29.1 C
Delhi
Saturday, April 27, 2024
spot_img
spot_img

ਮਨ ਦੀ ਇਹ ਰੀਝ ਸੀ ਕਿ ਪੀ.ਐੱਚ.ਡੀ. ਦੀ ਇਹ ਡਿਗਰੀ ਮੈਂ ਯੂਨੀਵਰਸਿਟੀ ਦਾ ਗਾਊਨ ਪਾ ਕੇ ਹੀ ਪ੍ਰਾਪਤ ਕਰਾਂ: ਡਾ: ਉਪਿੰਦਰ ਸਿੰਘ ਲਾਂਬਾ

ਯੈੱਸ ਪੰਜਾਬ
ਪਟਿਆਲਾ, 10 ਦਸੰਬਰ, 2021:
‘ਮੈਨੂੰ ਪੀ-ਐੱਚ. ਡੀ. ਦੀ ਇਹ ਡਿਗਰੀ ਪ੍ਰਾਪਤ ਕਰਨ ਲਈ ਤਕਰੀਬਨ ਇਕ ਦਹਾਕਾ ਖੋਜ ਕਾਰਜ ਕਰਨਾ ਪਿਆ। ਮੇਰੇ ਮਨ ਦੀ ਇਹ ਰੀਝ ਸੀ ਕਿ ਇਹ ਡਿਗਰੀ ਮੈਂ ਯੂਨੀਵਰਸਿਟੀ ਦਾ ਗਾਊਨ ਪਾ ਕੇ ਹੀ ਪ੍ਰਾਪਤ ਕਰਾਂ। ਇਹ ਮੇਰੇ ਲਈ ਖੁਸ਼ਗਵਾਰ ਪਲ ਹਨ ਕਿ ਅੱਜ 39ਵੀਂ ਕਾਨਵੋਕੇਸ਼ਨ ਮੌਕੇ ਮੈਂ ਇਸ ਡਿਗਰੀ ਨੂੰ ਪ੍ਰਾਪਤ ਕਰ ਰਿਹਾ ਹਾਂ। ਹਰੇਕ ਵਿਦਿਆਰਥੀ ਅਜਿਹਾ ਸਬਬ ਲੋਚਦਾ ਹੈ ਕਿ ਉਸ ਨੂੰ ਅਜਿਹੇ ਪਲੇਟਫ਼ਾਰਮ ਤੋਂ ਹੀ ਡਿਗਰੀ ਪ੍ਰਾਪਤ ਹੋਵੇ।’

ਇਹ ਸ਼ਬਦ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿੱਚ ਵਧੀਕ ਨਿਰਦੇਸ਼ਕ ਵਜੋਂ ਤਾਇਨਾਤ ਡਾ. ਉੁਪਿੰਦਰ ਸਿੰਘ ਲਾਂਬਾ ਵੱਲੋਂ ਕਹੇ ਗਏ ਜੋ ਕਿ ਕਾਨਵੋਕੇਸ਼ਨ ਦੇ ਦੂਸਰੇ ਦਿਨ ਇਕ ਵਿਦਿਆਰਥੀ ਵਜੋਂ ਆਪਣੀ ਇਹ ਡਿਗਰੀ ਪ੍ਰਾਪਤ ਕਰਨ ਲਈ ਉਚੇਚੇ ਤੌਰ ਉੱਤੇ ਇੱਥੇ ਪੁੱਜੇ ਹੋਏ ਸਨ।

ਵਿਦਿਆਰਥੀਆਂ ਦੀ ਮੰਗ ਉੱਪਰ ਯੂਨੀਵਰਸਿਟੀ ਵੱਲੋਂ ਆਪਣੀ ਕਾਨਵੋਕੇਸ਼ਨ ਨੂੰ ਦੋ ਦਿਨ ਲਈ ਕਰਵਾਏ ਜਾਣ ਦੇ ਫ਼ੈਸਲੇ ਨੂੰ ਚੁਫ਼ੇਰਿਉਂ ਸ਼ਲਾਘਾ ਪ੍ਰਾਪਤ ਹੋਈ ਹੈ। ਦੇਸ-ਵਿਦੇਸ਼ ਵਿੱਚ ਵੱਖ-ਵੱਖ ਥਾਵਾਂ ਉੱਪਰ ਕਾਰਜਸ਼ੀਲ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਹੁੰਮ-ਹੁਮਾ ਕੇ ਆਪਣੀਆਂ ਡਿਗਰੀਆਂ ਪ੍ਰਾਪਤ ਕਰਨ ਲਈ ਪਹੁੰਚੇ। ਇਨ੍ਹਾਂ ਵਿੱਚ ਜਿੱਥੇ ਆਪਣੀ ਉਮਰ ਦੇ ਮੱਧਲੇ ਪੜਾਅ ਵਿਚ ਗੁਜ਼ਰ ਰਹੇ ਸਫ਼ੇਦ ਦਾਹੜੀ ਵਾਲੀ ਅਵਸਥਾ ਨੂੰ ਢੁੱਕੇ ਵਿਦਿਆਰਥੀ ਸ਼ਾਮਿਲ ਸਨ ਤਾਂ ਦੂਸਰੇ ਪਾਸੇ ਨਵੀਂ ਉਮਰ ਦੇ ਨੌਜਵਾਨ ਵਿਦਿਆਰਥੀ ਵੀ ਸ਼ਾਮਿਲ ਸਨ।

