ਯੈੱਸ ਪੰਜਾਬ
ਪਟਿਆਲਾ, 15 ਜੁਲਾਈ, 2022:
ਪਟਿਆਲਾ ਜੇਲ੍ਹ ਅੰਦਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਅਤੇ ਨਾਮਵਰ ਗਾਇਕ ਦਲੇਰ ਮਹਿੰਦੀ ਨੂੰ ਇਕੋ ਬੈਰਕ ਵਿੱਚ ਰੱਖ਼ਿਆ ਗਿਆ ਹੈ।
ਜੇਲ੍ਹ ਦੇ ਸੂਤਰਾਂ ਅਨੁਸਾਰ ਦੋਹਾਂ ਨੂੰ ਬੈਰਕ ਨੰਬਰ 10 ਵਿੱਚ ਰੱਖ਼ਿਆ ਗਿਆ ਹੈ ਜਿੱਥੇ ਨਵਜੋਤ ਸਿੱਧੂ ਪਹਿਲਾਂ ਹੀ ਰਹਿ ਰਹੇ ਸਨ।
ਦਲੇਰ ਮਹਿੰਦੀ ਵੀਰਵਾਰ ਸ਼ਾਮ ਨੂੰ ਹੀ ਪਟਿਆਲਾ ਦੀ ਅਦਾਲਤ ਵੱਲੋਂ ‘ਕਬੂਤਰਬਾਜ਼ੀ’ ਦੇ 2003 ਸੰਨ ਨਾਲ ਸੰਬੰਧਤ ਇਕ ਮਾਮਲੇ ਵਿੱਚ 2 ਸਾਲ ਦੀ ਸਜ਼ਾ ਬਹਾਲ ਰੱਖੇ ਜਾਣ ਉਪਰੰਤ ਪਟਿਆਲਾ ਜੇਲ੍ਹ ਪੁੱਜੇ ਹਨ ਜਦਕਿ ਸ: ਨਵਜੋਤ ਸਿੰਘ ਸਿੱਧੂ 1988 ਦੇ ਇਕ ‘ਰੋਡ ਰੇਜ’ ਦੇ ਮਾਮਲੇ ਵਿੱਚ ਪਹਿਲਾਂ ਹੀ ਸਾਲ ਦੀ ਕੈਦ ਕੱਟ ਰਹੇ ਹਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸ: ਬਿਕਰਮ ਸਿੰਘ ਮਜੀਠੀਆ, ਜਿਨ੍ਹਾਂ ਦੇ ਖਿਲਾਫ਼ ਡਰੱਗਜ਼ ਦਾ ਇਕ ਮਾਮਲਾ ਦਰਜ ਹੈ, ਇਸ ਜੇਲ੍ਹ ਵਿੱਚ ਹੀ ਬੰਦ ਹਨ। ਉਂਜ ਸ: ਮਜੀਠੀਆ ਇਕ ਵੱਖਰੀ ਬੈਰਕ ਵਿੱਚ ਬੰਦ ਹਨ।
ਜ਼ਿਕਰਯੋਗ ਹੈ ਕਿ ਇਹ ਸਾਰੇ। ‘ਹਾਈ ਪ੍ਰੋਫ਼ਾਈਲ’ ਲੋਕ ਵੀ ਜੇਲ੍ਹ ਵਿੱਚ ਸਧਾਰਣ ਕੈਦੀਆਂ ਵਾਂਗ ਹੀ ਰਹਿ ਰਹੇ ਹਨ ਕਿਉਂਕਿ ਸੂਬੇ ਦੀ ‘ਆਪ’ ਸਰਕਾਰ ਨੇ ਜੇਲ੍ਹਾਂ ਵਿੱਚ ‘ਵੀ.ਆਈ.ਪੀ.’ ਲੋਕਾਂ ਲਈ ਸਪੈਸ਼ਲ ਸੈਲਾਂ ਦੀ ਵਿਵਸਥਾ ਖ਼ਤਮ ਕਰ ਦਿੱਤੀ ਹੈ।
ਜੇਲ੍ਹ ਦੇ ਅੰਦਰ ਸ: ਸਿੱਧੂ ਨੂੰ ਅਦਾਲਤ ਦੇ ਹੁਕਮਾਂ ’ਤੇ ਅਤੇ ਸਿਹਤ ਕਾਰਣਾਂ ਕਰਕੇ ਵਿਸ਼ੇਸ਼ ਖ਼ਾਣੇ ਦੀ ਇਜਾਜ਼ਤ ਮਿਲੀ ਹੋਈ ਹੈ ਪਰ ਦਲੇਰ ਮਹਿੰਦੀ ਅਤੇ ਸ: ਮਜੀਠੀਆ ਨੇ ਜੇਲ੍ਹ ਦੇ ਬਾਕੀ ਕੈਦੀਆਂ ਵਾਂਗ ਸਧਾਰਣ ਖ਼ਾਣੇ ਨੂੰ ਹੀ ਪਹਿਲ ਦਿੱਤੀ ਹੋਈ ਹੈ।
ਇਹ ਵੀ ਇਕ ਸੰਜੋਗ ਹੈ ਕਿ ਕਿਸੇ ਸਮੇਂ ਗੂੜ੍ਹੇ ਮਿੱਤਰ ਰਹੇ ਅਤੇ ਫ਼ਿਰ ਰਾਜਨੀਤੀ ਵਿੱਚ ਅੱਡਰੇ ਰਾਹ ਅਖ਼ਤਿਆਰ ਕਰਦੇ ਹੋਏ ਇਕ ਦੂਜੇ ਦੇ ਕੱਟੜ ਅਤੇ ਤਲਖ਼ ਵਿਰੋਧੀ ਬਣ ਜਾਣ ਵਾਲੇ ਸ: ਸਿੱਧ ੂਅਤੇ ਸ: ਮਜੀਠੀਆ, ਜੋ ਅੰਮ੍ਰਿਤਸਰ ਪੂਰਬੀ ਸੀਟ ’ਤੇ ਆਹਮੋ ਸਾਹਮਣੇ ਹੋ ਕੇ 2022 ਵਿਧਾਨ ਸਭਾ ਚੋਣ ਲੜੇ ਅਤੇ ‘ਆਪ’ ਦੀ ਸ੍ਰੀਮਤੀ ਜੀਵਨਜੋਤ ਕੌਰ ਤੋਂ ਹਾਰ ਗਏ, ਹੁਣ ਵੱਖ ਵੱਖ ਕਾਰਨਾਂ ਕਰਕੇ ਪਟਿਆਲਾ ਜੇਲ੍ਹ ਵਿੱਚ ਬੰਦ ਹਨ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