32.1 C
Delhi
Friday, April 26, 2024
spot_img
spot_img

ਕੋਵਿਡ ਦੀ ਤੀਜੀ ਲਹਿਰ ਬੱਚਿਆਂ ਲਈ ਚਿੰਤਾਜਨਕ ਹੋਣ ਦੇ ਮੱਦੇਨਜ਼ਰ ਕੈਪਟਨ ਵੱਲੋਂ ਜੂਨ ਅਖ਼ੀਰ ਤਕ ਤਿਆਰੀਆਂ ਮੁਕੰਮਲ ਕਰਨ ਦੇ ਹੁਕਮ

ਯੈੱਸ ਪੰਜਾਬ
ਚੰਡੀਗੜ੍ਹ, 20 ਮਈ, 2021:
ਕੋਵਿਡ ਦੀ ਤੀਜੀ ਸੰਭਾਵੀ ਲਹਿਰ ਅਤੇ ਇਸ ਦੇ ਬੱਚਿਆਂ ਉਪਰ ਪ੍ਰਭਾਵ ਦੀਆਂ ਸੰਭਾਵਨਾਵਾਂ ਅਤੇ ਚਿੰਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਹਤ ਵਿਭਾਗ ਨੂੰ ਮਿਸ਼ਨ ਵਾਂਗ ਪੂਰੀ ਤਨਦੇਹੀ ਨਾਲ ਤਿਆਰੀਆਂ ਵਿਚ ਜੁਟ ਜਾਣ ਦੇ ਹੁਕਮ ਦਿੱਤੇ।

ਇਨ੍ਹਾਂ ਤਿਆਰੀਆਂ ਦੇ ਤਹਿਤ ਜੂਨ ਦੇ ਅੰਤ ਤੱਕ ਸਿਹਤ ਵਿਭਾਗ ਦੇ ਸਾਰੇ ਡਾਕਟਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਪੇਂਡੂ ਇਲਾਕਿਆਂ ਵਿਚ ਮੌਜੂਦਾ ਲਹਿਰ ਦੇ ਫੈਲਾਅ ਨੂੰ ਕਾਬੂ ਹੇਠ ਲਿਆਉਣ ਲਈ ਘਰ-ਘਰ ਨਿਗਰਾਨੀ ਕਰਨ ਦੇ ਵੀ ਆਦੇਸ਼ ਦਿੱਤੇ ਹਨ।

ਵਰਚੂਅਲ ਮੀਟਿੰਗ ਦੌਰਾਨ ਸੂਬੇ ਵਿਚ ਕੋਵਿਡ ਦੀ ਸਥਿਤੀ ਦਾ ਜਾਇਜਾ ਲੈਣ ਮੌਕੇ ਮੁੱਖ ਮੰਤਰੀ ਨੇ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਾਲੇ ਸੂਬਾ ਪੱਧਰੀ ਮਾਹਿਰ ਗਰੁੱਪ ਨੂੰ ਮੈਡੀਕਲ ਸਿੱਖਿਆ ਦੇ ਸਾਰੇ ਪਹਿਲੂਆਂ ਨੂੰ ਘੋਖਣ ਅਤੇ ਸਿਹਤ ਵਿਭਾਗ ਲਈ ਸਿਖਲਾਈ ਸਬੰਧੀ ਵੇਰਵੇ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਸੂਬੇ ਵਿਚ ਕੋਵਿਡ ਨਾਲ ਨਿਪਟਣ ਖਾਸ ਕਰਕੇ ਬੱਚਿਆਂ ਦੇ ਸੰਦਰਭ ਵਿਚ ਸੂਬੇ ਵਿਚ ਸਾਰੇ ਮੈਡੀਕਲ ਅਫਸਰਾਂ ਨੂੰ ਸਿਖਲਾਈ ਦੇਣ ਨੂੰ ਯਕੀਨੀ ਬਣਾਉਣ ਦੀ ਲੋੜ ਉਤੇ ਜੋਰ ਦਿੱਤਾ।

ਪੇਂਡੂ ਇਲਾਕਿਆਂ ਵਿਚ ਕੋਵਿਡ ਦੇ ਪੈਰ ਪਸਾਰਨ ਉਤੇ ਚਿੰਤਾ ਜਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਸਿਹਤ ਵਿਭਾਗ ਸਮੇਤ ਹੋਰ ਵਿਭਾਗਾਂ ਦੀਆਂ ਟੀਮਾਂ ਨੂੰ ਹਰੇਕ ਪਿੰਡ ਵਿਚ ਘਰ-ਘਰ ਨਿਗਾਰਨੀ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਟੀਮਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਮੁਢਲੀਆਂ ਦਵਾਈਆਂ ਨਾਲ ਲੈਸ ਕੀਤਾ ਜਾਵੇ ਅਤੇ ਲੱਛਣਾਂ ਵਾਲੇ ਵਿਅਕਤੀਆਂ ਦੀ ਆਰ.ਏ.ਟੀ. ਟੈਸਟਿੰਗ ਤੁਰੰਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਜਿਲ੍ਹੇ ਵਿਚ ਕੁਝ ਕਮਿਊਨਿਟੀ ਹੈਲਥ ਸੈਂਟਰਾਂ ਨੂੰ ਐਲ-2 ਸਹੂਲਤਾਂ ਲਈ ਤਿਆਰ ਕੀਤਾ ਜਾਵੇ ਜਿੱਥੇ ਆਕਸੀਜਨ ਕੰਨਸੈਂਟਰੇਟਰ ਅਤੇ ਢੁਕਵੇਂ ਇਲਾਜ ਪ੍ਰੋਟੋਕੋਲ ਸਮੇਤ ਡਾਕਟਰਾਂ ਦੀ ਵਿਵਸਥਾ ਹੋਵੇ।

ਇਸ ਪ੍ਰਕਿਰਿਆ ਵਿਚ ਸਰਪੰਚਾਂ ਨੂੰ ਸ਼ਾਮਲ ਕਰਨ ਦੀ ਲੋੜ ਉਤੇ ਜੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਟੀਕਾਕਰਨ ਵਿਚ ਉਨ੍ਹਾਂ ਸਮੇਤ ਪੰਚਾਂ ਦੇ ਨਾਲ-ਨਾਲ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਤਰਜੀਹ ਦੇਣ ਲਈ ਆਖਿਆ। ਉਨ੍ਹਾਂ ਕਿਹਾ ਕਿ ਪੁਲੀਸ ਵਿਭਾਗ ਨੂੰ ਵਿਲੇਜ ਪੁਲੀਸ ਅਫਸਰਾਂ ਦੇ ਰਾਹੀਂ ਸਹਾਇਤਾ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਕੋਵਿਡ ਮਰੀਜਾਂ ਤੋਂ ਵੱਧ ਪੈਸੇ ਵਸੂਲ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਦੇ ਖਿਲਾਫ ਸਖ਼ਤ ਕਰਵਾਈ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਇਨ੍ਹਾਂ ਹਸਪਤਾਲਾਂ ਵੱਲੋਂ ਪੈਸੇ ਵਾਪਸ ਕਰਵਾਏ ਜਾਣੇ ਚਾਹੀਦੇ ਹਨ।

ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੀਆਂ ਸਾਰੀਆਂ ਸ਼ਿਕਾਇਤਾਂ ਦਾ ਪਤਾ ਲਾਉਣ ਲਈ ਸਿਹਤ ਵਿਭਾਗ ਨਾਲ ਤਾਲਮੇਲ ਕਰਨ ਲਈ ਆਖਿਆ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਵਸੂਲੀ ਦਰਾਂ ਨੂੰ ਡਿਸਪਲੇਅ ਕਰਨ ਲਈ ਆਖਿਆ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਦਾ ਵਿਆਪਕ ਤੌਰ ਉਤੇ ਪ੍ਰਚਾਰ ਵੀ ਕੀਤਾ ਜਾਵੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਵੀ ਸਥਿਤੀ ਨਾਲ ਨਿਪਟਣ ਅਤੇ ਆਕਸੀਜਨ ਦੀ ਘਾਟ ਕਾਰਨ ਕਿਸੇ ਦੁਰਘਟਨਾ ਨੂੰ ਰੋਕਣ ਲਈ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਕਸੀਜਨ ਲਈ ਕੰਟਰੋਲ ਰੂਮ ਵੱਲੋਂ ਚੁੱਕੇ ਗਏ ਕਦਮਾਂ ਉਤੇ ਤਸੱਲੀ ਜਾਹਰ ਕੀਤੀ।

ਉਨ੍ਹਾਂ ਨੇ ਇਸ ਨੂੰ ਯਕੀਨੀ ਬਣਾਉਣ ਲਈ ਬੋਕਾਰੋ, ਹਜੀਰਾ ਆਦਿ ਵਿਖੇ ਤਾਇਨਾਤ ਅਫਸਰਾਂ ਦੀ ਸ਼ਲਾਘਾ ਕੀਤਾ ਅਤੇ ਸਿਹਤ ਵਿਭਾਗ ਨੂੰ ਆਕਸੀਜਨ ਜੋ 700 ਮੀਟਰਕ ਟਨ ਉਤੇ ਖੜ੍ਹੀ ਹੈ, ਦੀ ਕਮੀ ਦੇ ਨਾਲ-ਨਾਲ ਟੈਂਕਰਾਂ ਦੇ ਮਾਮਲੇ ਦੀ ਕੇਂਦਰ ਸਰਕਾਰ ਕੋਲ ਪੈਰਵੀ ਕਰਨ ਦੇ ਆਦੇਸ਼ ਦਿੱਤੇ ਹਨ।

ਉਨ੍ਹਾਂ ਨੇ ਚਾਰ ਆਕਸਜੀਨ ਟੈਂਕਰਾਂ ਨਾਲ ਸੂਬੇ ਦੀ ਸਹਾਇਤਾ ਕਰਨ ਲਈ ਐਚ.ਐਮ.ਈ.ਐਲ. ਦਾ ਧੰਨਵਾਦ ਕੀਤਾ ਜੋ ਅਗਲੇ ਕੁਝ ਦਿਨਾਂ ਵਿਚ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮਾਰਕਫੈੱਡ ਨੇ ਆਕਸਜੀਨ ਰੇਲ ਗੱਡੀਆਂ ਚਲਾਉਣ ਲਈ ਰੇਲਵੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਹਜੀਰਾ ਅਤੇ ਬੋਕਾਰੋ ਤੋਂ ਚਾਰ ਅਜਿਹੀਆਂ ਯਾਤਰਾਵਾਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਆਪਣੇ ਸ਼ਾਨਦਾਰ ਕੰਮ ਲਈ ਸਾਰੇ ਸਿਵਲ ਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ।

ਇਸ ਤੱਥ ਵੱਲ ਗੌਰ ਕਰਦੇ ਹੋਏ ਕਿ ਹਸਪਤਾਲਾਂ ਵਿੱਚ ਇਲਾਜ ਅਧੀਨ ਕੁਝ ਮਰੀਜਾਂ ਨੂੰ ਛੁੱਟੀ ਮਿਲਣ ਤੋਂ ਕੁਝ ਦਿਨ ਬਾਅਦ ਤੱਕ ਵੀ ਆਕਸੀਜਨ ਦੀ ਲੋੜ ਪੈਂਦੀ ਹੈ, ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਉਨ੍ਹਾਂ ਦੇ ਪੰਜ ਲੀਟਰ ਪ੍ਰਤੀ ਮਿੰਟ ਕੰਸਨਟਰੇਟਰਾਂ ਨੂੰ ਇਸ ਮਕਸਦ ਲਈ ਆਰਜੀ ਤੌਰ ‘ਤੇ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਵਿਭਾਗ ਨੂੰ ਸਿਵਲ ਹਸਪਤਾਲਾਂ ਵਿੱਚ ਪੋਸਟ ਕੋਵਿਡ ਕੇਅਰ ਵਾਰਡਾਂ ਦੀ ਸਥਾਪਨਾ ਤੋਂ ਇਲਾਵਾ ਸਿਹਤ ਵਿਭਾਗ ਨੂੰ ਆਕਸੀਜਨ ਕੰਸਨਟਰੇਟਰਾਂ ਦਾ ਇਕ ਬੈਂਕ ਵੀ ਸਥਾਪਿਤ ਕਰਨ ਲਈ ਕਿਹਾ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਹਾਲਾਂਕਿ ਬੀਤੇ ਇਕ ਹਫਤੇ ਦੌਰਾਨ ਸੂਬੇ ਵਿੱਚ ਕੋਵਿਡ ਦੇ ਮਾਮਲਿਆਂ ਅਤੇ ਪਾਜ਼ੇਟਿਵਿਟੀ ਦਰ ਦੋਵਾਂ ਵਿੱਚ ਗਿਰਾਵਟ ਵੇਖੀ ਗਈ ਹੈ ਪਰ, ਇਸ ਨਾਲ ਅਵੇਸਲੇ ਹੋਣ ਦੀ ਲੋੜ ਨਹੀਂ। ਉਨ੍ਹਾਂ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ ਸਬੰਧੀ ਸਾਰੀਆਂ ਪਾਬੰਦੀਆਂ ਸ਼ਹਿਰੀ ਅਤੇ ਸਥਾਨਕ ਸਰਕਾਰ ਪੱਧਰ ਦੇ ਆਗੂਆਂ ਦਾ ਸਹਿਯੋਗ ਲੈ ਕੇ ਸਖ਼ਤੀ ਨਾਲ ਲਾਗੂ ਕਰਵਾਈਆਂ ਜਾਣ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪਾਬੰਦੀਆਂ ਲਾਗੂ ਕਰਵਾਉਣ ਦੀ ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ ਨੇਪਰੇ ਚਾੜ੍ਹੀ ਜਾ ਰਹੀ ਹੈ ਜਿਸ ਨਾਲ ਹੁਣ ਲੋਕ ਵੀ ਜ਼ਿਆਦਾ ਚੌਕਸ ਹੋ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ 19 ਮਾਰਚ ਤੋਂ ਲੈ ਕੇ ਹੁਣ ਤੱਕ ਕੁਲ 25 ਲੱਖ ਉਲੰਘਣਾਵਾਂ ਦਰਜ ਕੀਤੀਆਂ ਗਈਆਂ ਹਨ ਅਤੇ 1.31 ਲੱਖ ਚਲਾਨ ਜਾਰੀ ਕਰ ਕੇ 12 ਕਰੋੜ ਰੁਪਏ ਦੀ ਰਕਮ ਹਰਜਾਨੇ ਵਜੋਂ ਜੁਟਾਈ ਗਈ ਹੈ।

ਇਸ ਤੋਂ ਇਲਾਵਾ ਉਲੰਘਣਾ ਕਰਨ ਵਾਲੇ 2600 ਵਿਅਕਤੀਆਂ ਨੂੰ ਖੁੱਲ੍ਹੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲੋਕਾਂ ਦੇ ਅੰਦਰ-ਬਾਹਰ ਆਉਣ ਜਾਣ ਉਤੇ ਨਜ਼ਰ ਰੱਖਣ ਲਈ 60 ਫੀਸਦੀ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਏ ਜਾ ਰਹੇ ਹਨ। ਉਨ੍ਹਾਂ ਯਕੀਨ ਦਵਾਇਆ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਸਥਿਤੀ ਵਿੱਚ ਸੁਧਾਰ ਆਵੇਗਾ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਸੁਝਾਅ ਦਿੱਤਾ ਕਿ ਕੇਸਾਂ ਦੇ ਫੈਲਾਅ ਨੂੰ ਰੋਕਣ ਲਈ ਪੇਂਡੂ ਖੇਤਰਾਂ ਵਿੱਚ ਨਿਗਰਾਨੀ ਹਿੱਤ ਰੈਪਿਡ ਰਿਸਪਾਂਸ ਟੀਮਾਂ ਸਥਾਪਿਤ ਕੀਤੀਆਂ ਜਾਣ ਅਤੇ ਇਸ ਕੰਮ ਵਿੱਚ ਆਰ.ਐਮ.ਪੀ. ਡਾਕਟਰਾਂ ਦਾ ਵੀ ਸਹਿਯੋਗ ਲਿਆ ਜਾਵੇ।

ਮੈਡੀਕਲ ਸਿੱਖਿਆ ਵਿਭਾਗ ਦੇ ਸਕੱਤਰ ਡੀ.ਕੇ. ਤਿਵਾੜੀ ਨੇ ਇਸ ਮੌਕੇ ਦੱਸਿਆ ਕਿ 2 ਮਈ ਤੋਂ 8 ਮਈ ਤੱਕ ਦੇ ਹਫਤੇ ਦੌਰਾਨ ਪਾਜੇਟਿਵਿਟੀ ਦੀ ਦਰ 18.5 ਫੀਸਦੀ ਰਹੀ ਪਰ ਉਸ ਤੋਂ ਬਾਅਦ ਇਸ ਵਿੱਚ ਗਿਰਾਵਟ ਆਈ ਹੈ। ਉਨ੍ਹਾਂ ਅੱਗੇ ਖੁਲਾਸਾ ਕੀਤਾ ਕਿ ਬੈੱਡਾਂ ਦੀ ਸਥਿਤੀ ਵੀ ਤਸੱਲੀਬਖ਼ਸ਼ ਹੈ ਅਤੇ ਅੰਮ੍ਰਿਤਸਰ ਵਿੱਚ ਆਕਸੀਜਨ ਦੀ ਸਪਲਾਈ 6 ਕੇ.ਐਲ. ਤੋਂ ਵਧਾ ਕੇ 11 ਕੇ.ਐਲ. ਕਰ ਦਿੱਤੀ ਗਈ ਹੈ।

ਟੈਸਟਿੰਗ ਸਬੰਧੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਬੀਤੇ ਇਕ ਹਫਤੇ ਦੌਰਾਨ 2.13 ਲੱਖ ਆਰ.ਟੀ.ਪੀ.ਸੀ.ਆਰ. ਟੈਸਟ ਕੀਤੇ ਜਾ ਚੁੱਕੇ ਹਨ ਅਤੇ ਪ੍ਰਤੀ ਟੈਸਟ ਔਸਤਨ ਸਮਾਂ 7 ਘੰਟੇ ਹੈ। ਇਸ ਤੋਂ ਇਲਾਵਾ ਸਿਹਤ ਸਟਾਫ ਦੀਆਂ ਵੱਖੋ-ਵੱਖਰੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਭਰਤੀਆਂ ਦੇ ਵੇਰਵੇ ਸਾਂਝੇ ਕਰਦੇ ਹੋਏ ਉਨ੍ਹਾਂ ਕਿਹਾ ਕਿ 108 ਸੀਨੀਅਰ ਰੈਜ਼ੀਡੈਂਟਸ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ।

ਜਦੋਂ ਕਿ 86 ਨਰਸਾਂ, 8 ਲੈਬ ਟੈਕਨੀਸ਼ੀਅਨਾਂ, 9 ਰੇਡੀਓਗ੍ਰਾਫਰਾਂ, 2 ਪਰਫਿਊਜ਼ਨਿਸਟਾਂ, 2 ਓਪਟੋਮੈਟਰਿਸਟਾਂ ਅਤੇ ਇਕ ਆਡੀਓਲੋਜਿਸਟ ਦੀ ਨਿਯੁਕਤੀ ਇਕ ਹਫਤੇ ਦੇ ਅੰਦਰ ਕਰ ਦਿੱਤੀ ਜਾਵੇਗੀ ਅਤੇ ਇਸ ਤੋਂ ਛੁੱਟ ਹੋਰ ਅਸਾਮੀਆਂ ਲਈ ਵੀ ਇਸ਼ਤਿਹਾਰ ਦਿੱਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਵੱਖੋ-ਵੱਖਰੇ ਹਸਪਤਾਲਾਂ/ਸੈਂਟਰਾਂ/ਲੈਬਾਂ ਵਿੱਚ ਆਊਟਸੋਰਸਿੰਗ ਉਤੇ ਸਟਾਫ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਪਟਿਆਲਾ ਵਿੱਚ ਫੌਜ ਵੱਲੋਂ 84 ਬੈੱਡਾਂ ਦੇ ਹਸਪਤਾਲ ਦਾ ਕੰਮਕਾਜ ਚਲਾਉਣ ਵਿੱਚ ਮਦਦ ਕਰਨ ਤੋਂ ਇਲਾਵਾ ਮੋਹਾਲੀ ਅਤੇ ਬਠਿੰਡਾ ਦੇ ਆਰਜੀ ਹਸਪਤਾਲਾਂ ਦਾ ਕੰਮਕਾਜ ਵੀ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ।

ਸਿਹਤ ਸਕੱਤਰ ਹੁਸਨ ਲਾਲ ਨੇ ਇਸ ਮੌਕੇ ਦੱਸਿਆ ਕਿ 19 ਮਈ ਨੂੰ ਕੁਲ ਪਾਜ਼ੇਟਿਵਿਟੀ ਦਰ 6.2 ਫੀਸਦੀ ‘ਤੇ ਖੜ੍ਹੀ ਸੀ ਅਤੇ ਮੋਹਾਲੀ ਤੇ ਮਾਲਵਾ ਖੇਤਰਾਂ ਵਿੱਚ ਕਾਫੀ ਜ਼ਿਆਦਾ ਮਾਮਲੇ ਸਨ।

ਸੂਬੇ ਦੇ ਕੋਵਿਡ ਮਾਹਿਰਾਂ ਦੇ ਸਮੂਹ ਦੇ ਮੁਖੀ ਡਾ.ਕੇ.ਕੇ. ਤਲਵਾੜ ਨੇ ਕਿਹਾ ਕਿ ਕੇਸਾਂ ਦੀ ਘੱਟਦੀ ਗਿਣਤੀ ਨੂੰ ਅੱਗੇ ਵੀ ਯਕੀਨੀ ਬਣਾਉਣ ਲਈ ਮੌਜੂਦਾ ਪਾਬੰਦੀਆਂ ਅਗਲੇ 2-3 ਹਫਤਿਆਂ ਤੱਕ ਕਾਇਮ ਰਹਿਣੀਆਂ ਚਾਹੀਦੀਆਂ ਹਨ।

ਉਨ੍ਹਾਂ ਖੁਲਾਸਾ ਕੀਤਾ ਕਿ ਮਾਰਚ ਮੌਕੇ ਲਏ ਗਏ ਨਮੂਨਿਆਂ ਦੀ ਵਾਇਰਸ ਦੇ ਬਦਲਦੇ ਰੂਪ ਪੱਖੋਂ ਜਾਂਚ ਕੀਤੇ ਜਾਣ ‘ਤੇ 96 ਫੀਸਦੀ ਨਮੂਨਿਆਂ ਵਿੱਚ ਯੂ.ਕੇ. ਦਾ ਵਾਇਰਸ ਪਾਇਆ ਗਿਆ ਜਦੋਂਕਿ ਅਪ੍ਰੈਲ ਦੌਰਾਨ ਲਏ ਨਮੂਨਿਆਂ ਵਿੱਚ ਸਿਰਫ ਇਕ ਡਬਲ ਮਿਊਟੈਂਟ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।

ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਜਿਨੌਮ ਸੈਂਪਲਿੰਗ ਲਈ ਅਪ੍ਰੈਲ ਅਤੇ ਮਈ ਵਿੱਚ ਭੇਜੇ ਗਏ ਨਮੂਨਿਆਂ ਦੇ ਨਤੀਜੇ ਅਜੇ ਆਉਣੇ ਬਾਕੀ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION