39 C
Delhi
Friday, April 26, 2024
spot_img
spot_img

ਕੈਪਟਨ ਅਮਰਿੰਦਰ ਨੇ ਜੇ.ਕੇ. ਗਰੁੱਪ ਨੂੰ ਲੁਧਿਆਣਾ ਸਾਈਕਲ ਵੈਲੀ ’ਚ ਇਕਾਈ ਸਥਾਪਤ ਕਰਨ ਲਈ 17 ਏਕੜ ਜ਼ਮੀਨ ਦਾ ਅਲਾਟਮੈਂਟ ਪੱਤਰ ਸੌਂਪਿਆ

ਯੈੱਸ ਪੰਜਾਬ
ਚੰਡੀਗੜ, 4 ਅਗਸਤ, 2021:
ਸੂਬੇ ਵਿੱਚ ਜੇ.ਕੇ. ਗਰੁੱਪ ਵੱਲੋਂ 150 ਕਰੋੜ ਰੁਪਏ ਦੀ ਲਾਗਤ ਨਾਲ ਪਹਿਲੀ ਇਕਾਈ ਸਥਾਪਤ ਕਰਨ ਦੀ ਯੋਜਨਾ ਦਾ ਸਵਾਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਲੁਧਿਆਣਾ ਵਿਚਲੀ ਹਾਈਟੈੱਕ ਵੈਲੀ ਵਿਖੇ 40 ਕਰੋੜ ਦੀ ਕੀਮਤ ਵਾਲੀ 17 ਏਕੜ ਜ਼ਮੀਨ ਦਾ ਅਲਾਟਮੈਂਟ ਪੱਤਰ ਸੌਂਪਿਆ।

ਗਰੁੱਪ ਵੱਲੋਂ ਸਾਈਕਲ ਵੈਲੀ ਵਿਖੇ ਕੋਰੂਗੇਟਿਡ ਪੈਕੇਜਿੰਗ ਕਾਗਜ ਉਤਪਾਦਨ ਇਕਾਈ ਸਥਾਪਤ ਕੀਤੇ ਜਾਣ ਦੀ ਯੋਜਨਾ ਹੈ।

ਇਹ ਪੰਜਾਬ ਵਿੱਚ 15 ਦਿਨਾਂ ਦੇ ਦੌਰਾਨ ਵੱਡੀ ਪੱਧਰ ਦੀ ਨਿਵੇਸ਼ ਯੋਜਨਾ ਵਾਲਾ ਦੂਜਾ ਵੱਡਾ ਗਰੁੱਪ ਹੈ। ਹਾਲ ਹੀ ਵਿੱਚ ਆਦਿੱਤਿਆ ਬਿਰਲਾ ਗਰੁੱਪ ਨੇ ਸੂਬੇ ਵਿੱਚ ਜ਼ਮੀਨ ਖਰੀਦੀ ਅਤੇ 1500 ਕਰੋੜ ਰੁਪਏ ਦੇ ਨਿਵੇਸ਼ ਵਾਲੇ ਦੋ ਪ੍ਰਾਜੈਕਟਾਂ ਨੂੰ ਅੰਤਿਮ ਰੂਪ ਦਿੱਤਾ।

ਮੁੱਖ ਮੰਤਰੀ ਨੇ ਜੇ.ਕੇ. ਗਰੁੱਪ ਨੂੰ ਮੌਜੂਦਾ ਇਕਾਈ ਸਥਾਪਤ ਕਰਨ ਲਈ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਉਮੀਦ ਜਤਾਈ ਕਿ ਭਵਿੱਖ ਵਿੱਚ ਹੋਰ ਵਧੇਰੇ ਨਿਵੇਸ਼ ਸੂਬੇ ਵਿੱਚ ਹੋਵੇਗਾ। ਉਨਾਂ ਵੱਲੋਂ ਗਰੁੱਪ ਨੂੰ ਇਹ ਭਰੋਸਾ ਵੀ ਦਿੱਤਾ ਗਿਆ ਕਿ ਇਸ ਪ੍ਰਾਜੈਕਟ ਨੂੰ ਵਪਾਰਕ ਰੂਪ ਵਿੱਚ ਚਲਾਏ ਜਾਣ ਦੌਰਾਨ ਹਰ ਪ੍ਰਕਾਰ ਦੀ ਮਦਦ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਨਿਵੇਸ਼ਕ ਪੱਖੀ ਨੀਤੀ ਅਤੇ ਦਿਲ ਖਿਚਵੀਆਂ ਸਹੂਲਤਾਂ ਕਾਰਨ ਪੰਜਾਬ ਹੁਣ ਪੂਰੇ ਦੇਸ਼ ਵਿੱਚ ਨਿਵੇਸ਼ ਕਰਨ ਲਈ ਸਭ ਤੋਂ ਤਰਜੀਹੀ ਸੂਬਾ ਬਣ ਗਿਆ ਹੈ।

ਉਨਾਂ ਅੱਗੇ ਕਿਹਾ ਕਿ ਇਨਵੈਸਟ ਪੰਜਾਬ ਵੱਲੋਂ ਬੀਤੇ ਚਾਰ ਸਾਲ ਦੌਰਾਨ 2900 ਤੋਂ ਜ਼ਿਆਦਾ ਪ੍ਰਾਜੈਕਟ ਤਜਵੀਜ਼ਾਂ ਰਾਹੀਂ 91000 ਕਰੋੜ ਰੁਪਏ ਦੇ ਨਿਵੇਸ਼ ਲਿਆਉਣ ਵਿੱਚ ਮਦਦ ਕੀਤੀ ਗਈ ਹੈ ਅਤੇ ਇਨਾਂ ਵਿੱਚੋਂ 50 ਫੀਸਦੀ ਵਿੱਚ ਵਪਾਰਕ ਉਤਪਾਦਨ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ। ਮੁੱਖ ਮੰਤਰੀ ਨੇ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ ਸੂਬੇ ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਵੀ ਵੱਡੀ ਪੱਧਰ ’ਤੇ ਨਿਵੇਸ਼ ਹੋਇਆ।

ਇਸ ਗਰੁੱਪ ਦੀ ਇਕਾਈ ਵੱਲੋਂ ਮੁੱਢਲੇ ਤੌਰ ’ਤੇ ਕੱਚਾ ਮਾਲ ਜਿਵੇਂ ਕਿ ਵੇਸਟ ਪੇਪਰ, ਦੇਸ਼ ਦੇ ਵੱਖੋ-ਵੱਖ ਭਾਗਾਂ ਤੋਂ ਹਾਸਲ ਕਰਕੇ ਤਿਆਰ ਮਾਲ ਸਪਲਾਈ ਕੀਤਾ ਜਾਵੇਗਾ ਜੋਕਿ ਕੋਰੂਗੇਟਿਡ (ਤਹਿ ਵਾਲਾ) ਪੈਕੇਜਿੰਗ ਕਾਗਜ਼ ਹੋਵੇਗਾ ਅਤੇ ਪੰਜਾਬ ਤੋ ਇਲਾਵਾ ਹੋਰਨਾਂ ਸੂਬਿਆਂ ਦੇ ਉਦਯੋਗਾਂ ਨੂੰ ਵੀ ਸਪਲਾਈ ਕੀਤਾ ਜਾਵੇਗਾ।

ਇਸ ਨਾਲ ਪੰਜਾਬ ਵਿਚਲੇ ਵੇਸਟ ਪੇਪਰ ਉਦਯੋਗ ਨੂੰ ਹੁਲਾਰਾ ਮਿਲੇਗਾ ਅਤੇ ਸੂਬੇ ਵਿੱਚ ਇਸ ਇਕਾਈ ਦੀ ਮੌਜੂਦਗੀ ਨਾਲ ਸਥਾਨਕ ਪੱਧਰ ਦੇ ਉਦਯੋਗਾਂ ਨੂੰ ਸੂਬੇ ਵਿਚੋਂ ਹੀ ਪੈਕੇਜਿੰਗ ਦਾ ਸਮਾਨ ਹਾਸਲ ਕਰਨ ਵਿੱਚ ਮਦਦ ਮਿਲੇਗੀ ਜਿਸ ਨਾਲ ਉਨਾਂ ਦੀਆਂ ਵਸਤੂਆਂ ਕਿਫਾਇਤੀ ਕੀਮਤ ’ਤੇ ਉਪਲੱਬਧ ਹੋਣਗੀਆਂ। ਇਸ ਤੋਂ ਇਲਾਵਾ ਜ਼ਿਆਦਾਤਰ ਉਤਪਾਦਾਂ ਦੀ ਖਪਤ ਸੂਬੇ ਵਿੱਚ ਹੀ ਹੋਣ ਕਾਰਨ ਸੂਬੇ ਦੇ ਜੀ.ਐਸ.ਟੀ. ਮਾਲੀਏ ਵਿੱਚ ਵਾਧਾ ਵੀ ਹੋਵੇਗਾ।

ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਸੂਬੇ ਦੀ ਨਿਵੇਸ਼ ਪ੍ਰੋਤਸਾਹਨ ਏਜੰਸੀ ਇਨਵੈਸਟ ਪੰਜਾਬ, ਜਿਸ ਨੂੰ ਭਾਰਤ ਸਰਕਾਰ ਦੁਆਰਾ ਹਾਲ ਹੀ ਵਿੱਚ ਸਰਵੋਤਮ ਕਾਰਗੁਜਾਰੀ ਵਾਲੀ ਏਜੰਸੀ ਐਲਾਨਿਆ ਗਿਆ ਹੈ, ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਉਨਾਂ ਅੱਗੇ ਦੱਸਿਆ ਕਿ ਲੁਧਿਆਣਾ ਵਿਖੇ ਹਾਈਟੇਕ ਸਾਈਕਲ ਵੈਲੀ ਸੰਭਾਵੀ ਨਿਵੇਸ਼ਕਾਂ ਨੂੰ ‘ਪਲੱਗ ਐਂਡ ਪਲੇਅ’ ਪ੍ਰਕਾਰ ਦਾ ਉੱਚ ਗੁਣਵੱਤਾ ਵਾਲਾ ਢਾਂਚਾ ਮੁਹੱਈਆ ਕਰਵਾ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਹੀਰੋ ਸਾਈਕਲਜ਼, ਆਦਿੱਤਿਆ ਬਿਰਲਾ ਗਰੁੱਪ, ਜੇ.ਕੇ. ਪੇਪਰ ਲਿਮਿਟਡ ਅਤੇ ਹੀਰੋ ਸਾਈਕਲਜ਼ ਲਿਮਿਟਡ ਵਰਗੇ ਉੱਘੇ ਉਦਯੋਗਿਕ ਸਮੂਹਾਂ ਵੱਲੋਂ ਵੈਲੀ ਵਿਖੇ ਪਹਿਲਾਂ ਹੀ ਆਪਣੀਆਂ ਇਕਾਈਆਂ ਸਥਾਪਤ ਕਰ ਦਿੱਤੀਆਂ ਗਈਆਂ ਹਨ ਜੋ ਕਿ ਹਰ ਸਾਲ ਚਾਰ ਮਿਲੀਅਨ ਸਾਈਕਲ ਦੀ ਉਤਪਾਦਨ ਸਮੱਰਥਾ ਰੱਖਦੀਆਂ ਹਨ ਜਿਨਾਂ ਵਿੱਚ ਖਾਸਤੌਰ ’ਤੇ ਈ-ਬਾਈਕ ਅਤੇ ਪ੍ਰੀਮੀਅਮ ਬਾਈਕ ਸ਼ਾਮਲ ਹਨ।

ਰਜਤ ਅਗਰਵਾਲ ਨੇ ਅੱਗੇ ਕਿਹਾ ਕਿ ਜੇ.ਕੇ ਗਰੁੱਪ ਵੱਲੋਂ ਆਪਣੇ ਸੰਭਾਵੀ ਪਲਾਂਟ ਦੀ ਉਸਾਰੀ ਛੇਤੀ ਸ਼ੁਰੂ ਕਰਨ ਅਤੇ ਇਕ ਸਾਲ ਦੇ ਅੰਦਰ ਵਪਾਰਕ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਇਸ ਮੌਕੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਜੇ.ਕੇ. ਪੇਪਰ ਲਿਮਟਿਡ ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਹਰਸ਼ ਪਤੀ ਸਿੰਘਾਨੀਆ ਨੇ ਪੰਜਾਬ ਦੇ ਢੁੱਕਵੇਂ ਉਦਯੋਗਿਕ ਮਾਹੌਲ ਅਤੇ ਨੀਤੀਆਂ ਤੇ ਵਪਾਰ ਕਰਨ ਲਈ ਸੁਖਾਲੇ ਵਾਤਾਵਰਣ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਵੱਡਾ ਕਾਰਨ ਦੱਸਿਆ।

ਇਸ ਮੌਕੇ ਹਰਸ਼ ਪਤੀ ਸਿੰਘਾਨੀਆ ਦੇ ਪੁੱਤਰ ਅਤੇ ਜੇ.ਕੇ. ਗਰੁੱਪ ਦੇ ਡੇਅਰੀ ਤੇ ਫੂਡ ਬਿਜ਼ਨਸ ਦੇ ਮੁਖੀ ਚੈਤੰਨਿਆ ਹਰੀ ਸਿੰਘਾਨੀਆ ਨੇ ਵੀ ਵਫ਼ਤ ਵਿੱਚ ਸ਼ਮੂਲੀਅਤ ਕੀਤੀ। ਸੂਬੇ ਵਿੱਚ ਕਿਸਾਨੀ ਭਾਈਚਾਰੇ ਦੀ ਭਲਾਈ ਦੀਆਂ ਸੰਭਾਵਨਾਵਾਂ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਉਨਾਂ ਨੂੰ ਡੇਅਰੀ ਅਤੇ ਫੂਡ ਖੇਤਰ ਵਿੱਚ ਸੂਬੇ ’ਚ ਨਿਵੇਸ਼ ਦੇ ਮੌਕੇ ਤਲਾਸ਼ਣ ਦਾ ਸੱਦਾ ਦਿੱਤਾ।

ਇਸ ਮੌਕੇ ਮੁੱਖ ਸਕੱਤਰ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ ਹੁਸਨ ਲਾਲ, ਸਲਾਹਕਾਰ ਨਿਵੇਸ਼ ਪ੍ਰੋਤਸਾਹਨ ਮੇਜਰ ਬੀ.ਐਸ.ਕੋਹਲੀ ਅਤੇ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਨੀਲਿਮਾ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION