ਅੱਜ-ਨਾਮਾ
ਬਦਲਿਆ ਜਦੋਂ ਅਮਰੀਕਾ ਦਾ ਰਾਜ ਬੇਲੀ,
ਹਾਕਮ ਨਵੇਂ ਨੇ ਪਹਿਨ ਲਿਆ ਤਾਜ ਬੇਲੀ।
ਬਦਲਦਾ ਕਈ ਕੁਝ ਦਿੱਸਦਾ ਸਾਫ ਲੱਗਦਾ,
ਆਉਂਦੀ ਇਹੋ ਜਿਹੀ ਸੁਣੀ ਆਵਾਜ਼ ਬੇਲੀ।
ਪਾ ਗਿਆ ਗੰਦ ਜਿਹਾ ਕਹਿਣ ਟਰੰਪ ਓਥੇ,
ਹਟ ਗਏ ਖੜਕਣੋਂ ਉਹਦੇ ਨੇ ਸਾਜ਼ ਬੇਲੀ।
ਨਫਰਤ ਬਾਹਲੀ ਫਿਰ ਧੂੜ ਕੇ ਗਲੋਂ ਲੱਥਾ,
ਆਇਆ ਪੁੱਠੇ ਨਹੀਂ ਕੰਮਾਂ ਤੋਂ ਬਾਜ਼ ਬੇਲੀ।
ਦੱਸਿਆ ਜਾਂਦਾ ਕਿ ਸੁਧਰਨ ਹਾਲਾਤ ਲੱਗੇ,
ਸੁਣਿਆ ਖੁਸ਼ੀ ਜਿਹੀ ਲੋਕ ਮਨਾਉਣ ਲੱਗੇ।
ਦਿਨ ਦਸ ਨਹੀਂ ਬੀਤੇ ਤਾਂ ਖਬਰ ਕਹਿੰਦੀ,
ਸੁਖਾਲੀ ਹਵਾ ਦੇ ਬੁੱਲੇ ਹਨ ਆਉਣ ਲੱਗੇ।
-ਤੀਸ ਮਾਰ ਖਾਂ
ਜਨਵਰੀ 29, 2021