26.7 C
Delhi
Saturday, April 27, 2024
spot_img
spot_img

ਕੈਪਟਨ ਦੀ ਅਗਵਾਈ ’ਚ ਸਰਬ ਪਾਰਟੀ ਮੀਟਿੰਗ ਦੌਰਾਨ ਸਮਾਗਮ ਸਾਂਝੇ ਤੌਰ ’ਤੇ ਮਨਾਉਣ ਦਾ ਸੰਕਲਪ, ਅਕਾਲੀ ਤੇ ਭਾਜਪਾ ਗੈਰ ਹਾਜ਼ਰ

ਚੰਡੀਗੜ, 1 ਨਵੰਬਰ, 2019 –
ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ’ਤੇ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਲ ਹੋ ਕੇ ਇਸ ਨੂੰ ਸਾਂਝੇ ਰੂਪ ਵਿੱਚ ਮਨਾਉਣ ਦਾ ਸੰਕਲਪ ਲਿਆ।

ਮੀਟਿੰਗ ਦੌਰਾਨ ਇਸ ਗੱਲ ’ਤੇ ਵੀ ਅਫ਼ਸੋਸ ਜ਼ਾਹਰ ਕੀਤਾ ਗਿਆ ਕਿ ਕੁਝ ਸਿਆਸੀ ਪਾਰਟੀਆਂ ਨੇ ਆਪਣੇ ਸੌੜੇ ਹਿੱਤਾਂ ਲਈ ਇਸ ਪਵਿੱਤਰ ਮੌਕੇ ’ਤੇ ਬਰਾਬਰ ਸਮਾਗਮ ਰੱਖਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਵਿਸ਼ਵ ਭਰ ਵਿੱਚ ਸਿੱਖ ਭਾਈਚਾਰੇ ’ਚ ਗਲਤ ਸੰਦੇਸ਼ ਜਾ ਰਿਹਾ ਹੈ।

ਮੀਟਿੰਗ ਦੌਰਾਨ ਇਹ ਵੀ ਵਿਚਾਰ ਕੀਤੀ ਗਈ ਕਿ ਇਸ ਤੋਂ ਪਹਿਲਾਂ ਅਜਿਹੇ ਮੌਕਿਆਂ ’ਤੇ ਹੋਏ ਸਮਾਗਮ ਸੂਬਾ ਸਰਕਾਰ ਵੱਲੋਂ ਕਰਵਾਏ ਗਏ ਸਨ ਅਤੇ ਇਨਾਂ ਸਮਾਗਮਾਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਸਾਂਝੇ ਤੌਰ ’ਤੇ ਸ਼ਾਮਲ ਹੁੰਦੇ ਸਨ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਕੁਝ ਸਿਆਸੀ ਪਾਰਟੀਆਂ ਨੇ ਇਸ ਵਾਰ ਇਸ ਰਵਾਇਤ ਨੂੰ ਤੋੜਣ ਦਾ ਫੈਸਲਾ ਕੀਤਾ ਹੈ ਅਤੇ ਇਸ ਪਵਿੱਤਰ ਤੇ ਇਤਿਹਾਸਕ ਮੌਕੇ ਨੂੰ ਆਪਣੇ ਨਿੱਜੀ ਸਵਾਰਥਾਂ ਲਈ ਵਰਤਣ ਦੀ ਕੋਸ਼ਿਸ਼ ਕੀਤੀ ਹੈ।

ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਸੂਬਾ ਸਰਕਾਰ 12 ਨਵੰਬਰ ਨੂੰ ਕਰਵਾਏ ਜਾ ਰਹੇ ਸਮਾਗਮ ਲਈ ਪੰਜਾਬ ਅਤੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਸੱਦਾ ਦੇਵੇਗੀ। ਇਸ ਸਮਾਗਮ ਦੀਆਂ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਸਾਰੀਆਂ ਤਕਰੀਰਾਂ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਫਲਸਫੇ ਦੇ ਪਸਾਰ ਤੱਕ ਹੀ ਮਹਿਦੂਦ ਹੋਣਗੀਆਂ।

ਮੁੱਖ ਮੰਤਰੀ ਤੋਂ ਇਲਾਵਾ ਸੱਤਾਧਾਰੀ ਕਾਂਗਰਸ ਦੇ ਨੁਮਾਇੰਦਿਆਂ ਵਜੋਂ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ ਸ਼ਾਮਲ ਹੋਏ। ਬਾਕੀ ਸਿਆਸੀ ਸ਼ਖਸੀਅਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ 1920 ਦੇ ਹਰਬੰਸ ਸਿੰਘ ਕੰਧੋਲਾ, ਸੀ.ਪੀ.ਆਈ. ਦੇ ਭੁਪਿੰਦਰ ਸਾਂਭਰ ਤੇ ਹਰਦੇਵ ਅਰਸ਼ੀ, ਸੀ.ਪੀ.ਆਈ. (ਐਮ) ਦੇ ਗੁਰਪਰਮਜੀਤ ਕੌਰ ਤੱਗੜ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੇਵਾ ਸਿੰਘ ਸੇਖਵਾਂ, ਸੰਤ ਸਮਾਜ ਦੇ ਬਾਬਾ ਸਰਬਜੋਤ ਸਿੰਘ ਬੇਦੀ, ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ, ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਬਿਲਾਸਪੁਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਮੀਟਿੰਗ ਵਿੱਚ ਸ਼ਾਮਲ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਮੁੱਖ ਸਮਾਗਮਾਂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਨਾਂ ਦੇ ਨੁਮਾਇੰਦਿਆਂ ਦੇ ਸ਼ਰੀਕ ਹੋਣ ਦੀ ਤੀਬਰ ਇੱਛਾ ਰੱਖਦੀ ਹੈ। ਉਨਾਂ ਕਿਹਾ ਕਿ ਇਸ ਇਤਿਹਾਸਕ ਮੌਕੇ ਨੂੰ ਸਿਆਸੀ ਤੰਗ ਨਜ਼ਰੀਏ ਤੋਂ ਦੂਰ ਰੱਖਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਪ੍ਰਧਾਨ ਮੰਤਰੀ ਨੂੰ ਵੀ ਇਕ ਸਮਾਗਮ ਲਈ ਬੇਨਤੀ ਕੀਤੀ ਸੀ ਜਿਸ ਨੂੰ ਉਨਾਂ ਨੇ ਸਹਿਮਤੀ ਵੀ ਦੇ ਦਿੱਤੀ ਸੀ ਪਰ ਆਖਿਰ ਵਿੱਚ ਇਨਾਂ ਕੋਸ਼ਿਸ਼ਾਂ ਨੂੰ ਬੂਰ ਨਾ ਪਿਆ।

ਇਸ ਪਵਿੱਤਰ ਮੌਕੇ ਦਾ ਸਿਆਸੀਕਰਨ ਕੀਤੇ ਜਾਣ ਲਈ ਅਕਾਲੀਆਂ ’ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਾਗਮ ਦੀ ਪਵਿੱਤਰਤਾ ਦੇ ਮੱਦੇਨਜ਼ਰ ਉਹ (ਕੈਪਟਨ ਅਮਰਿੰਦਰ ਸਿੰਘ) ਪਹਿਲੇ ਦਿਨ ਤੋਂ ਹੀ ਸਾਂਝੇ ਸਮਾਗਮ ਮਨਾਉਣ ਦੇ ਹੱਕ ਵਿੱਚ ਸਨ ਅਤੇ ਇਸੇ ਭਾਵਨਾ ਦੀ ਪਾਲਣਾ ਕਰਦਿਆਂ ਉਹ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮ ਦੌਰਾਨ ਮੰਚ ਤੋਂ ਨਿੱਜੀ ਤੌਰ ’ਤੇ ਵੀ ਜੁੜੀ ਇਕੱਤਰਤਾ ਨੂੰ ਸੰਬੋਧਨ ਕਰਨਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਇਸ ਇਤਿਹਾਸਕ ਮੌਕੇ ਦੀ ਯਾਦ ਵਿੱਚ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ ਜਿਨਾਂ ਵਿੱਚ ਪਟਿਆਲਾ ਵਿਖੇ ਜਗਤ ਗੁਰੂ ਨਾਨਕ ਓਪਨ ਯੂਨੀਵਰਸਿਟੀ, ਨੈਸ਼ਨਲ ਇੰਸਟੀਚਿਊਟ ਆਫ ਇੰਟਰਫੇਥ ਸਟੱਡੀਜ਼, ਪਿੰਡ ਬਾਬੇ ਨਾਨਕ ਦਾ ਅਤੇ ਹੋਰ ਪ੍ਰੋਜੈਕਟ ਸ਼ਾਮਲ ਹਨ। ਉਨਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਦਿਹਾੜੇ ਦੇ ਸਤਿਕਾਰ ਵਿੱਚ ਕਪੂਰਥਲਾ ਵਿੱਚ ਮੈਡੀਕਲ ਕਾਲਜ ਸਥਾਪਤ ਕਰਨ ਲਈ ਵੀ ਕੇਂਦਰ ਪਾਸੋਂ ਮੰਗ ਕੀਤੀ ਹੈ।

ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ ਦੌਰਾਨ ਸਾਂਝੇ ਤੌਰ ’ਤੇ ਸਮਾਗਮ ਮਨਾਉਣ ਦਾ ਲਿਆ ਗਿਆ ਫੈਸਲਾ ਲੋਕਾਂ ਦਰਮਿਆਨ ਖਾਸ ਕਰਕੇ ਸਿੱਖ ਭਾਈਚਾਰੇ ਵਿੱਚ ਸਾਕਾਰਾਤਮਕ ਸੁਨੇਹਾ ਦੇਵੇਗਾ। ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਈ ਪੇਸ਼ਕਸ਼ਾਂ ਕੀਤੀਆਂ ਸਨ ਪਰ ਉਸ ਨੇ ਸਹਿਮਤੀ ਪ੍ਰਗਟ ਨਹੀਂ ਕੀਤੀ ਜਿਸ ਤੋਂ ਉਸ ਵੱਲੋਂ ਇਕੱਲੇ ਹੀ ਸਮਾਗਮ ਮਨਾਉਣ ਦਾ ਇਰਾਦਾ ਕੀਤਾ ਹੋਇਆ ਜਾਪਦਾ ਹੈ।

ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਜਦੋਂ ਉਹ ਅਕਾਲੀ ਸਰਕਾਰ ਵਿੱਚ ਲੋਕ ਸੰਪਰਕ ਮੰਤਰੀ ਸਨ ਤਾਂ ਉਸ ਵੇਲੇ ਸਾਰੇ ਸਮਾਗਮ ਸੂਬਾ ਸਰਕਾਰ ਵੱਲੋਂ ਕਰਵਾਏ ਗਏ ਸਨ ਪਰ ਹੁਣ ਅਕਾਲੀ ਬੇਵਜਾ ਡੌਂਡੀ ਪਿੱਟ ਰਹੇ ਹਨ ਜਿਸ ਨਾਲ ਉਨਾਂ ਦਾ ਦੂਹਰਾ ਕਿਰਦਾਰ ਸਾਹਮਣੇ ਆਇਆ ਹੈ।

ਬਾਬਾ ਸਰਬਜੀਤ ਸਿੰਘ ਬੇਦੀ ਨੇ ਕਿਹਾ ਕਿ ਭਾਵੇਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਧਾਰਮਿਕ ਸਮਾਗਮ ਅਜਿਹੇ ਢੰਗ ਨਾਲ ਮਨਾਉਣ ਦਾ ਅਧਿਕਾਰ ਹੈ ਪਰ ਬਦਕਿਸਮਤੀ ਨਾਲ ਇਹ ਦੋਵੇਂ ਸੰਸਥਾਵਾਂ ਆਜ਼ਾਦ ਨਹੀਂ ਰਹੀਆਂ ਅਤੇ ਪੂਰੀ ਤਰਾਂ ਇਕ ਪਰਿਵਾਰ ਦੇ ਗਲਬੇ ਹੇਠ ਹਨ।

ਉਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਜਾਂਦੇ ਹੁਕਮਨਾਮਿਆਂ ਦੀ ਪਵਿੱਤਰਤਾ ਵੀ ਖਤਰੇ ਵਿੱਚ ਹੈ। ਉਨਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਦੀ ਸਿਆਸਤ ਸਦਕਾ ਹੀ ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਜਥੇ ਸਿਆਸੀ ਲੀਹਾਂ ’ਚ ਵੰਡੇ ਜਾਣਗੇ ਜਿਸ ਨਾਲ ਸ਼ਰਧਾਲੂਆਂ ’ਚ ਦੁਬਿਧਾ ਬਣੀ ਹੋਈ ਹੈ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਕਜੁਟ ਰੱਖਿਆ ਸੀ ਪਰ ਸਿਆਸਤ ਨੇ ਸਾਡੇ ਵਿੱਚ ਵੰਡੀਆਂ ਪਾ ਦਿੱਤੀਆਂ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION