27.1 C
Delhi
Saturday, April 27, 2024
spot_img
spot_img

ਜੇ ਸਿੱਖ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕਿਆ ਤਾਂ ਕਿਸੇ ਵੀ ਬੱਚੇ ਨੂੰ ਪੇਪਰ ਨਹੀਂ ਦੇਣ ਦਿਆਂਗੇ: ਸਿਰਸਾ

ਨਵੀਂ ਦਿੱਲੀ, 18 ਨਵੰਬਰ, 2019 –

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਖ ਕੱਕਾਰ ਧਾਰਕ ਸਿੱਖ ਬੱਚਿਆਂ ਨੂੰ ਪ੍ਰੀਖਿਆਵਾਂ ਵਿਚ ਨਾ ਬੈਠਣ ਦੇਣ ਦੇ ਵਿਰੋਧ ਵਿਚ ਅੱਜ ਦਿੱਲੀ ਅਧੀਨ ਸੇਵਾਵਾਂ ਚੋਣ ਬੋਰਡ (ਡੀ ਐਸ ਐਸ ਐਸ ਬੀ) ਦੇ ਦਫਤਰ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਇਕ ਸਿੱਖੀ ਬੱਚੀ ਤੇ ਸਿੱਖ ਨੌਜਵਾਨ ਨੂੰ ਡੀ ਐਸ ਐਸ ਐਸ ਬੀ ਦੀ ਪ੍ਰੀਖਿਆ ਵਿਚ ਬੈਠਣ ਤੋਂ ਇਸ ਕਰ ਕੇ ਰੋਕ ਦਿੱਤਾ ਗਿਆ ਸੀ ਕਿ ਉਹਨਾਂ ਨੇ ਸਿੱਖ ਕੱਕਾਰ ਧਾਰਨ ਕੀਤੇ ਹੋਏ ਸਨ।

ਇਸ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਸ਼੍ਰ੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਸਰਕਾਰ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਸਿੱਖ ਬੱਚਿਆਂ ਨਾਲ ਉਸ ਵਰੇ ਵਿਚ ਧੱਕਾ ਕਰ ਰਹੀ ਹੈ ਜਦੋਂ ਸਮੁੱਚੀ ਦੁਨੀਆਂ ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ।

ਉਹਨਾਂ ਕਿਹਾ ਕਿ ਹਾਈ ਕੋਰਟ ਨੇ ਸਪਸ਼ਟ ਕਿਹਾ ਹੈ ਕਿ ਸਿੱਖ ਕੱਕਾਰ ਧਾਰਨ ਕਰਨ ਵਾਲੇ ਬੱਚਿਆਂ ਨੂੰ ਪ੍ਰੀਖਿਆ ਵਿਚ ਬੈਠਣ ਤੋਂ ਨਹੀਂ ਰੋਕਿਆ ਜਾ ਸਕਦਾ ਪਰ ਅਜਿਹੇ ਬੱਚੇ ਪ੍ਰੀਖਿਆ ਵਾਸਤੇ ਇਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰਾਂ ਵਿਚ ਆਉਣ।

ਸ੍ਰੀ ਸਿਰਸਾ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਡੀ ਐਸ ਐਸ ਐਸ ਬੀ ਦੇ ਚੇਅਰਮੈਨ ਵੱਲੋਂ ਜਾਣ ਬੁੱਝ ਕੇ ਸਿੱਖ ਬੱਚਿਆਂ ਦਾ ਕੈਰੀਅਰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਕਿ ਸਿੱਖ ਬੱਚੇ ਕੱਕਾਰ ਪਹਿਨ ਕੇ ਨਾ ਆਉਣ ਪਰ ਅਜਿਹਾ ਕਦੇ ਵੀ ਸੰਭਵ ਨਹੀਂ ਹੋ ਸਕਦਾ ਕਿਉਕਿ ਜਿਵੇਂ ਸਰੀਰ ਵਾਸਤੇ ਕਪੜੇ ਜ਼ਰੂਰੀ ਹਨ, ਉਸੇ ਤਰਾਂ ਸਿੱਖਾਂ ਵਾਸਤੇ ਕੱਕਾਰ ਵੀ ਬਹੁਤ ਜ਼ਰੂਰੀ ਹਨ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਇਸ ਦੇਸ਼ ਦੀ ਆਜ਼ਾਦੀ ਲਈ ਸਿੱਖ ਸੰਘਰਸ਼ ਕਰ ਰਹੇ ਸਨ ਤਾਂ ਉਦੋਂ ਤਾਂ ਕੜੇ, ਕਿਰਪਾਨ ਤੇ ਸਿੱਖ ਕੱਕਾਰ ਪ੍ਰਵਾਨ ਸਨ ਪਰ ਹੁਣ ਇਹਨਾਂ ਨੂੰ ਸਿੱਖ ਕੱਕਾਰਾਂ ‘ਤੇ ਇਤਰਾਜ਼ ਹੋਣ ਲੱਗ ਪਿਆ ਹੈ ਜਦੋਂ ਸਿੱਖ ਬੱਚੇ ਆਪਣੇ ਜੀਵਨ ਵਿਚ ਤਰੱਕੀ ਵਾਸਤੇ ਪ੍ਰੀਖਿਆਵਾਂ ਦੇਣ ਜਾਂਦੇ ਹਨ। ਉਹਨਾਂ ਕਿਹਾ ਕਿ ਸਾਡੇ ਨਾਲ ਵਾਰ ਵਾਰ ਜ਼ਿਆਦਤੀ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਚੇਅਰਮੈਨ ਜਾਣ ਬੁੱਝ ਕੇ ਫਿਰਕੂ ਸੋਚ ਦਾ ਧਾਰਨੀ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਬੱਚਿਆਂ ਨੂੰ ਕੱਕਾਰ ਲਾਹੁਣ ਵਾਸਤੇ ਜਲੀਲ ਕੀਤਾ ਜਾ ਰਿਹਾ ਹੈ। ਉਹਨਾਂ ਸਵਾਲ ਕੀਤਾ ਕਿ ਇਹ ਅਧਿਕਾਰੀ ਦੱਸਣ ਕਿ ਕੜਾ ਤੇ ਕਿਰਪਾਨ ਨਕਲ ਕਿਵੇਂ ਕਰ ਸਕਦੇ ਹਨ ?

ਸ. ਹਰਮੀਤ ਸਿੰਘ ਕਾਲਕਾ ਨੇ ਇਸ ਮੌਕੇ ਕੀਤੇ ਸੰਬੋਧਨ ਵਿਚ ਐਲਾਨ ਕੀਤਾ ਕਿ ਜੇਕਰ ਸਿੱਖ ਬੱਚਿਆਂ ਨੂੰ ਪ੍ਰੀਖਿਆ ਕੇਂਦਰਾਂ ਵਿਚ ਜਾਣ ਤੋਂ ਰੋਕਿਆ ਗਿਆ ਤਾਂ ਫਿਰ ਉਹ ਕਿਸੇ ਵੀ ਬੱਚੇ ਨੂੰ ਪ੍ਰੀਖਿਆ ਵਿਚ ਨਹੀਂ ਬੈਠਣ ਦੇਣਗੇ। ਉਹਨਾਂ ਕਿਹਾ ਕਿ ਅੱਜ ਅਸੀਂ ਬੋਰਡ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਹੈ ਪਰ ਲੋੜ ਪੈਣ ‘ਤੇ ਦਫਤਰ ਦੇ ਅੰਦਰ ਅਤੇ ਪ੍ਰੀਖਿਆ ਕੇਂਦਰਾਂ ਵਿਚ ਦਾਖਲ ਹੋ ਕੇ ਆਪਣਾ ਹੱਕ ਹਾਸਲ ਕਰਾਂਗੇ।

ਉਹਨਾਂ ਕਿਹਾ ਕਿ ਭਾਵੇਂ ਸਾਡੇ ‘ਤੇ ਮੁਕੱਦਮੇ ਦਰਜ ਹੋ ਜਾਣ ਪਰ ਸਾਨੂੰ ਪਰਵਾਹ ਨਹੀਂ ਕਿਉਕਿ ਸਿੱਖ ਕੌਮ ਕਦੇ ਦਬਦੀ ਨਹੀਂ। ਉਹਨਾਂ ਕਿਹਾ ਕਿ ਅੱਜ ਦਾ ਧਰਨਾ ਸਿਰਫ ਇਕ ਚੇਤਾਵਨੀ ਹੈ ਤੇ ਹੁਣ ਕੇਜਰੀਵਾਲ ਸਰਕਾਰ ਨੇ ਵੇਖਣਾ ਹੈ ਕਿ ਕਿਵੇਂ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨਾ ਹੈ ਤੇ ਸਿੱਖ ਬੱਚਿਆਂ ਨੂੰ ਕੱਕਾਰ ਸਮੇਤ ਪ੍ਰੀਖਿਆ ਦੇਣ ਦੇ ਰਾਹ ਵਿਚ ਅੜਿਕਾ ਨਹੀਂ ਬਣਨਾ।

ਧਰਨੇ ਉਪਰੰਤ ਸ੍ਰੀ ਸਿਰਸਾ ਦੀ ਅਗਵਾਈ ‘ਚ ਵਫਦ ਨੇ ਚੇਅਰਮੈਨ ਦਫਤਰ ‘ਚ ਜਾ ਕੇ ਚੇਅਰਮੈਨ ਦੇ ਸਕੱਤਰ ਨੂੰ ਮੰਗ ਪੱਤਰ ਸੌਂਪਿਆ ਅਤੇ ਚੇਅਰਮੈਨ ਨੇ ਟੈਲੀਫੋਨ ‘ਤੇ ਹੋਈ ਗੱਲਬਾਤ ਦੌਰਾਨ ਭਰੋਸਾ ਦੁਆਇਆ ਕਿ ਇਹ ਮੰਗ ਪੱਤਰ ਬੋਰਡ ਦੀ ਮੀਟਿੰਗ ਵਿਚ ਪੇਸ਼ ਕੀਤਾ ਜਾਵੇਗਾ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੀ ਬੱਚੀ ਹਰਲੀਨ ਕੌਰ ਨੇ ਆਪ ਬੀਤੀ ਸੁਣਾਈ ਕਿ ਕਿਵੇਂ ਉਸ ਨੂੰ ਡੀ.ਐਸ.ਐਸ.ਐਸ.ਬੀ ਬੋਰਡ ਦੇ ਅਧਿਕਾਰੀਆਂ ਨੇ ਕਿਰਪਾਨ ‘ਤੇ ਕੜਾ ਪੂਰੀ ਤਰ੍ਹਾਂ ਟੇਪ ਨਾਲ ਢੱਕਣ ਮਗਰੋਂ ਵੀ ਪਰੀਖਿਆ ਵਿਚ ਨਹੀਂ ਬੈਠਣ ਦਿੱਤਾ ਗਿਆ।

ਬੱਚੀ ਵੱਲੋਂ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਸਮੇਤ ਪੂਰੀ ਟੀਮ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਹਰਲੀਨ ਦੀ ਆਵਾਜ ਨੂੰ ਸਰਕਾਰ ਤੱਕ ਪਹੁੰਚਾਉਣ ਵਿਚ ਉਸ ਨਾਲ ਖੜੇ ਹੋਏ। ਉਹਨਾਂ ਖਾਸ ਤੌਰ ‘ਤੇ ਧੰਨਵਾਦ ਕੀਤਾ ਲੀਗਲ ਸੈਲ ਦੇ ਚੇਅਰਮੈਨ ਸ. ਜਗਦੀਪ ਸਿੰਘ ਕਾਹਲੋਂ ਦਾ ਜਿਹੜੇ ਪੇਪੇਰ ਵਾਲੇ ਦਿਨ ਇੱਕ ਫ਼ੋਨ ਕਾਲ ਮਗਰੋਂ ਹੀ ਮੌਕੇ ‘ਤੇ ਪੁੱਜੇ ਅਤੇ ਉਸਦੀ ਹੌਂਸਲਾ ਅਫ਼ਜ਼ਾਈ ਕਰਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣ ਵਿਚ ਵੀ ਮਦਦ ਕੀਤੀ।

ਅਕਾਲੀ ਆਗੂਆਂ ਨੇ ਮੁੜ ਦੁਹਰਾਇਆ ਕਿ ਜੇਕਰ ਸਾਡਾ ਬੱਚਾ ਪ੍ਰੀਖਿਆ ਨਹੀਂ ਦੇਵੇਗਾ ਤਾਂ ਕਿਸੇ ਦਾ ਬੱਚਾ ਪ੍ਰੀਖਿਆ ਨਹੀਂ ਦੇਵੇਗਾ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਰਕਾਰ ਦੇ ਕੰਨ ਖੁਲਣਗੇ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਇਸਤਰੀ ਅਕਾਲੀ ਦਲ ਦਿੱਲੀ ਸਟੇਟ ਦੀ ਪ੍ਰਧਾਨ ਅਤੇ ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਹਰਜੀਤ ਸਿੰਘ ਪੱਪਾ, ਨਿਸ਼ਾਨ ਸਿੰਘ ਮਾਨ, ਭੁਪਿੰਦਰ ਸਿੰਘ ਭੁਲਰ, ਜਸਮੀਨ ਸਿੰਘ ਨੋਨੀ, ਜਤਿੰਦਰਪਾਲ ਸਿੰਘ ਗੋਲਡੀ, ਸਰਵਜੀਤ ਸਿੰਘ ਵਿਰਕ ਸਮੇਤ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਮੈਂਬਰਾਂ ਨੇ ਹਾਜਰੀ ਭਰੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION