29.1 C
Delhi
Sunday, April 28, 2024
spot_img
spot_img

ਪੰਜਾਬੀ ਕਾਵਿ ਚ ਫੁੱਟਿਆ ਚਸ਼ਮਾਃ ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਬੋਲ ਮਿੱਟੀ ਦਿਆ ਬਾਵਿਆ – ਪ੍ਰੋਃ ਸੁਰਿੰਦਰ ਸਿੰਘ ਨਰੂਲਾ

ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਬੋਲ ਮਿੱਟੀ ਦਿਆ ਬਾਵਿਆ ਪੰਜਾਬੀ ਕਾਵਿ – ਜਗਤ ਵਿਚ ਨਵੇਂ ਫੁੱਟੇ ਚਸ਼ਮੇ , ਵਾਂਗ ਆਪਣਾ ਰਾਹ ਆਪ ਤਿਆਰ ਕਰਦਾ ਲੱਗਦਾ ਹੈ । ਪੰਜਾਬੀ ਕਾਵਿ ਦੀ ਧਰਤੀ ਨੇ ਅਨੇਕ ਸਰਸਬਜ਼ ਬਹਾਰਾਂ ਅਤੇ ਖੜ ਖੜ ਕਰਦੀਆਂ ਪੱਤਝੜ ਵਾਲੀਆਂ ਰੁੱਤਾਂ ਦੇ ਗੇੜਾਂ ਦੀ ਬਿੰਬਾਵਲੀ ਦੀਆਂ ਝਲਕੀਆਂ ਵੇਖੀਆਂ ਹਨ।

ਪੰਜਾਬ ਦੇ ਜਾਇਆਂ ਨੂੰ ਨਿੱਤ ਨਵੀਆਂ ਮੁਹਿੰਮਾਂ ਤੇ ਜਾਣਾ ਪੈਂਦਾ ਰਿਹਾ ਹੈ ਇਹ ਮੁਹਿੰਮਾਂ ਬਾਹਰੀ ਰੂਪ ਵਿਚ ਤਾਂ ਕਿਸੇ ਬਾਹਰ ਅਤੇ ਹਮਲਾਵਰ ਵਿਰੁੱਧ ਹੁੰਦੀਆਂ ਰਹੀਆਂ ਹਨ ਪਰ ਹਰ ਅਜਿਹੇ ਸਮੇਂ ਪੰਜਾਬ ਵਾਸੀ ਆਪਣੇ ਅੰਤਹ ਕਰਣੀ ਰਣ ਖੇਤਰ ਵਿਚ ਵੀ ਜੂਝਦੇ ਰਹੇ ਹਨ ।ਇਸੇ ਕਾਰਨ ਬਾਹਰੀ ਮੁਹਿੰਮਬਾਜ਼ਾਂ ਨੇ ਇਤਿਹਾਸ ਦਾ ਰੂਪ ਧਾਰ ਕੇ ਸਾਨੂੰ ਜਨਮ ਸਾਖੀਆਂ , ਪਰਚੀਆ, ਵਾਰਾਂ ਆਦਿ ਦਾ ਸਾਹਿੱਤ ਦਿੱਤਾ ਹੈ ਅਤੇ ਅੰਤਹਕਰਣੀ ਮੁਹਿੰਮਬਾਜ਼ੀ ਨੇ ਗੀਤਾਂ , ਬਾਰਾਂਮਾਹੇ , ਕਿੱਸਿਆਂ ਅਤੇ ਗ਼ਜ਼ਲਾਂ ਦਾ I

ਅਜੋਕੇ ਪੰਜਾਬ ਦਾ ਜਿਹੜਾ ਦੁਖਾਂਤ ਹੈ ਇਹ ਸ਼ੈਕਸਪੀਅਰ ਦੇ ਦੁਖਾਂਤ ਵਾਂਗ ਦੋ -ਪਰਤੀ ਵਾਰਤਾ ਵਾਲਾ ਹੈ।

ਪੰਜਾਬ ਦੇ ਪੁਰਾਣੇ ਜਾਂ ਮੱਧਕਾਲੀ ਦੁਖਾਂਤ ਵਾਂਗ ਇਕਹਿਰਾ ਤੇ ਇਕ ਪਰਤੀ ਨਹੀਂ ਜੋ ਕੁਝ ਅੱਜ ਪੰਜਾਬ ਵਿਚ ਅੱਜ ਵਾਪਰ ਰਿਹਾ ਹੈ ਉਹ ਹਰੇਕ ਸੰਵੇਦਨਸ਼ੀਲ ਵਿਅਕਤੀ ਨੂੰ ਭਾਵੇਂ ਉਹ ਕਵੀ ਹੈ ਜਾਂ ਨਹੀਂ ਆਪਣੇ ਮਨ ਨੂੰ ਪਰਤ ਦਰ ਪਰਤ ਫ਼ਰੋਲਣ ਲਈ ਮਜਬੂਰ ਕਰ ਦਿੰਦਾ ਹੈ ।

ਜਿਹੜੇ ਵਰਤਮਾਨ ਪੱਤਰਕਾਰੀ ਦੇ ਮਾਧਿਅਮ ਰਾਹੀਂ ਜਾਂ ਨਿੱਗਰ ਖੋਜ ਵਿਧੀਆਂ ਦਵਾਰਾ ਇਸ ਅਜੋਕੇ ਦੁਖਾਂਤ ਦਾ ਵਿਸ਼ਲੇਸ਼ਣ ਕਰ ਰਹੇ ਹਨ ਉਹ ਤਾਂ ਵਿਸ਼ਲੇਸ਼ਣੀ ਢੰਗ ਨਾਲ ਕਿਸੇ ਸਿੱਟੇ ਤੇ ਅਪੜਣ ਦਾ ਸਫ਼ਲ ਜਾਂ ਅਸਫ਼ਲ ਯਤਨ ਕਰ ਸਕਦੇ ਹਨ ਪਰ ਕੋਈ ਕੋਈ ਸਿੱਟਾ ਕੋਈ ਅੰਤਿਮ ਨਿਰਣਾ ਜਾਂ ਕਿੰਤੂ – ਮੁਕਤ ਫ਼ੈਸਲਾ ਨਹੀਂ ਦੇ ਸਕਦਾ ਇਸ ਕਾਰਨ ਉਹ ਦੁਬਿਧਾ ਦਾ ਸ਼ਿਕਾਰ ਹੋ ਕੇ ਕੇਵਲ ਕੀਰਨੇ ਪਾਉਂਦੀ ਬੁਲਬੁਲ ਵਾਂਗ ਗੁਲਾਬ ਦੀ ਮਹਿਕ ਉੱਤੇ ਚਹਿਕਦਾ ਕੀਰਨੇ ਪਾ ਸਕਦਾ ਹੈ।

ਕਿਉਂਕਿ ਬੁਲਬੁਲ ਵਾਂਗ ਹੀ ਉਹ ਜਾਣਦਾ ਹੈ ਕਿ ਚਮਨ ਦੀ ਫ਼ਿਕਰ ਕਰਨ ਵਾਲੇ ਘੱਟ ਹਨ ਤੇ ਵਧੇਰੇ ਅਜਿਹੇ ਚਿੜੀਮਾਰ ਹਨ ਜਿਨ੍ਹਾਂ ਨੇ ਜਾਲ ਫ਼ੈਲਾਏ ਹੋਏ ਹਨ ।

ਗੁਰਭਜਨ ਗਿੱਲ ਨੂੰ ਅਜੋਕੇ ਪੰਜਾਬ ਦੇ ਦੁਖਾਂਤ ਦਾ ਤਿੱਖਾ ਅਹਿਸਾਸ ਹੈ । ਉਹ ਆਪਣੇ ਅਹਿਸਾਸ ਭਾਵ ਅਰਥਾਤ ਭਾਵਨਾ ਨੂੰ ਪ੍ਰਗਟਾਉਣ ਲਈ ਜਿਹੜੇ ਕਾਵਿ – ਪ੍ਰਤੀਕ ਵਰਤਦਾ ਹੈ ਉਹ ਪੰਜਾਬੀ ਮਨ ਨਾਲ ਜੁਗਾਂ ਤੋਂ ਜੁੜੇ ਹੋਏ ਹਨ ਅਤੇ ਉਸ ਸੋਚ ਦੇ ਲਖਾਇਕ ਹਨ ਜਿਹੜਾ ਕਿ ਅਨਾਦਿ ਹੈ । ਆਦਿ ਸੱਚ ਤੇ ਜੁਗਾਦਿ ਸੱਚ ਹੈ।

ਜੇਕਰ ਗੁਰਭਜਨ ਗਿੱਲ ਨੇ ਬੋਲ ਮਿੱਟੀ ਦਿਆ ਬਾਵਿਆ ਲਿਖਣ ਤੋਂ ਪਹਿਲਾ ਸ਼ੀਸ਼ਾ ਝੂਠ ਬੋਲਦਾ ਹੈ ,ਹਰ ਧੁਖਦਾ ਪਿੰਡ ਮੇਰਾ ਹੈ , ਅਤੇ ਸੁਰਖ ਸਮੁੰਦਰ ਜਿਹੇ ਕਾਵਿ ਸੰਗ੍ਰਿਹਾਂ ਉਤੇ ਹੱਥ ਨਾ ਅਜ਼ਮਾਇਆ ਹੁੰਦਾ ਤਾਂ ਸ਼ਾਇਦ ਉਹ ਸਾਨੂੰ ‘ ਬੋਲ ਮਿੱਟੀ ਦਿਆ ਬਾਵਿਆ ਵਰਗਾ ਪ੍ਰਤਿਭਾ ਸੰਪਨ ਅਤੇ ਕਲਾਵੰਤ ਕਾਵਿ ਸੰਗ੍ਰਿਹ ਨਾ ਦੇ ਸਕਦਾ

ਉਸ ਦੀਆਂ ਗ਼ਜ਼ਲਾਂ ਸਮਕਾਲੀਨ ਵਿਸ਼ੇ ਵਸਤੂ ਵਾਲੀਆਂ ਹੋਣ ਦੇ ਬਾਵਜੂਦ ਰਵਾਇਤੀ ਕਲਾਸੀਕਲ ਉਰਦੂ ਦੀਆਂ ਗ਼ਜ਼ਲਾਂ ਵਾਂਗ ਸੈਨਤਾਂ, ਸਿੱਠਣੀਆਂ ਅਤੇ ਸੰਗੀਤ ਸੁਰਾਂ ਦੀ ਤ੍ਰਿਵੈਣੀ ਦਵਾਰਾ ਸਿੰਜੀਆਂ ਗਈਆਂ ਹਰੀਆਂ ਭਰੀਆਂ ਕਿਆਰੀਆਂ ਹਨ।

ਇਨ੍ਹਾਂ ਕਿਆਰੀਆਂ ਵਿੱਚ ਉਸ ਵੇਲੋਂ ਪਾਈਆਂ ਗਈਆਂ ਰਵਿਸ਼ਾਂ ਅਰਥਾਤ ਆਪਣੀ ਚਹਿਲਕਦਮੀ ਦੀਆਂ ਰਾਹਾਂ ਰਵਾਇਤੀ ਗ਼ਜ਼ਲ ਦੀ ਕਾਫ਼ੀਆ ਬੰਦੀ ਅਤੇ ਰੱਖ ਰਖਾਉ ਦੀਆਂ ਲਖਾਇਕ ਤਾਂ ਨਹੀਂ ਪਰ ਇਹ ਰਵਿਸ਼ਾਂ ਕੁਦਰਤੀ ਰਾਹ ਗੁਜ਼ਰਾਂ ਵਾਂਗ ਹਨ ਜਿਹੜੀਂ ਸਾਡੇ ਲੋਕ ਗੀਤਾਂ ਅਤੇ ਪੁਰਾਣੇ ਬੈਂਤਾਂ ਦੀਆਂ ਧੁਨੀਆਂ ਤੇ ਆਧਾਰਿਤ ਹਨ।

ਇਨ੍ਹਾਂ ਵਿੱਚ ਕਾਵਿ ਸ਼ੈਲੀ ਦੇ ਗਿਣਤਾਰੇ ਵਾਲੀਆਂ ਗੀਟੀਆਂ ਪੂਰੀਆਂ ਕਰਨ ਦੀ ਥਾਂ ਲੋਕ ਗੀਤਾਂ ਦੇ ਬਲੌਰੀ ਮਣਕਿਆਂ ਦਾ ਅੱਲ੍ਹੜ ਬੱਲ੍ਹੜ ਹੈ।

ਸ਼ਾਇਦ ਗੁਰਭਜਨ ਗਿੱਲ ਦਾ ਮਿੱਟੀ ਦਾ ਬਾਵਾ ਉਸ ਮਿੱਟੀ ਦੇ ਬਾਵੇ ਦਾ ਜੁੜਵਾਂ ਭਰਾ ਹੈ ਜਿਸ ਨੂੰ ਸੰਬੋਧਨ ਕਰ ਕੇ ਚੜ੍ਹਦੀ ਜਵਾਨੀ ਵਿੱਚ ਪੈਰ ਧਰਦੀ ਪੰਜਾਬਣ ਮੁਟਿਆਰ ਕਹਿੰਦੀ ਹੈ।

ਮਿੱਟੀ ਦਾ ਮੈਂ ਬਾਵਾ ਬਣਾਨੀ ਆਂ
ਨੀ ਝੱਗਾ ਪਾਨੀ ਆਂ ਨੀ ਉੱਤੇ ਦੇਨੀ ਆਂ ਖੇਸੀ।
ਨਾ ਰੋ ਮਿੱਟੀ ਦਿਆ ਬਾਵਿਆ
ਵੇ ਤੇਰਾ ਪਿਉ ਪਰਦੇਸੀ।
ਮਿੱਟੀ ਦਾ ਬਾਵਾ ਨਹੀਂਉਂ ਬੋਲਦਾ, ਨਹੀਂਉਂ ਚਾਲਦਾ ਨੀ ਨਹੀਂਉਂ ਭਰਦਾ ਹੁੰਗਾਰਾ।
ਨੁਹਾਉਣ ਲੱਗੀ ਦਾ ਖੁਰ ਗਿਆ
ਨੀ ਮੇਰਾ ਮਿੱਟੀ ਦਾ ਬਾਵਾ।

ਇੱਕ ਵਿਸ਼ੇਸ਼ ਗੱਲ ਜਿਹੜੀ ਇਸ ਕਾਵਿ ਸੰਗ੍ਰਹਿ ਦੇ ਸੰਦਰਭ ਵਿੱਚ ਯਾਦ ਰੱਖਣ ਵਾਲੀ ਹੈ, ਉਹ ਇਹ ਕਿ ਕਵੀ ਨੇ ਆਪਣੀ ਧਾਰਮਿਕ ਨਿਸ਼ਠਾ, ਰਾਜਸੀ ਸੂਝ ਬੂਝ, ਅਰਥਚਾਰੇ ਦੇ ਗਿਆਨ ਅਤੇ ਪੰਜਾਬੀ ਰਹਿਣੀ ਬਹਿਣੀ ਬਾਰੇ ਆਪਣੇ ਗਿਆਨ ਨੂੰ ਇੱਕੋ ਕੁਠਾਲੀ ਵਿੱਚ ਪਾ ਕੇ ਆਪਣੀ ਕਾਵਿਕ ਪ੍ਰਤਿਭਾ ਦੀ ਰਸਾਇਣਕ ਵਿਧੀ ਨਾਲ ਇਸ ਤਰ੍ਹਾਂ ਇੱਕ ਮਿੱਕ ਕੀਤਾ ਹੈ ਕਿ ਇੱਕ ਨਵਾਂ ਧਾਤੂ ਪਾਰਸ ਛੋਹ ਹੋ ਨਿੱਬੜਿਆ ਹੈ।

ਉਹ ਅਜਿਹੇ ਪੰਜਾਬੀ ਸੱਭਿਆਚਾਰ ਬਾਰੇ ਆਪਣੇ ਸੰਕਲਪ ਸਦਕਾ ਕਰ ਸਕਿਆ ਹੈ।

ਇਹ ਸੰਕਲਪ ਇਸ ਮੂਲ ਵਿਸ਼ਵਾਸ ਉਤੇ ਅਧਾਰਿਤ ਹੈ ਕਿ ਪੰਜਾਬੀ ਜੀਵਨ ਦੀ ਸਾਰਥਕਤਾ ਇਸ ਰੀਤ ਵਿਚ ਹੀ ਵਿਅਜੋਸ਼ੀ ਨਿਰਾਸ਼ਾ ਜਨਕ ਸਥਿਤੀ ਨੂੰ ਕੇਵਲ ਇਸ ਢੰਗ ਨਾਲ ਸੁਧਾਰਿਆ ਜਾ ਸਕਦਾ ਹੈ । ਜੇਕਰ ਪੰਜਾਬ ਦੇ ਰਾਂਗਲੇ ਅਤੀਤ ਨੂੰ ਚਿਤਰਕਾਰ ਦੀ ਰੰਗਦਾਨੀ ਵਜੋਂ ਵਰਤਦੇ ਕਾਲਖ਼ਮਈ ਰੰਗਤ ਨੂੰ ਆਸ ਦਾ ਕੇਸਰੀ ਰੰਗ ਪ੍ਰਦਾਨ ਕੀਤਾ ਜਾਏ ਜਾਂ ਨਵੇਂ ਹੈਸਲੇ ਉਪਜਾਉਣ ਲਈ ਕਿਰਮਚੀ ਬਣਾਇਆ ਜਾਵੇ ।

ਚਿਤਰਕਾਰੀ ਵਿਧੀ ਅਨੁਸਾਰ ਕਿਰਮਚੀ ਰੰਗ ਸੁਹਣੇ ਪੀਲੇ ਰੰਗ ਵਿਚ ਗੂੜ੍ਹਾ ਲਾਲ ਰੰਗ ਯੋਗ ਅਨੁਪਾਤ ਵਿਚ ਮਿਲਾਕੇ ਉੱਘੜਦਾ ਹੈ ।

ਗੁਰਭਜਨ ਗਿੱਲ ਦਾ ਹਰੇਕ ਗੀਤ, ਕਵਿਤਾ ਤੇ ਗਜ਼ਲ ਅਨੋਖੀ ਚਿਤਰਾਵਲੀ ਦੇ ਅੱਡ ਅੱਡ ਦ੍ਰਿਸ਼ਾਂ ਨੂੰ ਦਰਸਾਂਦੀ ਹੈ ।

ਇਹ ਦ੍ਰਿਸ਼ ਉਹ ਦ੍ਰਿਸ਼ ਨਹੀਂ ਹਨ ਜਿਹੜੇ ਕੇਵਲ ਅੱਖਾਂ ਨੂੰ ਲੁਭਾਉਂਦੇ ਹਨ । ਇਹ ਚਿਤਰ ਕਈ ਵਾਰ ਅੱਖਾਂ ਨੂੰ ਚੁਭਦੇ ਹਨ ।
ਇਹ ਚਿਤਰ ਹਨ ਕਾਲੀ ਬਾਰਸ਼ ਹੈ , ਜੰਗਲ ਦੀ ਰਾਤ ਦੇ,ਟੁੱਟਦੇ ਖਿਡੌਣਿਆਂ ਦੇ , ਖੰਭ ਖਿਲਾਰਦੇ ਕਾਵਾਂ ਦੇ,ਨੀਂਦਰ ਵਿਚ ਬਰੜਾਂਦੇ ਵਿਅਕਤੀਆਂ ਦੇ,ਕਿਸੇ ਉਦਾਸ ਭੈਣ ਦੀ ਹੂਕ ਦੇ , ਉਨ੍ਹਾਂ ਹਾਵਿਆਂ ਤੇ ਹੌਕਿਆਂ ਦੇ।

ਜਦੋਂ ਕਵੀ ਹੋਰ ਨਿਘਾਰ ਵੱਲ
ਪੈਰ ਪੁੱਟਣ ਲੱਗਦਾ ਹੈ ।

ਪਰ ਇਹ ਸਾਰੀ ਚਿਤਰਾਵਲੀ ਲਹੂ ਰੰਗੀ ਹੋਣ ਤੇ ਵੀ ਕਵੀ ਦੀ ਸੰਵੇਦਨਸ਼ੀਲਤਾ ਸਦਕਾ ਉਸ ਦੀ ਦੁਖਾਂਤਕ ਭਾਵਨਾ ਅਤੇ ਉਸ ਦੀ ਕਲਾ ਕੌਸ਼ਲਤਾ ਸਦਕਾ ਉਨ੍ਹਾਂ ਚਿੰਗਾਰੀਆਂ ਦਾ ਸੁਝਾਉ ਦਿੰਦੀ ਹੈ ਜਿਹੜੀਆਂ ਕਿ ਰਾਖ ਦੇ ਹੇਠ ਦੱਬੀਆਂ ਹੋਈਆਂ ਕਿਸੇ ਉਸ ਸਵਾਣੀ ਦੀ ਉਡੀਕ ਕਰਦੀਆਂ ਹਨ ਜਿਸ ਨੇ ਜਦੋਂ ਭਾਂਡੇ ਟੀਂਡੇ ਤਰਤੀਬ ਦੇ ਕੇ ਨਵੀਂ ਰਸੋਈ ਦਾ ਆਹਰ ਕਰਨਾ ਹੈ ।

ਅਪਣੇ ਚਿਰ ਵਿਛੁੰਨੇ ਢੋਲ ਸਿਪਾਰੀ ਨੂੰ ਸ਼ਰਮੀਲੀ ਨਿਗਾਹ ਨਾਲ ਚੁੱਪ ਡਰੀ ਜੀ ਆਇਆਂ ਨੂੰ ਕਹਿਣਾ ਹੈ ਅਤੇ ਆਪਣੀ ਦੁੱਖ ਦੀ ਅੱਗ ਨੂੰ ਇਨ੍ਹਾਂ ਚੰਗਿਆੜੀਆਂ ਦੀ ਸਹਾਇਤਾ ਨਾਲ ਪ੍ਰਚੰਡ ਕਰਕੇ ਮਿੱਟੀ ਦੇ ਬਾਵੇ ਨੂੰ ਮਾਸ ਲੋਥੜੇ ਵਿਚ ਬਦਲ ਕੇ ਉਸ ਨੂੰ ਸਜੀਵ ਬਾਲਕਾ ਬਣਾਉਣਾ ਹੈ।

ਗੁਰਭਜਨ ਗਿੱਲ ਅਜੋਕੇ ਪੰਜਾਬ ਦੇ ਦੁਖਾਂਤ ਤੇ ਨਿਰਾਸ਼ ਤੇ ਨਿਰਵਿਸ਼ਵਾਸ ਨਹੀਂ । ਜੇਕਰ ਪੰਜਾਬ ਦੀ ਧਰਤੀ ਧੁਆਂਖੀ ਗਈ ਹੈ ਅਤੇ ਚਾਰੇ ਪਾਸੇ ਧੂੰਆਂ ਖਿਲਰ ਰਿਹਾ ਹੈ ਤਾਂ ਵੀ ਉਹ ਇਹ ਜਾਣਦਾ ਹੈ ਕਿ ਇਸ ਧੁਆਂਖੇ ਨਭਮੰਡਲੀ ਦਾਇਰੇ ਤੋਂ ਉੱਪਰ ਹਾਲੇ ਅੰਤਰਿਕਸ਼ੀ ਨਭਮੰਡਲ ਨਿਰਮਲ ਹੈ। ਕੈਲਾਸ਼ ਪਰਬਤ ਦੇ ਪੈਰਾਂ ਵਿਚ ਵਿਛੀ ਨੀਲੀ ਝੀਲ ਵਾਂਗ ।

ਉਸ ਦੇ ਹਰੇਕ ਗੀਤ ਅਤੇ ਗਜ਼ਲ ਵਿਚਲੀ ਅੰਦਰਲੀ ਤਹਿ ਆਸ਼ਾ ਦੀ ਸਵਰਨਮਈ ਰੁਪਹਿਲੀ ਧਾਤੂ ਤ੍ਰੇੜਾਂ ਵਾਲੀ ਹੈ । ਮੈਨੂੰ ਇਸ ਵਿਚ ਹੀ ਉਸ ਦੀ ਵੱਡੀ ਸਫਲਤਾ ਦਿਸਦੀ ਹੈ ਅਤੇ ਸ਼ਾਇਦ ਇਹ ਆਧੁਨਿਕ ਪੰਜਾਬੀ ਕਾਵਿ ਦੀ ਵੀ ਵੱਡੀ ਸਫ਼ਲਤਾ ਹੈ ।

-ਪ੍ਰੋਃ ਸੁਰਿੰਦਰ ਸਿੰਘ ਨਰੂਲਾ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION