30.1 C
Delhi
Saturday, April 27, 2024
spot_img
spot_img

ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੇ ਘੇਰਿਆ ਮੁੱਖ ਮੰਤਰੀ ਦਾ ਸਿਸਵਾਂ ਫਾਰਮ ਹਾਊਸ, ਪੁਲਿਸ ਨੇ ਖਿੱਚ-ਧੂਹ ਕਰਕੇ ਜਬਰੀ ਚੁੱਕਿਆ

ਯੈੱਸ ਪੰਜਾਬ
ਮੋਹਾਲੀ/ਚੰਡੀਗੜ੍ਹ, 28 ਜੂਨ, 2021 –
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਚੁੱਪ ਚੁਪੀਤੇ ਪ੍ਰਸ਼ਾਸਨ ਨੂੰ ਭੁਲੇਖਾ ਪਾਉਂਦੇ ਹੋਏ ਸਿਸਵਾਂ ਫ਼ਾਰਮ ਹਾਊਸ ਕੋਲ ਪਹੁੰਚ ਗਏ। ਜਿੱਥੇ ਅੱਜ ਤਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਸ਼ਾਸਨ ਤੋਂ ਬਿਨਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਉੱਥੇ ਬੇਰੁਜ਼ਗਾਰ ਅਧਿਆਪਕਾਂ ਨੇ ਸੈਂਕਡ਼ਿਆਂ ਦੀ ਗਿਣਤੀ ਵਿੱਚ ਪਹੁੰਚ ਕੇ ਮੋਹਾਲੀ ਪ੍ਰਸ਼ਾਸਨ ਨੂੰ ਭਾਜੜਾਂ ਪੁਆ ਦਿੱਤੀਆਂ।

ਜਦੋਂ ਬੇਰੁਜ਼ਗਾਰ ਅਧਿਆਪਕ ਸ਼ਾਂਤਮਈ ਤਰੀਕੇ ਨਾਲ ਸਿਸਵਾਂ ਫ਼ਾਰਮ ਹਾਊਸ ਦੇ ਬਾਹਰ ਬੈਠੇ ਸਨ ਤਾਂ ਪੁਲੀਸ ਪ੍ਰਸ਼ਾਸਨ ਵੱਲੋਂ ਭਾਰੀ ਪੁਲੀਸ ਬਲ ਬੁਲਾਇਆ ਗਿਆ ਤੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਪੁਲੀਸ ਪ੍ਰਸ਼ਾਸਨ ਵੱਲੋਂ ਜਬਰੀ ਖਿੱਚ ਧੂਹ ਕਰਦੇ ਹੋਏ 100 ਤੋਂ ਵੱਧ ਮ ਬੇਰੁਜ਼ਗਾਰ ਅਧਿਆਪਕਾਂ ਨੂੰ ਜ਼ਬਰੀ ਚੁੱਕ ਲਿਆ ਗਿਆ। ਜਿਸ ਦੌਰਾਨ ਮੰਗਲ ਮਾਨਸਾ ਤੇ ਮਨੋਜ ਫਿਰੋਜ਼ਪੁਰ ਬੇਹੋਸ਼ ਤੱਕ ਹੋ ਗਏ।

ਬੇਰੁਜ਼ਗਾਰ ਅਧਿਆਪਕਾਵਾਂ ਨੂੰ ਪੁਰਸ਼ ਪੁਲੀਸ ਮੁਲਾਜ਼ਮਾਂ ਵੱਲੋਂ ਜਬਰੀ ਘਸੀਟਦੇ ਹੋਏ ਗ੍ਰਿਫਤਾਰ ਕੀਤਾ ਗਿਆ। ਜਿਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਨੂੰ ਮੁੱਲਾਂਪੁਰ ਤੇ ਘੜੂੰਆਂ ਥਾਣੇ ਲਿਜਾਇਆ ਗਿਆ।

ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਨਿਰਮਲ ਜ਼ੀਰਾ, ਕੁਲਦੀਪ ਖੋਖਰ ਸ਼ਲਿੰਦਰ ਕੰਬੋਜ, ਬਲਵਿੰਦਰ ਕਾਕਾ ਤੇ ਰਵਿੰਦਰ ਅਬੋਹਰ ਨੇ ਕਿਹਾ ਕਿ 100 ਦਿਨਾਂ ਤੋਂ ਸੁਰਿੰਦਰਪਾਲ ਗੁਰਦਾਸਪੁਰ ਲੀਲਾ ਭਵਨ ਵਿਖੇ ਬੀ.ਐੱਸ.ਐੱਨ.ਐੱਲ. ਟਾਵਰ ਉਪਰ ਡਟਿਆ ਹੋਇਆ ਹੈ ਤੇ ਅੱਜ ਉਸ ਦਾ ਮਰਨ ਵਰਤ ਨੌਵੇਂ ਦਿਨ ਵਿੱਚ ਦਾਖ਼ਲ ਹੋ ਚੁੱਕਾ ਹੈ। ਪਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਸੁਰਿੰਦਰਪਾਲ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ।

ਸੁਰਿੰਦਰਪਾਲ ਗੁਰਦਾਸਪੁਰ ਦਾ ਸ਼ੂਗਰ ਪੱਧਰ 40 ਤੋਂ ਵੀ ਹੇਠਾਂ ਆ ਚੁੱਕਿਆ ਹੈ ਉਸਦੇ ਨਾਲ ਕਿਸੇ ਵੀ ਪਲ ਕੋਈ ਵੀ ਦੁਰਘਟਨਾ ਵਾਪਰਨ ਵਾਪਰ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਟਾਵਰ ਤੇ ਬੈਠੇ ਬੇਰੁਜ਼ਗਾਰ ਅਧਿਆਪਕ ਦੀ ਮੰਗਾਂ ਮੰਨਣ ਦੀ ਬਜਾਏ ਉਸ ਉੱਪਰ ਲਗਾਤਾਰ ਅਣਮਨੁੱਖੀ ਤਸ਼ੱਦਦ ਢਾਹਿਆ ਜਾ ਰਿਹਾ ਹੈ ।

ਸ ਮੌਕੇ ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਜਲਦ ਹੱਲ ਨਹੀਂ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ।

ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀਆਂ ਮੰਗਾਂ :-

1) 10000 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।

2) 2364 ਈ.ਟੀ.ਟੀ. ਦੀਆਂ ਅਸਾਮੀਆਂ ਵਿੱਚ ਸਿਰਫ਼ ਈ.ਟੀ.ਟੀ. ਟੈੱਟ ਪਾਸ ਉਮੀਦਵਾਰਾਂ ਨੂੰ ਹੀ ਵਿਚਾਰਿਆ ਜਾਵੇ ।

3) ਸਿੱਖਿਆ ਪ੍ਰੋਵਾਈਡਰ ਤੇ ਵਲੰਟੀਅਰਾਂ ਨੂੰ ਦਿੱਤੇ ਗਏ ਵਾਧੂ ਅੰਕਾਂ ਦੀ ਸ਼ਰਤ ਹਟਾਈ ਜਾਵੇ।

4) ਉਚੇਰੀ ਯੋਗਤਾ ਦੇ ਨੰਬਰਾਂ ਦੀ ਸ਼ਰਤ ਹਟਾਈ ਜਾਵੇ।

5) ਉਮਰ ਹੱਦ ਵਿਚ ਛੋਟ ਦਿੱਤੀ ਜਾਵੇ।

ਮੁੱਖ ਮੰਤਰੀ ਦੇ ਦਰ ਤੇ ਰੁਜ਼ਗਾਰ ਮੰਗਣ ਗਏ ਬੇਰੁਜ਼ਗਾਰ ਅਧਿਆਪਕਾਂ ਨੂੰ ਜ਼ਬਰੀ ਚੁੱਕਣ ਦੀ ਨਿਖੇਧੀ

ਘਰ-ਘਰ ਰੁਜ਼ਗਾਰ ਦੇ ਜੁਮਲੇ ਸਹਾਰੇ ਸੱਤਾ ਹਥਿਆਉਣ ਵਾਲੀ ਕੈਪਟਨ ਸਰਕਾਰ ਵੱਲੋਂ ਆਪਣੇ ਅੱਜ ਰੁਜ਼ਗਾਰ ਦੀ ਮੰਗ ਲਈ ਕੈਪਟਨ ਦੇ ਦਰ ਅੱਗੇ ਫ਼ਰਿਆਦ ਕਰਨ ਆਏ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੂੰ ਜ਼ਬਰੀ ਚੁੱਕ ਕੇ, ਆਮ ਲੋਕਾਂ ਦੇ ਧੀਆਂ ਪੁੱਤਰਾਂ ਲਈ ਗੂੰਗੇ ਤੇ ਬੋਲੇ ਹੋਣ ਅਤੇ ਪੰਜਾਬ ਦੇ ਧੱਕੇ-ਜਬਰ ਭਰੇ ਪੁੁਲਸੀਆ ਰਾਜ ਵਿਚ ਤਬਦੀਲ ਹੋਣ ਦਾ ਸਬੂਤ ਦਿੱਤਾ ਗਿਆ, ਜਿਸ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ।

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਾਉਦੇ ਹੋਏ ਕਿਹਾ ਕਿ ਉਹ ਪਿਛਲੇ ਸਾਢੇ ਚਾਰ ਸਾਲ ਤੋਂ ਲੋਕਾਂ ਦੀ ਕਚਿਹਰੀ ‘ਚੋਂ ਗਾਇਬ ਹਨ ਅਤੇ ਆਪਣੇ ਓਐੱਸਡੀਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਰਾਹੀਂ ਆਮ ਲੋਕਾਂ ਦੇ ਧੀਆਂ ਪੁੱਤਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਨਿੱਤ ਦਿਨ ਹੱਕ ਮੰਗਦੇ ਲੋਕਾਂ ‘ਤੇ ਹੋਣ ਵਾਲੇ ਲਾਠੀਚਾਰਜ ਗਵਾਹੀ ਭਰਦੇ ਹਨ ਕਿ ਕੈਪਟਨ ਅਤੇ ਮੋਦੀ ਨੀਤੀਆਂ ਪੱਖੋਂ ਇੱਕੋ ਥਾਲੀ ਦੇ ਚੱਟੇ ਵੱਟੇ ਹਨ, ਉਪਰੋਂ ਭਾਵੇਂ ਦੋਵੇ ਅੱਡ ਅੱਡ ਪਾਰਟੀ ਪ੍ਰਮੁੱਖ ਹੋਣ ਦਾ ਦਿਖਾਵਾ ਕਰ ਰਹੇ ਹਨ।

ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਗਪਾਲ ਬੰਗੀ, ਜਸਵਿੰਦਰ ਔਜਲਾ, ਸੂਬਾ ਆਗੂਆਂ ਹਰਦੀਪ ਟੋਡਰਪੁਰ, ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸਨ ਅਤੇ ਪਵਨ ਕੁਮਾਰ, ਜਥੇਬੰਦਕ ਸਕੱਤਰ ਰੁਪਿੰਦਰ ਪਾਲ ਗਿੱਲ, ਨਛੱਤਰ ਸਿੰਘ ਤਰਨਤਾਰਨ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਆਦਿ ਨੇ ਕਿਹਾ ਕਿ ਲੋਕਾਂ ਨੂੰ ਅਖੌਤੀ ਕਾਨੂੰਨਾਂ ਦੀ ਸਿੱਖਿਆ ਦੇਣ ਵਾਲਿਆਂ ਸੱਤਾਧਾਰੀ ਸਿਆਸੀ ਲੀਡਰਾਂ ਵੱਲੋਂ ਖੁਦ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਚਹੇਤਿਆਂ ਨੂੰ ਤਹਿਸੀਲਦਾਰਾਂ ਅਤੇ ਡੀਐਸਪੀਆਂ ਦੀਆਂ ਸਿੱਧੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਜਦ ਕਿ ਕਾਬਿਲ ਅਤੇ ਮਿਹਨਤੀ ਜੁਆਨੀ ਸੜਕਾਂ ‘ਤੇ ਡੰਡੇ ਖਾਂਦੀ ਰੁਲ ਰਹੀ ਹੈ।

ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸਾਰੇ ਬੇਰੁਜ਼ਗਾਰਾਂ ਦੀਆਂ ਮੰਗਾਂ ਪਹਿਲ ਦੇ ਅਧਾਰ ‘ਤੇ ਵਿਚਾਰ ਕੇ ਸਮੂਹ ਵਿਭਾਗਾਂ ਵਿੱਚ ਪਈਆਂ ਖਾਲੀ ਪੋਸਟਾਂ ਦੀ ਭਰਤੀ ਕਰੇ। ਨਿੱਜੀਕਰਨ ਦੀ ਨੀਤੀ ਤਹਿਤ ਸਰਕਾਰੀ ਸਕੂਲਾਂ ਵਿੱਚ ਪੋਸਟਾਂ ਦਾ ਖ਼ਾਤਮਾ ਕਰਨ ਦੀ ਬਜਾਏ ਸਮੂਹ ਬੇਰੁਜ਼ਗਾਰ ਅਧਿਆਪਕਾਂ ਤੇ ਹੋਰਨਾਂ ਬੇਰੁਜ਼ਗਾਰਾਂ ਲਈ ਪੰਜਾਬ ਪੈਟਰਨ ਦੀ ਪੂਰੀ ਤਨਖਾਹ ਸਕੇਲ ‘ਤੇ ਪੱਕੀਆਂ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇ।

ਡੀਟੀਐੱਫ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨੀ ਵਲੋਂ ਮੋਦੀ ਸਰਕਾਰ ਖਿਲਾਫ਼ ਕੀਤੇ ਜਾ ਰਹੇ ਆਰ-ਪਾਰ ਦੇ ਸੰਘਰਸ਼ ਤੋਂ ਸੇਧ ਲੈਂਦਿਆਂ ਵੱਖ ਵੱਖ ਵਰਗਾਂ ਨੂੰ ਜੱਥੇਬੰਦ ਹੁੰਦਿਆਂ ਪੰਜਾਬ ਦੀ ਜ਼ਾਲਮ ਕਾਂਗਰਸ ਸਰਕਾਰ ਖ਼ਿਲਾਫ਼ ਵੀ ਤਿੱਖੇ ਘੋਲ ਵਿੱਢਣੇ ਚਾਹੀਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION