27.1 C
Delhi
Friday, April 26, 2024
spot_img
spot_img

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਭਾਰਤੀ ਭਾਸ਼ਾ ਸੰਸਥਾਨ – ਸੀ.ਆਈ.ਆਈ.ਐਲ. – ਮੈਸੂਰ ਨਾਲ ਸਮਝੌਤਾ ਸਹੀਬੰਦ ਕੀਤਾ

ਯੈੱਸ ਪੰਜਾਬ
ਬਠਿੰਡਾ, 17 ਸਤੰਬਰ, 2021 –
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸੁਯੋਗ ਅਗਵਾਈ ਹੇਠ ਪੰਜਾਬੀ ਵਿਭਾਗ ਦੀ ਪਹਿਲਕਦਮੀ ਸਦਕਾ ਯੂਨੀਵਰਸਿਟੀ ਵੱਲੋਂ ਭਾਰਤੀ ਭਾਸ਼ਾ ਸੰਸਥਾਨ (ਸੀ.ਆਈ.ਆਈ.ਐਲ.), ਮੈਸੂਰ ਨਾਲ ਆਪਸੀ ਸਹਿਮਤੀ ਦਾ ਇਕ ਸਮਝੌਤਾ ਸਹੀਬੰਦ ਕੀਤਾ ਗਿਆ। ਇਹ ਸਮਝੌਤਾ ਰਾਸ਼ਟਰੀ ਪੱਧਰ ਦੀਆਂ ਇਹਨਾਂ ਦੋਹਾਂ ਸੰਸਥਾਵਾਂ ਵਿਚਕਾਰ ਭਾਸ਼ਾਵਾਂ ਦੇ ਅਧਿਐਨ ਤੇ ਅਧਿਆਪਨ ਲਈ ਇੱਕ ਮਹੱਤਵਪੂਰਨ ਸਾਂਝ ਦੀ ਸ਼ੁਰੂਆਤ ਹੈ। ਜ਼ਿਕਰਯੋਗ ਹੈ ਕਿ ਭਾਰਤੀ ਭਾਸ਼ਾ ਸੰਸਥਾਨ ਭਾਸ਼ਾ ਸਬੰਧੀ ਮੁੱਦਿਆਂ ਉੱਤੇ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਪ੍ਰਸ਼ਾਸਕੀ ਲੋੜਾਂ ਪੂਰੀਆਂ ਕਰਨ ਅਤੇ ਵਰਕਸ਼ਾਪਾਂ, ਸਿਖਲਾਈ ਪ੍ਰੋਗਰਾਮਾਂ, ਅਨੁਵਾਦ, ਪੁਸਤਕ ਪ੍ਰਕਾਸ਼ਨਾਂ ਆਦਿ ਰਾਹੀਂ ਭਾਰਤੀ ਭਾਸ਼ਾਵਾਂ ਦੇ ਨਿਰੰਤਰ ਵਿਕਾਸ ਲਈ ਕੰਮ ਕਰਨ ਵਾਲਾ ਮਹੱਤਵਪੂਰਨ ਅਦਾਰਾ ਹੈ ਜਿਸ ਨਾਲ ਤਾਲਮੇਲ ਸਥਾਪਤ ਕਰਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਭਾਰਤੀ ਭਾਸ਼ਾਵਾਂ ਬਾਰੇ ਖੋਜ ਅਤੇ ਅਧਿਆਪਨ ਵਿੱਚ ਹੋਰ ਵੀ ਮਹੱਤਵਪੂਰਨ ਯੋਗਦਾਨ ਪਾ ਸਕੇਗੀ।

ਆਨਲਾਈਨ ਮਾਧਿਅਮ ਰਾਹੀਂ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਅਤੇ ਭਾਰਤੀ ਭਾਸ਼ਾ ਸੰਸਥਾਨ ਦੇ ਡਾਇਰੈਕਟਰ ਪ੍ਰੋ. ਸ਼ੈਲੇਂਦਰ ਮੋਹਨ ਦੀ ਮੌਜੂਦਗੀ ਵਿੱਚ ਯੂਨੀਵਰਸਿਟੀ ਰਜਿਸਟਰਾਰ ਸ. ਕੰਵਲਪਾਲ ਸਿੰਘ ਮੁੰਦਰਾ ਅਤੇ ਸੰਸਥਾਨ ਦੇ ਅਸਿਸਟੈਂਟ ਡਾਇਰੈਕਟਰ ਡਾ. ਨਰਾਇਣ ਚੌਧਰੀ ਨੇ ਸਮਝੌਤਾ ਪੱਤਰ ਤੇ ਦਸਤਖਤ ਕੀਤੇ। ਇਸਤੋਂ ਪਹਿਲਾਂ ਭਾਰਤੀ ਭਾਸ਼ਾ ਸੰਸਥਾਨ ਵਿੱਚ ਚੱਲ ਰਹੀਆਂ ਵਿਸ਼ੇਸ਼ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਰਾਸ਼ਟਰੀ ਅਨੁਵਾਦ ਮਿਸ਼ਨ (ਐਨਟੀਐਮ) ਬਾਰੇ ਡਾ. ਤਾਰਿਕ ਖਾਨ ਨੇ, ਭਾਰਤੀ ਭਾਸ਼ਾਵਾਂ ਦੇ ਭਾਸ਼ਾਈ ਡੈਟਾ ਕਨਸੌਰਟੀਅਮ (ਐਲਡੀਸੀ-ਆਈਐਲ) ਬਾਰੇ ਡਾ. ਨਰਾਇਣ ਚੌਧਰੀ ਨੇ, ਅਤੇ ਭਾਰਤ ਦੀ ਰਾਸ਼ਟਰੀ ਪ੍ਰੀਖਿਆ ਸੇਵਾ (ਐਨਟੀਐਸ) ਬਾਰੇ ਡਾ. ਪੰਕਜ ਦਿਵੇਦੀ ਨੇ ਸੰਖੇਪ ਵਿੱਚ ਜਾਣਕਾਰੀ ਦਿੱਤੀ।

ਇਸ ਮੌਕੇ ਯੂਨੀਵਰਸਿਟੀ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਸਮਝੌਤਾ ਦੋਹਾਂ ਸੰਸਥਾਵਾਂ ਦੇ ਸਹਿਯੋਗ ਨਾਲ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਇਕ ਮੀਲ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਭਾਸ਼ਾ ਸਿਰਫ ਸੰਚਾਰ ਦਾ ਸਾਧਨ ਨਹੀਂ, ਸਗੋਂ ਕਿਸੇ ਖਿੱਤੇ ਦੇ ਗਿਆਨ, ਲੋਕਧਾਰਾ, ਸਭਿਆਚਾਰ ਅਤੇ ਇਤਿਹਾਸ ਦਾ ਖਜ਼ਾਨਾ ਹੁੰਦੀ ਹੈ। ਭਾਰਤ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਭਾਰਤੀ ਭਾਸ਼ਾਵਾਂ ਨੂੰ ਸੰਭਾਲਣਾ ਅਤੇ ਪ੍ਰਫੁੱਲਤ ਕਰਨਾ ਜਰੂਰੀ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗ ਜਿਵੇਂ ਪੰਜਾਬੀ ਵਿਭਾਗ, ਹਿੰਦੀ ਵਿਭਾਗ, ਅੰਗਰੇਜ਼ੀ ਵਿਭਾਗ, ਕੰਪਿਊਟਰ ਸਾਇੰਸ ਅਤੇ ਤਕਨਾਲੋਜੀ ਵਿਭਾਗ ਅਤੇ ਕੰਪਿਊਟੇਸ਼ਨ ਸਾਇੰਸ ਵਿਭਾਗ ਆਦਿ ਇਸ ਸਮਝੌਤੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਤਨਦੇਹੀ ਨਾਲ ਕੰਮ ਕਰਨਗੇ।

ਇਸ ਦੌਰਾਨ ਭਾਰਤੀ ਭਾਸ਼ਾ ਸੰਸਥਾਨ ਦੇ ਡਾਇਰੈਕਟਰ ਪ੍ਰੋ. ਸ਼ੈਲੇਂਦਰ ਮੋਹਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ ਭਾਸ਼ਾ ਸੰਸਥਾਨ ਭਾਸ਼ਾਈ ਨੀਤੀਆਂ ਬਾਰੇ ਕੰਮ ਕਰਨ ਵਾਲੀ ਨੋਡਲ ਏਜੰਸੀ ਹੈ ਜੋ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਨੂੰ ਸੰਗ੍ਰਹਿਤ ਕਰਨ ਅਤੇ ਉਨ੍ਹਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਲਗਾਤਾਰ ਕੰਮ ਕਰਦੀ ਹੋਈ ਭਾਰਤ ਦੀ ਬਹੁਭਾਸ਼ਾਈ ਵਿਰਾਸਤ ਨੂੰ ਸਾਂਭਣ ਦਾ ਕੰਮ ਕਰ ਰਹੀ ਹੈ। ਇਸ ਸਮਝੌਤੇ ਦੁਆਰਾ ਪੰਜਾਬੀ ਅਤੇ ਇਸ ਖੇਤਰ ਦੀਆਂ ਹੋਰ ਖੇਤਰੀ ਭਾਸ਼ਾਵਾਂ ਤੇ ਉਪ ਭਾਸ਼ਾਵਾਂ ਬਾਰੇ ਅਧਿਐਨ ਅਤੇ ਅਨੁਵਾਦ ਦੇ ਖੇਤਰ ਵਿੱਚ ਮਹੱਤਵਪੂਰਨ ਕੰਮ ਸੰਭਵ ਹੋਵੇਗਾ।

ਡੀਨ, ਭਾਸ਼ਾਵਾਂ, ਸਾਹਿਤ ਅਤੇ ਸਭਿਆਚਾਰ ਸਕੂਲ ਅਤੇ ਮੁਖੀ, ਪੰਜਾਬੀ ਵਿਭਾਗ ਪ੍ਰੋ. ਜ਼ਮੀਰਪਾਲ ਕੌਰ ਨੇ ਇਸ ਮੌਕੇ ਦੱਸਿਆ ਕਿ ਤਿੰਨ ਸਾਲ ਦੀ ਆਰੰਭਿਕ ਸਮਾਂ-ਸੀਮਾ ਵਾਲੇ ਇਸ ਸਮਝੌਤੇ ਰਾਹੀਂ ਦੋਹਾਂ ਸੰਸਥਾਵਾਂ ਦੇ ਅਧਿਆਪਕ ਤੇ ਖੋਜਾਰਥੀ ਸਾਂਝੇ ਖੋਜ ਕਾਰਜ ਉਲੀਕ ਸਕਣਗੇ, ਸਾਂਝੀਆਂ ਅਕਾਦਮਿਕ ਗਤੀਵਿਧੀਆਂ ਦਾ ਹਿੱਸਾ ਬਣ ਸਕਣਗੇ ਅਤੇ ਇਕ-ਦੂਸਰੇ ਅਦਾਰੇ ਦੀਆਂ ਸੁਵਿਧਾਵਾਂ ਜਿਵੇਂ ਲਾਇਬ੍ਰੇਰੀ, ਭਾਸ਼ਾ ਪ੍ਰਯੋਗਸ਼ਾਲਾਵਾਂ, ਸੈਮੀਨਾਰ ਹਾਲ ਆਦਿ ਦਾ ਲਾਹਾ ਲੈ ਸਕਣਗੇ। ਪ੍ਰੋਗਰਾਮ ਦੇ ਅੰਤ ਤੇ ਯੂਨੀਵਰਸਿਟੀ ਰਜਿਸਟਰਾਰ ਸ. ਕੰਵਲਪਾਲ ਸਿੰਘ ਮੁੰਦਰਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION