30.1 C
Delhi
Saturday, April 27, 2024
spot_img
spot_img

ਦੇਸ਼ ਭਗਤ ਹਾਲ ’ਚ ਵਿਸ਼ਵ ਰੰਗ ਮੰਚ ਦਿਹਾੜਾ ਮਨਾਇਆ, ‘ਦਿੱਲੀਓ ਖਾਲੀ ਨੀ ਪਰਤੇਗਾ ਦੁੱਲਾ’ ਅਤੇ ‘ਸਬਲਾ’ ਨਾਟਕਾਂ ਨੇ ਛੱਡੀ ਅਮਿੱਟ ਛਾਪ

ਯੈੱਸ ਪੰਜਾਬ
ਜਲੰਧਰ, 27 ਮਾਰਚ, 2021 –
ਅੱਜ ਵਿਸ਼ਵ ਰੰਗ ਮੰਚ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕੀਤਾ ਰੰਗ ਮੰਚੀ ਸਮਾਗਮ ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਚੱਲ ਰਹੇ ਜਨ ਅੰਦੋਲਨ ਨੂੰ ਸਮਰਪਤ ਕੀਤਾ ਗਿਆ।

ਦੇਸ਼ ਭਗਤ ਯਾਦਗਾਰ ਹਾਲ ਵਿੱਚ ਵਿਸ਼ਵ ਰੰਗ ਮੰਚ ਦਿਹਾੜੇ ਦਾ ਆਗਾਜ਼ ਰੰਗ ਮੰਚ, ਕੌਮੀ ਮੁਕਤੀ ਲਹਿਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਵਿੱਚ ਜ਼ਿੰਦੜੀਆਂ ਵਾਰਨ ਵਾਲਿਆਂ ਨੂੰ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਭੇਂਟ ਕਰਨ ਨਾਲ ਹੋਇਆ। ਵਿਸ਼ਵ ਰੰਗ ਮੰਚ ਦਿਹਾੜੇ ਮੌਕੇ ਦੁਨੀਆਂ ਭਰ ਦੀਆਂ ਭਾਸ਼ਾਵਾਂ ਵਿੱਚ ਜਾਰੀ ਹੋਇਆ ਹੈਲਨ ਮਿਰਨ ਦਾ ਸੁਨੇਹਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪੜ੍ਹਕੇ ਸੁਣਾਇਆ।

ਸੁਨੇਹਾ ਕਹਿੰਦਾ ਹੈ ਕਿ, ‘‘ਅਜੋਕੇ ਸਮੇਂ ਰੰਗ ਕਰਮੀਆਂ ਦਾ ਅਨੇਕਾਂ ਦੁਸ਼ਵਾਰੀਆਂ ਨਾਲ ਮੱਥਾ ਲੱਗਾ ਹੋਇਆ ਹੈ ਪਰ ਸਾਨੂੰ ਵਿਸ਼ਵਾਸ਼ ਹੈ ਕਿ ਅਸੀਂ ਇਹਨਾਂ ਚੁਣੌਤੀਆਂ ਉਪਰ ਫਤਿਹ ਪਾ ਕੇ ਖ਼ੂਬਸੂਰਤ ਮੌਸਮ ਲਿਆਉਣ ’ਚ ਸਫ਼ਲ ਹੋਵਾਂਗੇ।’’ ਇਸ ਮੌਕੇ ਸਰਗਮ, ਵਰਜੀਤ ਕੌਰ, ਅਨਮੋਲ ਰੂਪੇਵਾਲੀ ਅਤੇ ਧਰਮਿੰਦਰ ਮਸਾਣੀ ਨੇ ਬਹੁਤ ਹੀ ਖੂਬਸੂਰਤ ਗੀਤਾਂ ਨਾਲ ਰੰਗ ਮੰਚ ਵਿੱਚ ਸੰਗੀਤਕ ਰੰਗ ਭਰਿਆ।

ਮਾਨਵਤਾ ਕਲਾ ਮੰਚ ਨਗਰ (ਪਲਸ ਮੰਚ) ਵੱਲੋਂ ਪੇਸ਼ ਇੱਕ ਪਾਤਰ ਦੀ ਅਦਾਕਾਰ ਨਰਗਿਸ ਨੇ ‘ਦਿੱਲੀਓ ਖਾਲੀ ਨਹੀਂ ਪਰਤੇਗਾ’ ਨਾਟਕ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਹਲੂਣਕੇ ਰੱਖ ਦਿੱਤਾ।

‘ਦਿੱਲੀਓ ਖਾਲੀ ਨੀ ਪਰਤੇਗਾ ਦੁੱਲਾ’ ਨਾਟਕ ਦੀ ਪਟਕਥਾ ਖੇਤੀ ਕਾਨੂੰਨਾਂ ਖਿਲਾਫ਼ ਉੱਠੇ ਜਨ ਅੰਦੋਲਨ ਦੀਆਂ ਅਨੇਕਾਂ ਪਰਤਾਂ ਖੋਲ੍ਹਦੀ ਹੋਈ ਕੇਂਦਰੀ ਭਾਜਪਾ ਹਕੂਮਤ ਉਪਰ ਸਾਮਰਾਜੀ ਬਹੁ ਕੌਮੀ ਕੰਪਨੀਆਂ ਦੇ ਦਬਾਅ ਦਾ ਭਾਂਡਾ ਭੰਨਦੀ ਹੈ।

ਪੁਰਅਮਨ ਅਤੇ ਹੱਕੀ ਕਿਸਾਨ ਅੰਦੋਲਨ ਨੂੰ ਲੀਹੋਂ ਲਾਹੁਣ ਅਤੇ ਨਾਕਾਮ ਕਰਨ ਲਈ ਘੜੇ ਵੰਨ-ਸੁਵੰਨੇ ਛੜਯੰਤਰਾਂ ਤੋਂ ਸੁਚੇਤ ਹੋ ਕੇ ਇਤਿਹਾਸ ਦੀ ਬੁੱਕਲ ’ਚ ਪਲ਼ੇ ਅੱਜ ਦੇ ਦੁੱਲੇ ਕਿਵੇਂ ਸੰਘਰਸ਼ ਨੂੰ ਜਿੱਤਕੇ ਹੀ ਮੁੜਨਗੇ ਇਹ ਸੁਨੇਹਾ ਦਿੰਦਾ ਹੈ ਕੁਲਵੰਤ ਕੌਰ ਨਗਰ ਦੀ ਕਲਮ ਤੋਂ ਲਿਖਿਆ, ਜਸਵਿੰਦਰ ਪੱਪੀ ਦੁਆਰਾ ਨਿਰਦੇਸ਼ਤ ਨਾਟਕ।

ਸਟਾਈਲ ਆਰਟਸ ਐਸੋਸੀਏਸ਼ਨ ਜਲੰਧਰ ਦੇ ਕਲਾਕਾਰਾਂ ਨੇ ਨੀਰਜ ਕੌਸ਼ਿਕ ਦੀ ਨਿਰਦੇਸ਼ਨਾ ’ਚ ਖੇਡੇ ਨਾਟਕ ‘ਸਬਲਾ’ ਨੇ ਬੁਲੰਦ ਆਵਾਜ਼ ’ਚ ਸੁਨੇਹਾ ਦਿੱਤਾ ਕਿ ਧਰਤੀ ਦੀਆਂ ਜਾਈਆਂ ਹੁਣ ਅਬਲਾ ਬਣਕੇ ਦਮ ਘੁੱਟਵੇਂ ਮਾਹੌਲ ਨਾਲ ਸਮਝੌਤਾ ਨਹੀਂ ਕਰਨਗੀਆਂ, ਸਗੋਂ ਉਹ ਸਬਲਾ ਬਣਕੇ ਮਾਣ ਅਤੇ ਸ਼ਾਨ ਭਰੀ ਜ਼ਿੰਦਗੀ ਦੇ ਸਫ਼ਰ ’ਤੇ ਅੱਗੇ ਵਧਣਗੀਆਂ।

ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਖਜ਼ਾਨਚੀ ਰਣਜੀਤ ਸਿੰਘ ਔਲਖ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਮੰਗਤ ਰਾਮ ਪਾਸਲਾ, ਚਰੰਜੀ ਲਾਲ ਕੰਗਣੀਵਾਲ, ਵਿਜੈ ਬੰਬੇਲੀ, ਹਰਮੇਸ਼ ਮਾਲੜੀ ਤੋਂ ਇਲਾਵਾ ਅਵਤਾਰ ਲੰਗੇਰੀ, ਕਸ਼ਮੀਰ ਘੁਗਸ਼ੋਰ, ਰਾਜਿੰਦਰ ਸਿੰਘ ਹੁਸ਼ਿਆਰਪੁਰ, ਡਾ.ਮੰਗਤ ਰਾਏ ਆਦਿ ਹਾਜ਼ਰ ਸਨ।

ਸਮਾਗਮ ਦਾ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION