32.1 C
Delhi
Friday, April 26, 2024
spot_img
spot_img

ਜਾਪਾਨ ਦੇ ਸਾਫਟਬੈਂਕ ਗਰੁੱਪ ਨੇ ਕੈਪਟਨ ਅਮਰਿੰਦਰ ਨਾਲ ਰੀਅਲ ਅਸਟੇਟ ਸੈਕਟਰ ’ਚ ਨਿਵੇਸ਼ ਯੋਜਨਾ ਸਾਂਝੀ ਕੀਤੀ

ਚੰਡੀਗੜ, 13 ਅਗਸਤ, 2019:
ਜਾਪਾਨ ਦੇ ਮੋਹਰੀ ਸਾਫ਼ਟਬੈਂਕ ਗਰੁੱਪ ਨੇ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰੀਅਲ ਅਸਟੇਟ ਸੈਕਟਰ ਵਿੱਚ ਨਿਵੇਸ਼ ਕਰਨ ਦੀ ਯੋਜਨਾ ਸਾਂਝੀ ਕੀਤੀ ਜੋ ਉਨਾਂ ਦੇ ਪ੍ਰਮੁੱਖ ਓਯੋ ਸਟਾਰਟਅੱਪ ਰਾਹੀਂ ਵਿਦਿਆਰਥੀਆਂ ਦੀ ਰਿਹਾਇਸ਼ ’ਤੇ ਕੇਂਦਰਿਤ ਹੈ।

ਇਸ ਗਰੁੱਪ ਦੇ ਐਮ.ਡੀ. ਹਿਰੋਕੀ ਕਿਮੋਟੋ ਦੀ ਅਗਵਾਈ ਵਿੱਚ ਇਕ ਉੱਚ ਪੱਧਰੀ ਵਫਦ ਨੇ ਮੁੱਖ ਮੰਤਰੀ ਨਾਲ ਇੱਥੇ ਉਨਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਸਾਫ਼ਟਬੈਂਕ ਗਰੁੱਪ ਦੀ ਨਿਵੇਸ਼ ਯੋਜਨਾ ਨੂੰ ਹਕੀਕੀ ਰੂਪ ਦੇਣ ਲਈ ਉਨਾਂ ਦੀ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਵਫਦ ਨੂੰ ਨਿਵੇਸ਼ ਪੰਜਾਬ ਦੇ ਸਿੰਗਲ ਵਿੰਡੋ ਕਲੀਅਰੈਂਸ ਪਲੇਟਫਾਰਮ ਰਾਹੀਂ ਤੇਜ਼ੀ ਨਾਲ ਨਿਵੇਸ਼ ਨੂੰ ਯਕੀਨੀ ਬਣਾਉਣ ਦਾ ਵਿਸ਼ਵਾਸ ਦਿਵਾਇਆ। ਉਨਾਂ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਰਿਆਇਤਾਂ ਅਤੇ ਸਹੂਲਤਾਂ ’ਤੇ ਕੇਂਦਰਿਤ ਹੈ ਜਿਸ ਸਦਕਾ ਪਿਛਲੇ ਦੋ ਸਾਲਾਂ ਵਿੱਚ ਜ਼ਮੀਨੀ ਪੱਧਰ ’ਤੇ 50,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ।

ਇਸ ਤੋਂ ਪਹਿਲਾਂ ਵੱਖ-ਵੱਖ ਨਿਵੇਸ਼ ਪ੍ਰੋਜੈਕਟਾਂ ਬਾਰੇ ਵਫਦ ਨੂੰ ਜਾਣਕਾਰੀ ਦਿੰਦਿਆਂ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗਿਕ ਤੇ ਵਪਾਰ ਦੇ ਵਧੀਕ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਵਿੱਚ ਰੀਅਲ ਅਸਟੇਟ ਪ੍ਰਮੁੱਖ ਸੈਕਟਰ ਹੈ ਅਤੇ ਚੰਡੀਗੜ ਦੇ ਨੇੜਲੇ ਇਲਾਕਿਆਂ ਵਿੱਚ ਬਹੁਤ ਤਰੱਕੀ ਹੋਈ ਹੈ।

ਉਨਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ’ਚ 2000 ਕਰੋੜ ਰੁਪਏ ਦੀ ਈ-ਨੀਲਾਮੀ ਹੋਈ ਹੈ। ਉਨਾਂ ਦੱਸਿਆ ਕਿ ਨਾਮਵਰ ਕੌਮਾਂਤਰੀ ਗਰੁੱਪ ਮਕਾਨ, ਵਿਦਿਆਰਥੀਆਂ ਅਤੇ ਸੀਨੀਅਰ ਨਾਗਰਿਕਾਂ ਲਈ ਰਿਹਾਇਸ਼ੀ ਸਹੂਲਤ ਦੇ ਤੌਰ ’ਤੇ ਇਸ ਨੂੰ ਸੰਭਾਵੀ ਨਿਵੇਸ਼ ਸੈਕਟਰ ਵਜੋਂ ਦੇਖ ਰਹੇ ਹਨ।

ਵਿਚਾਰ ਚਰਚਾ ’ਚ ਹਿੱਸਾ ਲੈਂਦਿਆਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਉਪ ਕੁਲਪਤੀ ਅਸ਼ੋਕ ਮਿੱਤਲ ਨੇ ਇਹ ਦੱਸਿਆ ਕਿ ਵਿਦਿਆਰਥੀਆਂ ਲਈ ਹੋਸਟਲਾਂ ਦਾ ਨਿਰਮਾਣ ਕਰਨ ਲਈ ਸੰਭਾਵੀ ਭਾਈਵਾਲੀ ਦੇ ਤੌਰ ’ਤੇ ਸਾਫਟਬੈਂਕ ਨਾਲ ਉਨਾਂ ਦੀ ਗੱਲਬਾਤ ਚੱਲ ਰਹੀ ਹੈ ਕਿਉਂਕਿ ਘਰੇਲੂ ਅਤੇ ਕੌਮਾਂਤਰੀ ਵਿਦਿਆਰਥੀਆਂ ਲਈ ਹੋਸਟਲ ਦੀ ਸਹੂਲਤ ਦੀ ਵੱਡੀ ਮੰਗ ਹੈ।

ਇਹ ਜ਼ਿਕਰਯੋਗ ਹੈ ਕਿ ਸਾਫਟਬੈਂਕ ਭਾਰਤੀ ਸਟਾਰਟਅੱਪ ਵਿੱਚ ਵੱਡੇ ਨਿਵੇਸ਼ਕਾਰਾਂ ਵਿੱਚੋਂ ਇੱਕ ਹੈ ਅਤੇ ਉਨਾਂ ਦੇ ਨਿਵੇਸ਼ ਦਾ ਲਗਭਗ 20 ਫੀਸਦੀ ਹਿੱਸਾ ਭਾਰਤ ’ਤੇ ਆਧਾਰਤ ਕਾਰੋਬਾਰ ਵਿੱਚ ਹੈ। ਇਹ ਕੰਪਨੀ ਵੱਡੇ ਘਰੇਲੂ ਗਰੁੱਪਾਂ ਨਾਲ ਜੁੜਿਆ ਹੋਇਆ ਹੈ ਜਿਨਾਂ ਵਿੱਚ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨ ਵਾਲਾ ਓਲਾ ਗਰੁੱਪ, ਛੇਤੀ ਨਾਲ ਹੋਟਲ ਬੁੱਕ ਕਰਨ ਦਾ ਪਲੇਟਫਾਰਮ ਮੁਹੱਈਆ ਕਰਾਉਣ ਵਾਲਾ ਓਯੋ ਅਤੇ ਇਲੈਕਟ੍ਰੋਨਿਕ ਪੇਮੈਂਟ ਕਰਨ ਦਾ ਮੋਹਰੀ ਮੰਨਿਆ ਜਾਣ ਵਾਲਾ ਪੇਅਟੀਐਮ ਸ਼ਾਮਲ ਹਨ।

ਇਸ ਵੇਲੇ ਇਹ ਗਰੁੱਪ ਤਕਨਾਲੋਜੀ ’ਤੇ ਆਧਾਰਤ 100 ਬਿਲੀਅਨ ਦੇ ਵਿਜ਼ਨ ਫੰਡ ਤੋਂ ਨਿਵੇਸ਼ ਕਰ ਰਿਹਾ ਹੈ ਅਤੇ ਫਿਨਟੈੱਕ ਸਟਾਰਟਅੱਪ ਇਸ ਦਾ ਪ੍ਰਮੁੱਖ ਖੇਤਰ ਹੈ। ਪਿਛਲੇ ਮਹੀਨੇ ਗਰੁੱਪ ਨੇ ਆਪਣੇ ਤਕਨਾਲੋਜੀ ਆਧਾਰਤ ਵਿਜ਼ਨ ਫੰਡ-2 ਦਾ ਵੀ ਐਲਾਨ ਕੀਤਾ ਹੈ ਜਿਸ ਵਿੱਚ 108 ਬਿਲੀਅਨ ਦੀ ਪੂੰਜੀ ਦੀ ਵਚਨਬੱਧਤਾ ਪ੍ਰਗਟਾਈ ਹੈ ਜੋ ਮੁੱਖ ਤੌਰ ’ਤੇ ਏ.ਆਈ. ਆਧਾਰਤ ਤਕਨਾਲੋਜੀ ਅਤੇ ਰੀਅਲ ਅਸਟੇਟ ’ਤੇ ਕੇਂਦਰਿਤ ਹੋਵੇਗਾ।

ਇਸ ਮੌਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਨਿਵੇਸ਼ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਵੀ ਮੀਟਿੰਗ ਵਿੱਚ ਹਾਜ਼ਰ ਸਨ। ਇਨਾਂ ਤੋਂ ਇਲਾਵਾ ਵਫਦ ਵਿੱਚ ਗਰੁੱਪ ਦੀ ਸੀਨੀਅਰ ਮੈਨੇਜਰ ਨਿਸ਼ਾਦ ਕੋਕਟੇ ਅਤੇ ਸਾਫਟਬੈਂਕ ਦੇ ਅਧਿਕਾਰੀ ਅਦਿੱਤਿਯਾ ਦੀਕਸ਼ਤ ਵੀ ਸ਼ਾਮਲ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION