32.1 C
Delhi
Friday, April 26, 2024
spot_img
spot_img

ਕੈਪਟਨ ਵੱਲੋਂ ਪਟਿਆਲਾ ਦੇ ਆਲੇ ਦੁਆਲੇ ਦੀਆਂ ਕਾਲੋਨੀਆਂ ਨਹਿਰੀ ਪਾਣੀ ’ਤੇ ਅਧਾਰਿਤ ਜਲ ਸਪਲਾਈ ਪ੍ਰਾਜੈਕਟ ਹੇਠ ਲਿਆਉਣ ਲਈ ਯੋਜਨਾ ਉਲੀਕਣ ਦੇ ਆਦੇਸ਼

ਯੈੱਸ ਪੰਜਾਬ
ਚੰਡੀਗੜ੍ਹ, 26 ਮਈ, 2021:
ਵਿਰਾਸਤੀ ਸ਼ਹਿਰ ਪਟਿਆਲਾ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਦੇ ਯਤਨਾਂ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਡਿਪਟੀ ਕਮਿਸ਼ਨਰ ਨੂੰ 468 ਕਰੋੜ ਦੀ ਲਾਗਤ ਵਾਲੇ ਨਹਿਰੀ ਪਾਣੀ ’ਤੇ ਅਧਾਰਿਤ ਜਲ ਸਪਲਾਈ ਪ੍ਰਾਜੈਕਟ ਦੇ ਕੰਮ ਵਿਚ ਹੋਰ ਤੇਜੀ ਲਿਆਉਣ ਲਈ ਆਖਿਆ ਤਾਂ ਕਿ ਸ਼ਹਿਰ ਵਾਸੀਆਂ ਲਈ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸ਼ਹਿਰ ਦੇ ਆਲੇ-ਦੁਆਲੇ ਦੀਆਂ ਕਾਲੋਨੀਆਂ ਨੂੰ ਵੀ ਇਸ ਸਕੀਮ ਦੇ ਦਾਇਰੇ ਹੇਠ ਲਿਆਉਣ ਲਈ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਨੇ ਸਬੰਧਤ ਵਿਭਾਗਾਂ ਨੂੰ ਨਹਿਰੀ ਪਾਣੀ ’ਤੇ ਅਧਾਰਿਤ ਜਲ ਸਪਲਾਈ, ਨਵਾਂ ਬੱਸ ਅੱਡਾ, ਸਪੋਰਟਸ ਯੂਨੀਵਰਸਿਟੀ, ਛੋਟੀ ਅਤੇ ਵੱਡੀ ਨਦੀ ਦੀ ਕਾਇਆ ਕਲਪ ਤੋਂ ਇਲਾਵਾ ਵਿਰਾਸਤੀ ਲਾਂਘੇ ਨੂੰ ਨਵੀਂ ਦਿੱਖ ਦੇਣ ਸਮੇਤ ਚੱਲ ਰਹੇ ਪ੍ਰਮੁੱਖ ਪ੍ਰਾਜੈਕਟਾਂ ਨੂੰ ਤੇਜੀ ਨਾਲ ਮੁਕੰਮਲ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਲਈ ਆਖਿਆ।

ਪਟਿਆਲਾ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਇਨ੍ਹਾਂ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਨਿੱਜੀ ਤੌਰ ਉਤੇ ਨਿਗਰਾਨੀ ਕਰਨ ਅਤੇ ਇਸ ਬਾਰੇ ਉਨ੍ਹਾਂ ਨੂੰ ਵੀ ਜਾਣੂੰ ਕਰਵਾਉਂਦੇ ਰਹਿਣ ਲਈ ਆਖਿਆ ਤਾਂ ਕਿ ਇਨ੍ਹਾਂ ਨੂੰ ਸਮੇਂ ਸਿਰ ਮੁਕੰਮਲ ਕੀਤੇ ਜਾਣਾ ਯਕੀਨੀ ਬਣਾਇਆ ਜਾ ਸਕੇ।

ਇਸ ਤੋਂ ਪਹਿਲਾਂ ਵਿਕਾਸ ਕਾਰਜਾਂ ਬਾਰੇ ਵਿਸਥਾਰਤ ਪੇਸ਼ਕਾਰੀ ਦਿੰਦੇ ਹੋਏ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਆਲਮੀ ਪੱਧਰ ਦੀ ਕੰਪਨੀ ਐਲ ਐਂਡ ਟੀ ਇਨਫਰਾਸਟੱਕਚਰ ਕੰਪਨੀ ਵੱਲੋਂ ਮਾਰਚ, 2022 ਤੱਕ ਨਹਿਰੀ ਪਾਣੀ ’ਤੇ ਅਧਾਰਿਤ ਜਲ ਸਪਲਾਈ ਪ੍ਰਾਜੈਕਟ ਦਾ 60 ਫੀਸਦੀ ਕੰਮ ਪੂਰਾ ਕਰ ਲਿਆ ਜਾਵੇਗਾ।

60 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਬੱਸ ਸਟੈਂਡ ਅਤੇ ਵਰਕਸ਼ਾਪ ਦੀ ਪ੍ਰਗਤੀ ਦੇ ਸਬੰਧ ਵਿਚ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ 6.31 ਏਕੜ ਰਕਬੇ ਵਿਚ ਨਵਾਂ ਬੱਸ ਅੱਡਾ ਨਵੰਬਰ, 2021 ਤੱਕ ਬਣਾ ਦਿੱਤਾ ਜਾਵੇਗਾ ਜਦਕਿ 2.20 ਏਕੜ ਰਕਬੇ ਵਿਚ ਬਣਨ ਜਾ ਰਹੀ ਵਰਕਸ਼ਾਪ ਦਾ ਕੰਮ ਮਾਰਚ, 2022 ਤੱਕ ਮੁਕੰਮਲ ਹੋ ਜਾਵੇਗਾ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਵੇਂ ਬੱਸ ਅੱਡੇ ਵਿਚ ਬੱਸਾਂ ਦੀ ਸਿੱਧੀ ਐਂਟਰੀ ਲਈ ਲੋਕ ਨਿਰਮਾਣ ਵਿਭਾਗ ਨੂੰ ਯੂ.ਈ.ਆਈ.ਪੀ. ਦੇ ਦੂਜੇ ਪੜਾਅ ਵਿਚ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਪਾਸੋਂ 7.70 ਕਰੋੜ ਦੀ ਲਾਗਤ ਨਾਲ ਨਵਾਂ ਫਲਾਈਓਵਰ ਬਣਾਉਣ ਦੀ ਪ੍ਰਵਾਨਗੀ ਮਿਲ ਚੁੱਕੀ ਹੈ।

ਇਸ ਦੌਰਾਨ ਪੀ.ਆਰ.ਟੀ.ਸੀ. ਦੇ ਚੇਅਰਮੈਨ ਵੱਲੋਂ ਨਵੀਆਂ ਬੱਸਾਂ ਖਰੀਦਣ ਸਬੰਧੀ ਉਠਾਏ ਮਾਮਲੇ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਬਾਰੇ ਲੰਬਿਤ ਪ੍ਰਸਤਾਵ ਨੂੰ ਤੁਰੰਤ ਪ੍ਰਵਾਨਗੀ ਦੇਣ ਲਈ ਆਖਿਆ। ਮੁੱਖ ਮੰਤਰੀ ਦੀ ਹਦਾਇਤ ਉਤੇ ਫੌਰੀ ਅਮਲ ਕਰਦੇ ਹੋਏ ਟਰਾਂਸਪੋਰਟ ਦੇ ਪ੍ਰਮੁੱਖ ਸਕੱਤਰ ਨੇ ਪੀ.ਆਰ.ਟੀ.ਸੀ. ਨੂੰ ਆਪਣੀ ਫਲੀਟ ਵਿਚ 255 ਨਵੀਆਂ ਬੱਸਾਂ ਖਰੀਦਣ ਲਈ ਸਹਿਮਤੀ ਦੇ ਦਿੱਤੀ।

ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਅਬਲੋਵਾਲ ਵਿਖੇ ਡੇਅਰੀ ਸ਼ਿਫਟ ਕਰਨ ਦੇ ਪ੍ਰਾਜੈਕਟ ਜੋ ਮੁਕੰਮਲ ਹੋਣ ਦੀ ਕਗਾਰ ਉਤੇ ਹੈ, ਦੇ ਪਹਿਲੇ ਪੜਾਅ ਲਈ 2.18 ਕਰੋੜ ਰੁਪਏ ਤੋਂ ਇਲਾਵਾ ਇਸੇ ਪ੍ਰਾਜੈਕਟ ਦੇ ਦੂਜੇ ਪੜਾਅ ਲਈ 10.37 ਕਰੋੜ ਰੁਪਏ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ।

