ਅੱਜ-ਨਾਮਾ
ਮੁੜ ਕੇ ਦਿੱਲੀ ਦੇ ਵਿੱਚ ਦੁਖਾਂਤ ਹੋਇਆ,
ਹੰਝੂ ਲੀਡਰ ਵਗਾਉਣ ਨੂੰ ਆਉਣਗੇ ਈ।
ਦਿਲਾਸਾ ਦੇਣ ਲਈ ਜਾਣਗੇ ਪੀੜਤਾਂ ਨੂੰ,
ਮਿਥ ਕੇ ਪੋਜ਼ ਤੇ ਫੋਟੋ ਖਿਚਾਉਣਗੇ ਈ।
ਦੂਸ਼ਣਬਾਜ਼ੀ ਦੀ ਰਸਮ ਨਹੀਂ ਰਹਿ ਜਾਵੇ,
ਬਿਨਾਂ ਭੁੱਲਣ ਤੋਂ ਉਹ ਭੁਗਤਾਉਣਗੇ ਈ।
ਮਨ ਵਿੱਚ ਰੱਖਣਗੇ ਚੋਣ ਅਸੈਂਬਲੀ ਦੀ,
ਵੋਟਾਂ ਵਾਸਤੇ ਤਿਕੜਮ ਲੜਾਉਣਗੇ ਈ।
ਦਿਨਾਂ ਚਹੁੰਆਂ ਦੀ ਬਾਤ ਹੈ ਮਸਾਂ ਮਿੱਤਰ,
ਪਿੱਛੋਂ ਗੇੜਾ ਨਾ ਏਧਰ ਦਾ ਲਾਉਣਗੇ ਈ।
ਰੋਣਾ ਉਮਰ ਲਈ ਜਿਨ੍ਹਾਂ ਦੇ ਪਿਆ ਪੱਲੇ,
ਰੋਣਾ ਰੋਂਦੇ ਉਹ ਉਮਰ ਲੰਘਾਉਣਗੇ ਈ।
-ਤੀਸ ਮਾਰ ਖਾਂ
ਦਸੰਬਰ 09, 2019