26.7 C
Delhi
Saturday, April 27, 2024
spot_img
spot_img

ਪੀ.ਟੀ.ਯੂ. ਦੇ ਵਿੱਤੀ ਸ੍ਰੋਤਾਂ ਨੂੰ ਬਚਾਉਣ ਲਈ ਮੁਲਾਜ਼ਮਾਂ ਵੱਲੋਂ ਜਨਰਲ ਇਜਲਾਸ ਰਾਹੀਂ ਭਾਰੀ ਰੋਸ ਪ੍ਰਦਰਸ਼ਨ

ਯੈੱਸ ਪੰਜਾਬ
ਜਲੰਧਰ/ਕਪੂਰਥਲਾ/ਚੰਡੀਗੜ੍ਹ, 3 ਦਸੰਬਰ, 2020 –
ਪੰਜਾਬ ਸਰਕਾਰ ਵੱਲੋਂ ਆਪਣੇ ਪ੍ਰੋਜੈਕਟਾਂ ਦੀ ਪੂਰਤੀ ਲਈ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਵਿੱਤੀ ਸਰੋਤਾਂ ਨੂੰ ਢਾਹ ਲਾਈ ਜਾ ਰਹੀ ਹੈ। ਯੂਨੀਵਰਸਿਟੀ ਦੇ ਵਿੱਤੀ ਸਰੋਤਾਂ ਨੂੰ ਬਚਾਉਣ ਲਈ ਯੂਨੀਵਰਸਿਟੀ ਦੀਆਂ ਮੁਲਾਜ਼ਮ ਜਥੇਬੰਦੀਆਂ, ‘ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ’ ਅਤੇ ‘ਯੂਨੀਵਰਸਿਟੀ ਟੀਚਰਜ਼ ਵੈਲਫੇਅਰ ਐਸੋਸੀਏਸ਼ਨ’ ਵੱਲੋਂ 03 ਦਸੰਬਰ ਨੂੰ ਸਾਂਝੇ ਤੌਰ ’ਤੇ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਜਨਰਲ ਇਜਲਾਸ ਕੀਤਾ ਗਿਆ।

ਇਸ ਇਜਲਾਸ ਵਿਚ ਐਸੋਸੀਏਸ਼ਨਾਂ ਵੱਲੋਂ ਯੂਨੀਵਰਸਿਟੀ ਦੇ ਸਮੂਹ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਉਨ੍ਹਾਂ ਪ੍ਰੋਜੈਕਟਾਂ ਬਾਰੇ ਜਾਣੂ ਕਰਵਾਇਆ ਜਿਨ੍ਹਾਂ ਵਿਚ ਪੀ.ਟੀ.ਯੂ. ਦੇ ਵਿੱਤੀ ਸ੍ਰੋਤਾਂ ਦੀ ਦੁਰਵਰਤੋਂ ਕੀਤੀ ਜਾਣੀ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਵਿਚ 19 ਆਈ.ਟੀ.ਆਈਜ਼ ਸਥਾਪਿਤ ਕਰਨ ਲਈ 105 ਕਰੋੜ ਰੁਪਏ; ਇੰਡਸਟਰੀ ਅਤੇ ਕਮਰਸ ਵਿਭਾਗ ਦੀ ਇੰਡਸਟਰੀ ਅਤੇ ਬਿਜ਼ਨਸ ਪਾਲਿਸੀ-2017 ਦੇ ਪ੍ਰੋਜੈਕਟ ਸਟਾਰਟ ਅੱਪ ਫੰਡ ਲਈ 100 ਕਰੋੜ ਰੁਪਏ; ਘਰ-ਘਰ ਰੋਜ਼ਗਾਰ ਅਧੀਨ ਚੱਲ ਰਹੇ ਪ੍ਰੋਜੈਕਟ ਤਹਿਤ ਪੰਜਾਬ ਵਿਚ ਹੋ ਰਹੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਰੋਜ਼ਗਾਰ ਮੇਲਾ ’ਤੇ ਆਉਣ ਵਾਲੇ ਖਰਚ ਦੀ 50% ਅਦਾਇਗੀ ਯੂਨੀਵਰਸਿਟੀ ਵੱਲੋਂ ਕਰਨਾ; ਟਾਟਾ ਟੈਕਨਾਲੋਜੀ ਲਿਮੀਟਡ ਰਾਹੀਂ ਸੀ.ਆਈ.ਆਈ.ਆਈ.ਟੀ. ਲਈ ਤਕਰੀਬਨ 100 ਕਰੋੜ ਰੁਪਏ; ਐਨ.ਆਈ.ਟੀ.ਟੀ.ਟੀ.ਆਰ. (ਨਿਟਰ) ਚੰਡੀਗੜ੍ਹ ਲਈ ਚੇਅਰਡ ਪ੍ਰੋਫ਼ੈਸਰਜ਼ ਲਈ 60 ਕਰੋੜ ਰੁਪਏ ਯੂਨੀਵਰਸਿਟੀ ਦੇ ਵਿੱਤੀ ਸ੍ਰੋਤਾਂ ਤੋਂ ਪੂਰੇ ਕੀਤੇ ਜਾਣ ਲਈ ਤਿਆਰੀ ਕੀਤੀ ਜਾ ਰਹੀ ਹੈ।

ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਹਲਕੇ ਦੇ ਵੋਟਰਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਖੁਸ਼ ਕਰਨ ਲਈ ਚਮਕੌਰ ਸਾਹਿਬ ਵਿਖੇ ਸਕਿੱਲ ਤੇ ਵੋਕੇਸ਼ਨਲ ਯੂਨੀਵਰਸਿਟੀ (ਹਾਲ ਦੀ ਘੜੀ ਉਸਦਾ ਨਾਮ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਰੱਖਿਆ ਗਿਆ ਹੈ) ਸਥਾਪਿਤ ਕੀਤੀ ਜਾ ਰਹੀ ਹੈ। ਜਿਸ ਲਈ ਤਕਰੀਬਨ 15 ਕਰੋੜ ਰੁਪਏ ਦੀ 42 ਏਕੜ ਜ਼ਮੀਨ ਖਰੀਦੀ ਗਈ ਹੈ।

ਇਸ ਲਈ 7 ਕਨਾਲ 16 ਮਰਲੇ ਹੋਰ ਜ਼ਮੀਨ ਖਰੀਦਣ ਲਈ ਕਿਹਾ ਗਿਆ ਹੈ। ਇਮਾਰਤਾਂ ਦੀ ਉਸਾਰੀ ਦੇ ਪਹਿਲੇ ਪੜਾਅ ਲਈ 114 ਕਰੋੜ ਰੁਪਏ ਦੀ ਅਦਾਇਗੀ ਕਰਵਾਉਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਤੇ ਦਬਾਅ ਪਾਇਆ ਜਾ ਰਿਹਾ ਹੈ। ਇਹ ਵੀ ਵਰਣਨਯੋਗ ਹੈ ਕਿ ਸ੍ਰੀ ਚੰਨੀ ਵੱਲੋਂ ਦੇਖ-ਰੇਖ ਕੀਤੇ ਜਾ ਰਹੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਪ੍ਰੋਜੈਕਟ 550 ਸਾਲਾ ਜਨਮ ਸ਼ਤਾਬਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਵਿਖੇ ਕਰਵਾਏ ਸਮਾਰੋਹ ਲਈ ਤਕਰੀਬਨ 88 ਲੱਖ ਰੁਪਏ ਦੀ ਅਦਾਇਗੀ ਪਹਿਲਾਂ ਹੀ ਯੂਨੀਵਰਸਿਟੀ ਵੱਲੋਂ ਕਰਵਾਈ ਜਾ ਚੁੱਕੀ ਹੈ।

ਸੈਰ-ਸਪਾਟਾ ਤੇ ਸੱਭਿਆਚਾਰਕ-ਕਮ-ਤਕਨੀਕੀ ਸਿੱਖਿਆ ਮੰਤਰੀ, ਪੰਜਾਬ ਸ੍ਰੀ ਚੰਨੀ ਵੱਲੋਂ ਯੂਨੀਵਰਸਿਟੀ ਨੂੰ ਪੱਤਰ ਭੇਜ ਕੇ ਲਿਖਿਆ ਗਿਆ ਕਿ ਆਈ.ਕੇ.ਜੀ.ਪੀ.ਟੀ.ਯੂ. ਵੱਲੋਂ ਨਾਲ ਲਗਦੇ ਖੇਤਰ ਵਿਚ 100 ਏਕੜ ਵਿਚੋਂ 25 ਏਕੜ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਤੇ ਇਤਿਹਾਸ ਸੰਬੰਧੀ ਮਿਊਜ਼ੀਅਮ ਅਤੇ ਡਾ. ਅੰਬੇਦਕਰ ਜੀ ਦੇ ਨਾਮ ਤੇ ਵਰਲਡ ਕਲਾਸ ਮੈਨੇਜਮੈਂਟ ਕਾਲਜ ਲਈ ਕਾਰਵਾਈ ਕੀਤੀ ਜਾਵੇ।

ਪੰਜਾਬ ਸਰਕਾਰ ਜਿੱਥੇ ਪੰਜਾਬ ਵਿੱਚ ਪਹਿਲਾਂ ਤੋਂ ਸਥਾਪਿਤ ਨਾਮਵਰ ਯੂਨੀਵਰਸਿਟੀਆਂ, ਕਾਲਜਾਂ, ਆਈ.ਟੀ.ਆਈਜ਼ ਨੂੰ ਵਿੱਤੀ ਤੌਰ ਤੇ ਚਲਾਉਣ ਵਿਚ ਨਾਕਾਮ ਰਹੀ ਹੈ, ਉੱਥੇ ਲਗਭਗ ਹਰ ਕੈਬਨਿਟ ਮੀਟਿੰਗ ਵਿਚ ਲਗਾਤਾਰ ਕੋਈ ਨਾ ਕੋਈ ਨਵੀਂ ਯੂਨੀਵਰਸਿਟੀ ਜਾਂ ਆਈ.ਟੀ.ਆਈ. ਖੋਲਣ ਦਾ ਐਲਾਨ ਕਰਨ ਦੇ ਰਸਤੇ ਤੇ ਤੁਰੀ ਹੋਈ ਹੈ। ਇਸ ਦਾ ਉਦਾਹਰਣ ਪੰਜਾਬੀ ਯੂਨੀਵਰਸਿਟੀ ਪਟਿਆਲਾ, ਬੇਅੰਤ ਕਾਲਜ ਆਫ਼ ਇੰਜੀ. ਗੁਰਦਾਸਪੁਰ, ਐਸ.ਬੀ.ਐਸ ਕਾਲਜ ਫਿਰੋਜ਼ਪੁਰ, ਬਾਬਾ ਹੀਰਾ ਸਿੰਘ ਭੱਠਲ ਕਾਲਜ ਲਹਿਰਾਗਾਗਾ, ਸਰਕਾਰੀ ਇੰਜੀ. ਕਾਲਜ ਮਲੋਟ ਦੀ ਮਾਲੀ ਹਾਲਤ ਤੋਂ ਦੇਖਿਆ ਜਾ ਸਕਦਾ ਹੈ।

ਪੰਜਾਬ ਸਰਕਾਰ ਦਾ ਕਾਲਜ ਬਾਬਾ ਹੀਰਾ ਸਿੰਘ ਭੱਠਲ ਕਾਲਜ ਆਫ਼ ਇੰਜੀ. ਐਂਡ ਟੈਕਨਾਲੋਜੀ, ਲਹਿਰਾਗਾਗਾ ਜਿਸ ਨੂੰ ਹੁਣ ਇੱਕ ਪ੍ਰਾਈਵੇਟ ਸੁਸਾਇਟੀ ਚਲਾ ਰਹੀ ਹੈ, ਨੂੰ ਚਲਾਉਣ ਵਿਚ ਸਰਕਾਰ ਅਤੇ ਸੁਸਾਇਟੀ ਪੂਰੀ ਤਰ੍ਹਾਂ ਫੇਲ ਹੋਣ ਕਰਕੇ ਉਥੋਂ ਦੇ ਸਟਾਫ਼ ਨੂੰ ਪੀ.ਟੀ.ਯੂ. ਵਿਚ ਮਰਜ ਕਰਨ ਸੰਬੰਧੀ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ।

ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀਆਂ ਤਕਰੀਬਨ 10 ਸਾਲਾਂ ਤੋਂ ਲੰਬਿਤ ਪ੍ਰਮੋਸ਼ਨਾਂ ਨੂੰ ਰੋਕ ਕੇ ਪੰਜਾਬ ਸਰਕਾਰ ਲਹਿਰਾਗਾਗਾ ਦੇ ਸਟਾਫ਼ ਨੂੰ ਮਰਜ ਕਰਨ ਤੇ ਜ਼ੋਰ ਲਗਾ ਰਹੀ ਹੈ ਜਦੋਂ ਕਿ ਉਥੋਂ ਦੇ ਸਟਾਫ਼ ਦੀ ਵਿੱਦਿਅਕ ਯੋਗਤਾ, ਸਕੇਲ ਅਤੇ ਪਦਵੀ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਬਿਲਕੁਲ ਵੀ ਤਾਲਮੇਲ ਨਹੀਂ ਕਰਦੀ।

ਯੂਨੀਵਰਸਿਟੀ ਦੀਆਂ ਐਸੋਸੀਏਸ਼ਨਾਂ ਵੱਲੋਂ ਲਹਿਰਾਗਾਗਾ ਦੇ ਸਟਾਫ਼ ਨੂੰ ਪੀ.ਟੀ.ਯੂ. ਵਿਚ ਮਰਜ ਨਾ ਕਰਨ ਸੰਬੰਧੀ ਯੂਨੀਵਰਸਿਟੀ ਪ੍ਰਸਾਸ਼ਨ ਨੂੰ ਸਮੇਂ-ਸਮੇਂ ਸਿਰ ਲਿਖਤੀ ਰੂਪ ਵਿਚ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ। ਇੱਥੋਂ ਤੱਕ ਕਿ ਪੀ.ਟੀ.ਯੂ. ਦੇ ਐਕਟ ਵਿਚ ਦਰਜ ਭਰਤੀ ਪ੍ਰਕਿਰਿਆ ਨੂੰ ਛੱਡ ਕੇ ਸਿੱਧੇ ਤੌਰ ਤੇ ਯੂਨੀਵਰਸਿਟੀ ਵਿਚ ਮਰਜ ਕਰਨ ਸੰਬੰਧੀ ਦਬਾਅ ਪਾਇਆ ਜਾ ਰਿਹਾ ਹੈ।

ਪੀ.ਟੀ.ਯੂ. ਨਾਨ ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਖਿੱਚੀ ਅਤੇ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਿਨੇਸ਼ ਗੁਪਤਾ ਵੱਲੋਂ ਸਖ਼ਤ ਸ਼ਬਦਾਂ ਵਿਚ ਕਿਹਾ ਗਿਆ ਕਿ ਜਿਨ੍ਹਾਂ ਕਾਲਜਾਂ ਨੂੰ ਪੰਜਾਬ ਸਰਕਾਰ ਚਲਾਉਣ ਵਿਚ ਨਾਕਾਮ ਰਹੀ ਹੈ, ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਵੀ ਹਾਲਤ ਵਿਚ ਕਾਲਜਾਂ ਦੇ ਸਟਾਫ਼ ਨੂੰ ਯੂਨੀਵਰਸਿਟੀ ਵਿੱਚ ਮਰਜ ਹੋਣ ਦਿੱਤਾ ਜਾਵੇਗਾ।

ਯੂਨੀਵਰਸਿਟੀ ਦੇ ਸਾਰੇ ਮੁਲਾਜ਼ਮਾਂ ਵੱਲੋਂ ਇਕੱਠੇ ਹੋ ਕੇ ਇਸ ਦਾ ਪੁਰ-ਜ਼ੋਰ ਵਿਰੋਧ ਕੀਤਾ ਜਾਵੇਗਾ ਅਤੇ ਇਹ ਵੀ ਫ਼ੈਸਲਾ ਲਿਆ ਗਿਆ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪੀ.ਟੀ.ਯੂ. ਦੇ ਵਿੱਤੀ ਸ੍ਰੋਤਾਂ ਨੂੰ ਖੋਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਮੂਹ ਮੁਲਾਜ਼ਮਾਂ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION