27.1 C
Delhi
Friday, April 26, 2024
spot_img
spot_img

ਬਖ਼ਸ਼ੇ ਨਹੀਂ ਜਾਣਗੇ ਲੋਕਾਂ ਦੇ ਕੰਮਾਂ ਵਿੱਚ ਵਿਘਨ ਪਾਉਣ ਵਾਲੇ ਅਧਿਕਾਰੀ: ਨਵਜੋਤ ਸਿੰਘ ਸਿੱਧੂ

ਯੈੱਸ ਪੰਜਾਬ
ਅੰਮ੍ਰਿਤਸਰ, 23 ਨਵੰਬਰ, 2021 –
ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਅੰਮ੍ਰਿਤਸਰ ਪੂਰਬੀ ਦੇ ਵਿਧਾਇਕ ਸ: ਨਵਜੋਤ ਸਿੰਘ ਸਿੱਧੂ ਵਲੋਂ ਜਿਲ੍ਹਾ ਪ੍ਰਬੰਧਕੀ ਹਾਲ ਵਿਖੇ ਪੂਰਬੀ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਵਿਕਾਸ ਕਾਰਜਾਂ ਵਿੱਚ ਕੋਈ ਢਿੱਲਮਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲੋਕਾਂ ਦੇ ਕੰਮਾਂ ਵਿੱਚ ਰੁਕਾਵਟ ਪਾਉਣ ਵਾਲੇ ਅਧਿਕਾਰੀ ਬਖਸ਼ੇ ਨਹੀਂ ਜਾਣਗੇ।

ਸ: ਸਿੱਧੂ ਨੇ ਮੀਟਿੰਗ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਕਿਸੇ ਵੀ ਵਿਕਾਸ ਕਾਰਜ ਦੇ ਟੈਂਡਰ ਇਕ ਵਾਰ ਹੀ ਲੱਗਣੇ ਚਾਹੀਦੇ ਹਨ ਅਤੇ ਬਾਰ ਬਾਰ ਟੈਂਡਰ ਲਗਾਉਣ ਵਾਲੇ ਅਧਿਕਾਰੀਆਂ ਦੀ ਜਾਂਚ ਕੀਤੀ ਜਾਵੇਗੀ ਕਿ ਵਾਰ-ਵਾਰ ਟੈਂਡਰ ਲਗਾ ਕੇ ਸਮਾਂ ਕਿਉਂ ਖ਼ਰਾਬ ਕੀਤਾ ਗਿਆ? ਸ: ਸਿੱਧੂ ਨੇ ਕਿਹਾ ਕਿ ਉਹ ਛੇਤੀ ਹੀ ਫਿਰ ਮੀਟਿੰਗ ਕਰਨਗੇ ਅਤੇ ਜਿਹੜੇ ਅਧਿਕਾਰੀਆਂ ਵੱਲੋਂ ਫੰਡਾਂ ਦੀ ਵਰਤੋਂ ਨਹੀਂ ਕੀਤੀ ਗਈ ਉਨਾਂ ਦੀ ਜਵਾਬਦੇਹੀ ਨਿਸ਼ਚਿਤ ਕੀਤੀ ਜਾਵੇਗੀ।

ਨਾਂ ਕਿਹਾ ਕਿ ਸਰਕਾਰ ਵਲੋਂ ਵਿਕਾਸ ਕਾਰਜਾਂ ਵਿੱਚ ਫੰਡਾਂ ਦੀ ਕੋਈ ਵੀ ਰੁਕਾਵਟ ਨਹੀਂ ਆਉਣ ਦਿੱਤੀ ਜਾਂਦੀ ਪਰ ਕੁਝ ਅਧਿਕਾਰੀਆਂ ਵਲੋਂ ਜਾਣ-ਬੁੱਝ ਕੇ ਵਿਕਾਸ ਕਾਰਜ ਦੇਰੀ ਨਾਲ ਕੀਤੇ ਜਾਂਦੇ ਹਨ, ਜੋ ਕਿ ਬਰਦਾਸ਼ਤਯੋਗ ਨਹੀਂ ਹਨ। ਉਨਾਂ ਕਿਹਾ ਕਿ ਅਗਲੀ ਹੋਣ ਵਾਲੀ ਮੀਟਿੰਗ ਵਿਚ ਅਧਿਕਾਰੀ ਇਹ ਰਿਪੋਰਟ ਲੈ ਕੇ ਆਉਣ ਕਿ ਕਿਥੇ ਕੰਮ ਰੁਕਿਆ ਜਾਂ ਸ਼ੁਰੂ ਕਿਉਂ ਨਹੀਂ ਹੋਇਆ?

ਸ: ਸਿੱਧੂ ਨੇ ਕਿਹਾ ਕਿ ਹਲਕਾ ਪੂਰਬੀ ਵਿੱਚ ਸਭ ਤੋਂ ਪਹਿਲਾਂ ਗੋਲਡਨ ਗੇਟ ਤੋਂ ਲੈ ਕੇ ਹੁਸੈਨਪੁਰਾ ਚੌਂਕ ਤੱਕ ਦਾ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਰਸਤੇ ਵਿੱਚ ਕਿਤੇ ਵੀ ਰੇਤ ਦੀਆਂ ਟਰਾਲੀਆਂ ਖੜ੍ਹੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਉਨਾਂ ਸਬੰਧਤ ਅਧਿਕਾਰੀਆ ਨੂੰ ਨਿਰਦੇਸ਼ ਦਿੱਤੇ ਕਿ ਇਸ ਕੰਮ ਨੂੰ ਤੁਰੰਤ ਸ਼ੁਰੂ ਕਰਵਾਉਣ ਤਾਂ ਜੋ ਬਾਹਰੋਂ ਆਉਣ ਵਾਲੇ ਯਾਤਰੂਆਂ ’ਤੇ ਇਸਦਾ ਚੰਗਾ ਪ੍ਰਭਾਵ ਪਵੇ।

ਸ: ਸਿੱਧੂ ਨੇ ਪੂਰਬੀ ਹਲਕੇ ਵਿੱਚ ਸਟਰੀਟ ਲਾਈਟਾਂ ਅਤੇ ਮੁਧਲ ਰੋਡ ਤੇ ਬਣਨ ਵਾਲੀ ਸੜ੍ਹਕ ਵਿੱਚ ਦੇਰੀ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਬੰਧ ਵਿੱਚ ਉਹ ਆਪਣਾ ਲਿਖ਼ਤੀ ਜਵਾਬ ਪੇਸ਼ ਕਰਨ ਕਿ ਅਜੇ ਤੱਕ ਸਟਰੀਟ ਲਾਈਟਾਂ ਕਿਉਂ ਨਹੀਂ ਲੱਗੀਆਂ, ਜਦਕਿ ਪੂਰੇ ਫੰਡਜ਼ ਆਏ ਹੋਏ ਹਨ ਅਤੇ ਇਸੇ ਤਰ੍ਹਾਂ ਹੀ ਮੁਧਲ ਸੜ੍ਹਕ ਦੇ ਕੰਮ ਵਿੱਚ ਦੇਰੀ ਕਿਉਂ ਹੋਈ ਹੈ। ਉਨਾਂ ਕਿਹਾ ਕਿ ਪੂਰਬੀ ਹਲਕੇ ਵਿੱਚ ਸਟਰੀਟ ਲਾਈਟਾਂ ਲਈ ਇੱਕ ਕਰੋੜ ਰੁਪਏ ਦਿੱਤੇ ਗਏ ਸਨ। ਪਰ ਫਿਰ ਵੀ ਅਜੇ ਤੱਕ ਸਟਰੀਟ ਲਾਟੀਟਾਂ ਦਾ ਕੰਮ ਮੁਕੰਮਲ ਕਿਉਂ ਨਹੀਂ ਹੋਇਆ।

ਸ: ਸਿੱਧੂ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਕੋਡ ਆਫ਼ ਕੰਡਕ ਲੱਗਣ ਤੋਂ ਪਹਿਲਾਂ ਪਹਿਲਾਂ ਸਾਰੇ ਵਿਕਾਸ ਕਾਰਜਾਂ ਦੇ ਟੈਂਡਰ ਲਗਾਉਣ ਅਤੇ ਸਮਾਬੱਧ ਤਰੀਕੇ ਨਾਲ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਜਾਵੇ। ਉਨਾਂ ਕਿਹਾ ਕਿ ਖਾਸ ਕਰਕੇ ਵਿਕਾਸ ਕਾਰਜਾਂ ਦੀ ਗੁਣਵੱਤਾ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦਸਿਆ ਕਿ ਪੂਰਬੀ ਹਲਕੇ ਵਿੱਚ 265 ਕੰਮਾਂ ਵਿਚੋਂ 29 ਕੰਮ ਮੁਕੰਮਲ ਹੋ ਚੁੱਕੇ ਹਨ ਅਤੇ 120 ਦੇ ਟੈਂਡਰ ਲੱਗ ਚੁੱਕੇ ਹਨ ਅਤੇ 116 ਕੰਮਾਂ ’ਤੇ ਕੰਮ ਚਲ ਰਿਹਾ ਹੈ। ਉਨਾਂ ਦੱਸਿਆ ਕਿ ਪੂਰਬੀ ਹਲਕੇ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਕੰਮ ਕਰਵਾਉਣ ਵਾਲੀਆਂ ਸਬੰਧਤ ਏਜੰਸੀਆਂ ਨੂੰ ਫੰਡ ਅਲਾਟ ਕਰ ਦਿੱਤੇ ਗਏ ਹਨ।

ਇਸ ਮੀਟਿੰਗ ਵਿੱਚ ਮੇਅਰ ਨਗਰ ਨਿਗਮ ਸ: ਕਰਮਜੀਤ ਸਿੰਘ ਰਿੰਟੂ, ਚੇਅਰਮੈਨ ਨਗਰ ਸੁਧਾਰ ਟਰੱਸਟ ਸ: ਦਮਨਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ, ਐਸ.ਡੀ.ਐਮ. ਸ੍ਰੀ ਟੀ ਬੈਨਿਥ ਅਤੇ ਰਾਜੇਸ਼ ਸ਼ਰਮਾ, ਐਕਸੀਅਨ ਸ: ਇੰਦਰਜੀਤ ਸਿੰਘ, ਨਗਰ ਨਿਗਮ ਦੇ ਐਸ.ਸੀ. ਸ੍ਰੀ ਮਹਾਜਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION