34.1 C
Delhi
Tuesday, May 21, 2024
spot_img
spot_img

ਪ੍ਰਧਾਨ ਮੰਤਰੀ ਮੋਦੀ ਚੰਨੀ ਅਤੇ ਕੇਜਰੀਵਾਲ ’ਤੇ ਵਰ੍ਹੇ, ਕਿਹਾ ਫੁੱਟ ਪਾਊ ਅਤੇ ਫ਼ਿਰਕੂ ਰਾਜਨੀਤੀ ਕਰ ਰਹੇ ਹਨ ਦੋਵੇਂ ਆਗੂ

ਯੈੱਸ ਪੰਜਾਬ
ਅਬੋਹਰ, 17 ਫਰਵਰੀ, 2022:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੁੱਟ ਪਾਊ ਅਤੇ ਫਿਰਕੂ ਸਿਆਸਤ ਕਰਨ ਨੂੰ ਲੈ ਕੇ ਆਲੋਚਨਾ ਕੀਤੀ ਹੈ।

ਇੱਥੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੀ ਮੌਜੂਦਗੀ ਵਿੱਚ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਨੂੰ ‘ਭਈਆ’ ਕਹਿਣ ਸਬੰਧੀ ਚੰਨੀ ਦੀ ਟਿੱਪਣੀ ਦੀ ਨਿਖੇਧੀ ਕੀਤੀ, ਜਦੋਂ ਪ੍ਰਿਅੰਕਾ ਗਾਂਧੀ ਚੰਨੀ ਦੀ ਟਿੱਪਣੀ ’ਤੇ ਹੱਸ ਰਹੀ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਾ ਸਿਰਫ਼ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਦਾ ਅਪਮਾਨ ਹੈ, ਸਗੋਂ ਇਹ ਸ੍ਰੀ ਗੁਰੂ ਰਵਿਦਾਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਅਪਮਾਨ ਹੈ। ਉਨ੍ਹਾਂ ਚੰਨੀ ਨੂੰ ਯਾਦ ਕਰਵਾਇਆ ਕਿ ਸ੍ਰੀ ਗੁਰੂ ਰਵਿਦਾਸ ਜੀ, ਜਿਨ੍ਹਾਂ ਦਾ ਬੀਤੇ ਦਿਨ ਪ੍ਰਕਾਸ਼ ਪੁਰਬ ਸੀ ਅਤੇ ਪੰਜਾਬ ਦੇ ਲੱਖਾਂ ਲੋਕ ਉਨ੍ਹਾਂ ਦੀ ਪੂਜਾ ਕਰਦੇ ਹਨ, ਦਾ ਜਨਮ ਵੀ ਉੱਤਰ ਪ੍ਰਦੇਸ਼ ਦੇ ਕਾਸ਼ੀ ਵਿੱਚ ਹੋਇਆ ਸੀ। ਕੀ ਇਹ ਸ੍ਰੀ ਗੁਰੂ ਰਵਿਦਾਸ ਜੀ ਦਾ ਅਪਮਾਨ ਨਹੀਂ ਹੈ, ਜੋ ਯੂ.ਪੀ. ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਪੁੱਛਿਆ ਕਿ ਕੀ ਤੁਸੀਂ ਸੰਤ ਰਵਿਦਾਸ ਜੀ ਨੂੰ ਵੀ ਬਾਹਰ ਕੱਢ ਦਿਓਗੇ?

ਪ੍ਰਧਾਨ ਮੰਤਰੀ ਨੇ ਕਿਹਾ ਕਿ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਪਟਨਾ ਸਾਹਿਬ ਵਿਖੇ ਹੋਇਆ ਸੀ। ਕੀ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਅਪਮਾਨ ਨਹੀਂ ਕੀਤਾ? ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਜਦੋਂ ਚੰਨੀ ਇਹ ਸਭ ਕਹਿ ਰਹੇ ਸਨ ਤਾਂ ਪ੍ਰਿਅੰਕਾ ਗਾਂਧੀ ਹੱਸ ਰਹੇ ਸਨ। ਉਨ੍ਹਾਂ ਕਿਹਾ ਕਿ ਚੰਨੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਜਨਮ ਦੇਣ ਵਾਲੀ ਧਰਤੀ ਦੇ ਪੁੱਤਰਾਂ ਦਾ ਅਪਮਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਪੰਜਾਬ ਅਤੇ ਪੰਜਾਬੀਆਂ ਦਾ ਡੂੰਘਾ ਅਤੇ ਪਵਿੱਤਰ ਰਿਸ਼ਤਾ ਹੈ ਅਤੇ ਚੰਨੀ ਨੇ ਉਸ ਰਿਸ਼ਤੇ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕੋਈ ਵੀ ਅਜਿਹਾ ਪਿੰਡ ਨਹੀਂ, ਜਿੱਥੇ ਯੂਪੀ ਅਤੇ ਬਿਹਾਰ ਦੇ ਲੋਕ ਕੰਮ ਨਾ ਕਰਦੇ ਹੋਣ। ਕੀ ਉਹ ਇਨ੍ਹਾਂ ਸਭ ਨੂੰ ਬਾਹਰ ਸੁੱਟ ਦੇਣਗੇ।

ਪ੍ਰਧਾਨ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਸਿੱਧ ਕਵੀ, ਉਨ੍ਹਾਂ ਦੇ ਸਾਬਕਾ ਸਹਿਯੋਗੀ ਅਤੇ ਆਮ ਆਦਮੀ ਪਾਰਟੀ ਦੇ ਸਹਿ-ਸੰਸਥਾਪਕ ਕੁਮਾਰ ਵਿਸ਼ਵਾਸ ਦੁਆਰਾ ਕੀਤੇ ਖੁਲਾਸੇ ‘ਤੇ ਵੀ ਆਲੋਚਨਾ ਕੀਤੀ ਕਿ ਕੇਜਰੀਵਾਲ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਫਿਰਕੂ ਰਾਜਨੀਤੀ ‘ਤੇ ਕੰਮ ਕਰ ਰਿਹਾ ਸੀ। ਮੋਦੀ ਨੇ ਕਿਹਾ ਕਿ ਵਿਸ਼ਵਾਸ ਨੇ ਕੇਜਰੀਵਾਲ ਦੇ ਅਸਲ ਇਰਾਦਿਆਂ ਦਾ ਪਰਦਾਫਾਸ਼ ਕਰ ਦਿੱਤਾ ਹੈ, ਜੋ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਭਾਵੇਂ ਇਸ ਲਈ ਦੇਸ਼ ਨੂੰ ਵੰਡਣਾ ਹੀ ਕਿਉਂ ਨਾ ਪਵੇ।

ਉਨ੍ਹਾਂ ਕਿਹਾ ਕਿ ਉਹ ਫਿਰਕੂ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਵੀ ਰਲ ਸਕਦੇ ਹਨ। ਉਹ ਪਾਕਿਸਤਾਨ ਦੀ ਭਾਸ਼ਾ ਬੋਲਦੇ ਹਨ। ਇਹੀ ਕਾਰਨ ਹੈ ਕਿ ਉਹ ਸਾਡੇ ਜਵਾਨਾਂ ਦੀ ਬਹਾਦਰੀ ‘ਤੇ ਸਵਾਲ ਉਠਾਉਂਦੇ ਹਨ ਅਤੇ ਉਸ ਦੇਸ਼ ‘ਤੇ ਕੀਤੇ ਗਏ ਸਰਜੀਕਲ ਸਟ੍ਰਾਈਕ ‘ਤੇ ਸ਼ੱਕ ਕਰਦੇ ਹਨ। ਮੋਦੀ ਨੇ ਪੰਜਾਬ ਦੇ ਲੋਕਾਂ ਨੂੰ ਅਜਿਹੇ ਵਿਅਕਤੀਆਂ ਦੇ ਇਰਾਦਿਆਂ ਤੋਂ ਸੁਚੇਤ ਕੀਤਾ ਜੋ ਦੇਸ਼ ਨੂੰ ਵੰਡ ਕੇ ਕਾਲੇ ਦਿਨਾਂ ਵੱਲ ਧੱਕਣਾ ਚਾਹੁੰਦੇ ਹਨ। ਇਨ੍ਹਾਂ ਦੇ ਇਰਾਦੇ ਬਹੁਤ ਖਤਰਨਾਕ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਪਾਕਿਸਤਾਨ ਦੀ ਇਸ ਸੂਬੇ ‘ਤੇ ਹਮੇਸ਼ਾ ਗਲਤ ਨਜ਼ਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਨਾ ਸਿਰਫ਼ ਇਸ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰੇ, ਸਗੋਂ ਆਰਥਿਕ ਤੌਰ ‘ਤੇ ਵੀ ਉਸ ਦਾ ਪੁਨਰ ਨਿਰਮਾਣ ਕਰੇ ਅਤੇ ਅਜਿਹੀ ਸਰਕਾਰ ਸਿਰਫ਼ ਭਾਜਪਾ ਹੀ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਤੋਂ ਬਾਅਦ ਅੱਜ ਪੰਜਾਬ ਵਿੱਚ ਉਨ੍ਹਾਂ ਦੀ ਤੀਜੀ ਰੈਲੀ ਹੈ ਅਤੇ ਉਹ ਭਾਜਪਾ ਦੇ ਸਮਰਥਨ ਵਿੱਚ ਲੋਕਾਂ ਦੇ ਮੂਡ ਦਾ ਅੰਦਾਜ਼ਾ ਲਗਾ ਸਕਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਪਾਰਟੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਰਜੀਤ ਸਿੰਘ ਜਿਆਣੀ ਵੀ ਹਾਜ਼ਰ ਸਨ।

ਜਦੋਂਕਿ ਅਬੋਹਰ ਦੇ ਉਮੀਦਵਾਰ ਅਰੁਣ ਨਾਰੰਗ ਕੋਰੋਨਾ ਸੰਕਰਮਿਤ ਦੇ ਸੰਪਰਕ ਵਿੱਚ ਆਉਣ ਕਾਰਨ ਰੈਲੀ ਵਿੱਚ ਸ਼ਾਮਲ ਨਹੀਂ ਹੋ ਸਕੇ। ਪ੍ਰਧਾਨ ਮੰਤਰੀ ਮੋਦੀ ਨੇ ਅਬੋਹਰ ਦੇ ਲੋਕਾਂ ਨੂੰ ਆਪਣੀ ਜਿੱਤ ਯਕੀਨੀ ਬਣਾਉਣ ਲਈ ਵਿਸ਼ੇਸ਼ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਤੁਸੀਂ ਸਾਰੇ ਉਮੀਦਵਾਰ ਹੋ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION