26.7 C
Delhi
Saturday, April 27, 2024
spot_img
spot_img

ਜਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਲਈ ਦੇਸ਼ ਭਗਤ ਕਮੇਟੀ ਦੀ ਅਗਵਾਈ ’ਚ ਵਿਖਾਵਾ 20 ਅਕਤੂਬਰ ਨੂੰ

ਯੈੱਸ ਪੰਜਾਬ
ਜਲੰਧਰ, 26 ਸਤੰਬਰ, 2021:
ਜਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕਰਾਉਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪੰਜਾਬ ਭਰ ਦੀਆਂ ਜਨਤਕ ਜਮਹੂਰੀ ਜੱਥੇਬੰਦੀਆਂ ਦੀ ਬੁਲਾਈ ਮੀਟਿੰਗ ’ਚ ਗੰਭੀਰ ਵਿਚਾਰ ਚਰਚਾ ਉਪਰੰਤ 20 ਅਕਤੂਬਰ ਦਿਨੇ 11 ਵਜੇ ਭੰਡਾਰੀ ਪੁਲ ’ਤੇ ਇਕੱਠੇ ਹੋ ਕੇ ਜਲ੍ਹਿਆਂਵਾਲਾ ਬਾਗ਼ ਤੱਕ ਰੋਹ ਭਰਪੂਰ ਵਿਖਾਵਾ ਕਰਕੇ ਆਜ਼ਾਦੀ ਸੰਗਰਾਮ ਦੇ ਸ਼ਾਨਾਮੱਤੇ ਇਤਿਹਾਸ ਦੀ ਮੂੰਹ ਬੋਲਦੀ ਗਵਾਹ ਕੌਮੀ ਇਬਾਦਤਗਾਹ ਨਾਲ ਛੇੜਛਾੜ ਕਰਨ ਖਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ ਜਾਏਗਾ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਲਏ ਫੈਸਲੇ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਬਾਰ-ਬਾਰ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਜਲ੍ਹਿਆਂਵਾਲਾ ਬਾਗ਼ ਟ੍ਰਸਟ ਅਤੇ ਪ੍ਰਸਾਸ਼ਨ ਨੂੰ ਮੰਗ ਪੱਤਰ ਭੇਜਕੇ ਮੂਲ ਸਰੂਪ ਬਹਾਲ ਕਰਨ ਦੀ ਹੱਕੀ ਮੰਗ ਨੂੰ ਪ੍ਰਵਾਨ ਕਰਨ ਦਾ ਜਦੋਂ ਅਜੇ ਤੱਕ ਕੋਈ ਠੋਸ ਹੁੰਗਾਰਾ ਨਹੀਂ ਭਰਿਆ ਗਿਆ ਤਾਂ ਅੱਜ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਦੇ ਪ੍ਰਤੀਨਿੱਧਾਂ ਦੀ ਮੀਟਿੰਗ ਬੁਲਾਕੇ ਸੰਘਰਸ਼ ਦਾ ਝੰਡਾ ਚੁੱਕਣ ਲਈ ਇਹ ਫੈਸਲਾ ਕੀਤਾ ਗਿਆ ਕਿ 20 ਅਕਤੂਬਰ ਅੰਮ੍ਰਿਤਸਰ ਵਿਖੇ ਵਿਖਾਵਾ ਪਹਿਲਾ ਪੜਾਅ ਹੋਵੇਗਾ।

20 ਅਕਤੂਬਰ ਅੰਮ੍ਰਿਤਸਰ ਮੰਚ ਤੋਂ ਅਗਲੀਆਂ ਸਰਗਰਮੀਆਂ ਦਾ ਐਲਾਨ ਕੀਤਾ ਜਾਏਗਾ। ਅੱਜ ਦੀ ਮੀਟਿੰਗ ’ਚ ਅਹਿਦ ਲਿਆ ਗਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ’ਚ ਜਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਲਈ ਜਿੱਤ ਤੱਕ ਲੰਮਾ ਅਤੇ ਦ੍ਰਿੜ ਘੋਲ ਕੀਤਾ ਜਾਏਗਾ।

ਇਸ ਮੀਟਿੰਗ ’ਚ ਸਤਨਾਮ ਸਿੰਘ ਮਾਣਕ, ਕਾਲਿਆਂਵਾਲਾ ਖੂਹ ਅਜਨਾਲਾ ਟ੍ਰਸਟ ਦੇ ਮੈਂਬਰ ਸਰਬਜੀਤ ਹੈਰੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ, ਬਲਕਾਰ ਸਿੰਘ ਘੁਰਕਣੀ, ਸ਼ਹੀਦ ਭਗਤ ਸਿੰਘ ਕਲਾ ਮੰਚ, ਪੇਂਡੂ ਮਜ਼ਦੂਰ ਯੂਨੀਅਨ ਦੇ ਕਸ਼ਮੀਰ ਸਿੰਘ ਘੁੱਗਸ਼ੋਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਨੌਜਵਾਨ ਭਾਰਤ ਸਭਾ ਦੇ ਵਿੱਤ ਸਕੱਤਰ ਜਸਕਰਨ ਆਜ਼ਾਦ, ਤਰਕਸ਼ੀਲ ਸੁਸਾਇਟੀ ਦੇ ਪਰਮਜੀਤ ਸਿੰਘ, ਸਰਵ ਭਾਰਤ ਨੌਜਵਾਨ ਸਭਾ ਦੇ ਸੁਖਵਿੰਦਰ ਮਹੇਸ਼ਰੀ, ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ, ਦੇ ਹੁਸ਼ਿਆਰ ਸਿੰਘ ਸਲੇਮਗੜ੍ਹ, ਜਮਹੂਰੀ ਅਧਿਕਾਰ ਸਭਾ ਦੇ ਨਰਭਿੰਦਰ, ਫੋਕਲੋਰ ਰੀਸਰਚ ਅਕੈਡਮੀ ਦੇ ਰਾਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਕਿਸਾਨ ਸੰਘਰਸ਼ ਕਮੇਟੀ ਦੇ ਹਰਜੀਤ ਸਿੰਘ ਰਵੀ ਤੋਂ ਇਲਾਵਾ ਕੁਲਵੰਤ ਸਿੰਘ, ਪਰਮਜੀਤ ਕਡਿਆਣਾ ਨੇ ਵਿਚਾਰ-ਚਰਚਾ ਵਿੱਚ ਹਿੱਸਾ ਲਿਆ।

ਇਸ ਮੀਟਿੰਗ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਸਹਾਇਕ ਸਕੱਤਰ ਡਾ.ਪਰਮਿੰਦਰ ਸਿੰਘ, ਖਜ਼ਾਨਚੀ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਸੁਰਿਦਰ ਕੁਮਾਰੀ ਕੋਛੜ, ਵਿਜੈ ਬੰਬੇਲੀ ਵੀ ਹਾਜ਼ਰ ਸਨ।

ਮੀਟਿੰਗ ’ਚ ਇਹ ਫੈਸਲਾ ਵੀ ਹੋਇਆ ਕਿ ਸਭੇ ਜਨਤਕ ਜਥੇਬੰਦੀਆਂ ਆਪੋ ਆਪਣੀਆਂ ਸਰਗਰਮੀਆਂ, ਘੋਲਾਂ ਦੇ ਪਿੜ੍ਹਾਂ ਅੰਦਰੋਂ ਵੀ ਜਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਕਰਨ ਲਈ ਨਿਰੰਤਰ ਆਵਾਜ਼ ਬੁਲੰਦ ਕਰਨਗੀਆਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION