ਅੱਜ-ਨਾਮਾ
ਭੇਜਿਆ ਪੱਤਰ ਸਰਕਾਰ ਨੇ ਫੇਰ ਕਹਿੰਦੇ,
ਗੱਲ ਲਿਖੀ ਗਈ ਫੇਰ ਕੁਝ ਗੋਲ ਮਿੱਤਰ।
ਵਿੱਚੋਂ ਨਿਕਲਦਾ ਚਿੱਠੀ ਦੇ ਕੱਖ ਵੀ ਨਹੀਂ,
ਬੇਸ਼ੱਕ ਲਿਸ਼ਕਵਾਂ ਬਾਹਰਲਾ ਖੋਲ ਮਿੱਤਰ।
ਬੈਠਕ ਓਦਾਂ ਦੀ ਕੀਤਿਆਂ ਨਿਕਲਣਾ ਕੀ,
ਜਿਸ ਦੇ ਸੱਦੇ ਦਾ ਪੂਰਾ ਨਾ ਤੋਲ ਮਿੱਤਰ।
ਘੱਲਣਾ ਸੀ ਗਾ ਫਿਰ ਘੱਲਦੇ ਉਹ ਪੱਤਰ,
ਜੀਹਦਾ ਹਰ ਅੱਖਰ ਸਕਦਾ ਬੋਲ ਮਿੱਤਰ।
ਉਲਝਣ ਪਹਿਲਾਂ ਵੀ ਨਹੀਂ ਸੀ ਘੱਟ ਭਾਵੇਂ,
ਆਇਆ ਪੱਤਰ ਤੇ ਵਧੀ ਆ ਹੋਰ ਮਿੱਤਰ।
ਕਰਦੀ ਹੋਰ ਕੁਝ ਪਈ ਸਰਕਾਰ ਦਿੱਸਦੀ,
ਪਾਉਂਦੀ ਬਾਹਰ ਤੋਂ ਹੋਰ ਹੈ ਸ਼ੋਰ ਮਿੱਤਰ।
-ਤੀਸ ਮਾਰ ਖਾਂ
ਦਸੰਬਰ 25, 2020