ਕੈਨੇਡਾ ਵਾਸੀ ਡਾ. ਨਵਦੀਪ ਸਿੰਘ, ਜੋ ਕਿ ਇਕ ਪ੍ਰਸਿੱਧ ਗੀਤਕਾਰ ਵੀ ਹਨ, ਵੱਲੋਂ ਆਪਣੇ ਖੁਸ਼ੀ ਦੇ ਪਲਾਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਡਿਗਰੀ ਪ੍ਰਾਪਤ ਕਰਦਿਆਂ ਗਾਊਨ ਪਾ ਕੇ ਕਰਵਾਈ ਗਈ ਤਸਵੀਰ ਸਿਰਫ਼ ਸਾਨੂੰ ਆਪਣੇ ਆਪ ਨੂੰ ਸਕੂਨ ਦੇਣ ਦਾ ਕਾਰਜ ਹੀ ਨਹੀਂ ਕਰਦੀ ਸਗੋਂ ਹੋਰਨਾਂ ਲਈ ਵੀ ਪ੍ਰੇਰਣਾ ਬਣਦੀ ਹੈ।

ਪ੍ਰਸਿੱਧ ਨੌਜਵਾਨ ਨਾਟਕਕਾਰ ਡਾ. ਕੁਲਬੀਰ ਮਲਿਕ ਵੱਲੋਂ ਆਪਣੇ ਇਨ੍ਹਾਂ ਪਲਾਂ ਦੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਸ ਨੇ ਤਕਰੀਬਨ ਚਾਰ ਸਾਲ ਕਾਨਵੋਕੇਸ਼ਨ ਦੀ ਉਡੀਕ ਕੀਤੀ ਹੈ ਕਿਉਂਕਿ ਕਾਨਵੋਕੇਸ਼ਨ ਵਿੱਚ ਗਾਊਨ ਪਹਿਨ ਕੇ ਡਿਗਰੀ ਪ੍ਰਾਪਤ ਕਰਨ ਦਾ ਆਪਣਾ ਇੱਕ ਮਹੱਤਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਰੂਪ ਵਿਚ ਡਿਗਰੀ ਪ੍ਰਾਪਤ ਕਰਦਿਆਂ ਮਨ ਪੂਰੇ ਚਾਅ ਵਿੱਚ ਹੈ ਅਤੇ ਅੱਗੇ ਹੋਰ ਕੰਮ ਕਰਨ ਨੂੰ ਦਿਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿਚ ਪੰਜਾਬੀ ਯੂਨੀਵਰਸਿਟੀ ਵੱਲੋਂ ਲਿਆ ਗਿਆ ਇਹ ਫ਼ੈਸਲਾ ਬੇਹੱਦ ਸ਼ਲਾਘਾਯੋਗ ਹੈ।

ਮੁਲਤਾਨੀ ਮੱਲ ਮੋਦੀ ਕਾਲਜ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਵਜੋਂ ਤਾਇਨਾਤ ਡਾ. ਰੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਡਿਗਰੀ ਮਹਿਜ਼ ਇੱਕ ਕਾਗਜ਼ ਹੀ ਨਹੀਂ ਹੁੰਦੀ, ਸਗੋਂ ਵਿਦਿਆਰਥੀ ਦਾ ਆਪਣੀ ਮੁਕੱਦਸ ਸੰਸਥਾ, ਖੇਤਰ, ਵੱਖ-ਵੱਖ ਪ੍ਰਸਥਿਤੀਆਂ `ਚ ਹੰਢਾਏ ਔਖੇ ਸੌਖੇ ਸਮੇਂ ਦਾ ਇੱਕ ਯਾਦਗਾਰੀ ਚਿੰਨ੍ਹ ਹੁੰਦਾ ਹੈ ਜਿਸ ਨੂੰ ਦੇਖ ਕੇ ਸਦਾ ਹੀ ਵਿਦਿਆਰਥੀ ਦੇ ਸਵੈ ਵਿਸ਼ਵਾਸ਼ ਵਿਚ ਵਾਧਾ ਹੁੰਦਾ ਹੈ। ਕਾਨਵੋਕੇਸ਼ਨ ਵਿੱਚ ਇਸ ਡਿਗਰੀ ਨੂੰ ਪ੍ਰਾਪਤ ਕਰਨਾ ਆਉਣ ਵਾਲੀ ਪੀੜ੍ਹੀ ਲਈ ਉੱਚ ਸਿੱਖਿਆ ਵਿਚ ਰੁਝਾਨ ਦਾ ਵੀ ਅਧਾਰ ਬਣਦਾ ਹੈ।

ਵੀਲ੍ਹ ਚੇਅਰ ਰਾਹੀਂ ਡਿਗਰੀ ਪ੍ਰਾਪਤ ਕਰਨ ਪਹੁੰਚੀ ਡਾ. ਗੁਰਪ੍ਰੀਤ ਕੌਰ ਵੱਲੋਂ ਆਪਣੇ ਭਾਵਾਂ ਦਾ ਇਜ਼ਹਾਰ ਕਰਦਿਆਂ ਯੂਨੀਵਰਸਿਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਸ ਨੇ ਕਿਹਾ ਕਿ ਉਸ ਦਾ ਬਚਪਨ ਦਾ ਸੁਪਨਾ ਅੱਜ ਸਾਕਾਰ ਹੋ ਰਿਹਾ ਹੈ। ਵੀਲਚੇਅਰ ਉੱਪਰ ਨਿਰਭਰ ਹੋਣ ਦੇ ਬਾਵਜੂਦ ਇਸ ਵੱਕਾਰੀ ਡਿਗਰੀ ਤਕ ਪਹੁੰਚਣ ਵਾਲੀ ਡਾ. ਗੁਰਪ੍ਰੀਤ ਵੱਲੋਂ ਇਸ ਡਿਗਰੀ ਨੂੰ ਪ੍ਰਾਪਤ ਕਰਨ ਵਾਲੇ ਪਲ ਬੇਹੱਦ ਭਾਵਨਾਤਮਕ ਅਤੇ ਪ੍ਰੇਰਣਾਦਾਇਕ ਸਨ।

ਇਸੇ ਤਰ੍ਹਾਂ ਕ੍ਰਿਸ਼ਨਾ ਕਾਲਜ ਆਫ਼ ਐਜੂਕੇਸ਼ਨ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਆਂਚਲ ਬਾਂਸਲ ਵੱਲੋਂ ਕਿਹਾ ਗਿਆ ਕਿ ਉਸ ਨੇ ਕਿੰਨੇ ਹੀ ਸਾਲ ਕਾਨਵੋਕੇਸ਼ਨ ਦੀ ਉਡੀਕ ਕੀਤੀ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਵਿਦਿਆਰਥੀਆਂ ਵਿੱਚ ਖੁਸ਼ੀ ਅਤੇ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਆਪਣੀਆਂ ਜਿਹੜੀਆਂ ਕਦਰਾਂ ਕੀਮਤਾਂ ਅਤੇ ਮਿਆਰਾਂ ਲਈ ਜਾਣੀ ਜਾਂਦੀ ਹੈ ਉਸ ਸਭ ਨੂੰ ਕਾਇਮ ਰੱਖਣ ਲਈ ਸਾਰੇ ਵਿਦਿਆਰਥੀ ਆਪਣੇ ਖੋਜ ਕਾਰਜਾਂ ਨੂੰ ਜਾਰੀ ਰੱਖਣਗੇ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਰਾਹੀਂ ਹੀ ਅਕਾਦਮਿਕ ਅਦਾਰਿਆਂ ਨੇ ਲੋਕਾਂ ਤਕ ਪਹੁੰਚਣਾ ਹੁੰਦਾ ਹੈ। ਪੀ-ਐੱਚ.ਡੀ. ਡਿਗਰੀ ਹੋਲਡਰ ਨੂੰ ਹਮੇਸ਼ਾ ਪੁੱਛਿਆ ਜਾਂਦਾ ਹੈ ਕਿ ਉਸ ਨੇ ਕਿਸ ਅਦਾਰੇ ਤੋਂ ਡਿਗਰੀ ਕੀਤੀ ਹੈ। ਇਸ ਲਈ ਵਿਦਿਆਰਥੀਆਂ ਸਿਰ ਇੱਕ ਵੱਡੀ ਜਿ਼ੰਮੇਵਾਰੀ ਹੁੰਦੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵਿਦਿਆਰਥੀ ਹਮੇਸ਼ਾ ਹੀ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਰਹਿਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION