34 C
Delhi
Sunday, April 28, 2024
spot_img
spot_img

ਖ਼ੋਜੀ ਤੇ ਸਾਹਿਤ ਸਨੇਹੀ ਭਾਈ ਕਾਨ੍ਹ ਸਿੰਘ ਨਾਭਾ – ਜਨਮ ਦਿਨ ’ਤੇ ਵਿਸ਼ੇਸ਼ – ਪ੍ਰੋ:ਜਗਮੇਲ ਸਿੰਘ ਭਾਠੂਆਂ

ਕੋਸ਼ਕਾਰੀ ਅਤੇ ਗੁਰਮਤਿ ਸਾਹਿਤ ਦੀ ਸਾਂਭ ਸੰਭਾਲ ਲਈ ਜੋ ਵਡਮੁੱਲਾ ਕਾਰਜ ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਇਕੱਲਿਆਂ ਕੀਤਾ ,ਉਹ ਆਪਣੇ ਆਪ ਵਿਚ ਇਕ ਅਦੁੱਤੀ ਮਿਸਾਲ ਹੈ । ਪੰਜਾਬ ਨਾਲ ਸੰਬੰਧਿਤ ਵੀਹਵੀਂ ਸਦੀ ਦੇ ਚੋਣਵੇਂ ਵਿਦਵਾਨਾਂ ਵਿਚੋਂ ਭਾਈ ਸਾਹਿਬ ਇਕ ਅਜਿਹੇ ਲੇਖਕ ਹਨ ਜਿਨ੍ਹਾਂ ਨੂੰ ਭਾਰਤ ਦੀਆਂ ਪ੍ਰਾਚੀਨ ਪਰੰਪਰਾਵਾਂ ਦੇ ਨਾਲ ਨਾਲ ਸਾਡੀਆਂ ਆਧੁਨਕਿ ਪਰੰਪਰਾਵਾਂ ਦਾ ਵੀ ਭਰਪੂਰ ਬੋਧ ਸੀ ।

ਆਪ ਦਾ ਜਨਮ 30 ਅਗਸਤ 1861 ਈ. ਨੂੰ ਉਨ੍ਹਾਂ ਦੇ ਨਾਨਕੇ ਘਰ ਨਾਭੇ ਦੇ ਨਜ਼ਦੀਕ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ , ਮਾਤਾ ਹਰਿ ਕੌਰ ਦੀ ਕੁੱਖੋਂ ਹੋਇਆ। ਭਾਈ ਕਾਨ੍ਹ ਸਿੰਘ ਨੇ ਆਪਣੇ ਸਮੇਂ ਦੇ ਪ੍ਰਸਿੱਧ ਗੁਰਮਤਿ ਪ੍ਰਚਾਰਕ ਤੇ ਸੰਤ ਪੁਰਸ਼ ਆਪਣੇ ਪਿਤਾ ਬਾਬਾ ਨਾਰਾਯਣ ਸਿੰਘ ਜੀ ਪਾਸ ਰਹਿਕੇ ਭਾਈ ਭੂਪ ਸਿੰਘ ਪਾਸੋਂ ਗੁਰਬਾਣੀ ਦੀ ਸਿੱਖਿਆ ਆਰੰਭ ਕੀਤੀ। ਆਪ ਜੀ ਦੇ ਸ਼ਾਗਿਰਦ ਸ਼ਮਸ਼ੇਰ ਸਿੰਘ ਅਸ਼ੋਕ ਦੇ ਕਥਨ ਅਨੁਸਾਰ,’ ਸਾਧੂ ਸੁਭਾਅ ਦੇ ਮਾਲਕ ਭਾਈ ਕਾਨ੍ਹ ਸਿੰਘ ਦੀਆਂ ਅੱਖਾਂ ਵਿਚ ਇਕ ਅਲੌਕਿਕ ਜੇਹੀ ਦੈਵੀ ਖਿੱਚ ਸੀ ,ਜਿਸ ਕਿਸੇ ਨੂੰ ਆਪ ਇਕ ਵਾਰ ਮਾਸੂਮ ਜੇਹੀ ਚਿਤਵਨ ਨਾਲ ਤੱਕ ਲੈਂਦੇ ,ਉਨੂੰ ਹਮੇਸ਼ਾ ਲਈ ਆਪਣਾ ਸਨੇਹੀ ਬਣਾ ਲੈਂਦੇ’ ।

ਬਿਨਾਂ ਕਿਸੇ ਸਕੂਲ ਦੀ ਚਾਰ ਦੀਵਾਰੀ ਤੋਂ ਆਪ ਨੇ ਸਮੇ ਦੇ ਦੇਸੀ ਵਿਦਾਵਨਾਂ ਪੰਡਿਤਾਂ,ਮੌਲਵੀਆਂ ਅਤੇ ਡੇਰੇਆਂ ਦੇ ਸਾਧੂ ਸੰਤਾਂ ਪਾਸੋਂ ਸੰਸਕ੍ਰਿਤ, ਗੁਰਮਤਿ, ਕਾਵਿ, ਇਤਿਹਾਸ, ਨਿਆਏ ਸੰਗੀਤ, ਤੇ ਵੇਦਾਂਤ ਦੀ ਉਚੇਰੀ ਸਿੱਖਿਆ ਸਿੱਖਿਆ ਗ੍ਰਹਿਣ ਕੀਤੀ। ਦਿੱਲੀ ਤੇ ਲਖਨਊ ਦੇ ਵਿਦਵਾਨਾਂ ਪਾਸੋਂ ਅਰਬੀ, ਫ਼ਾਰਸੀ ਅਤੇ ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫੈਸਰ ਗੁਰਮੁਖ ਸਿੰਘ ਪਾਸੋਂ ਅੰਗਰੇਜ਼ੀ ਦੀ ਸਿੱਖਿਆ ਗ੍ਰਹਿਣ ਕਰਕੇ ਸ਼ਬਦਾਂ ਦੀ ਰੂਹ ਤੱਕ ਪਹੁੰਚਣ ਵਾਲੇ ਅੱਛੇ ਕਲਾਕਾਰ ਬਣ ਕੇ ਧਰਮ ਪ੍ਰਚਾਰ ਅਤੇ ਨਾਭਾ ਦਰਬਾਰ ਦੀ ਸੇਵਾ ਲਈ ਲਈ ਸਰਗਰਮ ਹੋਏ।

ਆਪ ਦਾ ਪਹਿਲਾ ਵਿਆਹ ਧੂਰੇ ਪਿੰਡ, ਰਿਆਸਤ ਪਟਿਆਲਾ ਦੇ ਇਕ ਸਰਦੇ-ਪੁੱਜਦੇ ਘਰ ਦੀ ਲੜਕੀ ਨਾਲ ਹੋਇਆ, ਜਿਸ ਦੀ ਜਲਦੀ ਹੀ ਮੌਤ ਹੋ ਗਈ, ਉਪਰੰਤ ਦੂਜਾ ਵਿਆਹ ਮੁਕਤਸਰ ਹੋਇਆ, ਸੰਯੋਗਵੱਸ ਉਹ ਪਤਨੀ ਵੀ ਇਕ ਵਰ੍ਹੇ ਤੋਂ ਵੱਧ ਜਿਉਂਦੀ ਨਾ ਰਹਿ ਸਕੀ। ਤੀਜਾ ਵਿਆਹ ਪਿੰਡ ਰਾਮਗੜ੍ਹ, ਰਿਆਸਤ ਪਟਿਆਲਾ ਦੇ ਸਰਦਾਰ ਹਰਦਮ ਸਿੰਘ ਦੀ ਧੀ ਬੀਬੀ ਬਸੰਤ ਕੌਰ ਨਾਲ ਹੋਇਆ ,ਜਿਸਦੀ ਦੀ ਕੁੱਖੋਂ ਭਾਈ ਸਾਹਿਬ ਦੇ ਇਕਲੌਤੇ ਪੁੱਤਰ ਭਗਵੰਤ ਸਿੰਘ ਹਰੀ ਜੀ ਦਾ ਜਨਮ 1892 ਈ. ਵਿੱਚ ਹੋਇਆ। ਆਪਣੀ ਵਿਦਵਤਾ ਦੇ ਜਾਦੂ ਦੇ ਅਸਰ ਨਾਲ ਭਾਈ ਸਾਹਿਬ ਨੇ ਨਾਭਾ ਅਤੇ ਪਟਿਆਲਾ ਰਿਆਸਤਾਂ ਵਿਚ ਕਈ ਉਚ ਅਹੁਦਿਆਂ ਤੇ ਸੇਵਾ ਕੀਤੀ।

ਲਾਹੌਰ ਤੋਂ ਵਾਪਸ ਆਉਣ ਤੇ 1884 ਈ. ਵਿਚ ਮਹਾਰਾਜਾ ਹੀਰਾ ਸਿੰਘ ਰਿਆਸਤ ਨਾਭਾ ਦੇ ਸਲਾਹਕਾਰ ਬਣੇ। ਬਾਅਦ ਵਿਚ ਮਹਾਰਾਜਾ ਹੀਰਾ ਸਿੰਘ ਨੇ ਭਾਈ ਸਾਹਿਬ ਨੂੰ ਆਪਣੇ ਇਕਲੌਤੇ ਪੁੱਤਰ ਟਿੱਕਾ ਰਿਪੁਦਮਨ ਸਿੰਘ ਦਾ ਉਸਤਾਦ ਨੀਅਤ ਕੀਤਾ। ਆਪਣੀ ਸੂਝ ਤੇ ਸਿਆਣਪ ਨਾਲ ਭਾਈ ਸਾਹਿਬ ਨੇ ਪਰਗਨਾ, ਦਹੇੜੂ ਤੇ ਪੱਖੇਵਾਲ ਦਾ ਉਹ ਇਲਾਕਾ ਰਿਆਸਤ ਨਾਭਾ ਨੂੰ ਵਾਪਸ ਦਿਲਵਾਇਆ ਜਿਹੜਾ ਕਿ ਨਾਭੇ ਦੇ ਪਹਿਲੇ ਮਹਾਰਾਜੇ ਦੇਵਿੰਦਰ ਸਿੰਘ ਜੀ ਦੀ ਗਲਤੀ ਕਾਰਨ, ਸਿੱਖਾਂ, ਫਰੰਗੀਆਂ ਦੀ ਲੜਾਈ ਦੇ ਮੌਕੇ (ਸੰਨ 1845 ਵਿਚ) ਸਰਕਾਰ ਬਰਤਾਨੀਆਂ ਨੇ ਜ਼ਬਤ ਕਰ ਲਿਆ ਸੀ।

ਸਾਹਿੱਤਕ ਸਫਰ ਵਿਚ ‘ਰਾਜ ਧਰਮ’ (1884ਈ.) ਆਪ ਦੀ ਉਸ ਵੇਲੇ ਦੀ ਪਹਿਲੀ ਰਚਨਾ ਹੈ ਜਦੋਂ ਆਪ ਲਾਹੌਰ ਤੋਂ ਵਾਪਸ ਪਰਤ ਕੇ ਨਾਭੇ ਦੇ ਮਹਾਰਾਜਾ ਹੀਰਾ ਸਿੰਘ ਪਾਸ ਮੁਸਾਹਿਬ ਲੱਗ ਗਏ ਸਨ।ਆਪ ਦੀਆਂ ਮੁੱਢਲੀਆ ਰਚਨਾਵਾਂ ‘ਟੀਕਾ ਜੈਮਨੀ ਅਸਵਮੇਧ (1890 ਈ.)’ ,’ਨਾਟਕ ਭਾਵਾਰਥ ਦੀਪਿਕਾ (1897 ਈ.)’ ਆਦਿ ਨੂੰ ਛੱਡਕੇ ,ਜ਼ਿਆਦਾਤਰ ਰਚਨਾਵਾਂ ਦਾ ਪ੍ਰੇਰਨਾਂ-ਸਰੋਤ ਸਿੱਖ ਮੱਤ ਪ੍ਰਤੀ ਅਪਾਰ ਸ਼ਰਧਾ,ਉਤੇਜਿਤ ਭਾਵਨਾਂ ਤੋਂ ਪੈਦਾ ਹੋਇਆ ਪ੍ਰਤੀਕਰਮ,ਵਾਦ-ਵਿਵਾਦ ਲਈ ਉੱਤਰ ਦੇਣਾ,ਇਤਿਹਾਸ ਅਤੇ ਗੁਰਬਾਣੀ ਦੀ ਖੋਜ ਕਰਨ ਦੀ ਰੁੱਚੀ,ਸਿੱਖ ਗੁਰੂਆਂ ਪ੍ਰਤੀ ਪਵ੍ਵਿੱਤਰ ਨਿਸ਼ਠਾ ਅਤੇ ਸਿੱਖ ਧਰਮ,ਗੁਰਬਾਣੀ ਦੀ ਸ਼ੁੱਧਤਾ ਉੱਚਤਾ ਬਣਾਈ ਰੱਖਣ ਦੇ ਮੰਤਵ ਕਹੇ ਜਾ ਸਕਦੇ ਹਨ।

‘ਹਮ ਹਿੰਦੂ ਨਹੀਂ (1897 ਈ.)’ ਭਾਈ ਸਾਹਿਬ ਦੀ ਪਹਿਲੀ ਮੌਲਿਕ ਰਚਨਾ ਛਪਣ ਨਾਲ , ਆਪ ਬਹੁਤ ਮਸ਼ਹੂਰ ਹੋਏ। ਰਾਜਸੀ ਮੈਦਾਨ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਨਾਲੋ ਨਾਲ ਸਿੱਖ ਹੱਕਾਂ ਦੀ ਅਲਹਿਦਗੀ ਦਾ ਇਸ ਪੁਸਤਕ ਨੇ ਮੁੱਢ ਬੰਨਿਆ। ਨੇਸ਼ਨ ਕੌਮ ਦੀ ਪਰਿਭਾਸ਼ਾ ਅਭਿਵਿਅਕਤ ਕਰਦਿਆਂ ਭਾਈ ਸਾਹਿਬ ਦੱਸਦੇ ਹਨ ਕਿ ਅਜਿਹੀ ਨਸਲ ਜੋ ਦੂਸਰਿਆਂ ਤੋਂ ਵੱਖ ਹੋਵੇ ,ਜਿਨਾਂ ਦੀ ਭਾਸ਼ਾ ,ਇਤਿਹਾਸ ਤੇ ਰਾਜਸੀ ਜਥੇਬੰਦੀਆਂ ਇਕ ਹੋਣ ,ਉਹ ਨਸਲ ਆਪਣੇ ਆਪ ਵਿਚ ਇਕ ਸੰਪੂਰਨ ਕੌਮ ਹੈ।

ਗੁਰਮਤਿ ਪ੍ਰਚਾਰ ਲਈ ਉਨ੍ਹਾਂ ਵਲੋਂ ਰਚੀਆਂ ਪੁਸਤਕਾਂ, ਗੁਰੁਮਤ-ਪ੍ਰਭਾਕਰ, ਗੁਰੁਮਤ-ਸੁਧਾਕਰ, ਗੁਰੁ ਗਿਰਾ ਕਸੌਟੀ, ਸੱਦ ਕਾ ਪਰਮਾਰਥ ਤੇ ਗੁਰੁਮਤ-ਮਾਰਤੰਡ ਆਦਿ ਭਾਈ ਸਾਹਿਬ ਨੂੰ ਭਾਈ ਗੁਰਦਾਸ ਤੋਂ ਪਿਛੋਂ ਦਾ ਗੁਰਮਤਿ ਦਾ ਅਦੁੱਤੀ ਤੇ ਨਿਪੁੰਨ ਮਰਯਾਦਾ ਨਿਰਧਾਰਕ ਸਿੱਧ ਕਰਦੀਆਂ ਹਨ। ਭਾਈ ਸਾਹਿਬ ਨੇ ਸਮਾਜ ਸੁਧਾਰ ਦੇ ਕਾਰਜ ਨੂੰ ਸਾਹਮਣੇ ਰੱਖ ਕੇ, ਠੱਗ ਲੀਲ੍ਹਾ (1899 ਈ.) ਅਤੇ ਸ਼ਰਾਬ ਨਿਸ਼ੇਧ (1907 ਈ.) ਪੁਸਤਕਾਂ ਦੀ ਰਚਨਾ ਕੀਤੀ।ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਦੇ ਲਾਭ ਹਿਤ, ਕਵੀ ਨੰਦ ਦਾਸ ਜੀ ਦੇ ਤਿਆਰ ਕੀਤੇ ਪ੍ਰਸਿੱਧ ਕੋਸ਼ਾਂ ‘ਅਨੇਕਾਰਥ ਕੋਸ਼ ਤੇ ਨਾਮਮਾਲਾ ਕੋਸ਼’ ਦੀ ਸੁਧਾਈ ਕੀਤੀ ਤੇ ਲੋੜ ਅਨੁਸਾਰ ਵਾਧੇ ਕਰਕੇ ਕ੍ਰਮਵਾਰ 1925 ਈ. ਤੇ 1938 ਈ. ਵਿੱਚ ਪ੍ਰਕਾਸ਼ਿਤ ਹੋਣ ਦੇ ਯੋਗ ਬਣਾਏ।

ਵਿਸ਼ਵ-ਕੋਸ਼ ਦੇ ਨਾਂ ਨਾਲ ਪਛਾਣੀ ਜਾਣ ਵਾਲੀ ਆਪਣੀ ਲਾਸਾਨੀ ਕਿਰਤ ‘ਗੁਰੁਸ਼ਬਦ ਰਤਨਾਕਰ ਮਹਾਨਕੋਸ਼’ ਨੂੰ ਭਾਈ ਕਾਨ੍ਹ ਸਿੰਘ ਨਾਭਾ ਨੇ ਇਕ ਅਜਿਹੀ ਪਾਏ ਦਾਰ ਰਚਨਾ ਵਜੋਂ ਪੇਸ਼ ਕੀਤਾ ਕਿ ਪਾਠਕ ਇਸ ਤੋਂ ਸਿਰਫ ਸ਼ਬਦਾਂ ਦੇ ਅਰਥ ਹੀ ਗ੍ਰਹਿਣ ਨਹੀਂ ਕਰਦੇ, ਸਗੋਂ ਸ਼ਬਦਾਂ ਦੇ ਇਤਿਹਾਸਕ ਪਿਛੋਕੜ, ਵਿਕਾਸ ਅਤੇ ਵਿਸਤਰਿਤ ਵਿਆਖਿਆ ਦਾ ਵਿਸ਼ਾਲ ਗਿਆਨ ਵੀ ਪ੍ਰਾਪਤ ਕਰਦੇ ਹਨ । ਵਿਦਿਆਰਥੀਆਂ ਅਤੇ ਗੁਰਬਾਣੀ ਪ੍ਰੇਮੀਆਂ ਨੂੰ ਛੰਦ ਅਤੇ ਅਲੰਕਾਰਾਂ ਤੋਂ ਜਾਣੂ ਕਰਾਉਣ ਲਈ ‘ਗੁਰੁਛੰਦ ਦਿਵਾਕਰ ਅਤੇ ਗੁਰੁਸ਼ਬਦਾਲੰਕਾਰ’ ਪੁਸਤਕਾਂ ਦੀ ਰਚਨਾ ਕੀਤੀ।

ਭਾਈ ਸਾਹਿਬ ਦੇ ਚੋਣਵੇ ਨਿਬੰਧ “ਬਿਖਰੇ ਮੋਤੀ” (ਸੰਪਾਦਕ ਡਾ.ਰਵਿੰਦਰ ਕੌਰ ਰਵੀ ) ਅਤੇ ਚੋਣਵੀਆਂ ਕਵਿਤਾਵਾਂ “ ਗੀਤਾਂਜ਼ਲੀ ਹਰੀਵ੍ਰਿਜੇਸ “” (ਸੰਪਾਦਕ ਡਾ.ਰਵਿੰਦਰ ਕੌਰ ਰਵੀ ) ਆਦਿ ਪੁਸਤਕਾਂ ਦੇ ਰੂਪ ਚ ਉਪਲਬਧ ਹਨ।ਇਸੀ ਤਰਾਂ ਆਪ ਦੇ ਸਫਰਾਂ ਦਾ ਵਰਨਣ “ਭਾਈ ਕਾਨ੍ਹ ਸਿੰਘ ਨਾਭਾ ਦੇ ਅਪ੍ਰਕਾਸ਼ਿਤ ਸਫਰਨਾਮੇ (ਸੰਪਾਦਕ;ਰਛਪਾਲ ਕੌਰ) ਅਤੇ ‘ਸੰਖੇਪ ਇਤਿਹਾਸ ਖਾਨਦਾਨ ਭਾਈ ਸਾਹਿਬ ਰਈਸ ਬਾਗੜੀਆਂ “(ਸੰਪਾਦਕ ਡਾ.ਰਵਿੰਦਰ ਕੌਰ ਰਵੀ ) ਆਦਿ ਪੁਸਤਕਾਂ ਚ ਭਾਈ ਸਾਹਿਬ ਦੀ ਲੇਖਣੀ ਦੇ ਵਿਭਿੰਨ ਰੂਪ ਵੇਖੇ ਜਾ ਸਕਦੇ ਹਨ।

ਟੀਕਾਕਾਰੀ ਦੇ ਖੇਤਰ ਵਿਚ ਭਾਈ ਸਾਹਿਬ ਵਲੋਂ ਕੀਤੇ ਕਾਰਜ ,ਸੱਦ ਕਾ ਪਰਮਾਰਥ (1901 ਈ.), ਟੀਕਾ ਵਿਸ਼ਨੁ ਪੋਰਾਣ (1903 ਈ.), ਚੰਡੀ ਦੀ ਵਾਰ ਸਟੀਕ (1935 ਈ.), ਆਦਿ ਉਨ੍ਹਾਂ ਦੀ ਟੀਕਾਕਾਰੀ ਦੀ ਅਨੇਕ ਪ੍ਰਕਾਰ ਦੀ ਵੰਨਗੀ ਦੇਖੀ ਜਾ ਸਕਦੀ ਹੈ। । ਆਪ ਨੇ ਰਾਜਨੀਤੀ ਨਾਲ ਸੰਬੰਧਿਤ ਵੀ ਦੋ ਪੁਸਤਕਾਂ, ਰਾਜ ਧਰਮ (1884 ਈ.) ਅਤੇ ਬਿਜੈ ਸਵਾਮ ਧਰਮ (1901 ਈ.) ਦੀ ਰਚਨਾ ਕੀਤੀ,ਜਿਨਾਂ ਵਿਚਲੇ ਵਿਚਾਰ ਦਰਸ਼ਨ ਤੋਂ ਮਹਾਰਾਜਾ ਹੀਰਾ ਸਿੰਘ ਨਾਭਾਪਤੀ ਬਹੁਤ ਪ੍ਰਭਾਵਿਤ ਹੋਏ। ਭਾਈ ਸਾਹਿਬ ਨੇ ਮੈਕਸ ਆਰਥਰ ਮੈਕਾਲਿਫ (ਅੰਗਰੇਜ਼ ਵਿਦਵਾਨ) ਦੀ ਪੁਸਤਕ’ ਦੀ ਸਿੱਖ ਰੀਲੀਜ਼ਨ ‘ਦੀ ਸੁਧਾਈ, ਛਪਾਈ ਲਈ (1907-08 ਈ.) ਇੰਗਲੈਂਡ ਦੀ ਯਾਤਰਾ ਕੀਤੀ। ਉਨ੍ਹਾਂ ਦੀ ਲਿਆਕਤ, ਦ੍ਰਿੜ੍ਹਤਾ ਅਤੇ ਸੱਚ ਕਹਿਣ ਦੀ ਦਲੇਰੀ ਕਾਰਨ ਦੋਵਾਂ ਰਿਆਸਤਾਂ (ਪਟਿਆਲਾ ਅਤੇ ਨਾਭਾ) ਦੇ ਦਰਵਾਜ਼ੇ ਹਮੇਸ਼ਾਂ ਉਨ੍ਹਾਂ ਲਈ ਖੁੱਲ੍ਹੇ ਰਹੇ।

ਭਾਈ ਸਾਹਿਬ ਦੁਆਰਾ ਸਿੱਖ ਇਤਿਹਾਸਕ ਸਥਾਨਾਂ ਦੀ ਪਹਿਚਾਣ ਤੇ ਸੰਭਾਲ ਦੇ ਯਤਨ ਵੀ ਸ਼ਲਾਂਘਾਂਯੋਗ ਮੰਨੇ ਜਾਂਦੇ ਹਨ। ਦਿੱਲੀ ਵਿਚ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ ਗੁਰਦੁਆਰੇ ਰਕਾਬ ਗੰਜ ਸਾਹਿਬ ਦੀ ਉਹ ਕੰਧ ਜਿਹੜੀ ਕਿ ਇਸ ਥਾਂ ਤੇ 1914 ਈ. ਵਿਚ ਵਾਇਸਰਾਏ ਦੀ ਕੋਠੀ ਬਣਾਉਣ ਲਈ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਗਿਰਾ ਦਿੱਤੀ ਗਈ ਸੀ। ਅੰਗਰੇਜ਼ ਅਫਸਰਾਂ ਨਾਲ ਆਪਣੇ ਅਸਰ-ਰਸੂਖ਼ ਸਦਕਾ ਭਾਈ ਕਾਨ੍ਹ ਸਿੰਘ ਨੇ 1918 ਈ. ਵਿਚ ਇਸ ਇਤਿਹਾਸਕ ਕੰਧ ਦੀ ਮੁੜ ਉਸਾਰੀ ਕਰਵਾਈ।

ਇਸੇ ਤਰ੍ਹਾਂ ਗੁਰਦੁਆਰਾ ਮਾਲ ਟੇਕਰੀ (ਨਾਂਦੇੜ ਸਾਹਿਬ) ਜਿਥੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਪਤ ਖ਼ਜ਼ਾਨਾ ਕੱਢ ਕੇ ਪਠਾਨ ਨੌਕਰਾਂ ਨੂੰ ਤਲਬ ਵੰਡੀ ਸੀ ਅਤੇ ਬਚਿਆ ਧਨ ਇਥੇ ਹੀ ਗਡਵਾ ਦਿੱਤਾ ਸੀ। ਮੁਸਲਮਾਨ ਇਥੇ ਆਪਣੀਆਂ ਕਬਰਾਂ ਦੱਸ ਕੇ, ਇਸ ਅਸਥਾਨ ਤੇ ਆਪਣਾ ਅਧਿਕਾਰ ਸਮਝ ਰਹੇ ਸਨ। ਇਸ ਅਸਥਾਨ ਦੀ ਬਹਾਲੀ ਲਈ ਚੱਲੇ ਮੁਕੱਦਮੇ ਵਿਚ ਭਾਈ ਸਾਹਿਬ ਮੁੱਖ ਗਵਾਹ ਵਜੋਂ ਪੇਸ਼ ਹੋਏ ਤੇ ਇਤਿਹਾਸਕ ਹਵਾਲੇ ਦੇ ਕੇ ਇਸ ਨੂੰ ਸਿੱਖਾਂ ਦਾ ਅਸਥਾਨ ਸਿੱਧ ਕੀਤਾ। ਕੁਝ ਸ਼ਰਾਰਤੀ ਅਨਸਰਾਂ ਵਲੋਂ ਗੁਰੂ ਸਾਹਿਬਾਨ ਦੇ ਅਪਮਾਨ ਲਈ ‘ਖ਼ਾਲਸਾ ਪੰਥ ਕੀ ਹਕੀਕਤ’ ਇਕ ਕਿਤਾਬਚਾ ਉਰਦੂ ਭਾਸ਼ਾ ਵਿਚ ਛਪਵਾਇਆ ਗਿਆ। ਜਿਸਨੂੰ ਭਾਈ ਸਾਹਿਬ ਨੇ ਕਾਨੂੰਨੀ ਲੜਾਈ ਲੜ੍ਹ ਕੇ ਜ਼ਬਤ ਕਰਵਾਇਆ।

ਭਾਈ ਕਾਨ੍ਹ ਸਿੰਘ ਨਾਭਾ ਪੰਜਾਬੀ ਜਗਤ ਵਿਚ ਚੋਟੀ ਦੇ ਵਿਦਵਾਨ,ਖੋਜੀ ਤੇ ਸਹਿਤ ਸਨੇਹੀ ਸਨ।23 ਨਵੰਬਰ 1938 ਈ. ਨੂੰ 77 ਸਾਲ ਦੀ ਉਮਰ ਵਿਚ ਦਿਲ ਦੀ ਧੜਕਣ ਬੰਦ ਹੋਣ ਨਾਲ ਨਾਭੇ ਵਿਖੇ ਭਾਈ ਸਾਹਿਬ ਦਾ ਦਿਹਾਂਤ ਹੋਇਆ। ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ (ਮਹਾਨ ਕੋਸ਼) ਆਦਿਕ ਆਪ ਦੀ ਖੋਜ ਅਤੇ ਮਿਹਨਤ ਦੇ ਐਸੇ ਨਤੀਜੇ ਹਨ ਕਿ ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦੀ ਹਸਤੀ ਦੀ ਯਾਦ ਤਾਜ਼ਾ ਰੱਖਣਗੇ।

ਡਾ ਜਗਮੇਲ ਸਿੰਘ ਭਾਠੂਆਂ
ਇੰਚਾਰਜ,ਹਰੀ ਵ੍ਰਿਜੇਸ਼ ਕਲਚਰਲ ਫਾਊਂਡੇਸ਼ਨ
ਏ 68 ਏ, ਸੈਕੰਡ ਫਲੋਰ,ਫਤਹਿ ਨਗਰ,ਨਵੀਂ ਦਿੱਲੀ
ਸੰਪਰਕ 8847047554

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION