27.1 C
Delhi
Friday, April 26, 2024
spot_img
spot_img

ਬੇਅਦਬੀ ਅਤੇ ਮਹਿੰਗੀ ਬਿਜਲੀ ਮੁੱਦਿਆਂ ’ਤੇ ‘ਆਪ’ ਵਿਧਾਇਕਾਂ ਨੇ ਕੀਤਾ ਵਿਧਾਨ ਸਭਾ ਵਿਚੋਂ ਵਾਕ ਆਊਟ

ਚੰਡੀਗੜ੍ਹ, 5 ਅਗਸਤ 2019:
ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਦੂਜੇ ਦਿਨ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਮਹਿੰਗੀ ਬਿਜਲੀ, ਬੇਅਦਬੀ ਮਾਮਲਿਆਂ ਬਾਰੇ ਬੇਸਿੱਟਾ ਜਾਂਚਾਂ ਅਤੇ ਸਦਨ ‘ਚ ਪੇਸ਼ ਕੀਤੇ ਜਾਣ ਵਾਲੇ ਬਿਲ ਮੈਂਬਰ ਵਿਧਾਇਕਾਂ ਨੂੰ ਰੂਲ ਬੁੱਕ ਨਿਯਮਾਂ-ਕਾਨੂੰਨਾਂ ਅਨੁਸਾਰ ਪਹਿਲਾ ਭੇਜਣ ਦੀ ਥਾਂ ਐਨ ਮੌਕੇ ‘ਤੇ ਦਿੱਤੇ ਜਾਣ ਦੇ ਵਿਰੋਧ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਹੇਠ ਵਾਕਆਊਟ ਕੀਤਾ। ਇਸ ਤੋਂ ਪਹਿਲਾਂ ‘ਆਪ’ ਵਿਧਾਇਕਾਂ ਨੇ ਸਪੀਕਰ ਸਾਹਮਣੇ ਖੜੇ ਹੋ ਕੇ ਨਾਅਰੇਬਾਜ਼ੀ ਅਤੇ ਰੋਸ ਜਤਾਇਆ।

ਵਾਕਆਊਟ ਕਰਨ ਉਪਰੰਤ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਦੱਸਿਆ ਕਿ ਕੈਪਟਨ ਸਰਕਾਰ ਆਪਣੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਹਰ ਮੁਹਾਜ਼ ‘ਤੇ ਫ਼ੇਲ੍ਹ ਸਾਬਤ ਹੋਈ ਹੈ।

ਅਮਨ ਅਰੋੜਾ ਨੇ ਬੇਅਦਬੀ ਮਾਮਲੇ ‘ਤੇ ਕਿਹਾ ਕਿ 4 ਸਾਲਾਂ ‘ਚ ਵੱਖ-ਵੱਖ ਵਿਸ਼ੇਸ਼ ਜਾਂਚ ਟੀਮਾਂ (ਸਿਟ), ਜਸਟਿਸ ਰਣਜੀਤ ਸਿੰਘ ਕਮਿਸ਼ਨ ਸਮੇਤ ਵੱਖ-ਵੱਖ ਜੁਡੀਸ਼ੀਅਲ ਜਾਂਚਾਂ ਅਤੇ ਸੀਬੀਆਈ ਦੀ ਜਾਂਚ ਦੌਰਾਨ ਹੁਣ ਤੱਕ ਕੀ ਨਿਚੋੜ ਸਾਹਮਣੇ ਆਇਆ ਹੈ, ਸਰਕਾਰ ਇਸ ਬਾਰੇ ‘ਵਾਈਟ ਪੇਪਰ’ ਜਾਰੀ ਕਰੇ। ‘ਆਪ’ ਆਗੂਆਂ ਨੇ ਇਸ ਮੁੱਦੇ ‘ਤੇ ਵਿਧਾਨ ਸਭਾ ਦੇ 2 ਰੋਜ਼ਾ ਵਿਸ਼ੇਸ਼ ਇਜਲਾਸ ਦੀ ਮੰਗ ਵੀ ਸਦਨ ਦੇ ਅੰਦਰ ਅਤੇ ਬਾਹਰ ਰੱਖੀ।

ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ‘ਚ ਹੱਦੋਂ ਵੱਧ ਮਹਿੰਗੀ ਬਿਜਲੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਮਾਰੂ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਕਰਨ ਦੀ ਮੰਗ ਨੂੰ ਲੈ ਕੇ ‘ਕੰਮ ਰੋਕੂ’ ਪ੍ਰਸਤਾਵ ਲਿਆਂਦਾ ਗਿਆ ਸੀ, ਪਰੰਤੂ ਉਸ ਨੂੰ ਵੀ ਸਵੀਕਾਰ ਨਹੀਂ ਕੀਤਾ ਗਿਆ, ਇਸ ਕਰਕੇ ‘ਆਪ’ ਨੇ ਰੋਸ ਵਜੋਂ ‘ਵਾਕ ਆਊਟ’ ਕੀਤਾ ਹੈ।

ਅਮਨ ਅਰੋੜਾ ਨੇ ਸਰਕਾਰ ਅਤੇ ਸਪੀਕਰ ਵੱਲੋਂ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਪੱਖਪਾਤ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ‘ਬਿੱਲਾਂ ਦੀ ਪੇਸ਼ਕਾਰੀ ਅਤੇ ਜਨਤਕ ਕਰਨ ਲਈ ਤੈਅ ਨਿਯਮਾਵਲੀ 115 ਅਨੁਸਾਰ ਕੋਈ ਵੀ ਬਿਲ ਪੇਸ਼ ਕਰਨ ਲਈ 15 ਦਿਨ ਦਾ ਨੋਟਿਸ ਦੇਣਾ ਹੁੰਦਾ ਹੈ ਤਾਂ ਕਿ ਬਿਲ ‘ਤੇ ਬਹਿਸ ‘ਚ ਹਿੱਸਾ ਲੈਣ ਲਈ ਮੈਂਬਰ ਵਿਧਾਇਕ ਤਿਆਰੀ ਕਰ ਸਕਣ ਪਰੰਤੂ ਹਰ ਵਾਰ ਐਨ ਮੌਕੇ ਸਿਰ ਬਿੱਲ ਸਾਹਮਣੇ ਰੱਖਿਆ ਜਾਂਦਾ ਹੈ, ਜੋ ਨਿਯਮ ਕਾਨੂੰਨ ਅਤੇ ਮੈਂਬਰ ਵਿਧਾਇਕਾਂ ਦੀ ਤੌਹੀਨ ਹੈ। ਵਾਕਆਊਟ ਦਾ ਇੱਕ ਕਾਰਨ ਇਹ ਵੀ ਦੱਸਿਆ।

ਇਸ ਤੋਂ ਪਹਿਲਾਂ ਸਦਨ ‘ਚ ਇਸ ਮੁੱਦੇ ‘ਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ‘ਆਪ’ ਵਿਧਾਇਕਾਂ ਦੇ ਇਤਰਾਜ਼ ਨਾਲ ਇਤਫ਼ਾਕ ਜਤਾਉਂਦੇ ਹੋਏ ਗੇਂਦ ਸਰਕਾਰ ਦੇ ਪਾਲੇ ‘ਚ ਸੁੱਟ ਦਿੱਤੀ। ਜਿਸ ‘ਤੇ ਪਾਰਲੀਮਾਨੀ ਮੰਤਰੀ ਬ੍ਰਹਮ ਮਹਿੰਦਰਾ ਨੇ ਪਹਿਲਾਂ ਤਾਂ ਬਿਲ ਇੱਕ ਦਿਨ ਪਹਿਲਾਂ ਮੈਂਬਰ ਵਿਧਾਇਕਾਂ ਦੇ ਘਰ ਪੁੱਜਦੇ ਕਰਨ ਦਾ ਦਾਅਵਾ ਕੀਤਾ ਪਰੰਤੂ ਜਦ ਤਿੱਖਾ ਵਿਰੋਧ ਹੋਇਆ ਤਾਂ ਉਨ੍ਹਾਂ ਸਾਰਾ ਠੀਕਰਾ ਅਫ਼ਸਰਸ਼ਾਹੀ ਸਿਰ ਭੰਨਦੇ ਹੋਏ ਇਕਬਾਲ ਕੀਤਾ ਕਿ ਸਰਕਾਰ ਇਸ ਲਈ ਅਸਫਲ ਰਹੀ ਹੈ ਅਤੇ ਅੱਗੇ ਤੋਂ ਧਿਆਨ ਰੱਖਿਆ ਜਾਵੇਗਾ।

ਵਾਕਆਊਟ ਕਰਨ ਵਾਲਿਆਂ ‘ਚ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਸਮੇਤ ਕੁਲਤਾਰ ਸਿੰਘ ਸੰਧਵਾਂ, ਬੀਬੀ ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ, ਜੈ ਕ੍ਰਿਸ਼ਨ ਸਿੰਘ ਰੋੜੀ, ਪ੍ਰਿੰਸੀਪਲ ਬੁੱਧਰਾਮ, ਮੀਤ ਹੇਅਰ ਅਤੇ ਕੁਲਵੰਤ ਸਿੰਘ ਪੰਡੋਰੀ ਸ਼ਾਮਲ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION