27.1 C
Delhi
Saturday, April 27, 2024
spot_img
spot_img

ਜੱਗੂ ਭਗਵਾਨਪੁਰ ਗਿਰੋਹ ਦਾ ਭਗੌੜਾ ਗੈਂਗਸਟਰ ਮਨੂੰ ਮਹਿਮਾਚੱਕ ਜਲੰਧਰ ਕਾਊਂਟਰ ਇੰਟੈਲੀਜੈਂਸ ਵੱਲੋਂ ਗਿਰਫ਼ਤਾਰ, ਹਥਿਆਰ ਬਰਾਮਦ

ਜਲੰਧਰ, 23 ਅਕਤੂਬਰ, 2019:

ਪੰਜਾਬ ਵਿਚੋਂ ਗੈਂਗਸਟਰ ਸਭਿਆਚਾਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਰਾਖੀ ਕਰਦਿਆਂ ਕਾਉਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਜੱਗੂ ਭਗਵਾਨਪੁਰ ਗਿਰੋਹ ਦੇ ਖਤਰਨਾਕ ਗੈੰਗਸ੍ਟਰ ਹਰਮਿੰਦਰ ਸਿੰਘ ਉਰਫ ਪਹਿਲਵਾਨ ਉਰਫ਼ ਮੰਨੂੰ ਮਹਿਮਾਚਕ ਨੂੰ ਇਕ ਮੁਕਾਬਲੇ ਤੋਂ ਬਾਅਦ ਭੋਗਪੁਰ ਕਸਬਾ ਜਲੰਧਰ ਦੇ ਇਲਾਕੇ ਵਿਚੋ ਖ਼ਤਰਨਾਕ ਹਥਿਆਰਾਂ ਅਤੇ ਗੋਲੀ ਸਿੱਕਾ ਸਮੇਤ ਗਿਰਫਤਾਰ ਕੀਤਾ ਹੈ

ਮੁਲਜ਼ਮ ਹਰਮਿੰਦਰ ਸਿੰਘ ਮੰਨੂੰ ਗੁਰਦਾਸਪੁਰ ਜ਼ਿਲੇ ਦੇ ਬਟਾਲਾ ਕਸਬੇ ਦੇ ਪਿੰਡ ਮਹਿਮਾਚੱਕ ਅਤੇ ਉਸ ਦਾ ਸਾਥੀ ਹਨੀ ਕੁਮਾਰ ਅਛਲੀ ਗੇਟ ਬਟਾਲਾ ਦਾ ਰਹਿਣ ਵਾਲਾ ਹੈ।

ਪੁਲਿਸ ਟੀਮ ਨੇ ਇਹਨਾਂ ਗੈਂਗਸਟਰਾਂ ਦੇ ਕਬਜੇ ਵਿਚੋ ਤਿੰਨ ਪਿਸਤੌਲ, ਇਕ ਰਾਈਫਲ, 161 ਜਿੰਦਾ ਕਾਰਤੂਸ ਅਤੇ ਇਕ ਜੰਗਲੀ ਜਾਨਵਰਾਂ ਨੂੰ ਭਜਾਉਣ ਲਈ ਵਰਤੀ ਜਾਣ ਵਾਲੀ ਸਪਰੇਅ ਵੀ ਬਰਾਮਦ ਕੀਤੀ ਹੈ ਜਿਸਦਾ ਪ੍ਰਯੋਗ ਇਹਨਾਂ ਗੈਂਗਸਟਰਾਂ ਵਲੋਂ ਪੁਲਿਸ ਹਿਰਾਸਤ ਵਿਚੋ ਭੱਜਣ ਲਈ ਜਾਂ ਆਪਣੀ ਗਿਰਫਤਾਰੀ ਤੋਂ ਬਚਣ ਲਈ ਕੀਤਾ ਜਾਂਦਾ ਸੀ।

ਪੁਲਿਸ ਵਲੋਂ ਦੋਸੀਆਂ ਦੇ ਖਿਲਾਫ ਥਾਣਾ ਭੋਗਪੁਰ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 307 ਅਤੇ 34 ਅਤੇ ਧਾਰਾ 25 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਏ.ਆਈ.ਜੀ.ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਖ਼ਤਰਨਾਕ ਗੈਂਗਸਟਰ ਮੰਨੂੰ ਆਪਣੇ ਇਕ ਸਾਥੀ ਨਾਲ 2 ਵੱਖ ਵੱਖ ਕਾਰਾਂ (ਪੋਲੋ ਨੰਬਰੀ PB07BT7073 ਅਤੇ S CROSS ਨੰਬਰੀ PB07BT3741) ਵਿੱਚ ਭੋਗਪੁਰ ਇਲਾਕੇ ਵਿੱਚ ਆ ਕੇ ਕਿਸੇ ਖ਼ਤਰਨਾਕ ਵਾਰਦਾਤ ਨੂੰ ਅੰਜਾਮ ਦੇਣ ਵਾਲ਼ੇ ਹਨ ਇਹਨਾਂ ਦੇ ਕੋਲ ਭਾਰੀ ਮਾਤਰਾ ਵਿਚ ਮਾਰੂ ਹਥਿਆਰ ਅਤੇ ਗੋਲੀ ਸਿੱਕਾ ਮੌਜੂਦ ਹੈ।

ਉਹਨਾਂ ਨੇ ਦੱਸਿਆ ਕਿ ਜਾਣਕਾਰੀ ਪੱਕੀ ਅਤੇ ਭਰੋਸੇਮੰਦ ਹੋਣ ਤੇ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਇਕ ਟੀਮ ਨੇ ਦੱਸੇ ਹੋਏ ਇਲਾਕੇ ਦੀ ਘੇਰਾਬੰਦੀ ਕਰ ਕੇ ਇਹਨਾਂ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਪਰੰਤੂ ਪੁਲਿਸ ਪਾਰਟੀ ਵਲੋਂ ਵਾਰ ਵਾਰ ਦਿੱਤੀ ਜਾ ਰਹੀ ਚੇਤਾਵਨੀ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਗੈਂਗਸਟਰਾਂ ਵਲੋਂ ਗੱਡੀ ਵਿਚੋਂ ਨਿਕਲ ਕੇ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨੀਅਤ ਦੇ ਨਾਲ ਓਹਨਾ ਤੇ ਫਾਇਰਿੰਗ ਕਰ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਵਿਚ ਕਾਮਯਾਬ ਨਾ ਹੋਣ ਤੇ ਇਹ ਦੁਬਾਰਾ ਗੱਡੀ ਵਿਚ ਬੈਠ ਕੇ ਭੱਜਣ ਲਈ ਕਾਰ ਵੱਲ ਵਧੇ ਜਿਥੇ ਪੁਲਿਸ ਟੀਮ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਇਹਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ।

ਏ.ਆਈ.ਜੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਗੈਂਗਸਟਰ ਮੰਨੂੰ ਨੇ ਖੁਲਾਸਾ ਕੀਤਾ ਕਿ ਉਹ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਸਾਥੀ ਹੈ ਅਤੇ ਉਸ ਨੂੰ ਪੁਲਿਸ ਨੇ 2015 ਵਿੱਚ ਇੱਕ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਅੰਮ੍ਰਿਤਸਰ ਜੇਲ੍ਹ ਵਿੱਚ ਜੱਗੂ ਭਗਵਾਨਪੁਰੀਆ ਵੀ ਉਸ ਨਾਲ ਬੈਰਕ ਵਿਚ ਬੰਦ ਸੀ ਜਿਥੇ ਦੋਵੇਂ ਵਿਚਾਲੇ ਦੋਸਤੀ ਹੋਈ।

ਸ੍ਰੀ ਖੱਖ ਨੇ ਅੱਗੇ ਕਿਹਾ ਕਿ 2017 ਵਿੱਚ ਮੰਨੂੰ ਬਟਾਲਾ ਵਿੱਚ ਆਪਣੇ ਗਿਰੋਹ ਦੇ ਮੈਂਬਰਾਂ ਦੀ ਮਦਦ ਨਾਲ ਪੁਲਿਸ ਹਿਰਾਸਤ ਵਿੱਚੋਂ ਭੱਜ ਨਿਕਲਿਆ ਸੀ ਅਤੇ ਉਸਨੇ ਭੱਜਣ ਤੋਂ ਬਾਅਦ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਈ ਕਤਲ ਅਤੇ ਬੈਂਕ ਡਕੈਤੀਆਂ, ਸੋਨੇ ਦੇ ਗਹਿਣਿਆਂ ਨੂੰ ਲੁੱਟਣ ਅਤੇ ਵਾਹਨ ਖੋਹਣ ਦੀਆਂ ਕਈ ਵਾਰਦਾਤਾਂ ਕੀਤੀਆਂ।

ਏ.ਆਈ.ਜੀ ਨੇ ਕਿਹਾ ਕਿ ਮੰਨੂੰ ਨੇ ਆਪਣੇ ਖੁਲਾਸਿਆਂ ਵਿਚ ਦੱਸਿਆ ਕਿ ਉਸ ਨੇ ਪੰਜਾਬ ਤੋਂ ਬਿਨਾਂ ਨਾਲ ਲੱਗਦੇ ਗੁਆਂਢੀ ਰਾਜਾਂ ਵਿੱਚ ਵੀ ਬਹੁਤ ਸਾਰੇ ਜੁਰਮ ਕੀਤੇ ਹਨ ਜਿਹਨਾਂ ਵਿਚ ਉਸ ਨੇ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ‘ਤੇ ਇੱਕ ਸਰਪੰਚ ਦੀ ਹੱਤਿਆ, ਅੰਕਿਤ ਭਾਦੂ ਅਤੇ ਹੋਰਾਂ ਨਾਲ ਮਿਲ ਕੇ ਕੀਤੀ ਸੀ। ਗੁਆਂਢੀ ਰਾਜਾਂ ਵਿੱਚ ਉਸ ਦੁਆਰਾ ਕੀਤੇ ਹੋਰਨਾਂ ਜੁਰਮਾਂ ਦਾ ਵੇਰਵਾ ਵੀ ਇਨ੍ਹਾਂ ਰਾਜਾਂ ਦੇ ਪੁਲਿਸ ਵਿਭਾਗਾਂ ਤੋਂ ਮੰਗਿਆ ਗਿਆ ਹੈ।

ਸ੍ਰੀ ਖੱਖ ਨੇ ਦੱਸਿਆ, “ਇਸ ਤੋਂ ਇਲਾਵਾ ਜੱਗੂ ਦੇ ਦਿਸ਼ਾ ਨਿਰਦੇਸ਼ਾਂ ਤੇ ਮੰਨੂੰ ਅਤੇ ਉਸ ਦੇ ਸਾਥੀਆਂ ਨੇ ਜੱਗੂ ਦੇ ਵਿਰੋਧੀ ਗੈਂਗਸਟਰ ਗੋਪੀ ਘਣਸ਼ਾਮਪੁਰੀਆ ਦਾ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਸਾੜਨ ਤੋਂ ਬਾਅਦ ਉਸਨੇ ਆਪਣੇ ਇਕ ਸਾਥੀ ਦੀ ਮਦਦ ਨਾਲ ਅੱਧੀ ਸੜੀ ਹੋਈ ਲਾਸ਼ ਨੂੰ ਬਿਆਸ ਨਦੀ ਵਿੱਚ ਸੁੱਟ ਦਿੱਤਾ ਸੀ।”

ਏ.ਆਈ.ਜੀ ਨੇ ਦੱਸਿਆ ਕਿ ਮੰਨੂੰ ਨੇ ਅਜੇ ਪੰਜ ਲੁੱਟ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹੋਣ ਨੂੰ ਸਵੀਕਾਰ ਕੀਤਾ ਜਿਨ੍ਹਾਂ ਵਿਚੋਂ ਬੱਸੀ ਗੁਲਾਮ ਹੁਸੈਨ ਹੁਸ਼ਿਆਰਪੁਰ ਪੀ.ਐਨ.ਬੀ ਬੈਂਕ 10 ਲੱਖ ਰੁਪਏ ਅਤੇ ਐਕਸਿਸ ਬੈਂਕ ਦਾ ਕੋਟ ਫਤੂਹੀ 11.50 ਲੱਖ ਰੁਪਏ, ਆਈਡੀਬੀਆਈ ਬੈਂਕ ਜੈਤੋ ਸਰਜਾ ਬਟਾਲਾ ਵਿਚੋਂ 26 ਲੱਖ ਰੁਪਏ, ਤਰਨ-ਤਾਰਨ ਦੇ ਜੰਡੋ ਕੇ, ਸਰਹਾਲੀ ਦੀ ਐਸ.ਬੀ.ਆਈ ਬੈਂਕ ਤੋਂ ਚਾਰ ਲੱਖ ਰੁਪਏ ਅਤੇ ਸਕਿਓਰਟੀ ਗਾਰਡ ਦੀ ਇਕ ਬੰਦੂਕ ਅਤੇ ਗੁਰੂ ਬਾਜ਼ਾਰ ਅੰਮ੍ਰਿਤਸਰ ਵਿਖੇ ਸੋਨੇ ਦੀ ਵੱਡੀ ਲੁੱਟ, ਜਿਸ ਦੀ ਕੀਮਤ ਕਰੋੜਾਂ ਵਿੱਚ ਸੀ, ਵਰਨਣ ਯੋਗ ਹਨ।

ਮੰਨੂੰ ਪੁਲਿਸ ਪਾਰਟੀ ‘ਤੇ ਹਮਲਾ ਕਰਨ ਤੋਂ ਇਲਾਵਾ ਵਾਹਨ ਖੋਹਣ ਦੇ ਵੀ ਕਈ ਮਾਮਲਿਆਂ ਵਿਚ ਸ਼ਾਮਲ ਸੀ ਅਤੇ ਇਹ ਗੈਂਗਸਟਰ ਸ਼ੁਬਮ ਨੂੰ ਪੁਲਿਸ ਹਿਰਾਸਤ ਵਿਚੋਂ ਛੁਡਵਾਉਣ ਦੇ ਕੇਸ ਵਿਚ ਵੀ ਮੁੱਖ ਦੋਸ਼ੀ ਸੀ, ਜਿਸ ਵਿਚ ਇਕ ਪੁਲਿਸ ਮੁਲਾਜ਼ਮ ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ।

ਏ.ਆਈ.ਜੀ ਨੇ ਦੱਸਿਆ ਕਿ ਇਹ ਵੀ ਪਤਾ ਲੱਗਿਆ ਹੈ ਕਿ ਉਸਨੇ ਅਤੇ ਉਸਦੇ ਹੋਰ ਗਿਰੋਹ ਦੇ ਮੈਂਬਰਾਂ ਨੇ ਹੁਣ ਜੱਗੂ ਭਗਵਾਨਪੁਰੀਆ ਅਤੇ ਬੌਬੀ ਮਲਹੋਤਰਾ ਨੂੰ ਪੁਲਿਸ ਹਿਰਾਸਤ ਤੋਂ ਭਜਾਉਣ ਦੀ ਯੋਜਨਾ ਬਣਾਈ ਸੀ ਪਰੰਤੂ ਵਾਰਦਾਤ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਹ ਸਫਲ ਨਾ ਹੋ ਸਕੇ।

ਗਿਰਫ਼ਤਾਰ ਸਾਥੀ ਦੀ ਮੁਢਲੀ ਪੁੱਛਗਿੱਛ ਦੌਰਾਨ, ਹਨੀ ਨੇ ਮੰਨੂੰ ਅਤੇ ਰਾਣਾ ਕੰਦੋਵਾਲਿਆ ਨਾਲ ਆਪਣੀ ਨੇੜਤਾ ਦੱਸੀ ਹੈ। ਪਹਿਲਾਂ ਤੋਂ ਉਸਦੇ ਵਿਰੁੱਧ ਵੀ ਚੋਰੀ ਦੇ ਦੋ ਕੇਸ ਦਰਜ ਹਨ। ਉਸਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਹ ਵਿਦੇਸ਼ੀ ਨੰਬਰਾਂ ਅਤੇ ਇੰਟਰਨੈਟ ਕਾਲਾਂ ਰਾਹੀਂ ਪ੍ਰਮੁੱਖ ਵਿਅਕਤੀਆਂ ਨੂੰ ਧਮਕੀ ਭਰੀਆਂ ਕਾਲਾਂ ਕਰਦਾ ਸੀ।

ਏਆਈਜੀ ਨੇ ਅੱਗੇ ਕਿਹਾ ਕਿ ਦੋਵੇਂ ਗੈਂਗਸਟਰਾਂ ਨੂੰ ਅੱਜ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਅਗਲੇਰੀ ਜਾਂਚ ਲਈ ਉਨ੍ਹਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION