ਅੱਜ-ਨਾਮਾ
ਖਾ ਗਏ ਕੌੜ ਕਿਸਾਨ ਆ ਫੇਰ ਸੁਣਿਆ,
ਕਰਿਆ ਫੈਸਲਾ ਹੋਰ ਕੁਝ ਸਖਤ ਮੀਆਂ।
ਕਹਿੰਦੇ ਚੰਗਾ ਸਰਕਾਰ ਜੇ ਨਹੀਂ ਕਰਦੀ,
ਹੁੰਦਾ ਸਬਰ ਨਾ ਅਸਾਂ ਤੋਂ ਰਖਤ ਮੀਆਂ।
ਛੱਬੀ ਜਨਵਰੀ ਆਈ ਤੋਂ ਦੱਸ ਦਿਆਂਗੇ,
ਕਿੱਦਾਂ ਜਾਂਦੇ ਹਿਲਾਏ ਹਨ ਤਖਤ ਮੀਆਂ।
ਕਰਨੀ ਦਿੱਲੀ ਵਿੱਚ ਅਸਾਂ ਪਰੇਡ ਜਾ ਕੇ,
ਪਊਗਾ ਓਦੋਂ ਸਰਕਾਰ ਨੂੰ ਵਖਤ ਮੀਆਂ।
ਅਗਲੀ ਬੈਠਕ ਸਰਕਾਰ ਨਾਲ ਜਦੋਂ ਹੋਸੀ,
ਜਾਣਾ ਏ ਸਿਖਰ ਦੀ ਬਾਤ ਸੁਣਾਣ ਮੀਆਂ।
ਕਰਨੀ ਬਹਿਸ ਨਾ ਲੰਮੀ ਆ ਕਰਨ ਦੇਣੀ,
ਪਾਉਣਾ ਪੀਹਣ ਨਾ ਪਾਵਣਾ ਘਾਣ ਮੀਆਂ।
-ਤੀਸ ਮਾਰ ਖਾਂ
ਜਨਵਰੀ 03, 2021