27.1 C
Delhi
Sunday, April 28, 2024
spot_img
spot_img

‘ਨਰੋਆ ਪੰਜਾਬ’ ਸੰਸਥਾ ਵਲੋਂ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਦਾ ਫੈਸਲਾ, ਗੁਰਪੁਰਬ ‘ਤੇ ਬਰਜਿੰਦਰ ਸਿੰਘ ਹੁਸੈਨਪੁਰ ਦੀ ਇਕ ਹੋਰ ਵਿਲੱਖਣ ਪਹਿਲ

ਯੈੱਸ ਪੰਜਾਬ
ਨਵਾਂਸ਼ਹਿਰ 18 ਨਵੰਬਰ, 2021 –
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਜਿਸ ਤਰੀਕੇ ਨਾਲ ‘ਨਰੋਆ ਪੰਜਾਬ ਸੰਸਥਾ’ ਦੀਆਂ ਸਰਗਰਮੀਆਂ ਵੱਧ ਰਹੀਆਂ ਹਨ ਉਸ ਨਾਲ ਜ਼ਿਲ੍ਹੇ ਦੇ ਲੋਕ ਹੈਰਾਨ ਹੀ ਨਹੀਂ ਸਗੋਂ ਖੁਸ਼ ਵੀ ਹਨ।ਸੰਸਥਾ ਦੀ ‘ਪੜ੍ਹਦਾ ਪੰਜਾਬ’ ਮੁਹਿੰਮ ਤਹਿਤ 100 ਸਰਕਾਰੀ ਸਕੂਲਾਂ ਵਿੱਚ ਵਲੰਟੀਅਰ ਅਧਿਆਪਕ ਦੇਣ ਤੋਂ ਬਾਅਦ ਹੁਣ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ਼੍ਹਣ ਦਾ ਫੈਸਲਾ ਕੀਤਾ ਗਿਆ ਹੈ।

ਅੱਜ ਇਕ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੀਆਂ ਸਰਗਰਮੀਆਂ ਨਾਲ ਸਬੰਧਤ ਕੋਆਰਡੀਨੇਟਰਾਂ ਸ੍ਰੀ ਸੰਨੀ ਸਿੰਘ ਜ਼ਾਫਰਪੁਰ, ਸ੍ਰੀ ਗੰਗਵੀਰ ਰਠੌਰ, ਸ੍ਰੀ ਹਰਪ੍ਰੀਤ ਸਿੰਘ ਪਨੁੰਮਜਾਰਾ ਅਤੇ ਸ੍ਰੀ ਅਵਤਾਰ ਸਿੰਘ ਮਹੇ ਨੇ ਦੱਸਿਆ ਕਿ ਸ.ਬਰਜਿੰਦਰ ਸਿੰਘ ਹੁਸੈਨਪੁਰ ਹੁਰਾਂ ਦੀ ਅਗਵਾਈ ਵਿੱਚ ਸੰਸਥਾ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਵਿੱਚ ਲਾਇਬ੍ਰੇਰੀਆਂ ਦੀ ਘਾਟ ਨੂੰ ਦੇਖਦਿਆਂ ਨਵਾਂਸ਼ਹਿਰ ਸਬ ਡਿਵੀਜ਼ਨ ਦੇ ਪਿੰਡਾਂ ਵਿੱਚ ਵੱਧ ਤੋਂ ਵੱਧ ਲਾਇਬ੍ਰੇਰੀਆਂ ਖੋਲ੍ਹੀਆਂ ਜਾਣ।

ਇਹ ਫੈਸਲਾ ਇਸ ਵਿਚਾਰ ਉਪਰੰਤ ਲਿਆ ਗਿਆ ਕਿ ਜੇਕਰ ਠੇਕੇ ਖੁੱਲ੍ਹ ਸਕਦੇ ਹਨ ਤਾਂ ਲਾਇਬ੍ਰੇਰੀਆਂ ਕਿਉਂ ਨਹੀਂ?ਸ. ਬਰਜਿੰਦਰ ਸਿੰਘ ਹੁਸੈਨਪੁਰ ਨੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ‘ਤੇ ਯਾਦ ਕੀਤਾ ਕਿ ਬਾਬਾ ਨਾਨਕ ਸਾਹਿਬ ਦੇ 20 ਰੁਪਏ ਦੇ ਸੌਦੇ ਦੀਆਂ ਬਰਕਤਾਂ ਰਹਿੰਦੀ ਦੁਨੀਆਂ ਤੱਕ ਰਹਿਣਗੀਆਂ ਇਸ ਲਈ ਕਿਤਾਬਾਂ ਦਾ ਖਰਚਾ ‘ਨਰੋਆ ਪੰਜਾਬ ਸੰਸਥਾ’ ਚੁੱਕੇਗੀ।

ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਨਵਾਂਸ਼ਹਿਰ ਦੇ ਐਸ.ਡੀ.ਐਮ ਅਤੇ ਬੀ.ਡੀ.ਪੀ.ਓ. ਨੂੰ ਭੇਜੇ ਗਏ ਪੱਤਰ ਦੀ ਕਾਪੀ ਦਿੰਦਿਆਂ ਸੰਸਥਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸੰਸਥਾ ਦੀ ਮੀਟਿੰਗ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਪੰਜਾਬ ਵਿੱਚ ਪੁਸਤਕ ਸੱਭਿਆਚਾਰ ਪਣਪ ਨਹੀਂ ਸਕਿਆ ਤੇ ਇਥੇ ਲਾਇਬ੍ਰੇਰੀਆਂ ਦੀ ਬਹੁਤ ਘਾਟ ਹੈ।

ਪੰਜਾਬ ਦੇ ਲੋਕ ਮਕਾਨਾਂ, ਗੱਡੀਆਂ, ਵਿਆਹ ਸ਼ਾਦੀ ਦੇ ਸਮਾਗਮਾਂ, ਖਾਣ ਪੀਣ ਅਤੇ ਹੋਰ ਬਹੁਤ ਸਾਰੀਆਂ ਵਸਤੂਆਂ ਅਤੇ ਸੇਵਾਵਾਂ ‘ਤੇ ਬੇਲੋੜਾ ਖਰਚ ਕਰਦੇ ਹਨ।ਸਰਕਾਰਾਂ ਆਏ ਸਾਲ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਧਾ ਰਹੀਆਂ ਹਨ ਪਰ ਲਾਇਬ੍ਰੇਰੀਆਂ ਖੋਲ੍ਹਣ ਤੋਂ ਅਵੇਸਲੀਆਂ ਰਹੀਆਂ ਹਨ ।

ਪੰਜਾਬੀਆਂ ਦੀਆਂ ਕੋਠੀਆਂ ਵਿੱਚ ਬੀਅਰ ਬਾਰ ਤਾਂ ਬਣ ਰਹੇ ਹਨ ਪਰ ਲਾਇਬ੍ਰੇਰੀ ਕੋਈ ਨਹੀਂ ਬਣਾ ਰਿਹਾ।ਜਿਸ ਖਿੱਤੇ ਦਾ ਇਸ਼ਟ ਵੀ ਗੁਰੂ ਗ੍ਰੰਥ ਸਾਹਿਬ ਹੋਵੇ, ਜਿਥੇ ਰਿਗਵੇਦ ਦੀ ਰਚਨਾ ਹੋਈ ਹੋਵੇ ਉਥੇ ਕਿਤਾਬਾਂ ਸੱਭਿਆਚਾਰ ਦਾ ਹਿੱਸਾ ਨਾ ਬਣਨ, ਇਸਨੂੰ ਵੱਡੀ ਤਰਾਸਦੀ ਹੀ ਕਿਹਾ ਜਾ ਸਕਦਾ ਹੈ।

ਖਬਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਦੇਸ਼ ਦੇ 19 ਰਾਜਾਂ ਵਿੱਚ ਜਨਤਕ ਲਾਇਬ੍ਰੇਰੀਆਂ ਦੇ ਕਨੂੰਨ ਲਾਗੂ ਹੋ ਚੁੱਕੇ ਹਨ ਲੇਕਿਨ ਪੰਜਾਬ ਇਸ ਪੱਖੋਂ ਵੀ ਪਿੱਛੇ ਹੈ।- ਹੁਣ ਸੰਸਥਾ ਨੇ ਫੈਸਲਾ ਕੀਤਾ ਹੈ ਕਿ ‘ਪੜ੍ਹਦਾ ਪੰਜਾਬ’ ਮੁਹਿੰਮ ਤਹਿਤ ਵੱਖ ਵੱਖ ਪਿੰਡਾਂ ਵਿੱਚ ਜਨਤਕ ਲਾਇਬ੍ਰੇਰੀਆਂ ਖੋਲ੍ਹੀਆਂ ਜਾਣ ਤਾਂ ਜੋ ਲੋਕਾਂ ਵਿੱਚ ਪੁਸਤਕਾਂ ਪੜ੍ਹਨ ਦੀ ਆਦਤ ਬਣੇ ਅਤੇ ਵਧੇ।

ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸਬ ਡਿਵੀਜ਼ਨ ਨਵਾਂਸ਼ਹਿਰ ਦੀਆਂ ਪੰਚਾਇਤਾਂ ਨੂੰ ਦਫਤਰੀ ਤੌਰ ‘ਤੇ ਬਕਾਇਦਾ ਜਾਣੂ ਕਰਵਾਇਆ ਜਾਵੇ ਤੇ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਆਪਣੇ ਪਿੰਡਾਂ ਵਿੱਚ ਵੱਧ ਤੋਂ ਵੱਧ ਜਨਤਕ ਲਾਇਬ੍ਰੇਰੀਆਂ ਖੋਲ੍ਹਣ ਲਈ ਮਤੇ ਪਾਉਣ।ਜਿਹੜੀ ਵੀ ਪੰਚਾਇਤ ਮਤਾ ਪਾ ਕੇ ਸੰਸਥਾ ਤੋਂ ਮੰਗ ਕਰੇਗੀ ਉਸ ਪਿੰਡ ਵਿੱਚ ਜਨਤਕ ਲਾਇਬ੍ਰੇਰੀ ਖੋਲ੍ਹ ਦਿੱਤੀ ਜਾਵੇਗੀ।ਇਸ ਵਾਸਤੇ ਪਿੰਡ ਦੀ ਪੰਚਾਇਤ ਨੂੰ ਸਿਰਫ ਲੋੜੀਂਦੀ ਇਮਾਰਤ ਦੇਣੀ ਹੋਵੇਗੀ।

ਉਥੇ ਲੋੜੀਂਦੀਆਂ ਪੁਸਤਕਾਂ ਮੰਗ ਅਨੁਸਾਰ ‘ਨਰੋਆ ਪੰਜਾਬ’ ਵਲੋਂ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ।ਇਸ ਤੋਂ ਇਲਾਵਾ ਕੁਝ ਅਖਬਾਰਾਂ ਤੇ ਰਸਾਲੇ ਆਦਿ ਵੀ ਲਗਵਾ ਦਿੱਤੇ ਜਾਣਗੇ। ਪੁਸਤਕਾਂ ਦੇਣ ਵੇਲੇ ਪਿੰਡ ਦੇ ਲੋਕਾਂ ਖਾਸ ਤੌਰ ‘ਤੇ ਨੌਜਵਾਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।ਪੱਤਰ ਵਿੱਚ ਇਹ ਵੀ ਉਮੀਦ ਜਤਾਈ ਗਈ ਹੈ ਕਿ ਸਰਕਾਰ ਪੂਰੇ ਪੰਜਾਬ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਲਈ ਲੋੜੀਂਦੇ ਕਦਮ ਚੁੱਕੇਗੀ।

ਪੱਤਰ ਦੀ ਕਾਪੀ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਸ. ਪ੍ਰਗਟ ਸਿੰਘ ਮੰਤਰੀ ਸਕੂਲ ਸਿੱਖਿਆ, ਉੱਚ ਸਿੱਖਿਆ ਭਾਸ਼ਾ ਸੱਭਿਆਚਾਰ ਤੇ ਐਨ.ਆਰ.ਆਈ ਮਾਮਲੇ ਪੰਜਾਬ, ਇਸ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਪੰਜਾਬ ਦੇ ਮੁੱਖ ਸਕੱਤਰ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਤੇ ਨਵਾਂਸ਼ਹਿਰ ਦੇ ਸਮੂਹ ਸਰਪੰਚਾਂ ਨੂੰ ਵੀ ਭੇਜੀ ਗਈ ਹੈ।

ਇਥੇ ਦੱਸਣਯੋਗ ਹੈ ਕਿ ਕੁਝ ਸਾਲ ਪਹਿਲਾਂ ਇਕ ਵਿਅਕਤੀ ਨੇ ਪੰਜਾਬ ਵਿੱਚ ਜਨਤਕ ਲਾਇਬ੍ਰੇਰੀਆਂ ਬਣਾਉਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਵੀ ਦਾਇਰ ਕੀਤਾ ਸੀ ਲੇਕਿਨ ਚੋਣ ਜਾਬਤਾ ਲੱਗਣ ਕਾਰਨ ਮਾਨਯੋਗ ਅਦਾਲਤ ਨੇ ਪਟੀਸ਼ਨਰ ਨੂੰ ਆਪਣੀ ਮੰਗ ਅਗਲੀ ਸਰਕਾਰ ਵਿੱਚ ਸਬੰਧਤ ਮੰਤਰੀ ਦੇ ਧਿਆਨ ‘ਚ ਲਿਆਉਣ ਦੀ ਗੱਲ ਕਹੀ ਸੀ।

ਪੰਜਾਬ ਲਾਇਬ੍ਰੇਰੀ ਐਸੋਸੀਏਸ਼ਨ ਵੀ ਪਿਛਲੇ ਕਈ ਸਾਲਾਂ ਤੋਂ ਜਨਤਕ ਲਾਇਬ੍ਰੇਰੀਆਂ ਖੋਲ੍ਹਣ ਦੀ ਮੰਗ ਕਰਦੀ ਆ ਰਹੀ ਹੈ ਪਰ ਸਰਕਾਰੀ ਪੱਧਰ ‘ਤੇ ਕੋਈ ਯਤਨ ਨਹੀਂ ਹੋਇਆ ਹਾਲਾਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਾਇਬ੍ਰੇਰੀਆਂ ਖੋਲ੍ਹਣ ਦਾ ਐਲਾਨ ਵੀ ਕੀਤਾ ਹੈ।ਨਰੋਆ ਪੰਜਾਬ ਸੰਸਥਾ ਨੇ ਨਵਾਂਸ਼ਹਿਰ ਵਿੱਚ ਇਹ ਕੰਮ ਆਪਣੇ ਵਲੋਂ ਸ਼ੁਰੂ ਕਰਕੇ ਇਕ ਨਵਾਂ ਸੰਦੇਸ਼ ਦਿੱਤਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION