26.7 C
Delhi
Saturday, April 27, 2024
spot_img
spot_img

ਜਾਖ਼ੜ ਤੋਂ ਖ਼ਤਮ ਨਹੀਂ ਹੋਈ ਅੰਦਰੂਨੀ ਧੜੇਬੰਦੀ, ਕਿਸੇ ਜੱਟ ਸਿੱਖ ਨੂੰ ਸੰਭਾਲੋ ਪੰਜਾਬ ਕਾਂਗਰਸ ਦੀ ਕਮਾਂਡ: ਬਡਹੇੜੀ ਦੀ ਹਰੀਸ਼ ਰਾਵਤ ਨੂੰ ਅਪੀਲ

ਯੈੱਸ ਪੰਜਾਬ
ਚੰਡੀਗੜ੍ਹ, 14 ਫ਼ਰਵਰੀ, 2021:
ਉੱਘੇ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਸਾਰੇ ਧੜਿਆਂ ਨੂੰ ਇੱਕਜੁਟ ਕਰ ਕੇ ਰੱਖਣ ਵਿੱਚ ਕਾਮਯਾਬ ਨਹੀਂ ਹੋ ਸਕੇ; ਇਸ ਲਈ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਕਿਸੇ ਜੱਟ ਸਿੱਖ ਆਗੂ ਨੂੰ ਬਣਾਇਆ ਜਾਣਾ ਚਾਹੀਦਾ ਹੈ।

ਪੰਜਾਬ ਕਾਂਗਰਸ ਨਾਲ ਸਬੰਧਤ ਮਾਮਲਿਆਂ ਦੇ ਇੰਚਾਰਜ ਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਹਰੀਸ਼ ਰਾਵਤ ਨਾਲ ਮੁਲਾਕਾਤ ਦੌਰਾਨ ਸ. ਬਡਹੇੜੀ ਨੇ ਇਹ ਸਲਾਹ ਦਿੰਦਿਆਂ ਸੁਭਾਸ਼ ਚਾਵਲਾ ਨੂੰ ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦਾ ਸੁਆਗਤ ਵੀ ਕੀਤਾ।

ਸ. ਬਡਹੇੜੀ ਨੇ ਅੱਜ ਇੱਥੇ ਇੱਕ ਬਿਆਨ ਜਾਰੀ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਉਸ ਦੇ ਬਾਦਲ ਪਰਿਵਾਰ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਮੁਕਾਬਲਾ ਪੰਜਾਬ ਵਿੱਚ ਸਿਰਫ਼ ਕੋਈ ਜੱਟ ਸਿੱਖ ਆਗੂ ਹੀ ਕਰ ਸਕਦਾ ਹੈ। ਹੋਰਨਾਂ ਸਾਰੀਆਂ ਪਾਰਟੀਆਂ ਨੇ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਿਆ ਹੋਇਆ ਹੈ। ਇਸੇ ਲਈ ਕਾਂਗਰਸ ਨੂੰ ਵੀ ਤੁਰੰਤ ਇਸ ਗੱਲ ਉੱਤੇ ਗ਼ੌਰ ਕਰਦਿਆਂ ਕਿਸੇ ਸੀਨੀਅਰ ਆਗੂ ਦੇ ਨਾਂਅ ਉੱਤੇ ਵਿਚਾਰ ਕਰਨਾ ਚਾਹੀਦਾ ਹੈ।

ਸ. ਬਡਹੇੜੀ ਨੇ ਇਹ ਵੀ ਕਿਹਾ ਕਿ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ। ਇਸ ਲਈ ਕਾਂਗਰਸ ਪਾਰਟੀ ਨੂੰ ਇਸ ਦਿਸ਼ਾ ਵਿੱਚ ਤੁਰਤ–ਫੁਰਤ ਕੋਈ ਫ਼ੈਸਲਾ ਲੈਣਾ ਹੋਵੇਗਾ। ਹਿੰਦੂ ਜਾਟ ਨੇਤਾ ਸ੍ਰੀ ਸੁਨੀਲ ਜਾਖੜ ਤੋਂ ਪਾਰਟੀ ਹੋਰ ਕੋਈ ਵਧੀਆ ਕੰਮ ਲੈ ਸਕਦੀ ਹੈ।

ਸ. ਬਡਹੇੜੀ ਨੇ ਅੱਗੇ ਕਿਹਾ ਕਿ ਅਗਲੇ ਵਰ੍ਹੇ 2022 ’ਚ ਪੰਜਾਬ ਵਿੱਚ ਯਕੀਨੀ ਤੌਰ ’ਤੇ ਮੁੜ ਸਰਕਾਰ ਬਣਾਉਣ ਲਈ ਕਾਂਗਰਸ ਨੂੰ ਹਰ ਹਾਲਤ ਵਿੱਚ ਅੰਦਰੂਨੀ ਧੜੇਬੰਦੀ ਦਾ ਖ਼ਾਤਮਾ ਕਰਨਾ ਹੋਵੇਗਾ। ਇਸੇ ਲਈ ਕਿਸੇ ਯੋਗ ਜੱਟ ਸਿੱਖ ਆਗੂ ਨੂੰ ਤੁਰੰਤ ਕਾਂਗਰਸ ਦੀ ਸੂਬਾ–ਕਮਾਂਡ ਸੌਂਪੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਇਸ ਵੇਲੇ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਨਾਲ ਹੈ ਤੇ ਜੇ ਕੋਈ ਵਧੇਰੇ ਤਕੜਾ ਪ੍ਰਧਾਨ ਪਾਰਟੀ ’ਚ ਅੰਦਰੂਨੀ ਏਕਤਾ ਕਾਇਮ ਕਰ ਲੈਂਦਾ ਹੈ, ਤਾਂ ਇਹ ‘ਸੋਨੇ ’ਤੇ ਸੁਹਾਗੇ’ ਵਾਲੀ ਗੱਲ ਹੋਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION