ਜਲੰਧਰ, 03 ਅਪ੍ਰੈਲ, 2020 –
ਪ੍ਰਸਿੱਧ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਲਈ ਜ਼ੀਮਨ ਦੇਣ ਤੋਂ ਨਾਂਹ ਕਰਨ ’ਤੇ ਜਲੰਧਰ ਕੈਂਟ ਤੋਂ ਵਿਧਾਇਕ ਸ੍ਰ.ਪਰਗਟ ਸਿੰਘ ਵਲੋਂ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਗਿਆ ਕਿ ਇਹ ਸਾਰੀ ਮਨੁੱਖਤਾ ’ਤੇ ਕਾਲਾ ਧੱਬਾ ਹੈ।
ਅਪਣੇ ਬਿਆਨ ਵਿੱਚ ਵਿਧਾਇਕ ਜਲੰਧਰ ਕੈਂਟ ਨੇ ਕਿਹਾ ਕਿ ਇਹ ਬਹੁਤ ਹੀ ਅਮਨੁੱਖਤਾ ਭਰਿਆ ਅਸਭਿਅਕ ਵਤਾਰਾ ਹੈ ਜਿਸ ਨੇ ਸਾਰੀ ਦੁਨੀਆਂ ਵਿੱਚ ਵਸਦੇ ਲੋਕਾਂ ਨੂੰ ਹਲੂਣ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਦਾ ਪੰਜਾਬ ਵਿੱਚ ਹੋਣਾ ਜੋ ਕਿ ਮਹਾਨ ਗੁਰੂ ਤੇ ਪੈਗੰਬਰਾਂ ਦੀ ਧਰਤੀ ਹੈ ਦੀ ਕਦੇ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਹ ਸਿੱਖ ਫਲਸਫ਼ੇ ਦੇ ਵਿਰੁੱਧ ਹੈ ਜਿਸ ਧਰਮ ਨੇ ਸਭ ਨੂੰ ਧਾਰਮਿਕ ਸਹਿਣਸੀਲਤਾ,ਮਨੁੱਖਤਾ ਅਤੇ ਦਇਆ ਦਾ ਪਾਠ ਪੜਾਇਆ ਹੈ।
ਵਿਧਾਇਕ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਨੇ ਸਾਰੇ ਵਿਅਕਤੀਆਂ ਖਾਸ ਕਰਕੇ ਸਿੱਖਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਇਹ ਬੜਾ ਮੰਦਭਾਗਾ ਸਮਾਂ ਹੈ ਜਦੋਂ ਦੁਨੀਆਂ ਭਰ ਵਿੱਚ ਵਸਦੇ ਲੋਕਾਂ ਦੀਆਂ ਅੱਖਾਂ ਵਿਚੋਂ ਇਸ ਮਹਾਨ ਵਿਦਵਾਨ ਅਤੇ ਪ੍ਰਸਿੱਧ ਕੀਰਤਨੀਏ ਦੇ ਵਿਛੋੜੇ ’ਤੇ ਹੰਝੂ ਬਹਿ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਵਲੋਂ ਉਨਾਂ ਦੇ ਸੰਸਕਾਰ ਲਈ ਜਮੀਨ ਦੇਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਕਿਹਾ ਕਿ ਇਸ ਨਾਲ ਵਿਸ਼ਵ ਦੇ ਸਾਹਮਣੇ ਕੁਝ ਵਿਅਕਤੀ ਦੀ ਸੌੜੀ ਸੋਚ ਜਾਹਿਰ ਹੋਈ ਹੈ।
ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪਦਮਸ੍ਰੀ ਭਾਈ ਨਿਰਮਲ ਸਿੰਘ ਵਲੋਂ ਪੂਰੇ ਵਿਸ਼ਵ ਵਿੱਚ ਸਿੱਖ ਧਰਮ ਦੇ ਪ੍ਰਚਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਈ ਨਿਰਮਲ ਸਿੰਘ ਖਾਲਸਾ ਵਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਸਾਰਿਆਂ ਵਲੋਂ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਮਹਾਨ ਆਤਮਾ ਦੇ ਵਿਛੜ ਜਾਣ ਨਾਲ ਜੋ ਘਾਟਾ ਪਿਆ ਹੈ ਉਸ ਨੂੰ ਨੇੜਲੇ ਭਵਿੱਖ ਵਿੱਚ ਪੂਰਾ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਸੰਸਕਾਰ ਲਈ ਜਮੀਨ ਤੋਂ ਨਾਂਹ ਕਰਨ ਨੂੰ ਅਸਾਨੀ ਨਾਲ ਨਹੀਂ ਭੁਲਾਇਆ ਜਾ ਸਕਦਾ।
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