ਪਿੰਡ ਸਿੱਧੂਵਾਲ ਵਿਖੇ 100 ਏਕੜ ਰਕਬੇ ਵਿਚ ਬਣਨ ਜਾ ਰਹੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਨਿਰਮਾਣ ਵਿਚ ਤੇਜੀ ਲਿਆਉਣ ਲਈ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਟੀਚਿੰਗ ਫੈਕਲਟੀ ਦੀਆਂ ਲੋੜੀਂਦੀਆਂ ਅਸਾਮੀਆਂ ਲਈ ਗਰਾਂਟ ਤੁਰੰਤ ਮਨਜੂਰ ਕਰਨ ਲਈ ਆਖਿਆ ਤਾਂ ਕਿ ਯੂਨੀਵਰਸਿਟੀ ਨੂੰ ਮੁਕੰਮਲ ਰੂਪ ਵਿਚ ਕਾਰਜਸ਼ੀਲ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਭਾਗ ਨੂੰ ਯੂਨੀਵਰਸਿਟੀ ਦੇ ਨਿਰਮਾਣ ਲਈ 60 ਕਰੋੜ ਰੁਪਏ ਦੇ ਫੰਡ ਨੂੰ ਵੀ ਮਨਜੂਰੀ ਦੇਣ ਲਈ ਆਖਿਆ।

ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਪਹਿਲੇ ਪੜਾਅ ਤਹਿਤ ਪਟਿਆਲੇ ਸ਼ਹਿਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਲਈ ਵਿਰਾਸਤੀ ਲਾਂਘੇ ਦੇ ਸਮਾਨੀਆ ਗੇਟ ਤੋਂ ਕਿਲ੍ਹਾ ਮੁਬਾਰਕ ‘ਏ ਟੈਂਕ’ ਤੱਕ 2 ਕਿਲੋਮੀਟਰ ਹਿੱਸੇ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ 30 ਜੂਨ ਤੱਕ ਪੂਰਾ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਬਾਕੀ ਹਿੱਸੇ ਦਾ ਕੰਮ ਵੀ ਜਲਦ ਮੁਕੰਮਲ ਹੋ ਜਾਵੇਗਾ।

ਇਸੇ ਤਰ੍ਹਾਂ ਸਾਂਭ-ਸੰਭਾਲ ਯੋਜਨਾ ਦੇ ਹਿੱਸੇ ਵਜੋਂ ਪਟਿਆਲਾ ਦੀ ਛੋਟੀ ਨਦੀ ਅਤੇ ਵੱਡੀ ਨਦੀ ਦੀ ਕਾਇਆ ਕਲਪ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਛੋਟੀ ਨਦੀ ਦਾ ਲਗਭਗ 35 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਦਾ ਸਮੁੱਚਾ ਹਿੱਸਾ ਨਵੰਬਰ, 2021 ਤੱਕ ਪੂਰਾ ਹੋ ਜਾਵੇਗਾ। ਇਸੇ ਤਰ੍ਹਾਂ ਵੱਡੀ ਨਦੀ ਦਾ ਕੰਮ ਜੂਨ, 2021 ਤੱਕ ਜ਼ਮੀਨੀ ਪੱਧਰ `ਤੇ ਸ਼ੁਰੂ ਹੋ ਜਾਵੇਗਾ ਕਿਉਂਕਿ ਇਸ ਦੇ ਡਿਜ਼ਾਈਨ ਅਤੇ ਹੋਰ ਲੋੜਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ ਇਹ ਕੰਮ ਜਲਦ ਹੀ ਮੁਕੰਮਲ ਕੀਤੇ ਜਾਣ ਦੀ ਸੰਭਾਵਨਾ ਹੈ।

ਵਿਚਾਰ-ਵਟਾਂਦਰੇ ਵਿਚ ਹਿੱਸਾ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪਟਿਆਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਬਹੁਤੇ ਪ੍ਰਾਜੈਕਟਾਂ ਨੂੰ ਪਿਛਲੀ ਸਰਕਾਰ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਸੀ ਅਤੇ ਹੁਣ ਕੈਪਟਨ ਸਰਕਾਰ ਦੀ ਯੋਗ ਅਗਵਾਈ ਹੇਠ ਇਨ੍ਹਾਂ ਪ੍ਰਾਜੈਕਟਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ ਜਿਸ ਨਾਲ ਸਥਾਨਕ ਵਾਸੀਆਂ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ।

ਮੁੱਖ ਮੰਤਰੀ ਨੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਦੇ ਵਿੱਤ ਕਮਿਸ਼ਨਰ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਾਦਸ਼ਾਹਪੁਰ ਵਿਖੇ ਪਸ਼ੂਆਂ ਦੀ ਹੱਡਾ ਰੋੜੀ ਦੇ ਨਿਪਟਾਰੇ ਲਈ ਪਲਾਂਟ ਸਥਾਪਤ ਕਰਨ ਵਿੱਚ ਲੱਗੀਆਂ ਦੇਸ਼ ਦੀਆਂ ਮੋਹਰੀ ਕੰਪਨੀਆਂ ਨਾਲ ਜਲਦ ਤੋਂ ਜਲਦ ਤਾਲਮੇਲ ਕਰਨ ਲਈ ਵੀ ਕਿਹਾ।

ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਸਨੌਰੀ ਅੱਡੇ ਵਿਖੇ ਡੰਪ ਸਾਈਟ `ਤੇ ਬਾਇਓਰੈਮੇਡੀਏਸ਼ਨ ਪਲਾਂਟ ਸਥਾਪਤ ਕੀਤਾ ਗਿਆ ਹੈ ਜਿਸ ਨਾਲ ਇੱਥੇ 25 ਸਾਲਾਂ ਤੋਂ ਇਕੱਠੇ ਹੋਏ 1.75 ਮੀਟਰਕ ਟਨ ਕੂੜੇ ਤੋਂ ਨਿਜਾਤ ਮਿਲੇਗੀ।ਇਸ ਪ੍ਰਾਜੈਕਟ `ਤੇ ਕੰਮ ਜੁਲਾਈ, 2020 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਮਈ, 2022 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਹਾਲਾਂਕਿ, ਨਗਰ ਨਿਗਮ ਨੂੰ ਉਮੀਦ ਹੈ ਕਿ ਇਹ ਕੰਮ ਇਸ ਤੋਂ ਪਹਿਲਾਂ ਖਤਮ ਹੋ ਜਾਵੇਗਾ ਕਿਉਂਕਿ 40 ਫੀਸਦੀ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਇਹ ਵੀ ਦੱਸਿਆ ਗਿਆ ਕਿ ਸ਼ਹਿਰ ਦੇ ਅੰਦਰੂਨੀ ਨਾਲੇ (ਡਰੇਨ) ਦੀ ਸਫਾਈ ਦਾ 22 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ।

ਮਹਿੰਦਰਾ ਕੋਠੀ ਦੇ ਨਵੀਨੀਕਰਨ ਅਤੇ ਮੈਡਲ ਗੈਲਰੀ ਤੇ ਸਿੱਕਿਆਂ ਦੇ ਅਜਾਇਬ ਘਰ ਨੂੰ ਸ਼ਿਫਟ ਕਰਨ ਸਬੰਧੀ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 9.35 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਸਾਰਾ ਪ੍ਰਾਜੈਕਟ ਮੁਕੰਮਲ ਹੋਣ ਨੇੜੇ ਹੈ।

ਮੁੱਖ ਮੰਤਰੀ ਨੇ ਪੀ.ਐਸ.ਪੀ.ਸੀ.ਐਲ. ਨੂੰ ਹਦਾਇਤ ਕੀਤੀ ਕਿ ਉਹ ਪਟਿਆਲਾ ਸ਼ਹਿਰ ਵਿਚ ਪਾਈਆਂ ਸਾਰੀਆਂ ਬਿਜਲੀ ਦੀਆਂ ਤਾਰਾਂ ਅਤੇ ਟਰਾਂਸਫਾਰਮਰਾਂ ਦੇ ਨਵੀਨੀਕਰਨ ਲਈ ਕੰਮ ਤੁਰੰਤ ਚਾਲੂ ਕਰਨ ਤਾਂ ਜੋ ਵਾਹਨਾਂ ਦੀ ਸੁਚਾਰੂ ਆਵਾਜਾਈ ਅਤੇ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਨੂੰ ਸਰਕਾਰੀ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦੇ ਸੀਨੀਅਰ ਅਤੇ ਜੂਨੀਅਰ ਡਾਕਟਰਾਂ ਲਈ ਮੌਜੂਦਾ ਰਿਹਾਇਸ਼ਾਂ, ਜੋ ਕਿ ਪਹਿਲਾਂ ਹੀ ਖਸਤਾ ਹਾਲਤ ਵਿਚ ਹਨ, ਦੇ ਨਵੀਨੀਕਰਨ ਵਾਸਤੇ ਤੁਰੰਤ ਕਾਰਜ ਯੋਜਨਾ ਬਣਾਉਣ ਲਈ ਕਿਹਾ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੇ ਪ੍ਰਮੁੱਖ ਸਕੱਤਰ ਨੂੰ ਇੱਥੇ ਕੰਮ ਕਰ ਰਹੇ ਨਰਸਿੰਗ ਸਟਾਫ, ਗਰੁੱਪ ਸੀ ਅਤੇ ਡੀ ਦੇ ਕਰਮਚਾਰੀਆਂ ਲਈ ਨਵੇਂ ਮਕਾਨ/ਫਲੈਟਾਂ ਦੀ ਉਸਾਰੀ ਲਈ ਪ੍ਰਸਤਾਵ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ।

ਇਸ ਦੌਰਾਨ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਨੇ ਦੱਸਿਆ ਕਿ ਆਗਾਮੀ ਨਰਸਿੰਗ ਹੋਸਟਲ, ਮੈਡੀਕਲ ਕਾਲਜ ਵਿਖੇ ਨਵਾਂ ਡੈਂਟਲ ਬਲਾਕ ਅਤੇ ਸਪੋਰਟਸ ਯੂਨੀਵਰਸਿਟੀ ਦੀ ਚਾਰਦਿਵਾਰੀ ਦੀ ਉਸਾਰੀ ਦਾ ਕੰਮ ਜੁਲਾਈ, 2021 ਤੱਕ ਮੁਕੰਮਲ ਹੋ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਸਥਾਨਕ ਨਗਰ ਨਿਗਮ ਨਾਲ ਸਲਾਹ ਮਸ਼ਵਰਾ ਕਰਕੇ ਬਸੇਰਾ ਸਕੀਮ (ਝੁੱਗੀ ਝੌਂਪੜੀ ਵਾਸੀਆਂ ਨੂੰ ਮਾਲਕਾਨਾ ਹੱਕ) ਤਹਿਤ ਬਾਕੀ ਰਹਿੰਦੇ ਲਾਭਪਾਤਰੀਆਂ ਨੂੰ ਦੇਣ ਲਈ ਢੁੱਕਵੀਂ ਜ਼ਮੀਨ ਦੀ ਪਹਿਚਾਣ ਕਰਨ ਵਾਸਤੇ ਰੂਪ-ਰੇਖਾ ਤਿਆਰ ਕਰਨ ਲਈ ਵੀ ਕਿਹਾ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ, ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ, ਮੁੱਖ ਸਕੱਤਰ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ ਸੈਰ-ਸਪਾਟਾ ਸੰਜੇ ਕੁਮਾਰ, ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤਾਂ ਸੀਮਾ ਜੈਨ, ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ.ਸਿਵਾ ਪ੍ਰਸ਼ਾਦ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਡੀ.ਕੇ ਤਿਵਾੜੀ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਅਜੋਏ ਕੁਮਾਰ ਸਿਨਹਾ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਵਿਕਾਸ ਪ੍ਰਤਾਪ, ਸੀ.ਈ.ਓ. ਪੀ.ਐਮ.ਆਈ.ਡੀ.ਸੀ. ਅਜੋਏ ਸ਼ਰਮਾ, ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਅਤੇ ਕਮਿਸ਼ਨਰ ਨਗਰ ਨਿਗਮ ਪਟਿਆਲਾ ਪੂਨਮਦੀਪ ਕੌਰ ਸ਼ਾਮਲ ਸਨ।

Subscribe to YesPunjab Telegram Channel & receive important news updates

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION