ਅੱਜ-ਨਾਮਾ
ਓਧਰ ਕੇਂਦਰ ਦੇ ਨਾਲ ਕਿਸਾਨ ਭਿੜਦੇ,
ਵੱਖਰਾ ਇੱਧਰ ਪੰਜਾਬ ਦਾ ਰੰਗ ਮੀਆਂ।
ਕਿਸੇ ਨਾਲ ਨਾ ਕਿਸੇ ਦੀ ਤਾਨ ਮਿਲਦੀ,
ਸਾਰੇ ਦੂਜਿਆਂ ਦੀ ਖਿੱਚਦੇ ਟੰਗ ਮੀਆਂ।
ਰੈਲੀ ਕਰਨ ਨਾ ਧਰਨਾ ਦੇਣ ਹੀ ਜਾਣਾ,
ਨਾ ਹੀ ਪੇਸ਼ ਕਰਨੀ ਕੋਈ ਮੰਗ ਮੀਆਂ।
ਖਬਰਾਂ ਪੜ੍ਹਨੀਆਂ, ਫੇਰ ਬਿਆਨ ਦੇਣੇ,
ਏਥੇ ਲੀਡਰਾਂ ਲਈ ਇਹੋ ਜੰਗ ਮੀਆਂ।
ਇੱਕ ਦੇ ਕੋਲ ਆ ਸੱਤਾ ਦੀ ਵਾਗ ਮੀਆਂ,
ਦੋਂਹ ਨੂੰ ਸੱਤਾ ਦੀ ਦਿੱਸਦੀ ਝਾਕ ਮੀਆਂ।
ਵੀਹ ਸੌ ਬਾਈ ਨੂੰ ਝਾਕਦੇ ਫਿਰਨ ਤਿੰਨੇ,
ਹੀਰ ਵੰਨੀਂ ਜਿਉਂ ਝਾਕਦਾ ਚਾਕ ਮੀਆਂ।
-ਤੀਸ ਮਾਰ ਖਾਂ
ਦਸੰਬਰ 10, 2020