ਅੱਜ-ਨਾਮਾ
ਮਿਲਦੇ ਸਾਫ ਜਿਹੇ ਲੱਗਣ ਸੰਕੇਤ ਮੀਆਂ,
ਵਿਗੜਦੀ ਜਾਪਦੀ ਜਿਵੇਂ ਹੈ ਗੱਲ ਮੀਆਂ।
ਪਹਿਲਾਂ ਵਾਰਤਾ ਜਿਹੜੀ ਸੀ ਹੋਈ ਜਾਂਦੀ,
ਕੁਝ ਨਾ ਨਿਕਲਿਆ ਓਸ ਤੋਂ ਹੱਲ ਮੀਆਂ।
ਏਧਰ ਲੋਕਾਂ ਦਾ ਜੋਸ਼ ਪਿਆ ਵਧੀ ਜਾਂਦਾ,
ਆਉਂਦੀ ਰੋਜ਼ ਆ ਜੋਸ਼ ਦੀ ਛੱਲ ਮੀਆਂ।
ਓਧਰ ਫੋਰਸ ਵੀ ਲਾਈ ਆ ਹੋਰ ਸੁਣਦੀ,
ਅਗਲਾ ਪਾਸਾ ਉਹ ਬੈਠੀ ਹੈ ਮੱਲ ਮੀਆਂ।
ਤਣਾ-ਤਣੀ ਦੀ ਹਾਲਤ ਆ ਬਣੀ ਫਿਰਦੀ,
ਸਕਦੀ ਸ਼ੱਕ ਵਿੱਚ ਡਾਂਗ ਹੈ ਖੜਕ ਮੀਆਂ।
ਸੰਭਲ ਕੇ ਰਿਹੋ ਕਿਸਾਨਾਂ ਦੇ ਆਗੂਓ ਓਏ,
ਕਿਧਰੇ ਜਾਵੇ ਜਵਾਨੀ ਨਹੀਂ ਭੜਕ ਮੀਆਂ।
-ਤੀਸ ਮਾਰ ਖਾਂ
ਦਸੰਬਰ 12, 2020