26.7 C
Delhi
Saturday, April 27, 2024
spot_img
spot_img

ਮੋਗਾ ਦਾ ਮਿੱਤਲ ਲੈਬ ਕਾਂਡ – ‘ਆਪ’ ਵੱਲੋਂ ਸਾਰੇ ਦੋਸ਼ੀਆਂ ਦੀ ਗਿਰਫ਼ਤਾਰੀ ਦੀ ਮੰਗ

ਮੋਗਾ, 13 ਜਨਵਰੀ, 2020 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੋਗਾ ਦੇ ਮਿੱਤਲ ਲੈਬ ਕਾਂਡ ਦਾ ਸਖ਼ਤ ਨੋਟਿਸ ਲੈਂਦੇ ਹੋਏ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

‘ਆਪ’ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ‘ਚ ਕਾਨੂੰਨ ਵਿਵਸਥਾ ਦੀ ਬਦਤਰ ਹਾਲਤ ਅਤੇ ਸੱਤਾਧਾਰੀ ਧਿਰ ਦੇ ਸਿਆਸੀ ਆਗੂਆਂ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੀ ਪੁਸ਼ਤ ਪਨਾਹੀ ਕਾਰਨ ਹਰ ਪੱਧਰ ਦੇ ਅਪਰਾਧਾਂ ‘ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ।

ਪੁਲਸ ਪ੍ਰਸ਼ਾਸਨ ਦੇ ਢਿੱਲੇ ਮੱਠੇ ਰਵੱਈਏ ਕਾਰਨ ਜਿੱਥੇ ਗੈਂਗਸਟਰਾਂ ਅਤੇ ਗੁੰਡਾ ਅਨਸਰਾਂ ਨੇ ਸੜਕਾਂ-ਚੌਂਕ-ਚੌਰਾਹਿਆਂ ‘ਤੇ ਸ਼ਰੇਆਮ ਗੁੰਡਾਗਰਦੀ ਅਤੇ ਦਹਿਸ਼ਤ ਫੈਲਾ ਰੱਖੀ ਹੈ, ਉੱਥੇ ਵਾਈਟ ਕਾਲਰ ਅਪਰਾਧੀ ਤੱਤ ਵੀ ਵੱਖ-ਵੱਖ ਰੂਪਾਂ ‘ਚ ਕਾਨੂੰਨ ਅਤੇ ਕੁਦਰਤ ਨੂੰ ਪੈਸੇ ਦੇ ਲਾਲਚ ‘ਚ ਛਿੱਕੇ ਟੰਗ ਰਹੇ ਹਨ। ਮੋਗਾ ਦੀ ਮਿੱਤਲ ਲੈਬ ਸਮੇਤ ਸੂਬੇ ‘ਚ ਥਾਂ-ਥਾਂ ਹੋ ਰਹੇ ਨਰ-ਮਾਦਾ ਭਰੂਣ ਟੈੱਸਟ ਅਜਿਹੇ ਦੋਸ਼ਾਂ ਦੀਆਂ ਤਾਜ਼ੀਆਂ ਮਿਸਾਲਾਂ ਹਨ।

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮਿੱਤਲ ਲੈਬ ਮੋਗਾ ‘ਚ ਭਰੂਣ ਜਾਂਚ ਕਰਦੇ ਹੋਏ ਲੈਬ ਦੇ ਮਾਲਕ ਸਮੇਤ 4 ਦੋਸ਼ੀ ਲੰਘੀ 18 ਦਸੰਬਰ ਨੂੰ ਨਾਮਜ਼ਦ ਕੀਤੇ ਗਏ ਸਨ। ਇਹ ਮਾਮਲਾ ਕਿਸੇ ਆਮ ਵਿਅਕਤੀ ਨੇ ਨਹੀਂ ਸਗੋਂ ਜ਼ਿਲ੍ਹਾ ਭਲਾਈ ਅਫ਼ਸਰ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ, ਪਰੰਤੂ ਸਿਆਸੀ ਦਖ਼ਲਅੰਦਾਜ਼ੀ ਅਤੇ ਰਿਸ਼ਵਤਖ਼ੋਰੀ ਦੇ ਦਮ ‘ਤੇ ਲੈਬ ਦੇ ਮਾਲਕ ਨੂੰ ਸੰਬੰਧਿਤ ਪੁਲਸ ਅਧਿਕਾਰੀ ਨੇ ਭਜਾ ਦਿੱਤਾ। ਮਾਮਲੇ ਦੇ ਤੂਲ ਫੜ ਲੈਣ ‘ਤੇ ਮੋਗਾ ਪੁਲਸ ਨੂੰ ਦੋਸ਼ੀ ਏਐਸਆਈ ਨੂੰ ਤੁਰੰਤ ਪ੍ਰਭਾਵ ਮੁਅੱਤਲ ਕਰਨਾ ਪਿਆ।

ਚੀਮਾ ਨੇ ਕਿਹਾ ਕਿ ਕਰੀਬ 4 ਹਫ਼ਤੇ ਬੀਤ ਜਾਣ ਦੇ ਬਾਵਜੂਦ ਮੋਗਾ ਪੁਲਸ ਨੇ ਇੱਕ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ, ਸਗੋਂ ਸਥਾਨਕ ਕਾਂਗਰਸੀ ਆਗੂਆਂ ਦੇ ਦਬਾਅ ਥੱਲੇ ਆ ਕੇ ਮੁਅੱਤਲ ਪੁਲਸ ਅਧਿਕਾਰੀ ਨੂੰ ਬਹਾਲ ਕਰ ਦਿੱਤਾ। ਚੀਮਾ ਨੇ ਮੋਗਾ ਪੁਲਸ ਪ੍ਰਸ਼ਾਸਨ ਦੀ ਇਸ ਹਮਾਕਤ ਨੂੰ ਨਾ ਕੇਵਲ ਕਾਨੂੰਨ ਨਾਲ ਖਿਲਵਾੜ ਦੱਸਿਆ, ਸਗੋਂ ਸਰਕਾਰ ਦੀ ‘ਬੇਟੀ ਬਚਾਓ-ਬੇਟੀ ਪੜਾਓ’ ਮੁਹਿੰਮ ਨੂੰ ਝਟਕਾ ਕਰਾਰ ਦਿੱਤਾ।

ਵਿਰੋਧੀ ਧਿਰ ਦੇ ਨੇਤਾ ਨੇ ਪੰਜਾਬ ਸਰਕਾਰ ਖ਼ਾਸ ਕਰ ਕੇ ਮੋਗਾ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਅਗਲੇ 48 ਘੰਟਿਆਂ ‘ਚ ਨਾ ਗ੍ਰਿਫਤਾਰ ਕੀਤਾ ਤਾਂ ਪਾਰਟੀ ਦੀ ਜ਼ਿਲ੍ਹਾ ਇਕਾਈ ਮੋਗਾ ਜ਼ਿਲ੍ਹਾ ਕੰਪਲੈਕਸ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION