27.1 C
Delhi
Friday, April 26, 2024
spot_img
spot_img

ਪੰਜਾਬ ਪੁਲਿਸ ਨੇ 24 ਘੰਟਿਆਂ ’ਚ ਸੁਲਝਾਇਆ ਲੁਧਿਆਣਾ ਬੰਬ ਕੇਸ; ਦੋਸ਼ੀ ਪੁਲਿਸ ਕਰਮੀ ਦੇ ਪਾਕਿ ਅਧਾਰਿਤ ਖ਼ਾਲਿਸਤਾਨੀ ਤੱਤਾਂ ਨਾਲ ਸੰਬੰਧ ਹੋਣ ਦਾ ਸ਼ੱਕ: ਚੱਟੋਪਾਧਿਆਏ

ਯੈੱਸ ਪੰਜਾਬ
ਚੰਡੀਗੜ੍ਹ/ਲੁਧਿਆਣਾ, 25 ਦਸੰਬਰ, 2021:
ਪੰਜਾਬ ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲੁਧਿਆਣਾ ਕੋਰਟ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ (31) ਵਾਸੀ ਖੰਨਾ ਵਜੋਂ ਕੀਤੀ ਗਈ ਹੈ, ਜੋ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ ਅਤੇ ਉਸ ਦੇ ਕਬਜ਼ੇ `ਚੋਂ 385 ਗ੍ਰਾਮ ਹੈਰੋਇਨ ਬਰਾਮਦ ਹੋਣ ਉਪਰੰਤ ਉਸਨੂੰ ਅਗਸਤ 2019 ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਸਿਧਾਰਥ ਚਟੋਪਾਧਿਆਏ ਨੇ ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਨੂੰ ਪੰਜਾਬ ਪੁਲਿਸ ‘ਤੇ ਮਾਣ ਹੈ, ਜਿਸ ਨੇ ਲੁਧਿਆਣਾ ਬੰਬ ਧਮਾਕੇ ਦੇ ਕੇਸ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸਫਲਤਾਪੂਰਵਕ ਸੁਲਝਾ ਲਿਆ ਹੈ।”

ਜਾਣਕਾਰੀ ਮੁਤਾਬਕ ਵੀਰਵਾਰ ਨੂੰ ਲੁਧਿਆਣਾ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਜਨਤਕ ਪਖਾਨੇ `ਚ ਵੱਡਾ ਧਮਾਕਾ ਹੋਇਆ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਜਦੋਂ ਧਮਾਕਾ ਹੋਇਆ ਤਾਂ ਜ਼ਿਲ੍ਹਾ ਅਦਾਲਤ ਦੀ ਕਾਰਵਾਈ ਆਮ ਵਾਂਗ ਚੱਲ ਰਹੀ ਸੀ ਅਤੇ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਨਤਕ ਪਖ਼ਾਨੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਇਮਾਰਤ ਦੀਆਂ ਕਈ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ।

ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਦੱਸਿਆ ਕਿ ਪੋਸਟ ਮਾਰਟਮ ਦੌਰਾਨ ਪੁਲਿਸ ਮਰਨ ਵਾਲੇ ਵਿਅਕਤੀ ਦੀ ਸੱਜੀ ਬਾਂਹ `ਤੇ ਬਣੇ ਟੈਟੂ ਦੇ ਨਿਸ਼ਾਨ ਤੋਂ ਮ੍ਰਿਤਕ ਦੀ ਪਛਾਣ ਕਰ ਸਕੀ। ਉਨ੍ਹਾਂ ਕਿਹਾ ਕਿ ਵੱਖਰੇ ਤੌਰ `ਤੇ ਲਾਸ਼ ਦੇ ਡੀਐਨਏ ਨਮੂਨੇ ਵੀ ਲਏ ਗਏ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਗਗਨਦੀਪ ਸਿੰਘ ਥਾਣਾ ਸਦਰ ਖੰਨਾ ਵਿਖੇ ਮੁਨਸ਼ੀ ਵਜੋਂ ਕੰਮ ਕਰਦਾ ਸੀ ਜਿਸ ਦੌਰਾਨ ਉਸ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਅਤੇ ਥਾਣਾ ਐਸ.ਟੀ.ਐਫ, ਐਸ.ਏ.ਐਸ ਨਗਰ ਮੁਹਾਲੀ ਵਿਖੇ ਐਨ.ਡੀ.ਪੀ.ਐਸ. ਤਹਿਤ ਮਾਮਲਾ ਦਰਜ ਕੀਤਾ ਗਿਆ। ਡੀਜੀਪੀ ਨੇ ਦੱਸਿਆ ਕਿ ਇਸ ਕੇਸ `ਤੇ ਸੁਣਵਾਈ ਚੱਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿੱਚ ਲੁਧਿਆਣਾ ਜੇਲ੍ਹ ਵਿੱਚ ਦੋ ਸਾਲ ਬਿਤਾਉਣ ਤੋਂ ਬਾਅਦ ਉਹ ਸਤੰਬਰ 2021 ਵਿੱਚ ਜ਼ਮਾਨਤ ’ਤੇ ਰਿਹਾਅ ਹੋ ਗਿਆ ਸੀ ਅਤੇ ਉਸ ਨੇ 24 ਦਸੰਬਰ 2021 ਨੂੰ ਮੁੜ ਅਦਾਲਤ ਵਿੱਚ ਪੇਸ਼ ਹੋਣਾ ਸੀ।

ਡੀਜੀਪੀ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੁਲਜ਼ਮ ਗਗਨਦੀਪ ਅਦਾਲਤ ਵਿੱਚ ਡਰ ਅਤੇ ਦਹਿਸ਼ਤ ਪੈਦਾ ਕਰਨਾ ਚਾਹੁੰਦਾ ਸੀ।

ਇਸ ਘਟਨਾ ਪਿੱਛੇ ਪਾਕਿਸਤਾਨ ਅਧਾਰਤ ਖਾਲਿਸਤਾਨ ਪੱਖੀ ਸਬੰਧਾਂ ਬਾਰੇ ਡੀਜੀਪੀ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਕਿਹਾ, “ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਗਗਨਦੀਪ ਦੇ ਜੇਲ੍ਹ ਵਿੱਚ ਬੰਦ ਖਾਲਿਸਤਾਨ ਪੱਖੀ ਤੱਤਾਂ ਨਾਲ ਸਬੰਧ ਹੋ ਸਕਦੇ ਹਨ, ਜਿਨ੍ਹਾਂ ਨੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਅਦਾਲਤੀ ਕੰਪਲੈਕਸ ਨੂੰ ਨਿਸ਼ਾਨਾ ਬਣਾਉਣ ਲਈ ਦੋਸ਼ੀ ਦੀ ਵਰਤੋਂ ਕੀਤੀ।”

ਡੀਜੀਪੀ ਨੇ ਕਿਹਾ ਕਿ ਧਮਾਕੇ ਲਈ ਵਰਤੀ ਗਈ ਸਮੱਗਰੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਨਮੂਨੇ ਫੋਰੈਂਸਿਕ ਲੈਬ ਨੂੰ ਭੇਜੇ ਗਏ ਹਨ। ੳਨ੍ਹਾਂ ਕਿਹਾ, “ਐਨਐਸਜੀ ਦੀ ਇੱਕ ਟੀਮ ਅਤੇ ਸੂਬੇ ਦੇ ਫੋਰੈਂਸਿਕ ਮਾਹਰਾਂ ਨੂੰ ਧਮਾਕੇ ਤੋਂ ਬਾਅਦ ਦੀ ਜਾਂਚ ਕਾਰਵਾਈ ਲਈ ਬੁਲਾਇਆ ਗਿਆ।“

ਡੀਜੀਪੀ ਨੇ ਅੱਗੇ ਕਿਹਾ, ਧਮਾਕੇ ਵਾਲੀ ਥਾਂ `ਤੇ ਮਲਬੇ ਨੂੰ ਯੋਜਨਾਬੱਧ ਤਰੀਕੇ ਨਾਲ ਹਟਾਉਣ ਦੇ ਦੌਰਾਨ ਫੋਰੈਂਸਿਕ ਟੀਮ ਨੇ ਕੁਝ ਮਹੱਤਵਪੂਰਨ ਸੁਰਾਗ ਜਿਵੇਂ ਕਿ ਨੁਕਸਾਨੇ ਗਏ ਮੋਬਾਈਲ ਸੈੱਟ ਅਤੇ ਮ੍ਰਿਤਕ ਦੇ ਸਰੀਰ `ਤੇ ਸੜੇ ਹੋਏ ਕੱਪੜੇ ਤੋਂ ਇਲਾਵਾ ਹੋਰ ਸਬੂਤ ਇਕੱਠੇ ਕੀਤੇ।

ਜ਼ਿਕਰਯੋਗ ਹੈ ਕਿ ਡੀਜੀਪੀ ਨੇ ਖੁਦ ਵੀ ਉਸ ਕੋਰਟ ਕੰਪਲੈਕਸ ਦਾ ਦੌਰਾ ਕੀਤਾ, ਜਿੱਥੇ ਇਹ ਧਮਾਕਾ ਹੋਇਆ ਸੀ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ, ਲੁਧਿਆਣਾ ਨਾਲ ਮੀਟਿੰਗ ਕੀਤੀ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਡੀਜੀਪੀ ਨੇ ਸ਼ੁੱਕਰਵਾਰ ਨੂੰ ਫੀਲਡ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਕਿਸੇ ਵੀ ਹੋਰ ਅੱਤਵਾਦੀ ਹਮਲੇ ਨੂੰ ਰੋਕਣ ਲਈ ਪੂਰੀ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ।

ਮੁਲਜ਼ਮ ਗਗਨਦੀਪ ਦੀ ਪਤਨੀ ਜਸਪ੍ਰੀਤ ਕੌਰ ਅਨੁਸਾਰ ਧਮਾਕੇ ਵਾਲੇ ਦਿਨ ਗਗਨਦੀਪ ਸਵੇਰੇ 9.30 ਵਜੇ ਘਰੋਂ ਨਿਕਲਿਆ ਸੀ ਅਤੇ ਉਸ ਦਾ ਮੋਬਾਈਲ ਉਦੋਂ ਤੋਂ ਬੰਦ ਸੀ। ਉਸਨੇ ਗਗਨਦੀਪ ਦੀ ਬਾਂਹ `ਤੇ ਬਣੇ ਟੈਟੂ ਦੇ ਨਿਸ਼ਾਨ ਅਤੇ ਉਸ ਦੁਆਰਾ ਪਹਿਨੇ ਕੱਪੜਿਆਂ ਨੂੰ ਪਛਾਣ ਲਿਆ।

ਇਸ ਸਬੰਧ ਵਿੱਚ ਥਾਣਾ ਡਵੀਜ਼ਨ ਨੰਬਰ 5, ਲੁਧਿਆਣਾ ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 302, 307 ਅਤੇ 124-ਏ ਅਤੇ ਵਿਸਫੋਟਕ ਪਦਾਰਥ ਐਕਟ, ਜਨਤਕ ਜਾਇਦਾਦ ਨੂੰ ਨੁਕਸਾਨ ਦੀ ਰੋਕਥਾਮ ਬਾਰੇ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. ਮਿਤੀ 23 ਦਸੰਬਰ, 2021 ਪਹਿਲਾਂ ਹੀ ਦਰਜ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION