ਜਲੰਧਰ, 24 ਅਕਤੂਬਰ 2019:
ਜਲੰਧਰ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਸਕੱਤਰ ਲੋਕ ਨਿਰਮਾਣ ਵਿਭਾਗ ਸ੍ਰੀ ਹੁਸਨ ਲਾਲ ਵਲੋਂ ਕੌਮੀ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਪੀ.ਏ.ਪੀ. ਫਲਾਈ ਓਵਰ ਨੂੰ ਸ਼ੁਰੂ ਕਰਨ ਲਈ ਐਲੀਵੇਟਿਡ ਪਲੇਟਫਾਰਮ ਬਣਾਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਸਕੱਤਰ ਜਿਨ੍ਹਾਂ ਦੇ ਨਾਲ ਵਿਧਾਇਕ ਪਰਗਟ ਸਿੰਘ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਮੌਜੂਦ ਸਨ ਵਲੋਂ ਕੌਮੀ ਹਾਈਵੇਅ ਅਥਾਰਟੀ ਆਫ਼ ਇੰਡੀਆ ਜਿਸ ਦੀ ਅਗਵਾਈ ਪ੍ਰੋਜੈਕਟ ਡਾਇਰੈਕਟਰ ਕਰਨਲ (ਰਿਟਾ.) ਯੋਗੇਸ਼ ਚੰਦਰਾ ਕਰ ਰਹੇ ਹਨ ਵਲੋਂ ਵਿਸਥਾਰ ਨਾਲ ਗੱਲਬਾਤ ਕੀਤੀ ਗਈ।
ਉਨ੍ਹਾਂ ਅਥਾਰਟੀ ਨੂੰ ਕਿਹਾ ਕਿ ਇਸ ਸਥਾਨ ’ਤੇ ਜਲੰਧਰ ਅਤੇ ਲੁਧਿਆਣਾ ਤੋਂ ਆਉਣ ਵਾਲੀ ਅਵਾਜਾਈ ਦੇ ਰਲੇਵੇਂ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਜਲੰਧਰ ਵਾਸੀਆਂ ਨੂੰ ਜੋ ਕਿ ਇਸ ਮੌਕੇ ਅਵਾਜਾਈ ਵਿੱਚ ਭੀੜ ਹੋਣ ਕਰਕੇ ਸਮੱਸਿਆਵਾਂ ਦਾ ਸਾਹਮਣੇ ਕਰ ਰਹੇ ਹਨ ਨੂੰ ਤੁਰੰਤ ਰਾਹਤ ਪਹੁੰਚਾਉਣ ਦੀ ਲੋੜ ਹੈ।
ਸਕੱਤਰ ਨੇ ਅਥਾਰਟੀ ਨੂੰ ਕਿਹਾ ਕਿ ਇਸ ਅਹਿਮ ਪ੍ਰੋਜੈਕਟ ਨੂੰ ਤਰੱਕ ਸੰਗਤ ਬਣਾਉਂਦੇ ਹੋਏ ਇਸ ’ਤੇ ਕੰਮ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਥਾਨ ’ਤੇ ਅਵਾਜਾਈ ਨੂੰ ਸਚਾਰੂ ਢੰਗ ਨਾਲ ਚਲਾਉਣ ਦੇ ਨਾਲ-ਨਾਲ ਇਸ ਪੁਲ ਨੂੰ ਜਲਦ ਸ਼ੁਰੂ ਕਰਨਾ ਚਾਹੀਦਾ ਹੈ। ਉਨ੍ਹਾਂ ਅਥਾਰਟੀ ਨੂੰ ਪੰਜਾਬ ਸਰਕਾਰ ਵਲੋਂ ਇਸ ਨੇਕ ਕਾਰਜ ਲਈ ਪੂਰਨ ਸਹਿਯੋਗ ਤੇ ਮਦਦ ਦਾ ਭਰੋਸਾ ਦਿੱਤਾ ਗਿਆ।
ਸਕੱਤਰ ਨੇ ਇਸ ਮੌਕੇ ਕੌਮੀ ਹਾਈਵੇ ਅਥਾਰਟੀ ਨੂੰ ਰਾਮਾ ਮੰਡੀ ਚੌਕ ਉਤੇ ਨਵੇਂ ਬਣੇ ਪੁੱਲ ਤੇ ਸਹੀ ਢੰਗ ਨਾਲ ਦਿਸ਼ਾ ਦਰਸਾਊ ਬੋਰਡ ਲਗਾਉਣ ਦੀਆਂ ਵੀ ਹਦਾਇਤਾਂ ਕੀਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਇਸ ਨਾਲ ਅੰਮ੍ਰਿਤਸਰ, ਨਿਊ ਦਿੱਲੀ, ਹੁਸ਼ਿਆਰਪੁਰ ਅਤੇ ਹੋਰ ਸ਼ਹਿਰਾਂ ਵੱਲ ਜਾਣ ਵਾਲੇ ਯਾਤਰੀਆਂ ਨੂੰ ਬਹੁਤ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਦੌਰਾਨ ਵੀ ਇਸ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਹੋਈ ਪ੍ਰਗਤੀ ਦਾ ਜਾਇਜ਼ਾ ਲੈਣਗੇ।
ਇਸ ਮੌਕੇ ਵਿਧਾਇਕ ਪਰਗਟ ਸਿੰਘ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਕੱਤਰ ਨੂੰ ਦੱਸਿਆ ਕਿ ਪੀ.ਏ.ਪੀ.ਫਲਾਈ ਓਵਰ ਸ਼ੁਰੂ ਨਾ ਹੋਣ ਕਰਕੇ ਜਲੰਧਰ ਵਾਸੀਆਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾ ਕਿਹਾ ਕਿ ਰਾਮਾ ਮੰਡੀ ਫਲਾਈ ਓਵਰ ਨੂੰ ਚਾਲੂ ਕਰਨ ਦੇ ਨਾਲ-ਨਾਲ ਇਸ ਨਾਲ ਲੱਗਦੀ ਸੜਕ ਨੂੰ ਚੌੜਾ ਕਰਕੇ ਅਵਾਜਾਈ ਨੂੰ ਪੁੱਲ ਥੱਲਿਓਂ ਲੰਘਾਉਣਾ ਸ਼ਹਿਰ ਵਾਸੀਆਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਨਰੇਸ਼ ਡੋਗਰਾ, ਮਾਲ ਅਫ਼ਸਰ ਮਨਦੀਪ ਸਿੰਘ ਮਾਨ ਅਤੇ ਵਿਜੈ ਕੁਮਾਰ ਦੇ ਨਾਲ ਹੋਰ ਅਧਿਕਾਰੀ ਵੀ ਹਾਜ਼ਰ ਸਨ।