27.1 C
Delhi
Sunday, April 28, 2024
spot_img
spot_img

ਭਗਵੰਤ ਮਾਨ ਨੇ ਨਵੇਂ ਸਥਾਪਤ ਕੀਤੇ ਫਾਇਰ ਸਟੇਸ਼ਨਾਂ ਲਈ 20 ਨਵੀਆਂ ਅੱਗ ਬੁਝਾਊ ਗੱਡੀਆਂ ਨੂੰ ਹਰੀ ਝੰਡੀ ਦਿਖਾਈ

ਯੈੱਸ ਪੰਜਾਬ
ਚੰਡੀਗੜ੍ਹ, 29 ਅਪ੍ਰੈਲ, 2022:
ਸੂਬੇ ਵਿਚ ਅੱਗ ਲੱਗਣ ਦੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅੱਗ ਸੁਰੱਖਿਆ ਦੇ ਬੁਨਿਆਦੀ ਢਾਂਚੇ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਣ ਲਈ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਨਵੇਂ ਸਥਾਪਿਤ ਕੀਤੇ 20 ਫਾਇਰ ਸਟੇਸ਼ਨਾਂ ਨੂੰ ਅੱਗ ਬੁਝਾਉਣ ਵਾਲੇ ਨਵੇਂ ਮਲਟੀਪਰਪਜ਼ ਫਾਇਰ ਅਤੇ ਮਿੰਨੀ ਫਾਇਰ ਟੈਂਡਰ ਸਮਰਪਿਤ ਕੀਤੇ।

ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਨਾਗਰਿਕ ਕੇਂਦਰਿਤ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਅੱਗ ਬੁਝਾਊ ਗੱਡੀਆਂ ਅੱਗ ਲੱਗਣ ਦੀਆਂ ਅਕਸਰ ਵਾਪਰਨ ਵਾਲੀਆਂ ਘਟਨਾਵਾਂ ਤੋਂ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਨ੍ਹਾਂ ਨਵੇਂ ਮਲਟੀਪਰਪਜ਼ ਅਤੇ ਮਿੰਨੀ ਫਾਇਰ ਟੈਂਡਰਾਂ ਨਾਲ ਉਦਯੋਗਿਕ ਇਕਾਈਆਂ ਤੋਂ ਇਲਾਵਾ ਵਾਢੀ ਦੇ ਸੀਜ਼ਨ ਦੌਰਾਨ ਖੜ੍ਹੀਆਂ ਫ਼ਸਲਾਂ ਨੂੰ ਅੱਗ ਲੱਗਣ ਦੀਆਂ ਵਾਪਰਦੀਆਂ ਘਟਨਾਵਾਂ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕੇਗਾ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅੱਜ ਦੁਪਹਿਰ ਇੱਥੇ ਮਿਉਂਸਪਲ ਭਵਨ ਤੋਂ ਇਨ੍ਹਾਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਦੌਰਾਨ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਵਿਵੇਕ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਹ ਫਾਇਰ ਟੈਂਡਰ 13 ਜ਼ਿਲ੍ਹਿਆਂ ਵਿੱਚ ਨਵੇਂ ਸਥਾਪਤ ਕੀਤੇ ਗਏ 20 ਫਾਇਰ ਸਟੇਸ਼ਨਾਂ ਲਈ ਭੇਜੇ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਰੋਪੜ, ਬਰਨਾਲਾ ਅਤੇ ਸੰਗਰੂਰ ਸ਼ਾਮਲ ਹਨ। ਇਸ ਤੋਂ ਇਲਾਵਾ ਵਿਭਾਗ ਨੂੰ ਜਲਦੀ ਹੀ ਫੌਰੀ ਕਾਰਵਾਈ ਕਰਨ ਵਾਲੇ ਵਾਹਨ (ਕੁਇਕ ਰਿਸਪਾਂਸ ਵਹੀਕਲ) ਪ੍ਰਾਪਤ ਹੋਣਗੇ, ਜੋ ਕਿ ਇਨ੍ਹਾਂ ਫਾਇਰ ਸਟੇਸ਼ਨਾਂ ਨੂੰ ਮੁਹੱਈਆ ਕਰਵਾਏ ਜਾਣਗੇ।

ਜ਼ਿਕਰਯੋਗ ਹੈ ਕਿ ਇਸ ਸਮੇਂ ਪੰਜਾਬ ਵਿੱਚ ਵੱਖ-ਵੱਖ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਅਧੀਨ ਕੁੱਲ 49 ਫਾਇਰ ਸਟੇਸ਼ਨ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 207 ਫਾਇਰ ਟੈਂਡਰ ਕੰਮ ਕਰ ਰਹੇ ਹਨ। ਫਿਲਹਾਲ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਰਤ ਵਿੱਚ ਇਨ੍ਹਾਂ ਫਾਇਰ ਟੈਂਡਰਾਂ ਨੂੰ 50 ਤੋਂ 60 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ।

ਲੋਕਾਂ ਨੂੰ ਤੇਜ਼ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਅਤੇ ਤੁਰੰਤ ਸੇਵਾਵਾਂ ਦੇਣ ਦੇ ਸਮੇਂ ਨੂੰ ਘਟਾਉਣ ਲਈ ਸੂਬਾ ਸਰਕਾਰ ਨੇ 20 ਨਵੇਂ ਫਾਇਰ ਸਟੇਸ਼ਨ ਸਥਾਪਿਤ ਕੀਤੇ ਹਨ ਅਤੇ ਇਸ ਨਾਲ ਇਨ੍ਹਾਂ ਫਾਇਰ ਸਟੇਸ਼ਨਾਂ ਦੀ ਗਿਣਤੀ 69 ਹੋ ਜਾਵੇਗੀ ਅਤੇ ਕੰਮ ਕਰਨ ਦਾ ਖੇਤਰ 50-60 ਕਿਲੋਮੀਟਰ ਤੋਂ ਘਟ ਕੇ 25-30 ਕਿਲੋਮੀਟਰ ਤੱਕ ਹੋ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਸਥਾਨਕ ਸਰਕਾਰਾਂ ਦੇ ਡਾਇਰੈਕਟਰ ਪੁਨੀਤ ਗੋਇਲ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION