30.1 C
Delhi
Friday, April 26, 2024
spot_img
spot_img

ਪੰਜਾਬ ਸਰਕਾਰ ਵੱਲੋਂ ਲੀਡਰਸ਼ਿਪ ਟ੍ਰੇਨਿੰਗ ਸਬੰਧੀ ਸਿੰਗਾਪੁਰ ਦੇ ਸੀ.ਆਈ.ਜੀ. ਨਾਲ ਸਮਝੌਤਾ ਸਹੀਬੱਧ

ਚੰਡੀਗੜ੍ਹ, 26 ਫਰਵਰੀ, 2020:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਅੱਜ ਇੱਥੇ ਪੰਜਾਬ ਵਿਧਾਨ ਸਭਾ ਵਿਖੇ ਪੰਜਾਬ ਸਰਕਾਰ ਅਤੇ ਸ਼ੈਂਡਲਰ ਇੰਸਟੀਚਿਊਟ ਆਫ ਗਵਰਨੈਂਸ (ਸੀਆਈਜੀ), ਸਿੰਗਾਪੁਰ ਦੇ ਦਰਮਿਆਨ ਸਮਝੌਤਾ ਸਹੀਬੱਧ ਕੀਤਾ ਗਿਆ ਜਿਸ ਮੁਤਾਬਕ ਮੈਗਸੀਪਾ ਵਿੱਚ ਅਧਿਕਾਰੀਆਂ ਲਈ ਲੀਡਰਸ਼ਿਪ ਟ੍ਰੇਨਿੰਗ ਦੀਆਂ ਗਤੀਵਿਧੀਆਂ ਅਤੇ ਸਮੱਰਥਾਵਾਂ ਨੂੰ ਉਭਾਰਨ ਲਈ ਰੂਪ ਰੇਖਾ ਤਿਆਰ ਕੀਤਾ ਜਾਣਾ ਹੈ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਭਾਈਵਾਲੀ ਪੰਜਾਬ ਨੂੰ ਭਵਿੱਖ ਦੇ ਆਲਮੀ ਨਿਵੇਸ਼ ਕੇਂਦਰ ਵਜੋਂ ਦਰਸਾਉਣ ‘ਤੇ ਵੀ ਧਿਆਨ ਕੇਂਦਰਤ ਕਰੇਗੀ। ਉਹਨਾਂ ਅੱਗੇ ਕਿਹਾ ਕਿ ਸੀ.ਆਈ.ਜੀ. ਦਾ ਭਾਰਤ ਵਿਚ ਇਹ ਪਹਿਲਾ ਸਮਝੌਤਾ ਹੈ।

ਇਹ ਸਮਝੌਤਾ ਪ੍ਰਸ਼ਾਸਨਿਕ ਸੁਧਾਰਾਂ ਬਾਰੇ ਪੰਜਾਬ ਦੇ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਅਤੇ ਸੀ.ਆਈ.ਜੀ. ਦੇ ਕਾਰਜਕਾਰੀ ਡਾਇਰੈਕਟਰ ਵੂ ਵੀ ਨੈਂਗ ਵੱਲੋਂ ਸਹੀਬੱਧ ਕੀਤਾ ਗਿਆ। ਬਾਅਦ ਵਿੱਚ ਦੋਵਾਂ ਨੇ ਦੋਵਾਂ ਪਾਸਿਆਂ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਫਾਈਲਾਂ ਦਾ ਆਦਾਨ-ਪ੍ਰਦਾਨ ਕੀਤਾ।

ਸੀ.ਆਈ.ਜੀ. ਸਿੰਗਾਪੁਰ ਅਧਾਰਿਤ ਇੱਕ ਸੁਤੰਤਰ, ਨਿਰਪੱਖ ਸੰਗਠਨ ਹੈ ਜੋ ਸਮਰੱਥਾ ਵਿਕਾਸ, ਪ੍ਰੋਗਰਾਮ ਅਤੇ ਸਿਖਲਾਈ, ਸਰੋਤਾਂ, ਸਲਾਹਕਾਰ ਅਤੇ ਖੋਜਾਂ ਨਾਲ ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਸਹਿਯੋਗ ਦਿੰਦਾ ਹੈ।

ਪ੍ਰਸ਼ਾਸਨਿਕ ਸੁਧਾਰਾਂ ਬਾਰੇ ਵਿਭਾਗ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਮਝੌਤਾ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸਨ (ਮੈਗਸਿਪਾ) ਵਿਖੇ ਸਿਖਲਾਈ ਲੈ ਰਹੇ ਅਧਿਕਾਰੀਆਂ ਵਿੱਚ ਅਗਵਾਈ ਅਤੇ ਸਿਖਲਾਈ ਦੀ ਯੋਗਤਾ ਵਧਾਉਣ ਤੋਂ ਇਲਾਵਾ ਸੂਬੇ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਸਬੰਧੀ ਉਨ੍ਹਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਹੋਰ ਹੁਲਾਰਾ ਦੇਵੇਗਾ।

ਉਨ੍ਹਾਂ ਆਸ ਪ੍ਰਗਟਾਈ ਕਿ ਸੂਬਾ ਸਰਕਾਰ ਅਤੇ ਸੀ.ਆਈ.ਜੀ. ਇਸ ਸਮਝੌਤੇ ਸਦਕਾ ਸੂਬੇ ਦੇ ਪ੍ਰਸ਼ਾਸਨ ਵਿੱਚ ਲੀਹੋਂ ਹਟਵੇਂ ਸੁਧਾਰ ਲਿਆਉਣ ਲਈ ਹਰ ਸੰਭਵ ਯਤਨ ਕਰਨਗੇ।

ਇਸੇ ਦੌਰਾਨ, ਪ੍ਰਸ਼ਾਸ਼ਨਿਕ ਸੁਧਾਰਾਂ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਇਹ ਸਮਝੌਤਾ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਅਤੇ ਮੈਗਸੀਪਾ ਵਿੱਚ ਸੰਗਠਨਾਤਮਕ ਮਜ਼ਬੂਤੀ ਅਤੇ ਪ੍ਰੋਗਰਾਮ ਦੇ ਡਿਜ਼ਾਈਨ ਵਿੱਚ ਸਹਾਈ ਹੋਵੇਗਾ। ਉਹਨਾਂ ਕਿਹਾ ਕਿ ਸੀ.ਆਈ.ਜੀ. ਦੇ ਪੇਸ਼ੇਵਰਾਂ ਅਤੇ ਪ੍ਰੈਕਟੀਸ਼ਨਰਾਂ ਤੋਂ ਲੋੜੀਂਦੀ ਨਿਪੁੰਨਤਾ ਲਿਆਉਣ ਦੀ ਉਮੀਦ ਕੀਤੀ ਜਾਂਦੀ ਹੈ।

ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਸੀ.ਆਈ.ਜੀ. ਦੇ ਪਿਛਲੇ ਸਮੇਂ ਵਿੱਚ ਅਜਿਹੇ ਸਹਿਯੋਗ ਅਤੇ ਕਾਰਜਾਂ ਬਾਰੇ ਵਿਸ਼ਾਲ ਤਜਰਬੇ ਅਤੇ ਮਹਾਰਤ ਤੋਂ ਸੂਬਾ ਸਰਕਾਰ ਲਾਭ ਹਾਸਲ ਕਰੇਗੀ ਅਤੇ ਹੋਰ ਅਭਿਆਸਾਂ ਅਤੇ ਨੀਤੀਆਂ ਤੋਂ ਸਿੱਖਣ ਵਿੱਚ ਸਹਾਇਤਾ ਕਰੇਗੀ।

ਇਸ ਸਮਝੌਤੇ ਨਾਲ ਮੈਗਸੀਪਾ ਨੂੰ ਬਹੁਤ ਜਿਆਦਾ ਲਾਭ ਹੋਵੇਗਾ ਕਿਉਂਕਿ ਇਹ ਸੂਬਾ ਸਰਕਾਰ ਦੀ ਸਮਰੱਥਾ ਵਧਾਉਣ ਲਈ ਆਈ.ਏ.ਐਸ., ਪੀ.ਸੀ.ਐਸ. ਅਤੇ ਸੂਬਾ ਅਧਿਕਾਰੀਆਂ ਲਈ ਉਨ੍ਹਾਂ ਦੇ ਸਿਖਲਾਈ ਦੇ ਮੈਡਿਊਲ ਤਿਆਰ ਕਰਨ ਵਿੱਚ ਸਹਾਇਤਾ ਕਰੇਗਾ।

ਇਸ ਤੋਂ ਇਲਾਵਾ ਇਹ ਸਮਝੌਤਾ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਨੂੰ ਨਵੇਂ ਵਿਚਾਰ ਅਤੇ ਪਹੁੰਚ ਪ੍ਰਦਾਨ ਕਰਨ ਵਿਚ ਵੀ ਸਹਾਇਤਾ ਕਰੇਗਾ ਜਿਨ੍ਹਾਂ ਦੀ ਵਰਤੋਂ ਕਰਕੇ ਉਨ੍ਹਾਂ ਦੀ ਟੀਮ ਸੂਬੇ ਵਿੱਚ ਵਧੇਰੇ ਨਿਵੇਸ਼ ਨੂੰ ਆਕਰਸ਼ਿਤ ਕਰ ਸਕੇਗੀ।

ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਉਦਯੋਗ ਤੇ ਵਣਜ ਮੰਤਰੀ ਸੁੰਦਰ ਸਾਮ ਅਰੋੜਾ, ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਸਕੱਤਰ ਪ੍ਰਸ਼ਾਸਨਿਕ ਸੁਧਾਰਾਂ ਰਵੀ ਭਗਤ ਸ਼ਾਮਲ ਸਨ। ਇਸ ਤੋਂ ਇਲਾਵਾ ਸੀ.ਆਈ.ਜੀ. ਟੀਮ ਦੀ ਨੁਮਾਇੰਦਗੀ ਕ੍ਰਿਸਟੋਫਰ ਵੋਂਗ, ਗੋਹ ਹਾਨ ਟੈਕ ਅਤੇ ਸੈਨਿਸ ਕੋਹ ਨੇ ਵੀ ਸ਼ਮੂਲੀਅਤ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION