂਬੇ ਵਿੱਚ ਦੋ ਤਿਹਾਈ ਉਦਯੋਗਿਕ ਇਕਾਈਆਂ ਨੇ ਬੰਦਿਸ਼ਾਂ ਵਿੱਚ ਢਿੱਲ ਦੇਣ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਉਪਰੰਤ ਪੰਜਾਬ ਤੋਂ ਬਾਹਰ ਜਾਣ ਦੇ ਚਾਹਵਾਨ ਵਿਅਕਤੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸਵਾਗਤੀ ਸੰਕੇਤ ਕਰਾਰ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਉਦੋਂ ਤੱਕ ਸਬੰਧਤ ਸੂਬਿਆਂ ਲਈ ਰੇਲਾਂ ਚਲਾਏ ਜਾਣ ਨੂੰ ਜਾਰੀ ਰੱਖੇਗੀ ਜਦੋਂ ਤੱਕ ਇਨਾਂ ਲੋਕਾਂ ਵੱਲੋਂ ਆਪਣੇ ਸੂਬਿਆਂ ਨੂੰ ਜਾਣ ਦੀ ਇੱਛਾ ਪ੍ਰਗਟਾਈ ਜਾਵੇਗੀ।

ਮੁੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਪਿੱਤਰੀ ਸੂਬਿਆਂ ਨੂੰ ਵਾਪਸ ਜਾਣ ਦੇ ਇਛੁੱਕ ਪਰਵਾਸੀ ਕਿਰਤੀਆਂ ਨੂੰ ਵਾਪਸ ਭੇਜਣ ਲਈ ਖਾਣਾ ਅਤੇ ਯਾਤਰਾ ਦੀ ਸਹੂਲਤ ਮੁਫਤ ਮੁਹੱਈਆ ਕਰਵਾਉਣ ਲਈ ਅਪ੍ਰੈਲ ਦੇ ਅੰਤ ਵਿੱਚ ਲਏ ਫੈਸਲੇ ਤੋਂ ਬਾਅਦ ਇਨਾਂ ਕਿਰਤੀਆਂ ਨੂੰ ਸਬੰਧਤ ਸੂਬਿਆਂ ਨੂੰ ਭੇਜਣ ਲਈ ਮੁਫਤ ਯਾਤਰਾ ਦੀ ਸਹੂਲਤ ਲਈ ਸੂਬਾ ਸਰਕਾਰ ਪਹਿਲਾਂ ਹੀ ਰੇਲਵੇ ਨੂੰ 20 ਕਰੋੜ ਦੀ ਅਦਾਇਗੀ ਕਰ ਚੁੱਕੀ ਹੈ।

ਮੁੱਖ ਮੰਤਰੀ ਨੇ ਸਾਂਝਾ ਕੀਤਾ ਕਿ ਅੱਜ 300ਵੀਂ ਸ਼੍ਰਮਿਕ ਰੇਲ ਗੱਡੀ ਪਟਿਆਲਾ ਤੋਂ ਸ਼ਾਮ 5 ਵਜੇ ਉੱਤਰ ਪ੍ਰਦੇਸ਼ ਲਈ ਰਵਾਨਾ ਹੋ ਚੁੱਕੀ ਹੈ। ਉਨਾਂ ਕਿਹਾ ਕਿ ਐਤਵਾਰ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਵੱਖ-ਵੱਖ ਸੂਬਿਆਂ ਜਿਨਾਂ ਵਿੱਚ ਦੱਖਣੀ ਭਾਰਤੀ ਅਤੇ ਉੱਤਰ-ਪੂਰਬੀ ਸੂਬੇ ਵੀ ਸ਼ਾਮਲ ਹਨ, ਲਈ 311 ਸ਼੍ਰਮਿਕ ਰੇਲ ਗੱਡੀਆਂ ਰਾਹੀਂ 3.90 ਲੱਖ ਪਰਵਾਸੀ ਕਿਰਤੀਆਂ ਨੂੰ ਭੇਜਿਆ ਜਾ ਚੁੱਕਾ ਹੈ।

ਪੰਜਾਬ ਵਿੱਚ ਪਰਵਾਸੀ ਕਿਰਤੀਆਂ ਨੂੰ ਉਨਾਂ ਦੇ ਘਰ ਤੋਂ ਲੈ ਕੇ ਰੇਲਵੇ ਸਟੇਸ਼ਨਾਂ ਤੱਕ ਸਰਕਾਰੀ ਬੱਸਾਂ ਰਾਹੀਂ ਆਵਾਜਾਈ ਦੀ ਮੁਫਤ ਸਹੂਲਤ ਦਿੱਤੀ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਸਰਕਾਰੀ ਬੱਸਾਂ ਰਾਹੀਂ ਪਰਵਾਸੀ ਕਿਰਤੀਆਂ ਨੂੰ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲਿਆਂ ਤੱਕ ਬਿਨਾਂ ਕਿਰਾਇਆ ਵਸੂਲੇ ਭੇਜਿਆ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਿ ਸੂਬਾ ਹੈੱਡਕੁਆਰਟਰ ਅਤੇ ਜ਼ਿਲਿਆਂ ਵਿੱਚ ਤਾਇਨਾਤ ਪੰਜਾਬ ਦੇ ਅਧਿਕਾਰੀਆਂ ਵੱਲੋਂ ਪਰਵਾਸੀਆਂ ਨੂੂੰ ਸੁਚਾਰੂ ਢੰਗ ਨਾਲ ਉਨਾਂ ਦੇ ਪਿੱਤਰੀ ਸੂਬਿਆਂ ਤੱਕ ਪਹੁੰਚਾਉਣ ਲਈ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।

ਇਸੇ ਸਮੇਂ ਪੰਜਾਬ ਸਰਕਾਰ ਵੱਲੋਂ ਦੂਜੇ ਸੂਬਿਆਂ ਵਿੱਚ ਫਸੇ ਪੰਜਾਬੀਆਂ ਨੂੰ ਵਾਪਸ ਪੰਜਾਬ ਲਿਆਉਣ ਲਈ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਜਿੱਥੇ ਯਾਤਰਾ ਲਈ ਵਿੱਤੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ, ਉਥੇ ਮੁਹੱਈਆ ਕਰਵਾਈ ਜਾ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਉਮੀਦ ਜਤਾਈ ਗਈ ਕਿ ਹੋਰਨਾਂ ਰਾਜਾਂ, ਜਿਥੇ ਸਾਡੇ ਲੋਕ ਫਸੇ ਹੋਏ ਹਨ, ਦੀਆਂ ਸਰਕਾਰਾਂ ਇਨਾਂ ਨੂੰ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਉਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਵੱਲੋਂ ਪਹਿਲਾਂ ਹੀ ਇਸ ਸਬੰਧੀ ਸਬੰਧਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਪੰਜਾਬ ਸਾਰੇ ਪੰਜਾਬੀਆਂ ਦੀ ਮਾਤ ਭੂਮੀ ਹੈ ਅਤੇ ਉਨਾਂ ਨੂੰ ਵਾਪਸ ਲਿਆਉਣਾ ਸਾਡਾ ਫਰਜ਼ ਹੈ।

ਕੋਵਿਡ-19 ਦੇ ਡਰ ਕਾਰਨ ਇਸ ਸਬੰਧੀ ਪੈਦਾ ਹੋ ਰਹੇ ਸਰੋਕਾਰਾਂ ਨੂੰ ਦਰਕਿਨਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਵਾਇਰਸ ਨੂੰ ਹੋਰ ਵਧਣ ਤੋਂ ਰੋਕਣ ਲਈ ਆਉਣ ਵਾਲੇ ਅਜਿਹੇ ਯਾਤਰੂਆਂ ਦੇ ਏਕਾਂਤਵਾਸ ਅਤੇ ਟੈਸਟਿੰਗ ਲਈ ਸਪੱਸ਼ਟ ਨਿਯਮ ਪਹਿਲਾਂ ਹੀ ਅਮਲ ਵਿੱਚ ਲਿਆਂਦੇ ਜਾ ਰਹੇ ਹਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION