31.7 C
Delhi
Wednesday, May 22, 2024
spot_img
spot_img

ਭਾਈ ਵੀਰ ਸਿੰਘ ਦਾ 150 ਸਾਲਾ ਜਨਮ ਦਿਵਸ ਵੱਡੇ ਪੱਧਰ ’ਤੇ ਮਨਾਵੇ ਸਰਕਾਰ ਅਤੇ ਸਿੱਖ ਸਮਾਜ: ਵਿਦਵਾਨਾਂ ਦੀ ਅਪੀਲ

ਅੱਜ ਖੋਜ ਸੰਸਥਾ ਨਾਦ ਪ੍ਰਗਾਸੁ ਵਿਖੇ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਡਾ. ਭਾਈ ਵੀਰ ਸਿੰਘ ਦੀ 74ਵੀਂ ਬਰਸੀ ਦੀ ਸੰਧਿਆ ਮੌਕੇ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਉਨ੍ਹਾਂ ਦੀਆਂ ਰਚਨਾਵਾਂ ਅਤੇ ਸ਼ਖਸੀਅਤ ਦੇ ਵੱਖ-ਵੱਖ ਪੱਖਾਂ ਉਪਰ ਚਰਚਾ ਕੀਤੀ ਗਈ। ਇਸ ਇਕੱਤਰਤਾ ਨੂੰ ਦੋ ਸੈਸ਼ਨਾਂ ਵਿਚ ਆਯੋਜਿਤ ਕੀਤਾ ਗਿਆ।

ਪਹਿਲੇ ਸੈਸ਼ਨ ਵਿਚ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦਾ ਗਾਇਨ ਅਤੇ ਉਚਾਰਨ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਜਦਕਿ ਦੂਜੇ ਸੈਸ਼ਨ ਦੌਰਾਨ ਉਨ੍ਹਾਂ ਦੇ ਚਿੰਤਨ ਅਤੇ ਸ਼ਖਸੀਅਤ ਉਪਰ ਵਿਚਾਰ ਚਰਚਾ ਹੋਈ।

ਇਕੱਤਰਤਾ ਦੇ ਪਹਿਲੇ ਸੈਸ਼ਨ ਵਿਚ ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਐਮ.ਪੀ. ਮਸੀਹ, ਰੇਸ਼ਮ ਸਿੰਘ, ਇੰਦਰਜੀਤ ਸਿੰਘ ਆਦਿ ਖੋਜਾਰਥੀਆਂ ਵੱਲੋਂ ਭਾਈ ਵੀਰ ਸਿੰਘ ਦੀ ਰਚਨਾਤਮਕ ਪ੍ਰਤਿਭਾ ਨੂੰ ਦਰਸਾਉਂਦੀਆਂ ਵੱਖ-ਵੱਖ ਕਵਿਤਾਵਾਂ ਦਾ ਗਾਇਨ ਅਤੇ ਉਚਾਰਨ ਕੀਤਾ ਗਿਆ ਜਿਨ੍ਹਾਂ ਵਿਚ ‘ਕਾਵਿ-ਰੰਗ ਸੁੰਦਰਤਾ’, ‘ਇੱਛਾਬਲ ਤੇ ਡੂੰਘੀਆਂ ਸ਼ਾਮਾਂ’,’ਚੜ੍ਹ ਚੱਕ ਤੇ ਚੱਕ ਘੁਮਾਨੀਆਂ’,’ਲੱਲੀ’,’ਭੁੱਲ ਚੁੱਕੀ ਸਭਿਅਤਾ’ ਆਦਿ ਦੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ਕਾਰੀ ਕੀਤੀ ਗਈ।

ਇਕੱਤਰਤਾ ਦੇ ਦੂਜੇ ਸੈਸ਼ਨ ਵਿਚ ਭਾਈ ਵੀਰ ਸਿੰਘ ਦੇ ਸਾਹਿਤਿਕ, ਸਮਾਜਿਕ ਅਤੇ ਅਧਿਆਤਮਿਕ ਯੋਗਦਾਨ ਨੂੰ ਵਿਚਾਰਿਆ ਗਿਆ। ਇਸ ਮੌਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਸੁਖਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਭਾਈ ਵੀਰ ਸਿੰਘ ਦੀ ਸਖਸ਼ੀਅਤ ਪਰੰਪਰਾਗਤ ਅਤੇ ਆਧੁਨਿਕ ਗਿਆਨ ਦੇ ਸੰਗਮ ਨੂੰ ਸਾਕਾਰ ਕਰਦੀ ਹੈ।

ਉਹਨਾਂ ਦੀਆਂ ਰਚਨਾਵਾਂ ਅੰਦਰ ਪੰਜਾਬ ਦੀ ਇੱਕ ਸਾਂਝੀ ਸੱਭਿਅਤਾ ਦੇ ਨਕਸ਼ ਵਿਦਮਾਨ ਹਨ, ਜਿਹਨਾਂ ਨੂੰ ਅਕਾਦਮਿਕ ਖੇਤਰ ਵਿੱਚ ਗਿਆਨਾਤਮਕ ਅਰਥ ਦਿੱਤੇ ਜਾਣ ਦੀ ਲੋੜ ਹੈ।

ਇਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੇ ਖੋਜਾਰਥੀ ਸੰਦੀਪ ਸ਼ਰਮਾ ਨੇ ਕਿਹਾ ਕਿ ਭਾਈ ਵੀਰ ਸਿੰਘ ਦੀ ਸਖਸ਼ੀਅਤ ਆਧੁਨਿਕਤਾ ਅਤੇ ਬਸਤੀਵਾਦ ਦੀਆਂ ਪਰਸਥਿਤੀਆਂ ਤੋਂ ਉਜਾਗਰ ਹੋਏ ਸਮਾਜਕ/ਸਭਿਆਚਾਰਕ/ਰਾਜਨੀਤਿਕ ਤਣਾਵਾਂ ਨੂੰ ਆਪਣੇ ਨਾਵਲਾਂ ਦੇ ਜ਼ਰੀਏ ਸੰਵਾਦੀ ਪੱਧਰ ‘ਤੇ ਸਾਕਾਰ ਕਰਦੀ ਹੈ, ਅਤੇ ਕਵੀ ਦੇ ਤੌਰ’ਤੇ ਉਹ ਕਾਇਨਾਤ ਵਿਚਲੇ ਸੰਗੀਤ ਨੂੰ ਆਪਣੀ ਕਵਿਤਾ ਵਿੱਚ ਸਾਕਾਰ ਕਰਦੇ ਹਨ ਜੋ ਕਿ ਉਹਨਾਂ ਦੀ ਸਾਹਿਤ ਦੇ ਰੂਪਾਂ ਬਾਬਤ ਅਨੁਭਵੀ ਪੱਧਰ ਦੀ ਪੁਖਤਾ ਸਮਝ ਵੱਲ ਇਸ਼ਾਰਾ ਕਰਦੀ ਹੈ।

ਇਸ ਮੌਕੇ ਦਿੱਲੀ ਯੂਨੀਵਰਸਿਟੀ ਤੋਂ ਹੀ ਖੋਜਾਰਥੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਦੇ ਨਾਵਲ ਖੇਤੀ ਅਤੇ ਸਨਅਤੀ ਆਦਰਸ਼ਾਂ ਨੂੰ ਆਪਣੇ ਅੰਦਰ ਯੋਗ ਸਥਾਨ ਦਿੰਦੇ ਹੋਏ ਇੱਕ ਹੋਰ ਤੀਜੇ ਮਾਡਲ ਦੀ ਆਧਾਰ-ਸ਼ਿਲਾ ਤਿਆਰ ਕਰਦੇ ਹਨ।ਇਸ ਲਈ ਉਹਨਾਂ ਦੇ ਨਾਵਲਾਂ ਨੂੰ ਰੂਪ ਅਤੇ ਵਿਸ਼ਾ-ਵਸਤੂ ਦੇ ਬਾਹਰੀ ਮਾਪਦੰਡਾਂ ਤੋਂ ਇਲਾਵਾ ਅੰਤਰੀਵੀ ਪੈਟਰਨਾਂ ਦੀ ਕਿਰਿਆਸ਼ੀਲਤਾ ਦੇ ਪ੍ਰਸੰਗ ਵਿੱਚ ਦੇਖਣ ਦੀ ਲੋੜ ਹੈ।

ਨਾਦ ਪ੍ਰਗਾਸੁ ਸੰਸਥਾ ਤੋਂ ਪੋ੍ਰ. ਜਗਦੀਸ਼ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਦੀ ਰਚਨਾਤਮਕ ਪ੍ਰਤਿਭਾ ਅਸਲ ਵਿੱਚ ਉਹਨਾਂ ਦੀ ਅਧਿਆਤਮਕ ਸਮਰੱਥਾ ਦਾ ਹੀ ਇੱਕ ਪਾਸਾਰ ਹੈ। ਉਹਨਾਂ ਨੇ ਆਪਣੀ ਰੂਹਾਨੀ ਊਰਜਾ ਨੂੰ ਸਾਹਿਤ ਅਤੇ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਵਿੱਚ ਵਿਕੇਂਦਰਿਤ ਕੀਤਾ ਹੈ।

ਭਾਈ ਵੀਰ ਸਿੰਘ ਦਾ ਅਸਲ ਬਿੰਬ ਸੰਤ ਸਖਸ਼ੀਅਤ ਵਾਲਾ ਹੈ। ਪੰਜਾਬੀ ਆਲੋਚਨਾ ਦੁਆਰਾ ਉਹਨਾਂ ਨੂੰ ਬਸਤੀਵਾਦੀ ਪਰਿਪੇਖ ਤੋਂ ਦੇਖਣਾ ਅਤੇ ਸਿੱਖ ਸਮਾਜ ਦੁਆਰਾ ਸਿੰਘ ਸਭਾਈ ਲੇਖਕ ਸਮਝਣਾ ਸਾਡੀ ਇਕਹਿਰੀ ਪਹੁੰਚ ਦੇ ਸੂਚਕ ਹਨ।

ਇਸ ਮੌਕੇ ਡਾ. ਜਸਵੰਤ ਸਿੰਘ ਅਤੇ ਕੋਮਲਪ੍ਰੀਤ ਸਿੰਘ ਵੀ ਹਾਜ਼ਿਰ ਸਨ।

(ਵਰਿੰਦਰਪਾਲ ਸਿੰਘ)
ਸਕੱਤਰ
ਨਾਦ ਪ੍ਰਗਾਸੁ, ਸ੍ਰੀ ਅੰਮ੍ਰਿਤਸਰ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION